1 ਸਮੂਏਲ 3
1ਉਹ ਬਾਲਕ ਸਮੂਏਲ ਏਲੀ ਦੇ ਸਾਹਮਣੇ ਯਹੋਵਾਹ ਦੀ ਸੇਵਾ ਕਰਦਾ ਸੀ ਅਤੇ ਉਨ੍ਹਾਂ ਦਿਨਾਂ ਵਿੱਚ ਯਹੋਵਾਹ ਦਾ ਬਚਨ ਬਹੁਤ ਦੁਰਲੱਭ ਸੀ ਕਿਉਂ ਜੋ ਦਰਸ਼ਣ ਘੱਟ ਹੁੰਦਾ ਸੀ।
2ਅਤੇ ਅਜਿਹਾ ਹੋਇਆ ਜਦ ਏਲੀ ਆਪਣੇ ਥਾਂ ਲੰਮਾ ਪਿਆ ਸੀ ਅਤੇ ਉਹ ਦੀਆਂ ਅੱਖੀਆਂ ਅਜਿਹੀਆਂ ਧੁੰਦਲੀਆਂ ਹੋਣ ਲੱਗੀਆਂ ਜੋ ਉਹ ਵੇਖ ਨਹੀਂ ਸਕਦਾ ਸੀ।
3ਪਰਮੇਸ਼ੁਰ ਦਾ ਦੀਵਾ, ਜੋ ਯਹੋਵਾਹ ਦੀ ਹੈਕਲ ਵਿੱਚ ਜਿੱਥੇ ਪਰਮੇਸ਼ੁਰ ਦਾ ਸੰਦੂਕ ਸੀ ਜੋ ਅਜੇ ਨਹੀਂ ਬੁਝਿਆ ਸੀ ਅਤੇ ਸਮੂਏਲ ਲੰਮਾ ਪਿਆ ਹੋਇਆ ਸੀ।
4ਤਦ ਯਹੋਵਾਹ ਨੇ ਸਮੂਏਲ ਨੂੰ ਬੁਲਾਇਆ ਅਤੇ ਉਹ ਨੇ ਆਖਿਆ, ਮੈਂ ਹਾਜ਼ਰ ਹਾਂ,
5ਅਤੇ ਭੱਜ ਕੇ ਏਲੀ ਕੋਲ ਗਿਆ ਅਤੇ ਆਖਿਆ, ਤੂੰ ਜੋ ਮੈਨੂੰ ਬੁਲਾਇਆ ਹੈ ਮੈਂ ਹਾਜ਼ਰ ਹਾਂ। ਪਰ ਉਹ ਬੋਲਿਆ, ਮੈਂ ਤਾਂ ਨਹੀਂ ਬੁਲਾਇਆ। ਵਾਪਿਸ ਜਾ ਕੇ ਲੰਮਾ ਪੈ ਜਾ। ਸੋ ਉਹ ਜਾ ਕੇ ਲੰਮਾ ਪੈ ਗਿਆ।
6ਯਹੋਵਾਹ ਨੇ ਸਮੂਏਲ ਨੂੰ ਫੇਰ ਬੁਲਾਇਆ ਅਤੇ ਸਮੂਏਲ ਉੱਠ ਕੇ ਏਲੀ ਕੋਲ ਗਿਆ ਅਤੇ ਆਖਿਆ, ਮੈਂ ਹਾਜ਼ਰ ਹਾਂ, ਤੂੰ ਜੋ ਮੈਨੂੰ ਬੁਲਾਇਆ। ਉਸ ਨੇ ਆਖਿਆ, ਹੇ ਮੇਰੇ ਪੁੱਤਰ, ਮੈਂ ਨਹੀਂ ਬੁਲਾਇਆ। ਵਾਪਿਸ ਜਾ ਕੇ ਲੰਮਾ ਪੈ ਜਾ।
7ਪਰ ਸਮੂਏਲ ਅਜੇ ਯਹੋਵਾਹ ਨੂੰ ਨਹੀਂ ਜਾਣਦਾ ਸੀ ਅਤੇ ਨਾ ਹੀ ਯਹੋਵਾਹ ਦਾ ਬਚਨ ਉਸ ਉੱਤੇ ਪਰਗਟ ਹੋਇਆ ਸੀ।
8ਫੇਰ ਯਹੋਵਾਹ ਨੇ ਤੀਜੀ ਵਾਰੀ ਸਮੂਏਲ ਨੂੰ ਬੁਲਾਇਆ ਅਤੇ ਉਹ ਉੱਠ ਕੇ ਏਲੀ ਕੋਲ ਗਿਆ ਅਤੇ ਆਖਿਆ, ਮੈਂ ਹਾਜ਼ਰ ਹਾਂ, ਤੂੰ ਜੋ ਮੈਨੂੰ ਬੁਲਾਇਆ ਹੈ। ਤਦ ਏਲੀ ਨੇ ਜਾਣ ਲਿਆ ਜੋ ਯਹੋਵਾਹ ਨੇ ਬਾਲਕ ਨੂੰ ਬੁਲਾਇਆ ਹੋਣਾ ਹੈ।
9ਤਦ ਏਲੀ ਨੇ ਸਮੂਏਲ ਨੂੰ ਆਖਿਆ, ਜਾ ਲੰਮਾ ਪੈ ਜਾ ਅਤੇ ਅਜਿਹਾ ਹੋਵੇਗਾ ਕਿ ਜਦ ਉਹ ਤੈਨੂੰ ਪੁਕਾਰੇ ਤਾਂ ਤੂੰ ਆਖੀ, ਹੇ ਯਹੋਵਾਹ ਬੋਲ, ਤੇਰਾ ਦਾਸ ਸੁਣਦਾ ਹੈ। ਸੋ ਸਮੂਏਲ ਆਪਣੇ ਥਾਂ ਜਾ ਕੇ ਲੰਮਾ ਪੈ ਗਿਆ।
10ਤਦ ਯਹੋਵਾਹ ਆਇਆ ਅਤੇ ਖੜ੍ਹੇ ਹੋ ਕੇ ਪਹਿਲਾਂ ਦੀ ਤਰ੍ਹਾਂ ਸੱਦਿਆ, “ਸਮੂਏਲ, ਸਮੂਏਲ।” ਤਦ ਸਮੂਏਲ ਨੇ ਕਿਹਾ, ਬੋਲ ਕਿਉਂ ਜੋ ਤੇਰਾ ਦਾਸ ਸੁਣਦਾ ਹੈ।
11ਤਦ ਯਹੋਵਾਹ ਨੇ ਸਮੂਏਲ ਨੂੰ ਆਖਿਆ, ਵੇਖ, ਮੈਂ ਇਸਰਾਏਲ ਦੇ ਵਿੱਚ ਇੱਕ ਅਜਿਹਾ ਕੰਮ ਕਰਾਂਗਾ ਜਿਸ ਨੂੰ ਸੁਣਨ ਵਾਲੇ ਕੰਬਣਗੇ,
12ਸੋ ਉਸ ਦਿਨ ਮੈਂ ਏਲੀ ਉੱਤੇ ਸਭ ਕੁਝ ਆਦ ਤੋਂ ਅੰਤ ਤੱਕ ਲਿਆਵਾਂਗਾ ਜੋ ਮੈਂ ਉਸ ਦੇ ਟੱਬਰ ਦੇ ਲਈ ਆਖਿਆ ਸੀ।
13ਕਿਉਂ ਜੋ ਮੈਂ ਉਹ ਨੂੰ ਆਖਿਆ ਕਿ ਮੈਂ ਉਸ ਬੁਰਿਆਈ ਦੇ ਕਾਰਨ ਜਿਸ ਨੂੰ ਉਹ ਨੇ ਜਾਣ ਵੀ ਲਿਆ ਹੈ ਸਦੀਪਕ ਕਾਲ ਤੱਕ ਉਹ ਦੇ ਘਰ ਤੋਂ ਬਦਲਾ ਲਵਾਂਗਾ ਕਿਉਂ ਜੋ ਉਹ ਦੇ ਪੁੱਤਰਾਂ ਨੇ ਆਪਣੇ ਆਪ ਨੂੰ ਨੀਚ ਕੀਤਾ ਹੈ ਅਤੇ ਉਹ ਨੇ ਉਨ੍ਹਾਂ ਨੂੰ ਨਹੀਂ ਰੋਕਿਆ।
14ਇਸ ਕਰਕੇ ਏਲੀ ਦੇ ਟੱਬਰ ਵਿਖੇ ਮੈਂ ਸਹੁੰ ਖਾਧੀ ਹੈ ਜੋ ਏਲੀ ਦੇ ਟੱਬਰ ਦੀ ਬੁਰਿਆਈ, ਕਿਸੇ ਕੁਰਬਾਨੀ ਜਾਂ ਭੇਟ ਦੇ ਨਾਲ ਸਦਾ ਤੱਕ ਨਾ ਮਿਟੇ।
15ਸਮੂਏਲ ਸਵੇਰ ਤੱਕ ਸੁੱਤਾ ਰਿਹਾ, ਫੇਰ ਉਸ ਨੇ ਯਹੋਵਾਹ ਦੇ ਘਰ ਦੇ ਬੂਹੇ ਖੋਲ੍ਹ ਦਿੱਤੇ ਅਤੇ ਸਮੂਏਲ ਏਲੀ ਨੂੰ ਉਸ ਦਰਸ਼ਣ ਨੂੰ ਦੱਸਣ ਤੋਂ ਡਰਦਾ ਸੀ।
16ਤਦ ਏਲੀ ਨੇ ਸਮੂਏਲ ਨੂੰ ਸੱਦ ਕੇ ਆਖਿਆ, ਹੇ ਮੇਰੇ ਪੁੱਤਰ ਸਮੂਏਲ! ਉਹ ਬੋਲਿਆ, ਮੈਂ ਹਾਜ਼ਰ ਹਾਂ।
17ਤਦ ਉਹ ਨੇ ਪੁੱਛਿਆ, ਉਹ ਕਿਹੜੀ ਗੱਲ ਸੀ ਜੋ ਤੈਨੂੰ ਯਹੋਵਾਹ ਨੇ ਆਖੀ ਹੈ? ਮੈਥੋਂ ਨਾ ਲੁਕਾਵੀਂ। ਜੇ ਕਦੀ ਉਨ੍ਹਾਂ ਗੱਲਾਂ ਵਿੱਚੋਂ ਜੋ ਉਸ ਨੇ ਤੈਨੂੰ ਆਖੀਆਂ ਹਨ, ਤੂੰ ਕੁਝ ਵੀ ਲੁਕਾਵੇਂ ਤਾਂ ਪਰਮੇਸ਼ੁਰ ਤੇਰੇ ਨਾਲ ਉਵੇਂ ਹੀ ਕਰੇ ਸਗੋਂ ਉਸ ਨਾਲੋਂ ਵੀ ਵੱਧ ਕਰੇ!
18ਤਦ ਸਮੂਏਲ ਨੇ ਉਹ ਨੂੰ ਸਾਰਾ ਬਚਨ ਦੱਸ ਦਿੱਤਾ ਅਤੇ ਉਸ ਕੋਲੋਂ ਕੁਝ ਨਾ ਲੁਕਾਇਆ। ਉਹ ਬੋਲਿਆ, ਉਹ ਯਹੋਵਾਹ ਹੀ ਹੈ। ਜੋ ਚਾਹੇ ਸੋ ਕਰੇ।
19ਸਮੂਏਲ ਵੱਧਦਾ ਗਿਆ ਅਤੇ ਯਹੋਵਾਹ ਉਹ ਦੇ ਅੰਗ-ਸੰਗ ਸੀ ਅਤੇ ਉਸ ਨੇ ਉਹ ਦੀ ਆਖੀ ਕੋਈ ਗੱਲ ਧਰਤੀ ਉੱਤੇ ਵਿਅਰਥ ਨਾ ਜਾਣ ਦਿੱਤੀ।
20ਅਤੇ ਦਾਨ ਸ਼ਹਿਰ ਤੋਂ ਲੈ ਕੇ ਬਏਰਸ਼ਬਾ ਸ਼ਹਿਰ ਤੱਕ ਸਾਰਾ ਇਸਰਾਏਲ ਜਾਣ ਗਿਆ ਜੋ ਸਮੂਏਲ ਯਹੋਵਾਹ ਦਾ ਨਬੀ ਠਹਿਰਾਇਆ ਗਿਆ ਸੀ।
21ਅਤੇ ਯਹੋਵਾਹ ਸ਼ੀਲੋਹ ਵਿੱਚ ਫੇਰ ਪ੍ਰਗਟ ਹੋਇਆ, ਕਿਉਂ ਜੋ ਯਹੋਵਾਹ ਨੇ ਆਪਣੇ ਆਪ ਨੂੰ ਸ਼ੀਲੋਹ ਵਿੱਚ ਸਮੂਏਲ ਉੱਤੇ ਆਪਣੇ ਬਚਨ ਨਾਲ ਪ੍ਰਗਟ ਕੀਤਾ ਸੀ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath