2 ਇਤਿਹਾਸ 24
1ਜਦ ਯੋਆਸ਼ ਰਾਜ ਕਰਨ ਲੱਗਾ ਤਦ ਉਹ ਸੱਤ ਸਾਲਾਂ ਦਾ ਸੀ। ਉਸ ਨੇ ਚਾਲ੍ਹੀ ਸਾਲ ਯਰੂਸ਼ਲਮ ਵਿੱਚ ਰਾਜ ਕੀਤਾ ਅਤੇ ਉਸ ਦੀ ਮਾਤਾ ਦਾ ਨਾਮ ਸੀਬਯਾਹ ਸੀ ਜੋ ਬਏਰਸ਼ਬਾ ਦੀ ਸੀ
2ਅਤੇ ਯੋਆਸ਼ ਯਹੋਯਾਦਾ ਜਾਜਕ ਦੇ ਜੀਵਨ ਵਿੱਚ ਉਹੀ ਕਰਦਾ ਰਿਹਾ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ
3ਯਹੋਯਾਦਾ ਨੇ ਉਸ ਨੂੰ ਦੋ ਇਸਤਰੀਆਂ ਵਿਆਹ ਦਿੱਤੀਆਂ ਅਤੇ ਉਨ੍ਹਾਂ ਦੇ ਪੁੱਤਰ ਤੇ ਧੀਆਂ ਜੰਮੀਆਂ
4ਇਸ ਦੇ ਮਗਰੋਂ ਐਉਂ ਹੋਇਆ ਕਿ ਯੋਆਸ਼ ਨੇ ਯਹੋਵਾਹ ਦੇ ਭਵਨ ਦੀ ਮੁਰੰਮਤ ਕਰਨ ਦੀ ਇੱਛਾ ਕੀਤੀ
5ਸੋ ਉਸ ਨੇ ਜਾਜਕਾਂ ਅਤੇ ਲੇਵੀਆਂ ਨੂੰ ਇਕੱਠਾ ਕੀਤਾ ਅਤੇ ਉਨ੍ਹਾਂ ਨੂੰ ਆਖਿਆ ਕਿ ਯਹੂਦਾਹ ਦੇ ਸ਼ਹਿਰਾਂ ਵਿੱਚ ਜਾ-ਜਾ ਕੇ ਸਾਰੇ ਇਸਰਾਏਲ ਪਾਸੋਂ ਹਰ ਸਾਲ ਆਪਣੇ ਪਰਮੇਸ਼ੁਰ ਦੇ ਭਵਨ ਦੀ ਮੁਰੰਮਤ ਲਈ ਚਾਂਦੀ ਇਕੱਠੀ ਕਰਿਆ ਕਰੋ ਅਤੇ ਇਸ ਕੰਮ ਵਿੱਚ ਤੁਸੀਂ ਛੇਤੀ ਕਰਨੀ ਤਾਂ ਵੀ ਲੇਵੀਆਂ ਨੇ ਕੁਝ ਛੇਤੀ ਨਾ ਕੀਤੀ
6ਤਦ ਪਾਤਸ਼ਾਹ ਨੇ ਯਹੋਯਾਦਾ ਪ੍ਰਧਾਨ ਨੂੰ ਬੁਲਾ ਕੇ ਉਸ ਨੂੰ ਆਖਿਆ, ਕਿ ਤੂੰ ਲੇਵੀਆਂ ਕੋਲੋਂ ਕਿਉਂ ਮੰਗ ਨਹੀਂ ਕੀਤੀ ਕਿ ਉਹ ਸਾਖੀ ਦੇ ਤੰਬੂ ਲਈ ਯਹੂਦਾਹ ਅਤੇ ਯਰੂਸ਼ਲਮ ਤੋਂ ਇਸਰਾਏਲ ਦੀ ਸਭਾ ਉੱਤੇ ਯਹੋਵਾਹ ਦੇ ਦਾਸ ਮੂਸਾ ਦਾ ਮਸੂਲ ਲਿਆਇਆ ਕਰਨ?
7ਕਿਉਂ ਜੋ ਉਸ ਦੁਸ਼ਟ ਔਰਤ ਅਥਲਯਾਹ ਦੇ ਪੁੱਤਰਾਂ ਨੇ ਪਰਮੇਸ਼ੁਰ ਦੇ ਭਵਨ ਵਿੱਚ ਮੋਘ ਕਰ ਦਿੱਤੇ ਸਨ ਅਤੇ ਯਹੋਵਾਹ ਦੇ ਭਵਨ ਦੀਆਂ ਸਾਰੀਆਂ ਨਜ਼ਰ ਕੀਤੀਆਂ ਹੋਈਆਂ ਚੀਜ਼ਾਂ ਵੀ ਉਨ੍ਹਾਂ ਨੇ ਬਆਲਾਂ ਲਈ ਦੇ ਦਿੱਤੀਆਂ ਸਨ
8ਸੋ ਪਾਤਸ਼ਾਹ ਨੇ ਹੁਕਮ ਦਿੱਤਾ ਅਤੇ ਉਨ੍ਹਾਂ ਨੇ ਇੱਕ ਸੰਦੂਕ ਬਣਾ ਕੇ ਉਹ ਨੂੰ ਯਹੋਵਾਹ ਦੇ ਭਵਨ ਦੇ ਦਰਵਾਜ਼ੇ ਉੱਤੇ ਬਾਹਰ ਰੱਖ ਦਿੱਤਾ
9ਅਤੇ ਯਹੂਦਾਹ ਅਤੇ ਯਰੂਸ਼ਲਮ ਵਿੱਚ ਡੌਂਡੀ ਪਿਟਵਾਈ ਕਿ ਲੋਕੀ ਉਹ ਮਸੂਲ ਜਿਹੜਾ ਪਰਮੇਸ਼ੁਰ ਦੇ ਦਾਸ ਮੂਸਾ ਨੇ ਉਜਾੜ ਵਿੱਚ ਇਸਰਾਏਲ ਉੱਤੇ ਲਗਾਇਆ ਸੀ ਯਹੋਵਾਹ ਦੇ ਲਈ ਲਿਆਉਣ
10ਤਾਂ ਸਾਰੇ ਸਰਦਾਰ ਅਤੇ ਸਾਰੇ ਲੋਕੀ ਖੁਸ਼ ਹੋਏ ਅਤੇ ਲਿਆ ਕੇ ਉਸ ਸੰਦੂਕ ਵਿੱਚ ਪਾਉਂਦੇ ਰਹੇ ਜਦ ਤੱਕ ਇਹ ਕੰਮ ਪੂਰਾ ਨਾ ਕਰ ਲਿਆ
11ਜਦ ਸੰਦੂਕ ਲੇਵੀਆਂ ਦੇ ਹੱਥੀਂ ਪਾਤਸ਼ਾਹ ਦੇ ਕਰਿੰਦਿਆਂ ਦੇ ਕੋਲ ਪੁੱਜਿਆ ਅਤੇ ਉਨ੍ਹਾਂ ਨੇ ਵੇਖਿਆ ਕਿ ਇਸ ਵਿੱਚ ਬਹੁਤ ਰਕਮ ਹੈ ਤਾਂ ਪਾਤਸ਼ਾਹ ਦੇ ਲਿਖਾਰੀ ਅਤੇ ਪ੍ਰਧਾਨ ਜਾਜਕ ਦੇ ਅਫ਼ਸਰ ਨੇ ਆ ਕੇ ਸੰਦੂਕ ਨੂੰ ਖਾਲੀ ਕੀਤਾ ਅਤੇ ਉਹ ਨੂੰ ਫੇਰ ਉਸ ਦੇ ਥਾਂ ਤੇ ਰਖਵਾ ਦਿੱਤਾ ਅਤੇ ਹਰ ਰੋਜ਼ ਇਸੇ ਤਰ੍ਹਾਂ ਕਰ ਕੇ ਉਨ੍ਹਾਂ ਨੇ ਬਹੁਤ ਸਾਰੀ ਰਕਮ ਇਕੱਠੀ ਕਰ ਲਈ
12ਫੇਰ ਪਾਤਸ਼ਾਹ ਅਤੇ ਯਹੋਯਾਦਾ ਨੇ ਉਹ ਉਨ੍ਹਾਂ ਨੂੰ ਦੇ ਦਿੱਤੀ ਜਿਹੜੇ ਯਹੋਵਾਹ ਦੇ ਭਵਨ ਦੀ ਉਪਾਸਨਾ ਦੇ ਕੰਮ ਉੱਤੇ ਨਿਯੁਕਤ ਸਨ ਅਤੇ ਉਨ੍ਹਾਂ ਨੇ ਰਾਜਾਂ ਅਤੇ ਤਰਖਾਣਾਂ ਨੂੰ ਯਹੋਵਾਹ ਦੇ ਭਵਨ ਨੂੰ ਠੀਕ ਕਰਨ ਲਈ ਅਤੇ ਲੁਹਾਰਾਂ ਅਤੇ ਠਠੇਰਿਆਂ ਨੂੰ ਵੀ ਯਹੋਵਾਹ ਦੇ ਭਵਨ ਦੀ ਮੁਰੰਮਤ ਲਈ ਮਜ਼ਦੂਰੀ ਉੱਤੇ ਰੱਖਿਆ
13ਸੋ ਕਾਰੀਗਰ ਲੱਗ ਗਏ ਅਤੇ ਕੰਮ ਉਨ੍ਹਾਂ ਦੇ ਹੱਥੀਂ ਪੂਰਾ ਹੁੰਦਾ ਗਿਆ ਅਤੇ ਉਨ੍ਹਾਂ ਨੇ ਪਰਮੇਸ਼ੁਰ ਦੇ ਭਵਨ ਨੂੰ ਉਸ ਦੀ ਪਹਿਲੀ ਹਾਲਤ ਉੱਤੇ ਕਰ ਕੇ ਉਹ ਨੂੰ ਪੱਕਾ ਕਰ ਦਿੱਤਾ
14ਜਦ ਉਹ ਨੂੰ ਮੁਕਾ ਚੁੱਕੇ ਤਾਂ ਬਾਕੀ ਦੀ ਚਾਂਦੀ ਪਾਤਸ਼ਾਹ ਅਤੇ ਯਹੋਯਾਦਾ ਦੇ ਕੋਲ ਲੈ ਆਏ ਜਿਸ ਦੇ ਨਾਲ ਯਹੋਵਾਹ ਦੇ ਭਵਨ ਲਈ ਭਾਂਡੇ ਅਰਥਾਤ ਸੇਵਾ ਅਤੇ ਬਲੀ ਚੜ੍ਹਾਉਣ ਦੇ ਭਾਂਡੇ ਅਤੇ ਕੌਲੀਆਂ ਅਤੇ ਸੋਨੇ ਅਤੇ ਚਾਂਦੀ ਦੇ ਭਾਂਡੇ ਬਣੇ ਅਤੇ ਉਹ ਯਹੋਯਾਦਾ ਦੇ ਸਾਰੇ ਦਿਨਾਂ ਤੱਕ ਲਗਾਤਾਰ ਯਹੋਵਾਹ ਦੇ ਭਵਨ ਵਿੱਚ ਹੋਮ ਦੀਆਂ ਬਲੀਆਂ ਚੜ੍ਹਾਉਂਦੇ ਰਹੇ।
15ਯਹੋਯਾਦਾ ਬੁੱਢਾ ਤੇ ਸਮਾ ਪੂਰ ਹੋ ਕੇ ਚਲਾਣਾ ਕਰ ਗਿਆ ਅਤੇ ਜਿਸ ਵੇਲੇ ਉਹ ਦੀ ਮੌਤ ਹੋਈ ਤਾਂ ਉਹ ਇੱਕ ਸੌ ਤੀਹਾਂ ਸਾਲਾਂ ਦਾ ਸੀ
16ਉਨ੍ਹਾਂ ਨੇ ਉਹ ਨੂੰ ਦਾਊਦ ਦੇ ਸ਼ਹਿਰ ਵਿੱਚ ਪਾਤਸ਼ਾਹਾਂ ਦੇ ਵਿੱਚਕਾਰ ਦੱਬਿਆ ਕਿਉਂ ਜੋ ਉਹ ਨੇ ਇਸਰਾਏਲ ਵਿੱਚ ਅਤੇ ਪਰਮੇਸ਼ੁਰ ਅਤੇ ਉਹ ਦੇ ਭਵਨ ਲਈ ਨੇਕੀ ਕੀਤੀ ਸੀ
17ਯਹੋਯਾਦਾ ਦੇ ਮਰਨ ਦੇ ਮਗਰੋਂ ਯਹੂਦਾਹ ਦੇ ਸਰਦਾਰਾਂ ਨੇ ਪਾਤਸ਼ਾਹ ਨੂੰ ਮੱਥਾ ਟੇਕਿਆ ਤਾਂ ਪਾਤਸ਼ਾਹ ਨੇ ਉਨ੍ਹਾਂ ਦੀ ਸੁਣੀ
18ਤਾਂ ਉਨ੍ਹਾਂ ਨੇ ਯਹੋਵਾਹ ਆਪਣੇ ਪੁਰਖਿਆਂ ਦੇ ਪਰਮੇਸ਼ੁਰ ਦੇ ਭਵਨ ਨੂੰ ਛੱਡ ਦਿੱਤਾ ਅਤੇ ਟੁੰਡਾਂ ਅਤੇ ਬੁੱਤਾਂ ਦੀ ਪੂਜਾ ਕਰਨ ਲੱਗ ਪਏ ਤਾਂ ਉਨ੍ਹਾਂ ਦੀ ਇਸ ਭੁੱਲ ਦੇ ਕਾਰਨ ਯਹੂਦਾਹ ਅਤੇ ਯਰੂਸ਼ਲਮ ਉੱਤੇ ਕਹਿਰ ਆ ਪਿਆ
19ਤਾਂ ਵੀ ਯਹੋਵਾਹ ਨੇ ਉਹਨਾਂ ਦੇ ਕੋਲ ਨਬੀਆਂ ਨੂੰ ਭੇਜਿਆ ਤਾਂ ਜੋ ਉਹ ਉਹਨਾਂ ਨੂੰ ਉਸ ਵੱਲ ਮੋੜ ਲਿਆਉਣ ਅਤੇ ਉਹ ਉਨ੍ਹਾਂ ਨੂੰ ਚੇਤਾਵਨੀ ਦਿੰਦੇ ਰਹੇ ਪਰ ਉਹਨਾਂ ਨੇ ਕੰਨ ਨਾ ਲਾਇਆ
20ਤਦ ਪਰਮੇਸ਼ੁਰ ਦਾ ਆਤਮਾ ਯਹੋਯਾਦਾ ਜਾਜਕ ਦੇ ਪੁੱਤਰ ਜ਼ਕਰਯਾਹ ਉੱਤੇ ਉੱਤਰਿਆ। ਉਹ ਲੋਕਾਂ ਤੋਂ ਉੱਚੇ ਥਾਂ ਉੱਤੇ ਖੜ੍ਹੇ ਕੇ ਆਖਣ ਲੱਗਾ ਕਿ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ ਕਿ ਤੁਸੀਂ ਕਿਉਂ ਯਹੋਵਾਹ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋ ਇਸ ਤਰ੍ਹਾਂ ਤੁਸੀਂ ਸਫ਼ਲ ਨਹੀਂ ਹੋ ਸਕਦੇ? ਕਿਉਂ ਜੋ ਤੁਸੀਂ ਯਹੋਵਾਹ ਨੂੰ ਛੱਡ ਦਿੱਤਾ ਹੈ, ਉਸ ਨੇ ਵੀ ਤੁਹਾਨੂੰ ਛੱਡ ਦਿੱਤਾ ਹੈ
21ਤਦ ਉਨ੍ਹਾਂ ਨੇ ਉਸ ਦੇ ਵਿਰੁੱਧ ਮਤਾ ਪਕਾਇਆ ਪਾਤਸ਼ਾਹ ਦੇ ਹੁਕਮ ਨਾਲ ਉਹ ਨੂੰ ਯਹੋਵਾਹ ਦੇ ਭਵਨ ਵਿੱਚ ਮਾਰ ਸੁੱਟਿਆ
22ਅਤੇ ਯੋਆਸ਼ ਪਾਤਸ਼ਾਹ ਨੇ ਉਸ ਦੇ ਪਿਤਾ ਯਹੋਯਾਦਾ ਦੇ ਪਰਉਪਕਾਰ ਨੂੰ ਜੋ ਉਸ ਨੇ ਉਸ ਉੱਤੇ ਕੀਤਾ ਸੀ ਯਾਦ ਨਾ ਰੱਖਿਆ ਸਗੋਂ ਉਸ ਦੇ ਪੁੱਤਰ ਨੂੰ ਮਾਰ ਦਿੱਤਾ। ਉਸ ਨੇ ਮਰਨ ਦੇ ਵੇਲੇ ਆਖਿਆ, ਯਹੋਵਾਹ ਇਸ ਨੂੰ ਵੇਖੇ ਅਤੇ ਬਦਲਾ ਲਵੇ!।
23ਇਸ ਤਰ੍ਹਾਂ ਹੋਇਆ ਕਿ ਉਸ ਸਾਲ ਦੇ ਅੰਤ ਵਿੱਚ ਅਰਾਮੀਆਂ ਦੀ ਫ਼ੌਜ ਨੇ ਉਸ ਉੱਤੇ ਚੜਾਈ ਕਰ ਦਿੱਤੀ ਅਤੇ ਯਹੂਦਾਹ ਅਤੇ ਯਰੂਸ਼ਲਮ ਵਿੱਚ ਆ ਕੇ ਉੱਮਤ ਦੇ ਸਾਰੇ ਸਰਦਾਰਾਂ ਨੂੰ ਲੋਕਾਂ ਵਿੱਚੋਂ ਮਾਰ ਦਿੱਤਾ ਅਤੇ ਉਨ੍ਹਾਂ ਦਾ ਸਾਰਾ ਮਾਲ ਲੁੱਟ ਕੇ ਦੰਮਿਸ਼ਕ ਦੇ ਰਾਜਾ ਦੇ ਕੋਲ ਭੇਜ ਦਿੱਤਾ
24ਕਿਉਂ ਜੋ ਅਰਾਮ ਦੀ ਫ਼ੌਜ ਵਿੱਚੋਂ ਇੱਕ ਛੋਟਾ ਜੱਥਾ ਹੀ ਆਇਆ ਸੀ ਤਾਂ ਵੀ ਯਹੋਵਾਹ ਨੇ ਇਹ ਵੱਡੀ ਫ਼ੌਜ ਉਨ੍ਹਾਂ ਦੇ ਪਾਸੋਂ ਹਰਾ ਦਿੱਤੀ ਇਸ ਲਈ ਕਿ ਉਨ੍ਹਾਂ ਨੇ ਯਹੋਵਾਹ ਆਪਣੇ ਪੁਰਖਿਆਂ ਦੇ ਪਰਮੇਸ਼ੁਰ ਨੂੰ ਛੱਡ ਦਿੱਤਾ ਸੀ ਸੋ ਉਨ੍ਹਾਂ ਨੇ ਯੋਆਸ਼ ਨੂੰ ਉਹ ਦੀ ਕੀਤੀ ਦਾ ਬਦਲਾ ਦਿੱਤਾ
25ਅਤੇ ਜਦ ਉਹ ਉਸ ਦੇ ਕੋਲੋਂ ਮੁੜ ਗਏ ਕਿਉਂ ਜੋ ਉਨ੍ਹਾਂ ਨੇ ਉਸ ਨੂੰ ਵੱਡੀਆਂ ਬਿਮਾਰੀਆਂ ਵਿੱਚ ਰੋਗੀ ਛੱਡਿਆ ਤਾਂ ਉਸ ਦੇ ਨੌਕਰਾਂ ਨੇ ਯਹੋਯਾਦਾ ਜਾਜਕ ਦੇ ਪੁੱਤਰਾਂ ਦੇ ਖੂਨ ਦੇ ਕਾਰਨ ਉਹ ਦੇ ਵਿਰੁੱਧ ਮਤਾ ਪਕਾਇਆ ਅਤੇ ਉਸ ਨੂੰ ਉਸ ਦੇ ਬਿਸਤਰੇ ਉੱਤੇ ਕਤਲ ਕੀਤਾ ਤਾਂ ਉਹ ਮਰ ਗਿਆ ਅਤੇ ਉਨ੍ਹਾਂ ਨੇ ਉਸ ਨੂੰ ਦਾਊਦ ਦੇ ਸ਼ਹਿਰ ਵਿੱਚ ਤਾਂ ਦੱਬਿਆ ਪਰ ਪਾਤਸ਼ਾਹਾਂ ਦੀਆਂ ਕਬਰਾਂ ਵਿੱਚ ਨਾ ਦੱਬਿਆ
26ਅਤੇ ਉਹ ਦੇ ਵਿਰੁੱਧ ਮਤਾ ਪਕਾਉਣ ਵਾਲੇ ਇਹ ਹਨ, ਅੰਮੋਨਣ ਸ਼ਿਮਆਥ ਦਾ ਪੁੱਤਰ ਜ਼ਾਬਾਦ, ਮੋਆਬਣ ਸ਼ਿਮਰੀਥ ਦਾ ਪੁੱਤਰ ਯਹੋਜ਼ਾਬਾਦ
27ਹੁਣ ਰਹੇ ਉਹ ਦੇ ਪੁੱਤਰ ਅਤੇ ਉਹ ਵੱਡੇ ਭਾਰ ਜਿਹੜੇ ਉਸ ਉੱਤੇ ਰੱਖੇ ਗਏ ਅਤੇ ਪਰਮੇਸ਼ੁਰ ਦੇ ਭਵਨ ਦਾ ਦੂਜੀ ਵਾਰ ਬਣਾਉਣਾ, ਸੋ ਵੇਖੋ, ਇਹ ਸਭ ਕੁਝ ਪਾਤਸ਼ਾਹਾਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖਿਆ ਹੈ ਅਤੇ ਉਸ ਦਾ ਪੁੱਤਰ ਅਮਸਯਾਹ ਉਸ ਦੇ ਥਾਂ ਰਾਜ ਕਰਨ ਲੱਗਾ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath