1 ਸਮੂਏਲ 9
1ਬਿਨਯਾਮੀਨ ਦੇ ਗੋਤ ਦਾ ਇੱਕ ਮਨੁੱਖ ਸੀ ਜਿਸ ਦਾ ਨਾਮ ਕੀਸ਼ ਜੋ ਅਬੀਏਲ ਦਾ ਪੁੱਤਰ ਜੋ ਸਰੂਰ ਦਾ ਪੁੱਤਰ ਜੋ ਬਕੋਰਥ ਦਾ ਪੁੱਤਰ ਜੋ ਅਫਿਆਹ ਦਾ ਪੁੱਤਰ ਸੀ ਅਤੇ ਇਹ ਬਿਨਯਾਮੀਨੀ ਵੱਡਾ ਤਕੜਾ ਸੂਰਮਾ ਸੀ।
2ਉਹ ਦਾ ਇੱਕ ਸ਼ਾਊਲ ਨਾਮਕ ਇੱਕ ਜੁਆਨ ਪੁੱਤਰ ਸੀ ਜੋ ਬਹੁਤ ਸੋਹਣਾ ਸੀ ਅਤੇ ਇਸਰਾਏਲੀਆਂ ਵਿੱਚ ਉਸ ਨਾਲੋਂ ਵੱਧ ਸੋਹਣਾ ਹੋਰ ਕੋਈ ਮਨੁੱਖ ਨਹੀਂ ਸੀ। ਉਹ ਸਾਰਿਆਂ ਮਨੁੱਖਾਂ ਵਿੱਚ ਸਭਨਾਂ ਨਾਲੋਂ ਉੱਚਾ ਸੀ।
3ਸ਼ਾਊਲ ਦੇ ਪਿਤਾ ਕੀਸ਼ ਦੀਆਂ ਗਧੀਆਂ ਗੁਆਚ ਗਈਆਂ ਇਸ ਲਈ ਕੀਸ਼ ਨੇ ਆਪਣੇ ਪੁੱਤਰ ਸ਼ਾਊਲ ਨੂੰ ਆਖਿਆ, ਸੇਵਕਾਂ ਵਿੱਚੋਂ ਇੱਕ ਨੂੰ ਆਪਣੇ ਨਾਲ ਲੈ ਅਤੇ ਜਾ ਕੇ ਗਧੀਆਂ ਨੂੰ ਲੱਭ।
4ਸੋ ਉਹ ਇਫ਼ਰਾਈਮ ਦੇ ਪਰਬਤ ਵੱਲ ਦੀ ਲੰਘਿਆ ਅਤੇ ਸ਼ਲੀਸ਼ਾਹ ਦੇ ਦੇਸ ਵਿੱਚੋਂ ਦੀ ਹੋ ਕੇ ਨਿੱਕਲ ਗਿਆ, ਪਰ ਉਹ ਨਾ ਲੱਭੀਆਂ ਤਦ ਉਹ ਸ਼ਾਲੀਮ ਦੇ ਦੇਸ ਵਿੱਚ ਗਏ ਅਤੇ ਉਹ ਉੱਥੇ ਵੀ ਨਾ ਸਨ। ਫੇਰ ਉਹ ਬਿਨਯਾਮੀਨੀਆਂ ਦੇ ਦੇਸ ਵਿੱਚ ਦੀ ਆਏ ਤਾਂ ਉੱਥੇ ਵੀ ਉਹਨਾਂ ਨੂੰ ਨਾ ਲੱਭੀਆਂ।
5ਜਦ ਉਹ ਸੂਫ਼ ਦੇ ਦੇਸ ਵਿੱਚ ਆਏ ਤਦ ਸ਼ਾਊਲ ਨੇ ਆਪਣੇ ਨਾਲ ਦੇ ਸੇਵਕ ਨੂੰ ਆਖਿਆ, ਚੱਲ, ਅਸੀਂ ਮੁੜ ਜਾਈਏ ਕਿਤੇ ਅਜਿਹਾ ਨਾ ਹੋਵੇ ਜੋ ਮੇਰਾ ਪਿਤਾ ਗਧੀਆਂ ਦੀ ਚਿੰਤਾ ਛੱਡ ਕੇ ਸਾਡੇ ਲਈ ਚਿੰਤਾ ਕਰੇ।
6ਸੇਵਕ ਨੇ ਆਖਿਆ, ਵੇਖ, ਇਸ ਸ਼ਹਿਰ ਦੇ ਵਿੱਚ ਇੱਕ ਪਰਮੇਸ਼ੁਰ ਦਾ ਦਾਸ ਹੈ ਅਤੇ ਉਹ ਬਹੁਤ ਆਦਰਯੋਗ ਹੈ ਅਤੇ ਜਿਵੇਂ ਉਹ ਆਖੇ ਸਭ ਕੁਝ ਉਸੇ ਤਰ੍ਹਾਂ ਹੁੰਦਾ ਹੈ। ਚੱਲੋ ਉਸ ਕੋਲ ਚੱਲੀਏ। ਹੋ ਸਕਦਾ ਹੈ, ਜਿਸ ਰਾਹ ਦੇ ਵਿੱਚ ਜਾਣਾ ਚੰਗਾ ਹੈ ਉਹ ਰਾਹ ਸਾਨੂੰ ਦੱਸੋ?
7ਸ਼ਾਊਲ ਨੇ ਆਪਣੇ ਸੇਵਕ ਨੂੰ ਆਖਿਆ, ਜੇਕਰ ਅਸੀਂ ਉੱਥੇ ਜਾਈਏ ਤਾਂ ਅਸੀਂ ਉਸ ਲਈ ਕੀ ਲੈ ਜਾਈਏ? ਰੋਟੀਆਂ ਤਾਂ ਸਾਡੇ ਭਾਂਡਿਆਂ ਵਿੱਚੋਂ ਮੁੱਕ ਗਈਆਂ ਹਨ ਅਤੇ ਪਰਮੇਸ਼ੁਰ ਦੇ ਦਾਸ ਲਈ ਸਾਡੇ ਕੋਲ ਕੋਈ ਸੁਗ਼ਾਤ ਨਹੀਂ ਹੈ। ਸਾਡੇ ਕੋਲ ਹੈ ਕੀ?
8ਟਹਿਲੂਏ ਨੇ ਸ਼ਾਊਲ ਨੂੰ ਫੇਰ ਉੱਤਰ ਦਿੱਤਾ ਅਤੇ ਆਖਿਆ ਵੇਖ, ਇੱਕ ਚੁਆਨੀ ਮੇਰੇ ਕੋਲ ਹੈ ਸੋ ਮੈਂ ਉਸ ਪਰਮੇਸ਼ੁਰ ਦੇ ਜਨ ਨੂੰ ਦਿਆਂਗਾ ਕਿ ਉਹ ਸਾਨੂੰ ਸਾਡਾ ਰਾਹ ਦੱਸੇ।
9ਪੁਰਾਣੇ ਸਮਿਆਂ ਵਿੱਚ, ਇਸਰਾਏਲ ਵਿੱਚ ਜਦ ਕੋਈ ਮਨੁੱਖ ਪਰਮੇਸ਼ੁਰ ਕੋਲ ਸਲਾਹ ਕਰਨ ਦੇ ਲਈ ਜਾਂਦਾ ਸੀ ਤਾਂ ਇਉਂ ਆਖਦਾ ਸੀ ਕਿ ਆਓ ਅਸੀਂ ਦਰਸ਼ੀ ਕੋਲ ਜਾਈਏ ਕਿਉਂ ਜੋ ਉਹ ਜਿਹੜਾ ਹੁਣ ਨਬੀ ਕਹਾਉਂਦਾ ਹੈ, ਪਹਿਲਾਂ ਉਸ ਨੂੰ ਦਰਸ਼ੀ ਆਖਦੇ ਸਨ।
10ਤਦ ਸ਼ਾਊਲ ਨੇ ਆਪਣੇ ਟਹਿਲੂਏ ਨੂੰ ਆਖਿਆ, ਚੰਗੀ ਗੱਲ ਹੈ। ਚੱਲ ਚੱਲੀਏ। ਸੋ ਉਹ ਸ਼ਹਿਰ ਨੂੰ ਆਏ, ਜਿੱਥੇ ਉਹ ਪਰਮੇਸ਼ੁਰ ਦਾ ਬੰਦਾ ਸੀ।
11ਸ਼ਹਿਰ ਵੱਲ ਟਿੱਲੇ ਉੱਤੇ ਚੜ੍ਹਦਿਆਂ ਉਹਨਾਂ ਨੂੰ ਕਈ ਕੁੜੀਆਂ ਮਿਲ ਪਈਆਂ ਜੋ ਪਾਣੀ ਭਰਨ ਚੱਲੀਆਂ ਸਨ ਅਤੇ ਉਹਨਾਂ ਨੇ ਉਨ੍ਹਾਂ ਨੂੰ ਪੁੱਛਿਆ, ਕੀ ਇੱਥੇ ਦਰਸ਼ੀ ਹੈ?
12ਉਨ੍ਹਾਂ ਨੇ ਉਹਨਾਂ ਨੂੰ ਉੱਤਰ ਦੇ ਕੇ ਆਖਿਆ, ਹਾਂ ਜੀ, ਹੈ, ਵੇਖੋ, ਉਹ ਤੁਹਾਡੇ ਸਾਹਮਣੇ ਹੈ। ਛੇਤੀ ਜਾਓ ਕਿਉਂ ਜੋ ਉਹ ਅੱਜ ਹੀ ਸ਼ਹਿਰ ਵਿੱਚ ਆਇਆ ਹੈ ਇਸ ਲਈ ਜੋ ਅੱਜ ਦੇ ਦਿਨ ਲੋਕ ਉੱਚੇ ਥਾਂ ਵਿੱਚ ਬਲੀ ਚੜ੍ਹਾਉਂਦੇ ਹਨ।
13ਜਦ ਤੁਸੀਂ ਸ਼ਹਿਰ ਵਿੱਚ ਵੜੋਂਗੇ ਤਾਂ ਤੁਸੀਂ ਉਹ ਨੂੰ ਉੱਚੇ ਥਾਂ ਵਿੱਚ ਰੋਟੀ ਖਾਣ ਲਈ ਜਾਣ ਤੋਂ ਪਹਿਲਾ ਤੁਰੰਤ ਮਿਲ ਲਵੋ ਕਿਉਂ ਜੋ ਜਦ ਤੱਕ ਉਹ ਨਾ ਜਾਵੇ ਲੋਕ ਖਾਂਦੇ ਨਹੀਂ ਇਸ ਜੋ ਉਹ ਬਲੀ ਨੂੰ ਅਸੀਸ ਦਿੰਦਾ ਹੈ ਤਾਂ ਉਹ ਦੇ ਪਿੱਛੋਂ ਪਰਾਹੁਣੇ ਖਾਂਦੇ ਹਨ। ਸੋ ਹੁਣ ਤੁਸੀਂ ਚੜ੍ਹੋ ਕਿਉਂ ਜੋ ਅੱਜ ਹੀ ਤੁਸੀਂ ਉਹ ਨੂੰ ਮਿਲੋਗੇ।
14ਸੋ ਉਹ ਸ਼ਹਿਰ ਨੂੰ ਗਏ ਅਤੇ ਜਦ ਸ਼ਹਿਰ ਵਿੱਚ ਵੜੇ ਤਾਂ ਵੇਖੋ ਸਮੂਏਲ ਉੱਚੇ ਥਾਂ ਨੂੰ ਜਾਣ ਲਈ ਉਹਨਾਂ ਦੇ ਸਾਹਮਣੇ ਬਾਹਰ ਨਿੱਕਲਿਆ।
15ਯਹੋਵਾਹ ਨੇ ਸ਼ਾਊਲ ਦੇ ਆਉਣ ਤੋਂ ਇੱਕ ਦਿਨ ਪਹਿਲਾਂ ਹੀ ਸਮੂਏਲ ਨੂੰ ਆਖ ਦਿੱਤਾ ਸੀ।
16ਜੋ ਇਸੇ ਸਮੇਂ ਇੱਕ ਮਨੁੱਖ ਨੂੰ ਬਿਨਯਾਮੀਨ ਦੇ ਇਲਾਕੇ ਤੋਂ ਹੈ ਮੈਂ ਤੇਰੇ ਕੋਲ ਘੱਲਾਂਗਾ, ਸੋ ਤੂੰ ਉਹ ਨੂੰ ਅਭਿਸ਼ੇਕ ਕਰੀਂ ਜੋ ਉਹ ਮੇਰੀ ਪਰਜਾ ਇਸਰਾਏਲ ਦਾ ਪ੍ਰਧਾਨ ਬਣੇ ਅਤੇ ਮੇਰੀ ਪਰਜਾ ਨੂੰ ਫ਼ਲਿਸਤੀਆਂ ਦੇ ਹੱਥੋਂ ਛੁਡਾਵੇ ਕਿਉਂ ਜੋ ਮੈਂ ਆਪਣੀ ਪਰਜਾ ਵੱਲ ਧਿਆਨ ਕੀਤਾ ਹੈ ਇਸ ਲਈ ਜੋ ਉਨ੍ਹਾਂ ਦੀ ਦੁਹਾਈ ਮੇਰੇ ਤੱਕ ਪਹੁੰਚ ਗਈ ਹੈ।
17ਸੋ ਜਦ ਸਮੂਏਲ ਨੇ ਵੇਖਿਆ ਉਸੇ ਵੇਲੇ ਯਹੋਵਾਹ ਨੇ ਉਹ ਨੂੰ ਆਖਿਆ, ਵੇਖ ਇਹੋ ਉਹ ਮਨੁੱਖ ਹੈ ਜਿਸ ਦੇ ਲਈ ਮੈਂ ਤੈਨੂੰ ਕਿਹਾ ਸੀ, ਇਹੋ ਮੇਰੀ ਪਰਜਾ ਉੱਤੇ ਰਾਜ ਕਰੇਗਾ।
18ਇਸ ਲਈ ਸ਼ਾਊਲ ਡਿਉੜ੍ਹੀ ਵਿੱਚ ਸਮੂਏਲ ਕੋਲ ਪਹੁੰਚਿਆ ਅਤੇ ਉਹ ਨੂੰ ਆਖਿਆ, ਜੀ ਮੈਨੂੰ ਦੱਸੋ ਜੋ ਦਰਸ਼ੀ ਦਾ ਘਰ ਕਿੱਥੇ ਹੈ?
19ਸਮੂਏਲ ਨੇ ਸ਼ਾਊਲ ਨੂੰ ਉੱਤਰ ਦਿੱਤਾ, ਦਰਸ਼ੀ ਤਾਂ ਮੈਂ ਹੀ ਹਾਂ। ਮੇਰੇ ਅੱਗੇ-ਅੱਗੇ ਉੱਚੇ ਥਾਂ ਵੱਲ ਚੜ੍ਹ, ਜੋ ਤੁਸੀਂ ਅੱਜ ਮੇਰੇ ਨਾਲ ਭੋਜਨ ਕਰੋ ਅਤੇ ਸਵੇਰੇ ਮੈਂ ਤੈਨੂੰ ਵਿਦਾ ਕਰਾਂਗਾ ਅਤੇ ਜੋ ਕੁਝ ਤੇਰੇ ਮਨ ਵਿੱਚ ਹੈ ਉਹ ਸਭ ਤੈਨੂੰ ਦੱਸਾਂਗਾ।
20ਅਤੇ ਤੇਰੀਆਂ ਗਧੀਆਂ ਜਿਨ੍ਹਾਂ ਨੂੰ ਗਵਾਚਿਆਂ ਤਿੰਨ ਦਿਨ ਹੋ ਗਏ ਹਨ ਉਨ੍ਹਾਂ ਦੀ ਚਿੰਤਾ ਨਾ ਕਰ ਕਿਉਂ ਜੋ ਉਹ ਲੱਭ ਗਈਆਂ ਹਨ ਅਤੇ ਇਸਰਾਏਲ ਕਿਸ ਦੇ ਮੂੰਹ ਵੱਲ ਵੇਖਦਾ ਹੈ? ਭਲਾ, ਤੇਰੇ ਅਤੇ ਤੇਰੇ ਪਿਤਾ ਦੇ ਸਾਰੇ ਟੱਬਰ ਵੱਲ ਨਹੀਂ?
21ਸੋ ਸ਼ਾਊਲ ਨੇ ਉੱਤਰ ਦਿੱਤਾ, ਭਲਾ, ਮੈਂ ਬਿਨਯਾਮੀਨੀ ਨਹੀਂ ਜੋ ਇਸਰਾਏਲ ਦੇ ਸਾਰੇ ਗੋਤਾਂ ਵਿੱਚੋਂ ਛੋਟੇ ਗੋਤ ਦਾ ਹਾਂ ਅਤੇ ਮੇਰਾ ਟੱਬਰ ਬਿਨਯਾਮੀਨ ਦੇ ਗੋਤ ਦੇ ਸਾਰਿਆਂ ਟੱਬਰਾਂ ਵਿੱਚ ਸਭਨਾਂ ਨਾਲੋਂ ਬਹੁਤ ਛੋਟਾ ਨਹੀਂ? ਫੇਰ ਕੀ ਕਾਰਨ ਜੋ ਤੁਸੀਂ ਮੈਨੂੰ ਇਉਂ ਆਖਦੇ ਹੋ?
22ਤਦ ਸਮੂਏਲ ਨੇ ਸ਼ਾਊਲ ਨੂੰ ਅਤੇ ਉਹ ਦੇ ਦਾਸ ਨੂੰ ਚੁਬਾਰੇ ਵਿੱਚ ਲੈ ਆਂਦਾ ਅਤੇ ਉਹਨਾਂ ਨੂੰ ਪਰਾਹੁਣਿਆਂ ਦੇ ਵਿੱਚ ਜੋ ਲੱਗਭੱਗ ਤੀਹ ਲੋਕ ਸਨ ਉੱਚੇ ਥਾਂ ਵਿੱਚ ਬਿਠਾਇਆ।
23ਸਮੂਏਲ ਨੇ ਲਾਂਗਰੀ ਨੂੰ ਆਖਿਆ, ਉਹ ਟੁੱਕੜਾ ਜੋ ਮੈਂ ਤੈਨੂੰ ਆਖਿਆ ਸੀ, ਰੱਖ ਛੱਡੀਂ, ਉਸ ਨੂੰ ਲੈ ਆ।
24ਲਾਂਗਰੀ ਨੇ ਇੱਕ ਮਾਸ ਦਾ ਵੱਡਾ ਟੁੱਕੜਾ ਜੋ ਉਹ ਦੇ ਉੱਤੇ ਸੀ, ਚੁੱਕ ਕੇ ਸ਼ਾਊਲ ਦੇ ਅੱਗੇ ਲਿਆ ਕੇ ਰੱਖਿਆ ਅਤੇ ਸਮੂਏਲ ਨੇ ਆਖਿਆ ਵੇਖ, ਇਹ ਜੋ ਰੱਖਿਆ ਹੋਇਆ ਹੈ ਸੋ ਆਪਣੇ ਅੱਗੇ ਰੱਖ ਕੇ ਖਾ ਇਸ ਲਈ ਕਿ ਉਹ ਠਹਿਰਾਏ ਹੋਏ ਸਮੇਂ ਦਾ ਤੇਰੇ ਲਈ ਰੱਖਿਆ ਹੋਇਆ ਹੈ ਕਿਉਂ ਜੋ ਮੈਂ ਆਖਿਆ, ਮੈਂ ਲੋਕਾਂ ਨੂੰ ਨਿਉਂਦਾ ਦਿੱਤਾ ਹੈ। ਸੋ ਸ਼ਾਊਲ ਨੇ ਉਸ ਦਿਨ ਸਮੂਏਲ ਨਾਲ ਭੋਜਨ ਕੀਤਾ।
25ਜਦ ਉਹ ਉੱਚੇ ਥਾਂ ਤੋਂ ਸ਼ਹਿਰ ਨੂੰ ਗਏ ਤਾਂ ਉਸ ਨੇ ਘਰ ਦੀ ਛੱਤ ਉੱਤੇ ਸ਼ਾਊਲ ਨਾਲ ਗੱਲਾਂ ਕੀਤੀਆਂ।
26ਅਤੇ ਉਹ ਸਵੇਰੇ ਹੀ ਉੱਠੇ ਅਤੇ ਅਜਿਹਾ ਹੋਇਆ ਜਾਂ ਦਿਨ ਚੜ੍ਹਨ ਲੱਗਾ ਤਾਂ ਸਮੂਏਲ ਨੇ ਸ਼ਾਊਲ ਨੂੰ ਘਰ ਦੀ ਛੱਤ ਉੱਤੇ ਫੇਰ ਸੱਦਿਆ ਅਤੇ ਆਖਿਆ, ਉੱਠ ਜੋ ਮੈਂ ਤੈਨੂੰ ਵਿਦਾ ਕਰਾਂ। ਸੋ ਸ਼ਾਊਲ ਉੱਠਿਆ, ਉਹ ਅਤੇ ਸਮੂਏਲ ਬਾਹਰ ਚੱਲੇ ਗਏ।
27ਜਦ ਉਹ ਸ਼ਹਿਰ ਦੇ ਸਿਰੇ ਵੱਲ ਉੱਤਰਦੇ ਪਏ ਸਨ ਤਾਂ ਸਮੂਏਲ ਨੇ ਸ਼ਾਊਲ ਨੂੰ ਆਖਿਆ, ਆਪਣੇ ਦਾਸ ਨੂੰ ਆਗਿਆ ਦੇ ਜੋ ਸਾਡੇ ਤੋਂ ਅੱਗੇ-ਅੱਗੇ ਹੋ ਤੁਰੇ, ਸੋ ਉਹ ਅੱਗੇ ਹੋ ਗਿਆ, ਪਰ ਤੂੰ ਹੁਣ ਖੜ੍ਹਾ ਰਹਿ ਤਾਂ ਜੋ ਮੈਂ ਪਰਮੇਸ਼ੁਰ ਦਾ ਬਚਨ ਤੈਨੂੰ ਸੁਣਾਵਾਂ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath