2 ਇਤਿਹਾਸ 18
1ਯਹੋਸ਼ਾਫ਼ਾਤ ਦਾ ਧਨ ਅਤੇ ਇੱਜ਼ਤ ਬਹੁਤ ਸੀ ਅਤੇ ਉਸ ਨੇ ਅਹਾਬ ਦੇ ਨਾਲ ਰਿਸ਼ਤਾ ਜੋੜਿਆ
2ਅਤੇ ਕੁਝ ਸਾਲਾਂ ਤੋਂ ਮਗਰੋਂ ਉਹ ਅਹਾਬ ਦੇ ਕੋਲ ਸਾਮਰਿਯਾ ਨੂੰ ਗਿਆ ਅਤੇ ਅਹਾਬ ਨੇ ਉਸ ਦੇ ਤੇ ਉਸ ਦੇ ਸਾਥੀਆਂ ਲਈ ਭੇਡਾਂ ਬੱਕਰੇ ਤੇ ਬਹੁਤ ਸਾਰੇ ਢਗੇ ਕੱਟੇ ਅਤੇ ਉਹ ਨੂੰ ਆਪਣੇ ਨਾਲ ਰਾਮੋਥ ਗਿਲਆਦ ਉੱਤੇ ਚੜ੍ਹਾਈ ਕਰਨ ਲਈ ਪਰੇਰਿਆ
3ਤਾਂ ਇਸਰਾਏਲ ਦੇ ਪਾਤਸ਼ਾਹ ਅਹਾਬ ਨੇ ਯਹੂਦਾਹ ਦੇ ਪਾਤਸ਼ਾਹ ਯਹੋਸ਼ਾਫ਼ਾਤ ਨੂੰ ਆਖਿਆ, ਕੀ ਤੂੰ ਮੇਰੇ ਨਾਲ ਰਾਮੋਥ ਗਿਲਆਦ ਨੂੰ ਚੱਲੇਂਗਾ? ਉਸ ਨੇ ਉਹ ਨੂੰ ਆਖਿਆ, ਜੇਹਾ ਤੂੰ ਤੇਹਾ ਮੈਂ, ਜਿਹੇ ਤੇਰੇ ਲੋਕ ਤਿਹੇ ਮੇਰੇ ਲੋਕ। ਅਸੀਂ ਲੜਾਈ ਵਿੱਚ ਤੇਰੇ ਨਾਲ ਹੋਵਾਂਗੇ
4ਇਸ ਤੋਂ ਬਾਅਦ ਯਹੋਸ਼ਾਫ਼ਾਤ ਨੇ ਇਸਰਾਏਲ ਦੇ ਪਾਤਸ਼ਾਹ ਨੂੰ ਆਖਿਆ, ਪਹਿਲਾਂ ਜ਼ਰਾ ਯਹੋਵਾਹ ਦੇ ਬਚਨ ਦੀ ਤਾਂ ਪੁੱਛ ਕਰੀਂ
5ਤਾਂ ਇਸਰਾਏਲ ਦੇ ਪਾਤਸ਼ਾਹ ਨੇ ਨਬੀਆਂ ਨੂੰ ਜੋ ਲੱਗਭੱਗ ਚਾਰ ਸੌ ਮਨੁੱਖ ਸਨ ਇਕੱਠਾ ਕੀਤਾ ਅਤੇ ਉਨ੍ਹਾਂ ਨੂੰ ਆਖਿਆ, ਕੀ ਅਸੀਂ ਰਾਮੋਥ ਗਿਲਆਦ ਦੇ ਵਿਰੁੱਧ ਲੜਾਈ ਲਈ ਚੜ੍ਹਾਈ ਕਰੀਏ ਜਾਂ ਜਾਣ ਦੇਈਏ? ਉਨ੍ਹਾਂ ਨੇ ਆਖਿਆ, ਚੜ੍ਹ ਜਾਓ ਕਿਉਂ ਜੋ ਪਰਮੇਸ਼ੁਰ ਉਹ ਨੂੰ ਪਾਤਸ਼ਾਹ ਦੇ ਹੱਥ ਵਿੱਚ ਦੇ ਦੇਵੇਗਾ
6ਤਾਂ ਯਹੋਸ਼ਾਫ਼ਾਤ ਨੇ ਆਖਿਆ, ਇਨ੍ਹਾਂ ਤੋਂ ਬਿਨ੍ਹਾਂ ਯਹੋਵਾਹ ਦਾ ਕੋਈ ਹੋਰ ਨਬੀ ਵੀ ਹੈ ਤਾਂ ਜੋ ਅਸੀਂ ਉਹ ਦੇ ਕੋਲੋਂ ਵੀ ਪੁੱਛੀਏ?
7ਤਾਂ ਇਸਰਾਏਲ ਦੇ ਪਾਤਸ਼ਾਹ ਨੇ ਯਹੋਸ਼ਾਫ਼ਾਤ ਨੂੰ ਆਖਿਆ, ਅਜੇ ਇੱਕ ਮਨੁੱਖ ਹੈ ਜਿਸ ਦੇ ਰਾਹੀਂ ਅਸੀਂ ਯਹੋਵਾਹ ਤੋਂ ਪੁੱਛੀਏ ਪਰ ਮੈਨੂੰ ਉਸ ਤੋਂ ਕਿੜ ਹੈ ਕਿਉਂ ਜੋ ਉਹ ਮੇਰੇ ਵਿਖੇ ਭਲਿਆਈ ਦਾ ਨਹੀਂ ਸਗੋਂ ਬੁਰਿਆਈ ਦਾ ਅਗੰਮ ਵਾਚਦਾ ਹੈ। ਉਹ ਯਿਮਲਾਹ ਦਾ ਪੁੱਤਰ ਮੀਕਾਯਾਹ ਹੈ। ਯਹੋਸ਼ਾਫ਼ਾਤ ਨੇ ਆਖਿਆ, ਪਾਤਸ਼ਾਹ ਇਸ ਤਰ੍ਹਾਂ ਨਾ ਆਖੇ
8ਤਦ ਇਸਰਾਏਲ ਦੇ ਪਾਤਸ਼ਾਹ ਨੇ ਇੱਕ ਖੁਸਰੇ ਨੂੰ ਬੁਲਾ ਕੇ ਆਖਿਆ, ਯਿਮਲਾਹ ਦੇ ਪੁੱਤਰ ਮੀਕਾਯਾਹ ਨੂੰ ਛੇਤੀ ਲੈ ਆ
9ਇਸਰਾਏਲ ਦਾ ਪਾਤਸ਼ਾਹ ਅਤੇ ਯਹੂਦਾਹ ਦਾ ਪਾਤਸ਼ਾਹ ਯਹੋਸ਼ਾਫ਼ਾਤ ਆਪੋ ਆਪਣੀਆਂ ਰਾਜ ਗੱਦੀਆਂ ਉੱਤੇ ਪਾਤਸ਼ਾਹੀ ਬਸਤਰ ਪਹਿਨੇ ਹੋਏ ਇੱਕ ਪਿੜ ਵਿੱਚ ਜੋ ਸਾਮਰਿਯਾ ਦੇ ਫਾਟਕ ਅੱਗੇ ਸੀ ਬੈਠੇ ਹੋਏ ਸਨ ਅਤੇ ਸਾਰੇ ਨਬੀ ਉਨ੍ਹਾਂ ਦੇ ਅੱਗੇ ਅਗੰਮ ਵਾਚ ਰਹੇ ਸਨ
10ਕਨਾਨਾਹ ਦੇ ਪੁੱਤਰ ਸਿਦਕੀਯਾਹ ਨੇ ਆਪਣੇ ਲਈ ਲੋਹੇ ਦੇ ਸਿੰਗ ਬਣਾਏ ਅਤੇ ਆਖਿਆ, ਯਹੋਵਾਹ ਇਸ ਤਰ੍ਹਾਂ ਫ਼ਰਮਾਉਂਦਾ ਹੈ ਕਿ ਇਨ੍ਹਾਂ ਨਾਲ ਤੁਸੀਂ ਅਰਾਮੀਆਂ ਨੂੰ ਜਦ ਤੱਕ ਉਹ ਮੁੱਕ ਨਾ ਜਾਣ, ਧੱਸੀ ਜਾਓਗੇ!
11ਅਤੇ ਸਾਰੇ ਨਬੀ ਇਸ ਤਰ੍ਹਾਂ ਅਗੰਮ ਵਾਚ ਰਹੇ ਸਨ ਕਿ ਰਾਮੋਥ ਗਿਲਆਦ ਉੱਤੇ ਚੜ੍ਹ ਜਾਓ ਅਤੇ ਫਤਹ ਪਾਓ ਕਿਉਂ ਜੋ ਯਹੋਵਾਹ ਉਸ ਨੂੰ ਪਾਤਸ਼ਾਹ ਦੇ ਹੱਥ ਵਿੱਚ ਕਰ ਦੇਵੇਗਾ।
12ਉਹ ਹਲਕਾਰਾ ਜੋ ਮੀਕਾਯਾਹ ਨੂੰ ਸੱਦਣ ਗਿਆ ਸੀ ਉਹ ਨੂੰ ਬੋਲਿਆ, ਜ਼ਰਾ ਵੇਖੀਂ ਕਿ ਨਬੀ ਇੱਕ ਮੂੰਹ ਹੋ ਕੇ ਪਾਤਸ਼ਾਹ ਲਈ ਭਲਿਆਈ ਦੀਆਂ ਗੱਲਾਂ ਦੱਸਦੇ ਹਨ। ਤੇਰੀ ਗੱਲ ਵੀ ਉਨ੍ਹਾਂ ਦੀਆਂ ਗੱਲਾਂ ਵਰਗੀ ਹੋਵੇ ਅਤੇ ਤੂੰ ਭਲਿਆਈ ਬੋਲੀਂ।
13ਅੱਗੋਂ ਮੀਕਾਯਾਹ ਨੇ ਆਖਿਆ, ਜਿਉਂਦੇ ਯਹੋਵਾਹ ਦੀ ਸਹੁੰ ਜੋ ਕੁਝ ਮੇਰਾ ਪਰਮੇਸ਼ੁਰ ਫ਼ਰਮਾਏਗਾ ਮੈਂ ਉਹੋ ਹੀ ਬੋਲਾਂਗਾ
14ਸੋ ਉਹ ਪਾਤਸ਼ਾਹ ਕੋਲ ਆਇਆ, ਤਾਂ ਪਾਤਸ਼ਾਹ ਨੇ ਉਸ ਨੂੰ ਆਖਿਆ, ਹੇ ਮੀਕਾਯਾਹ, ਭਲਾ, ਅਸੀਂ ਰਾਮੋਥ ਗਿਲਆਦ ਉੱਤੇ ਚੜ੍ਹਾਈ ਕਰਨ ਜਾਈਏ ਜਾਂ ਰੁਕੇ ਰਹੀਏ? ਤਾਂ ਉਸ ਨੇ ਆਖਿਆ, ਚੜ੍ਹ ਜਾਓ ਅਤੇ ਫ਼ਤਹ ਪਾਓ ਅਤੇ ਉਹ ਤੁਹਾਡੇ ਹੱਥ ਵਿੱਚ ਦਿੱਤੇ ਜਾਣਗੇ
15ਤਾਂ ਪਾਤਸ਼ਾਹ ਨੇ ਉਹ ਨੂੰ ਆਖਿਆ, ਮੈਂ ਤੈਨੂੰ ਕਿੰਨੀ ਕੁ ਵਾਰ ਸਹੁੰ ਚੁਕਾਵਾਂ ਕਿ ਤੂੰ ਮੈਨੂੰ ਯਹੋਵਾਹ ਦੇ ਨਾਮ ਉੱਤੇ ਸਚਿਆਈ ਤੋਂ ਬਿਨ੍ਹਾਂ ਕੁਝ ਹੋਰ ਨਾ ਦੱਸੀਂ?
16ਤਦ ਉਸ ਨੇ ਆਖਿਆ, ਮੈਂ ਸਾਰੇ ਇਸਰਾਏਲ ਨੂੰ ਉਨ੍ਹਾਂ ਭੇਡਾਂ ਵਾਂਗੂੰ ਜਿਨ੍ਹਾਂ ਦਾ ਅਯਾਲੀ ਨਹੀਂ ਪਹਾੜਾਂ ਉੱਤੇ ਖਿੰਡ ਜਾਣਾ ਦੇਖਿਆ ਅਤੇ ਯਹੋਵਾਹ ਨੇ ਫ਼ਰਮਾਇਆ ਕਿ ਇਨ੍ਹਾਂ ਦਾ ਮਾਲਕ ਨਹੀਂ, ਉਨ੍ਹਾਂ ਦਾ ਹਰ ਮਨੁੱਖ ਆਪਣੇ ਘਰ ਨੂੰ ਸੁਲਾਹ ਵਿੱਚ ਜਾਵੇ
17ਇਸ ਤੋਂ ਬਾਅਦ ਇਸਰਾਏਲ ਦੇ ਪਾਤਸ਼ਾਹ ਨੇ ਯਹੋਸ਼ਾਫ਼ਾਤ ਨੂੰ ਆਖਿਆ, ਭਲਾ, ਮੈਂ ਤੈਨੂੰ ਨਹੀਂ ਆਖਿਆ ਸੀ ਕਿ ਉਹ ਮੇਰੀ ਭਲਿਆਈ ਨਹੀਂ ਸਗੋਂ ਬੁਰਿਆਈ ਵਾਚੇਗਾ?
18ਉਸ ਨੇ ਫੇਰ ਆਖਿਆ, ਇਸ ਲਈ ਤੁਸੀਂ ਯਹੋਵਾਹ ਦਾ ਬਚਨ ਸੁਣੋ! ਮੈਂ ਯਹੋਵਾਹ ਨੂੰ ਆਪਣੇ ਸਿੰਘਾਸਣ ਉੱਤੇ ਬੈਠਿਆਂ ਦੇਖਿਆ ਅਤੇ ਸਵਰਗ ਦੀ ਸਾਰੀ ਸੈਨਾਂ ਉਹ ਦੇ ਸੱਜੇ ਅਤੇ ਖੱਬੇ ਖੜ੍ਹੀ ਸੀ
19ਤਾਂ ਯਹੋਵਾਹ ਨੇ ਆਖਿਆ, ਇਸਰਾਏਲ ਦੇ ਰਾਜਾ ਅਹਾਬ ਨੂੰ ਕੌਣ ਭਰਮਾਵੇਗਾ ਜੋ ਉਹ ਚੜ੍ਹ ਕੇ ਰਾਮੋਥ ਗਿਲਆਦ ਕੋਲ ਡਿੱਗ ਮਰੇ? ਤਾਂ ਇੱਕ ਇਸ ਤਰ੍ਹਾਂ ਬੋਲਿਆ ਅਤੇ ਇੱਕ ਉਸ ਤਰ੍ਹਾਂ ਬੋਲਿਆ
20ਤਦ ਇੱਕ ਆਤਮਾ ਨਿੱਕਲ ਕੇ ਯਹੋਵਾਹ ਦੇ ਅੱਗੇ ਜਾ ਖੜ੍ਹਾ ਹੋਇਆ ਅਤੇ ਆਖਿਆ, ਮੈਂ ਉਸ ਨੂੰ ਭਰਮਾਵਾਂਗਾ। ਤਾਂ ਯਹੋਵਾਹ ਨੇ ਪੁੱਛਿਆ, ਕਿਸ ਤਰ੍ਹਾਂ?
21ਉਸ ਆਖਿਆ, ਮੈਂ ਜਾ ਕੇ ਇੱਕ ਝੂਠਾ ਆਤਮਾ ਉਸ ਦੇ ਸਾਰੇ ਨਬੀਆਂ ਦੇ ਮੂੰਹਾਂ ਵਿੱਚ ਬਣਾਂਗਾ ਤਦ ਉਹ ਨੇ ਆਖਿਆ, ਤੂੰ ਉਸ ਨੂੰ ਭਰਮਾ ਲਏਂਗਾ ਅਤੇ ਜਿੱਤੇਂਗਾ, ਜਾ ਅਤੇ ਇਸ ਤਰ੍ਹਾਂ ਕਰ।
22ਹੁਣ ਵੇਖੋ, ਯਹੋਵਾਹ ਨੇ ਤੁਹਾਡੇ ਇਨ੍ਹਾਂ ਨਬੀਆਂ ਦੇ ਮੂੰਹਾਂ ਵਿੱਚ ਇੱਕ ਝੂਠਾ ਆਤਮਾ ਪਾ ਦਿੱਤਾ ਹੈ, ਪਰ ਯਹੋਵਾਹ ਤੁਹਾਡੇ ਲਈ ਬੁਰਿਆਈ ਬੋਲਿਆ ਹੈ!
23ਤਾਂ ਕਨਾਨਾਹ ਦੇ ਪੁੱਤਰ ਸਿਦਕੀਯਾਹ ਨੇ ਨੇੜੇ ਆਣ ਕੇ ਮੀਕਾਯਾਹ ਦੀ ਗੱਲ੍ਹ ਉੱਤੇ ਮਾਰਿਆ ਅਤੇ ਆਖਿਆ, ਯਹੋਵਾਹ ਦਾ ਆਤਮਾ ਕਿਸ ਰਾਹ ਥਾਣੀ ਮੇਰੇ ਕੋਲੋਂ ਦੀ ਲੰਘਿਆ ਜੋ ਤੈਨੂੰ ਬੋਲੇ?
24ਪਰ ਮੀਕਾਯਾਹ ਨੇ ਆਖਿਆ, ਵੇਖ, ਤੂੰ ਉਸ ਦਿਨ ਜਦ ਤੂੰ ਅੰਦਰਲੀ ਕੋਠੜੀ ਵਿੱਚ ਲੁੱਕਣ ਨੂੰ ਵੜੇਂਗਾ ਤਦ ਤੂੰ ਵੇਖੇਂਗਾ!
25ਤਦ ਇਸਰਾਏਲ ਦੇ ਪਾਤਸ਼ਾਹ ਨੇ ਆਖਿਆ, ਮੀਕਾਯਾਹ ਨੂੰ ਫੜ੍ਹ ਕੇ ਸ਼ਹਿਰ ਦੇ ਸਰਦਾਰ ਆਮੋਨ ਕੋਲ ਅਤੇ ਪਾਤਸ਼ਾਹ ਦੇ ਪੁੱਤਰ ਯੋਆਸ਼ ਕੋਲ ਮੋੜ ਲੈ ਜਾ l
26ਅਤੇ ਆਖ ਕਿ ਪਾਤਸ਼ਾਹ ਇਹ ਫ਼ਰਮਾਉਂਦਾ ਹੈ ਕਿ ਮੇਰੇ ਸੁੱਖ-ਸਾਂਦ ਨਾਲ ਆਉਣ ਤੋੜੀ ਇਸ ਨੂੰ ਕੈਦ ਵਿੱਚ ਰੱਖੋ ਅਤੇ ਉਹ ਨੂੰ ਤੰਗੀ ਦੀ ਰੋਟੀ ਅਤੇ ਤੰਗੀ ਦਾ ਪਾਣੀ ਦਿਓ!
27ਪਰ ਮੀਕਾਯਾਹ ਨੇ ਆਖਿਆ, ਜੇਕਰ ਤੁਸੀਂ ਕਦੀ ਸੁੱਖ-ਸਾਂਦ ਨਾਲ ਮੁੜ ਆਓ ਤਾਂ ਯਹੋਵਾਹ ਮੇਰੇ ਰਾਹੀਂ ਨਹੀਂ ਬੋਲਿਆ, ਨਾਲੇ ਉਹ ਨੇ ਆਖਿਆ, ਹੇ ਲੋਕੋ, ਤੁਸੀਂ ਸਭ ਦੇ ਸਭ ਸੁਣ ਲਓ!।
28ਤਾਂ ਇਸਰਾਏਲ ਦਾ ਪਾਤਸ਼ਾਹ ਅਤੇ ਯਹੂਦਾਹ ਦਾ ਪਾਤਸ਼ਾਹ ਯਹੋਸ਼ਾਫ਼ਾਤ ਰਾਮੋਥ ਗਿਲਆਦ ਨੂੰ ਚੜ੍ਹੇ
29ਅਤੇ ਇਸਰਾਏਲ ਦੇ ਪਾਤਸ਼ਾਹ ਨੇ ਯਹੋਸ਼ਾਫ਼ਾਤ ਨੂੰ ਆਖਿਆ, ਮੈਂ ਆਪਣਾ ਭੇਸ ਵਟਾਕੇ ਲੜਾਈ ਵਿੱਚ ਜਾਂਵਾਂਗਾ ਪਰ ਤੂੰ ਆਪਣੇ ਬਸਤਰ ਪਾਈ ਰੱਖ। ਸੋ ਇਸਰਾਏਲ ਦਾ ਪਾਤਸ਼ਾਹ ਭੇਸ ਵਟਾਕੇ ਲੜਾਈ ਵਿੱਚ ਗਿਆ
30ਪਰ ਅਰਾਮ ਦੇ ਰਾਜੇ ਨੇ ਰਥਾਂ ਦੇ ਸਰਦਾਰਾਂ ਨੂੰ ਜੋ ਉਹ ਦੇ ਨਾਲ ਸਨ ਹੁਕਮ ਦਿੱਤਾ ਕਿ ਇਸਰਾਏਲ ਦੇ ਪਾਤਸ਼ਾਹ ਤੋਂ ਛੁੱਟ ਹੋਰ ਕਿਸੇ ਛੋਟੇ ਵੱਡੇ ਨਾਲ ਨਾ ਲੜਿਓ
31ਜਦ ਰਥਾਂ ਦੇ ਸਰਦਾਰਾਂ ਨੇ ਯਹੋਸ਼ਾਫ਼ਾਤ ਨੂੰ ਦੇਖਿਆ ਤਾਂ ਉਨ੍ਹਾਂ ਨੇ ਆਖਿਆ, ਇਸਰਾਏਲ ਦਾ ਰਾਜਾ ਜ਼ਰੂਰ ਇਹੋ ਹੀ ਹੋਵੇਗਾ ਅਤੇ ਉਹ ਉਸ ਦੇ ਨਾਲ ਲੜਨ ਨੂੰ ਮੁੜੇ ਪਰ ਯਹੋਸ਼ਾਫ਼ਾਤ ਚਿੱਲਾਇਆ ਅਤੇ ਯਹੋਵਾਹ ਨੇ ਉਹ ਦੀ ਮਦਦ ਕੀਤੀ ਅਤੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਉਸ ਤੋਂ ਹਟਾਇਆ
32ਅਤੇ ਇਸ ਤਰ੍ਹਾਂ ਹੋਇਆ ਕਿ ਜਦ ਰੱਥਾਂ ਦੇ ਸਰਦਾਰਾਂ ਨੇ ਵੇਖਿਆ ਕਿ ਇਹ ਇਸਰਾਏਲ ਦਾ ਪਾਤਸ਼ਾਹ ਨਹੀਂ ਹੈ ਤਾਂ ਉਹ ਉਸ ਦਾ ਪਿੱਛਾ ਕਰਨ ਤੋਂ ਹਟ ਗਏ
33ਅਤੇ ਕਿਸੇ ਮਨੁੱਖ ਨੇ ਅਟਕਲ ਪੱਚੂ ਆਪਣਾ ਧਣੁੱਖ ਖਿੱਚ ਕੇ ਇਸਰਾਏਲ ਦੇ ਪਾਤਸ਼ਾਹ ਨੂੰ ਸੰਜੋ ਦੇ ਜੋੜ ਵਿੱਚ ਤੀਰ ਮਾਰਿਆ ਤਾਂ ਉਸ ਆਪਣੇ ਸਾਰਥੀ ਨੂੰ ਆਖਿਆ, ਮੋੜ ਲੈ ਅਤੇ ਮੈਨੂੰ ਦਲ ਵਿੱਚੋਂ ਕੱਢ ਲੈ ਚੱਲ ਕਿਉਂ ਜੋ ਮੈਂ ਫੱਟੜ ਹੋ ਗਿਆ ਹਾਂ
34ਅਤੇ ਲੜਾਈ ਉਸ ਦਿਨ ਵੱਧ ਗਈ ਪਰ ਤਾਂ ਵੀ ਇਸਰਾਏਲ ਦਾ ਪਾਤਸ਼ਾਹ ਅਰਾਮੀਆਂ ਦੇ ਸਾਹਮਣੇ ਰਥ ਉੱਤੇ ਥੰਮਿਆ ਰਿਹਾ ਅਤੇ ਸੂਰਜ ਦੇ ਡੁੱਬਣ ਦੇ ਸਮੇਂ ਉਹ ਮਰ ਗਿਆ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath