ਥੱਸਲੁਨੀਕੀਆ ਨੂੰ ਪਹਿਲੀ ਪੱਤ੍ਰੀ 4
1ਮੁੱਕਦੀ ਗੱਲ, ਹੇ ਭਰਾਵੋ, ਅਸੀਂ ਪ੍ਰਭੂ ਯਿਸੂ ਵਿੱਚ ਤੁਹਾਡੇ ਅੱਗੇ ਬੇਨਤੀ ਕਰਦੇ ਅਤੇ ਤੁਹਾਨੂੰ ਆਗਿਆ ਦਿੰਦੇ ਹਾਂ ਕਿ ਜਿਵੇਂ ਤੁਸੀਂ ਸਾਡੇ ਕੋਲੋਂ ਸਿੱਖਿਆ ਪ੍ਰਾਪਤ ਕੀਤੀ ਕਿ ਕਿਹੋ ਜਿਹਾ ਚਾਲ-ਚੱਲਣ ਸਾਨੂੰ ਚੱਲਣਾ ਅਤੇ ਪਰਮੇਸ਼ੁਰ ਨੂੰ ਪ੍ਰਸੰਨ ਕਰਨਾ ਚਾਹੀਦਾ ਹੈ - ਜਿਵੇਂ ਤੁਸੀਂ ਚੱਲਦੇ ਵੀ ਹੋ - ਸੋ ਇਸ ਵਿੱਚ ਹੋਰ ਵੀ ਵਧਦੇ ਜਾਵੋ।
2ਕਿਉਂਕਿ ਤੁਸੀਂ ਜਾਣਦੇ ਹੋ ਜੋ ਅਸੀਂ ਤੁਹਾਨੂੰ ਪ੍ਰਭੂ ਯਿਸੂ ਦੇ ਵੱਲੋਂ ਕੀ-ਕੀ ਹੁਕਮ ਦਿੱਤੇ।
3ਪਰਮੇਸ਼ੁਰ ਦੀ ਇੱਛਾ ਹੈ ਕਿ ਤੁਸੀਂ ਪਵਿੱਤਰ ਹੋਵੋ ਅਤੇ ਤੁਸੀਂ ਹਰਾਮਕਾਰੀ ਤੋਂ ਬਚੇ ਰਹੋ।
4ਅਤੇ ਤੁਹਾਡੇ ਵਿੱਚੋਂ ਹਰ ਕੋਈ ਆਪਣੀ ਪਤਨੀ ਨੂੰ ਪਵਿੱਤਰਤਾਈ ਅਤੇ ਆਦਰ ਨਾਲ ਪ੍ਰਾਪਤ ਕਰਨਾ ਜਾਣੇ।
5ਨਾ ਕਾਮ-ਵਾਸਨਾ ਨਾਲ, ਪਰਾਈਆਂ ਕੌਮਾਂ ਦੀ ਤਰ੍ਹਾਂ ਜਿਨ੍ਹਾਂ ਨੂੰ ਪਰਮੇਸ਼ੁਰ ਦਾ ਗਿਆਨ ਨਹੀਂ।
6ਅਤੇ ਕੋਈ ਇਸ ਗੱਲ ਵਿੱਚ ਅਪਰਾਧੀ ਨਾ ਹੋਵੇ, ਨਾ ਆਪਣੇ ਭਰਾ ਨਾਲ ਧੋਖਾ ਕਰੇ ਕਿਉਂ ਜੋ ਪ੍ਰਭੂ ਇਨ੍ਹਾਂ ਸਭਨਾਂ ਗੱਲਾਂ ਦਾ ਬਦਲਾ ਲੈਣ ਵਾਲਾ ਹੈ ਜਿਵੇਂ ਅਸੀਂ ਅੱਗੇ ਵੀ ਤੁਹਾਨੂੰ ਆਖਿਆ ਅਤੇ ਚਿਤਾਵਨੀ ਦਿੱਤੀ ਸੀ।
7ਕਿਉਂ ਜੋ ਪਰਮੇਸ਼ੁਰ ਨੇ ਸਾਨੂੰ ਅਸ਼ੁੱਧਤਾ ਲਈ ਨਹੀਂ ਸਗੋਂ ਪਵਿੱਤਰਤਾਈ ਵਿੱਚ ਸੱਦਿਆ।
8ਇਸ ਕਾਰਨ ਜੋ ਕੋਈ ਇਸ ਸਿੱਖਿਆ ਨੂੰ ਤੁੱਛ ਜਾਣਦਾ ਹੈ, ਉਹ ਮਨੁੱਖਾਂ ਨੂੰ ਨਹੀਂ ਸਗੋਂ ਪਰਮੇਸ਼ੁਰ ਨੂੰ ਤੁੱਛ ਜਾਣਦਾ ਹੈ, ਜਿਹੜਾ ਆਪਣਾ ਪਵਿੱਤਰ ਆਤਮਾ ਤੁਹਾਨੂੰ ਦਿੰਦਾ ਹੈ।
9ਪਰ ਭਾਈਚਾਰੇ ਦੇ ਪਿਆਰ ਦੇ ਬਾਰੇ ਤੁਹਾਨੂੰ ਕੁਝ ਲਿਖਣ ਦੀ ਲੋੜ ਨਹੀਂ ਕਿਉਂ ਜੋ ਤੁਸੀਂ ਆਪ ਇੱਕ ਦੂਜੇ ਨਾਲ ਪਿਆਰ ਕਰਨ ਨੂੰ ਪਰਮੇਸ਼ੁਰ ਦੇ ਸਿਖਾਏ ਹੋਏ ਹੋ।
10ਤੁਸੀਂ ਤਾਂ ਉਨ੍ਹਾਂ ਸਾਰੇ ਭਰਾਵਾਂ ਨਾਲ ਜਿਹੜੇ ਸਾਰੇ ਮਕਦੂਨਿਯਾ ਵਿੱਚ ਹਨ, ਅਜਿਹਾ ਹੀ ਕਰਦੇ ਵੀ ਹੋ। ਪਰ ਹੇ ਭਰਾਵੋ, ਅਸੀਂ ਤੁਹਾਨੂੰ ਆਖਦੇ ਹਾਂ ਕਿ ਤੁਸੀਂ ਹੋਰ ਵੀ ਵੱਧਦੇ ਜਾਓ।
11ਅਤੇ ਜਿਵੇਂ ਅਸੀਂ ਤੁਹਾਨੂੰ ਹੁਕਮ ਦਿੱਤਾ ਸੀ ਤੁਸੀਂ ਚੁੱਪ-ਚਾਪ ਰਹਿਣਾ ਅਤੇ ਆਪੋ ਆਪਣੇ ਕੰਮ-ਧੰਦੇ ਕਰਨ ਅਤੇ ਆਪਣੇ ਹੱਥੀਂ ਮਿਹਨਤ ਕਰਨ ਦਾ ਯਤਨ ਕਰੋ।
12ਕਿ ਤੁਸੀਂ ਬਾਹਰਲਿਆਂ ਲੋਕਾਂ ਦੇ ਸਾਹਮਣੇ ਸਦਭਾਵਨਾ ਨਾਲ ਚਲੋ ਤਾਂ ਜੋ ਤੁਹਾਨੂੰ ਕਿਸੇ ਚੀਜ਼ ਦੀ ਘਾਟ ਨਾ ਹੋਵੇ।
13ਹੇ ਭਰਾਵੋ, ਅਸੀਂ ਨਹੀਂ ਚਾਹੁੰਦੇ ਜੋ ਤੁਸੀਂ ਉਨ੍ਹਾਂ ਬਾਰੇ ਜਿਹੜੇ ਸੁੱਤੇ ਪਏ ਹਨ ਅਣਜਾਣ ਰਹੋ, ਤੁਸੀਂ ਪਰਾਈਆਂ ਕੌਮਾਂ ਦੀ ਤਰ੍ਹਾਂ ਸੋਗ ਕਰੋ, ਜਿਨ੍ਹਾਂ ਨੂੰ ਕੋਈ ਆਸ ਨਹੀਂ।
14ਕਿਉਂਕਿ ਜੇ ਸਾਨੂੰ ਇਹ ਵਿਸ਼ਵਾਸ ਹੈ ਕਿ ਯਿਸੂ ਮਰਿਆ ਅਤੇ ਫੇਰ ਜਿਉਂਦਾ ਹੋਇਆ ਤਾਂ ਇਸੇ ਤਰ੍ਹਾਂ ਪਰਮੇਸ਼ੁਰ ਉਨ੍ਹਾਂ ਨੂੰ ਵੀ ਜਿਹੜੇ ਯਿਸੂ ਵਿੱਚ ਸੌਂ ਗਏ ਹਨ, ਉਹ ਦੇ ਨਾਲ ਜਿਵਾਲੇਗਾ।
15ਅਸੀਂ ਪ੍ਰਭੂ ਦੇ ਬਚਨ ਦੇ ਅਨੁਸਾਰ ਤੁਹਾਨੂੰ ਇਹ ਆਖਦੇ ਹਾਂ ਕਿ ਅਸੀਂ ਜਿਹੜੇ ਜਿਉਂਦੇ ਅਤੇ ਪ੍ਰਭੂ ਦੇ ਆਉਣ ਤੱਕ ਜਿਉਂਦੇ ਰਹਿੰਦੇ ਹਾਂ, ਉਹਨਾਂ ਤੋਂ ਕਦੀ ਪਹਿਲੇ ਨਾ ਹੋਵਾਂਗੇ, ਜਿਹੜੇ ਸੌਂ ਗਏ ਹਨ।
16ਇਸ ਲਈ ਜੋ ਪ੍ਰਭੂ ਆਪ ਲਲਕਾਰ ਨਾਲ, ਮਹਾਂ ਦੂਤ ਦੀ ਅਵਾਜ਼ ਨਾਲ ਅਤੇ ਪਰਮੇਸ਼ੁਰ ਦੀ ਤੁਰ੍ਹੀ ਨਾਲ ਸਵਰਗ ਤੋਂ ਉਤਰੇਗਾ ਅਤੇ ਜਿਹੜੇ ਮਸੀਹ ਵਿੱਚ ਹੋ ਕੇ ਮਰੇ ਹਨ ਉਹ ਪਹਿਲਾਂ ਜਿਉਂਦੇ ਹੋ ਜਾਣਗੇ।
17ਤਦ ਅਸੀਂ ਜਿਹੜੇ ਜਿਉਂਦੇ ਅਤੇ ਬਾਕੀ ਰਹਿੰਦੇ ਹਾਂ ਉਹਨਾਂ ਦੇ ਨਾਲ ਹੀ ਹਵਾ ਵਿੱਚ ਪ੍ਰਭੂ ਦੇ ਮਿਲਣ ਨੂੰ, ਬੱਦਲਾਂ ਉੱਤੇ ਅਚਾਨਕ ਉੱਠਾਏ ਜਾਂਵਾਂਗੇ ਅਤੇ ਇਸੇ ਤਰ੍ਹਾਂ ਅਸੀਂ ਸਦਾ ਪ੍ਰਭੂ ਦੇ ਨਾਲ ਰਹਾਂਗੇ।
18ਸੋ ਤੁਸੀਂ ਇਨ੍ਹਾਂ ਗੱਲਾਂ ਨਾਲ ਇੱਕ ਦੂਜੇ ਨੂੰ ਤਸੱਲੀ ਦੇਵੋ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath