ਈਸਾਈ
ਪਿੱਛੇ

2 ਇਤਿਹਾਸ 21

1ਯਹੋਸ਼ਾਫ਼ਾਤ ਮਰ ਕੇ ਆਪਣੇ ਪੁਰਖਿਆਂ ਦੇ ਨਾਲ ਮਿਲ ਗਿਆ ਅਤੇ ਦਾਊਦ ਦੇ ਸ਼ਹਿਰ ਵਿੱਚ ਆਪਣੇ ਪੁਰਖਿਆਂ ਨਾਲ ਦੱਬਿਆ ਗਿਆ ਤੇ ਉਸ ਦਾ ਪੁੱਤਰ ਯਹੋਰਾਮ ਉਸ ਦੇ ਥਾਂ ਰਾਜ ਕਰਨ ਲੱਗਾ।

2ਅਤੇ ਉਸ ਦੇ ਭਰਾ ਜੋ ਯਹੋਸ਼ਾਫ਼ਾਤ ਦੇ ਪੁੱਤਰ ਸਨ ਉਹ ਇਹ ਸਨ, ਅਜ਼ਰਯਾਹ, ਯਹੀਏਲ, ਜ਼ਕਰਯਾਹ, ਅਜ਼ਰਯਾਹ, ਮੀਕਾਏਲ ਅਤੇ ਸਫ਼ਟਯਾਹ, ਇਹ ਸਾਰੇ ਇਸਰਾਏਲ ਦੇ ਪਾਤਸ਼ਾਹ ਯਹੋਸ਼ਾਫ਼ਾਤ ਦੇ ਪੁੱਤਰ ਸਨ

3ਅਤੇ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਚਾਂਦੀ ਸੋਨਾ ਅਤੇ ਬਹੁਮੁੱਲੀਆਂ ਚੀਜ਼ਾਂ ਦੇ ਵੱਡੇ ਇਨਾਮ ਅਤੇ ਯਹੂਦਾਹ ਵਿੱਚ ਗੜਾਂ ਵਾਲੇ ਸ਼ਹਿਰ ਸਣੇ ਦਿੱਤੇ ਪਰ ਰਾਜ ਯਹੋਰਾਮ ਨੂੰ ਦਿੱਤਾ ਕਿਉਂ ਜੋ ਉਹ ਪਹਿਲੌਠਾ ਪੁੱਤਰ ਸੀ

4ਜਦ ਯਹੋਰਾਮ ਆਪਣੇ ਪਿਤਾ ਦੇ ਰਾਜ ਉੱਤੇ ਪੱਕਾ ਹੋ ਗਿਆ ਅਤੇ ਆਪਣੇ ਆਪ ਨੂੰ ਤਕੜਾ ਕਰ ਲਿਆ ਤਾਂ ਉਹ ਨੇ ਆਪਣੇ ਸਾਰੇ ਭਰਾਵਾਂ ਨੂੰ ਅਤੇ ਇਸਰਾਏਲ ਦੇ ਸਰਦਾਰਾਂ ਵਿੱਚੋਂ ਕਈਆਂ ਨੂੰ ਤਲਵਾਰ ਨਾਲ ਵੱਢ ਸੁੱਟਿਆ

5ਯਹੋਰਾਮ ਜਦੋਂ ਰਾਜ ਕਰਨ ਲੱਗਾ ਤਦ ਉਹ ਬੱਤੀ ਸਾਲਾਂ ਦਾ ਸੀ ਅਤੇ ਉਸ ਨੇ ਅੱਠ ਸਾਲ ਯਰੂਸ਼ਲਮ ਵਿੱਚ ਰਾਜ ਕੀਤਾ

6ਅਤੇ ਉਹ ਅਹਾਬ ਦੇ ਘਰਾਣੇ ਵਾਂਗੂੰ ਇਸਰਾਏਲ ਦੇ ਰਾਜਿਆਂ ਦੇ ਰਾਹ ਉੱਤੇ ਤੁਰਿਆ ਕਿਉਂ ਜੋ ਅਹਾਬ ਦੀ ਧੀ ਉਹ ਦੀ ਰਾਣੀ ਸੀ ਅਤੇ ਉਹ ਨੇ ਉਹ ਹੀ ਕੰਮ ਕੀਤਾ ਜਿਹੜਾ ਯਹੋਵਾਹ ਦੀ ਨਿਗਾਹ ਵਿੱਚ ਬੁਰਾ ਸੀ

7ਫੇਰ ਵੀ ਯਹੋਵਾਹ ਨੇ ਉਸ ਨੇਮ ਦੇ ਕਾਰਨ ਜੋ ਉਸ ਦਾਊਦ ਨਾਲ ਬੰਨ੍ਹਿਆ ਸੀ, ਦਾਊਦ ਦੇ ਘਰਾਣੇ ਨੂੰ ਨਾਸ ਕਰਨਾ ਨਾ ਚਾਹਿਆ, ਕਿਉਂ ਜੋ ਉਸ ਨੇ ਉਹ ਨੂੰ ਅਤੇ ਉਹ ਦੇ ਵੰਸ਼ ਨੂੰ ਸਦਾ ਲਈ ਇੱਕ ਵਾਰਿਸ ਦੇਣ ਦਾ ਵਾਅਦਾ ਕੀਤਾ ਸੀ

8ਉਹ ਦੇ ਦਿਨਾਂ ਵਿੱਚ ਅਦੋਮੀ ਯਹੂਦਾਹ ਦੇ ਰਾਜ ਤੋਂ ਆਕੀ ਹੋ ਗਏ ਅਤੇ ਆਪਣੇ ਉੱਤੇ ਇੱਕ ਹੋਰ ਰਾਜਾ ਬਣਾ ਲਿਆ

9ਤਾਂ ਯਹੋਰਾਮ ਆਪਣੇ ਸਰਦਾਰਾਂ ਅਤੇ ਸਾਰੇ ਰਥਾਂ ਨੂੰ ਨਾਲ ਲੈ ਕੇ ਬਾਹਰ ਨਿੱਕਲਿਆ ਅਤੇ ਰਾਤ ਨੂੰ ਉੱਠ ਕੇ ਅਦੋਮੀਆਂ ਨੂੰ ਜਿਨ੍ਹਾਂ ਨੇ ਉਹ ਨੂੰ ਅਤੇ ਉਹ ਦੇ ਰਥਾਂ ਦੇ ਸਰਦਾਰਾਂ ਨੂੰ ਘੇਰ ਲਿਆ ਸੀ ਮਾਰਿਆ

10ਸੋ ਅਦੋਮ ਅੱਜ ਤੱਕ ਯਹੂਦਾਹ ਦੀ ਅਧੀਨਤਾਈ ਤੋਂ ਆਕੀ ਹੈ ਅਤੇ ਉਸੇ ਵੇਲੇ ਲਿਬਨਾਹ ਵੀ ਉਨ੍ਹਾਂ ਦੇ ਹੱਥੋਂ ਨਿੱਕਲ ਗਿਆ ਕਿਉਂ ਜੋ ਉਹ ਨੇ ਯਹੋਵਾਹ ਆਪਣੇ ਪੁਰਖਿਆਂ ਦੇ ਪਰਮੇਸ਼ੁਰ ਨੂੰ ਛੱਡ ਦਿੱਤਾ ਸੀ।

11ਇਸ ਤੋਂ ਬਿਨ੍ਹਾਂ ਉਹ ਨੇ ਯਹੂਦਾਹ ਦੇ ਪਰਬਤਾਂ ਉੱਤੇ ਉੱਚੇ ਸਥਾਨ ਬਣਾਏ ਅਤੇ ਯਰੂਸ਼ਲਮ ਦੇ ਵਾਸੀਆਂ ਨੂੰ ਵਿਭਚਾਰੀ ਬਣਾਇਆ ਅਤੇ ਯਹੂਦਾਹ ਨੂੰ ਭੁਲੇਖੇ ਵਿੱਚ ਪਾ ਦਿੱਤਾ

12ਤਾਂ ਏਲੀਯਾਹ ਨਬੀ ਵੱਲੋਂ ਉਹ ਨੂੰ ਇੱਕ ਪੱਤਰ ਆਇਆ ਕਿ ਯਹੋਵਾਹ, ਤੇਰੇ ਪੁਰਖੇ ਦਾਊਦ ਦਾ ਪਰਮੇਸ਼ੁਰ ਐਉਂ ਫ਼ਰਮਾਉਂਦਾ ਹੈ, ਇਸ ਲਈ ਜੋ ਤੂੰ ਨਾ ਤਾਂ ਆਪਣੇ ਪਿਤਾ ਯਹੋਸ਼ਾਫ਼ਾਤ ਦੇ ਰਾਹ ਉੱਤੇ ਅਤੇ ਨਾ ਯਹੂਦਾਹ ਦੇ ਪਾਤਸ਼ਾਹ ਆਸਾ ਦੇ ਰਾਹ ਉੱਤੇ ਤੁਰਿਆ ਹੈਂ

13ਸਗੋਂ ਇਸਰਾਏਲ ਦੇ ਪਾਤਸ਼ਾਹਾਂ ਦੇ ਰਾਹ ਉੱਤੇ ਤੁਰਿਆ ਅਤੇ ਯਹੂਦਾਹ ਅਤੇ ਯਰੂਸ਼ਲਮ ਦੇ ਵਾਸੀਆਂ ਨੂੰ ਵਿਭਚਾਰੀ ਬਣਾਇਆ ਜਿਵੇਂ ਅਹਾਬ ਦੇ ਘਰਾਣੇ ਨੇ ਕੀਤਾ ਸੀ ਅਤੇ ਆਪਣੇ ਪਿਤਾ ਦੀ ਅੰਸ ਵਿੱਚੋਂ ਆਪਣੇ ਭਰਾਵਾਂ ਨੂੰ ਜਿਹੜੇ ਤੇਰੇ ਨਾਲੋਂ ਚੰਗੇ ਸਨ ਕਤਲ ਵੀ ਕੀਤਾ

14ਸੋ ਵੇਖ, ਯਹੋਵਾਹ ਤੇਰੇ ਲੋਕਾਂ ਨੂੰ ਅਤੇ ਤੇਰੇ ਪੁੱਤਰਾਂ ਤੇ ਤੇਰੀਆਂ ਰਾਣੀਆਂ ਨੂੰ ਅਤੇ ਤੇਰੀ ਸਾਰੀ ਮਿਲਖ਼ ਨੂੰ ਵੱਡੀ ਬਵਾ ਨਾਲ ਮਾਰੇਗਾ

15ਅਤੇ ਤੂੰ ਆਂਦਰਾਂ ਦੀ ਬਿਮਾਰੀ ਨਾਲ ਸਖ਼ਤ ਬਿਮਾਰ ਹੋ ਜਾਵੇਂਗਾ ਐਥੋਂ ਤੱਕ ਕਿ ਤੇਰੀਆਂ ਆਂਦਰਾਂ ਉਸ ਬਿਮਾਰੀ ਦੇ ਕਾਰਨ ਨਿੱਤ ਪ੍ਰਤੀ ਨਿੱਕਲਦੀਆਂ ਜਾਣਗੀਆਂ!

16ਅਤੇ ਯਹੋਵਾਹ ਨੇ ਯਹੋਰਾਮ ਦੇ ਵਿਰੁੱਧ ਫ਼ਲਿਸਤੀਆਂ ਅਤੇ ਉਨ੍ਹਾਂ ਅਰਬੀਆਂ ਦੇ ਜੋ ਕੂਸ਼ੀਆਂ ਦੀ ਵੱਲ ਰਹਿੰਦੇ ਸਨ ਰੂਹ ਨੂੰ ਪਰੇਰਿਆ ਹੈ

17ਸੋ ਉਹ ਯਹੂਦਾਹ ਦੇ ਉੱਤੇ ਚੜ੍ਹ ਕੇ ਉਸ ਵਿੱਚ ਆ ਵੜੇ ਅਤੇ ਸਾਰੇ ਮਾਲ ਨੂੰ ਜੋ ਪਾਤਸ਼ਾਹ ਦੇ ਮਹਿਲ ਵਿੱਚ ਮਿਲਿਆ ਅਤੇ ਉਸ ਦੇ ਪੁੱਤਰਾਂ ਅਤੇ ਉਸ ਦੀਆਂ ਰਾਣੀਆਂ ਨੂੰ ਵੀ ਲੈ ਗਿਆ, ਇਥੋਂ ਤੱਕ ਕਿ ਯਹੋਆਹਾਜ਼ ਦੇ ਬਿਨ੍ਹਾਂ ਜੋ ਉਸ ਦਾ ਸਾਰਿਆਂ ਤੋਂ ਛੋਟਾ ਪੁੱਤਰ ਸੀ ਕੋਈ ਪੁੱਤਰ ਬਾਕੀ ਨਾ ਰਿਹਾ

18ਅਤੇ ਇਸ ਸਾਰੇ ਦੇ ਮਗਰੋਂ ਯਹੋਵਾਹ ਨੇ ਆਂਦਰਾਂ ਦੀ ਇੱਕ ਅਜਿਹੀ ਬਿਮਾਰੀ ਉਸ ਉੱਤੇ ਆਉਣ ਦਿੱਤੀ ਜਿਸ ਦਾ ਕੋਈ ਇਲਾਜ਼ ਨਹੀਂ ਸੀ

19ਅਤੇ ਕੁਝ ਸਮੇਂ ਦੇ ਮਗਰੋਂ ਦੋ ਸਾਲਾਂ ਦੇ ਅੰਤ ਵਿੱਚ ਐਉਂ ਹੋਇਆ ਕਿ ਉਸ ਦੇ ਦੁੱਖ ਦੇ ਕਾਰਨ ਉਸ ਦੀਆਂ ਆਂਦਰਾਂ ਨਿੱਕਲ ਪਈਆਂ ਅਤੇ ਉਹ ਭੈੜੀਆਂ ਬਿਮਾਰੀਆਂ ਨਾਲ ਮੋਇਆ ਅਤੇ ਉਸ ਦੇ ਲੋਕਾਂ ਨੇ ਉਸ ਦੇ ਲਈ ਅੱਗ ਨਾ ਬਾਲੀ ਜਿਵੇਂ ਉਸ ਦੇ ਪੁਰਖਿਆਂ ਲਈ ਬਾਲਦੇ ਸਨ

20ਉਹ ਬੱਤੀਆਂ ਸਾਲਾਂ ਦਾ ਸੀ ਜਦ ਉਹ ਰਾਜ ਕਰਨ ਲੱਗਾ ਅਤੇ ਉਸ ਨੇ ਅੱਠ ਸਾਲ ਯਰੂਸ਼ਲਮ ਵਿੱਚ ਰਾਜ ਕੀਤਾ ਅਤੇ ਉਹ ਬਿਨ੍ਹਾਂ ਮਾਤਮ ਕੂਚ ਕਰ ਗਿਆ ਅਤੇ ਉਨ੍ਹਾਂ ਨੇ ਉਸ ਨੂੰ ਦਾਊਦ ਦੇ ਸ਼ਹਿਰ ਵਿੱਚ ਦੱਬਿਆ ਪਰ ਸ਼ਾਹੀ ਕਬਰਾਂ ਵਿੱਚ ਨਾ ਦੱਬਿਆ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath