ਈਸਾਈ
ਪਿੱਛੇ

1 ਸਮੂਏਲ 28

1ਉਨੀਂ ਦਿਨੀਂ ਅਜਿਹਾ ਹੋਇਆ ਜੋ ਫ਼ਲਿਸਤੀਆਂ ਨੇ ਇਸਰਾਏਲ ਨਾਲ ਲੜਨ ਲਈ ਆਪਣੇ ਦਲਾਂ ਨੂੰ ਇਕੱਠਿਆਂ ਕੀਤਾ। ਤਦ ਆਕੀਸ਼ ਨੇ ਦਾਊਦ ਨੂੰ ਆਖਿਆ, ਤੂੰ ਸੱਚ ਜਾਣ ਜੋ ਤੈਨੂੰ ਅਤੇ ਤੇਰੇ ਲੋਕਾਂ ਨੂੰ ਮੇਰੇ ਨਾਲ ਲੜਾਈ ਵਿੱਚ ਜਾਣਾ ਪਵੇਗਾ

2ਸੋ ਦਾਊਦ ਨੇ ਆਕੀਸ਼ ਨੂੰ ਆਖਿਆ, ਤੈਨੂੰ ਜ਼ਰੂਰ ਮਲੂਮ ਹੋ ਜਾਵੇਗਾ ਜੋ ਤੇਰੇ ਸੇਵਕ ਕੋਲੋਂ ਕਿੰਨ੍ਹਾਂ ਕੁ ਕੰਮ ਹੋਵੇਗਾ ਅਤੇ ਆਕੀਸ਼ ਨੇ ਦਾਊਦ ਨੂੰ ਆਖਿਆ, ਤਾਂ ਸਦਾ ਦੇ ਲਈ ਮੈਂ ਤੈਨੂੰ ਆਪਣੇ ਸਿਰ ਦਾ ਰਾਖ਼ਾ ਬਣਾਵਾਂਗਾ।

3ਸਮੂਏਲ ਮਰ ਗਿਆ ਸੀ ਅਤੇ ਸਾਰੇ ਇਸਰਾਏਲ ਨੇ ਉਹ ਦਾ ਅਫ਼ਸੋਸ ਕੀਤਾ ਅਤੇ ਉਸੇ ਦੇ ਸ਼ਹਿਰ ਵਿੱਚ ਜੋ ਰਾਮਾਹ ਸੀ ਉਹ ਨੂੰ ਦੱਬ ਦਿੱਤਾ ਅਤੇ ਸ਼ਾਊਲ ਨੇ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਦੇ ਭੂਤ ਮਿੱਤਰ ਸਨ ਅਤੇ ਦਿਓਯਾਰਾਂ ਨੂੰ ਦੇਸ ਵਿੱਚੋਂ ਕੱਢ ਦਿੱਤਾ ਸੀ।

4ਸੋ ਫ਼ਲਿਸਤੀਆਂ ਨੇ ਇਕੱਠੇ ਹੋ ਕੇ ਸ਼ੂਨੇਮ ਵਿੱਚ ਆ ਡੇਰੇ ਲਾਏ ਅਤੇ ਸ਼ਾਊਲ ਨੇ ਵੀ ਸਾਰੇ ਇਸਰਾਏਲ ਨੂੰ ਇਕੱਠਿਆਂ ਕੀਤਾ, ਉਨ੍ਹਾਂ ਨੇ ਗਿਲਬੋਆ ਵਿੱਚ ਡੇਰੇ ਲਾਏ।

5ਜਦ ਸ਼ਾਊਲ ਨੇ ਫ਼ਲਿਸਤੀਆਂ ਦਾ ਦਲ ਦੇਖਿਆ ਤਾਂ ਡਰ ਗਿਆ ਅਤੇ ਉਹ ਦਾ ਮਨ ਡਾਢਾ ਕੰਬਿਆ

6ਅਤੇ ਜਿਸ ਵੇਲੇ ਸ਼ਾਊਲ ਨੇ ਯਹੋਵਾਹ ਕੋਲੋਂ ਸਲਾਹ ਪੁੱਛੀ ਤਾਂ ਯਹੋਵਾਹ ਨੇ ਉਹ ਨੂੰ ਨਾ ਸੁਫਨਿਆਂ ਦੇ ਨਾ ਊਰੀਮ ਦੇ ਅਤੇ ਨਾ ਨਬੀਆਂ ਦੇ ਰਾਹੀਂ ਕੁਝ ਉੱਤਰ ਦਿੱਤਾ।

7ਤਦ ਸ਼ਾਊਲ ਨੇ ਆਪਣੇ ਸੇਵਕਾਂ ਨੂੰ ਆਖਿਆ, ਮੇਰੇ ਲਈ ਕੋਈ ਅਜਿਹੀ ਇਸਤਰੀ ਭਾਲੋ ਜਿਸ ਦੇ ਭੂਤ ਮਿੱਤਰ ਹੋਣ ਜੋ ਮੈਂ ਉਸ ਦੇ ਕੋਲ ਜਾਂਵਾਂ ਅਤੇ ਉਸ ਕੋਲੋਂ ਪੁੱਛਾਂ। ਸੋ ਉਹ ਦੇ ਸੇਵਕਾਂ ਨੇ ਉਹ ਨੂੰ ਆਖਿਆ, ਵੇਖੋ, ਏਨ-ਦੋਰ ਵਿੱਚ ਇੱਕ ਇਸਤਰੀ ਹੈ ਜਿਸ ਦਾ ਭੂਤ ਮਿੱਤਰਾਂ ਹੈ।

8ਸੋ ਸ਼ਾਊਲ ਨੇ ਆਪਣਾ ਭੇਸ ਬਦਲ ਕੇ ਹੋਰ ਕੱਪੜੇ ਪਾ ਕੇ ਗਿਆ ਅਤੇ ਦੋ ਜਣੇ ਉਹ ਦੇ ਨਾਲ ਸਨ ਅਤੇ ਰਾਤ ਨੂੰ ਉਸ ਇਸਤਰੀ ਕੋਲ ਗਿਆ ਅਤੇ ਉਸ ਨੂੰ ਆਖਿਆ, ਦਯਾ ਕਰ ਕੇ ਆਪਣੇ ਭੂਤ ਮਿੱਤਰ ਕੋਲੋਂ ਮੇਰੇ ਲਈ ਸਲਾਹ ਪੁੱਛ ਅਤੇ ਜਿਸ ਦਾ ਨਾਮ ਮੈਂ ਤੈਨੂੰ ਦੱਸਾਂ ਉਹ ਨੂੰ ਮੇਰੇ ਲਈ ਬੁਲਾ ਲਿਆ।

9ਤਦ ਉਸ ਇਸਤਰੀ ਨੇ ਉਹ ਨੂੰ ਆਖਿਆ, ਵੇਖ, ਤੂੰ ਜਾਣਦਾ ਹੈਂ ਜੋ ਸ਼ਾਊਲ ਨੇ ਕੀ ਕੀਤਾ, ਕਿਵੇਂ ਉਹ ਨੇ ਉਨ੍ਹਾਂ ਨੂੰ ਜਿਨ੍ਹਾਂ ਦੇ ਭੂਤ ਮਿੱਤਰ ਸਨ ਅਤੇ ਦਿਓਯਾਰਾਂ ਨੂੰ ਦੇਸ ਵਿੱਚੋਂ ਮੁਕਾ ਸੁੱਟਿਆ। ਫੇਰ ਤੂੰ ਮੇਰੀ ਜਾਨ ਨੂੰ ਕਾਹਨੂੰ ਫਸਾਉਂਦਾ ਹੈਂ ਜੋ ਮੈਨੂੰ ਮਰਵਾ ਸੁੱਟੇ?

10ਤਦ ਸ਼ਾਊਲ ਨੇ ਯਹੋਵਾਹ ਦੀ ਸਹੁੰ ਚੁੱਕ ਕੇ ਆਖਿਆ, ਭਈ ਜਿਉਂਦੇ ਯਹੋਵਾਹ ਦੀ ਸਹੁੰ, ਇਸ ਗੱਲ ਦੀ ਤੈਨੂੰ ਕੋਈ ਸਜ਼ਾ ਨਹੀਂ ਮਿਲੇਗੀ।

11ਤਦ ਉਹ ਇਸਤਰੀ ਬੋਲੀ, ਮੈਂ ਤੇਰੇ ਲਈ ਕਿਸਨੂੰ ਬੁਲਾਵਾਂ? ਉਹ ਬੋਲਿਆ, ਮੇਰੇ ਲਈ ਸਮੂਏਲ ਨੂੰ ਬੁਲਵਾ।

12ਜਿਸ ਵੇਲੇ ਉਸ ਇਸਤਰੀ ਨੇ ਸਮੂਏਲ ਨੂੰ ਵੇਖਿਆ ਤਾਂ ਉੱਚੀ ਅਵਾਜ਼ ਨਾਲ ਚਿੱਲਾਈ ਅਤੇ ਉਸ ਇਸਤਰੀ ਨੇ ਸ਼ਾਊਲ ਨੂੰ ਆਖਿਆ, ਤੁਸੀਂ ਮੇਰੇ ਨਾਲ ਧੋਖਾ ਕਿਉਂ ਕੀਤਾ ਕਿਉਂ ਜੋ ਸ਼ਾਊਲ ਤਾਂ ਤੁਸੀਂ ਹੀ ਹੋ!

13ਤਦ ਰਾਜਾ ਨੇ ਉਸ ਨੂੰ ਆਖਿਆ, ਘਬਰਾ ਨਾ। ਤੂੰ ਕੀ ਵੇਖਿਆ ਹੈ? ਉਸ ਇਸਤਰੀ ਨੇ ਸ਼ਾਊਲ ਨੂੰ ਆਖਿਆ, ਮੈਂ ਇੱਕ ਦੇਵਤੇ ਨੂੰ ਧਰਤੀ ਵਿੱਚੋਂ ਨਿੱਕਲਦੇ ਵੇਖਦੀ ਹਾਂ।

14ਤਦ ਉਹ ਨੇ ਉਸ ਨੂੰ ਆਖਿਆ, ਉਹ ਦੇ ਰੰਗ ਰੂਪ ਬਾਰੇ ਦੱਸ! ਉਹ ਬੋਲੀ, ਇੱਕ ਬੁੱਢਾ ਮਨੁੱਖ ਉੱਪਰ ਆਉਂਦਾ ਹੈ ਅਤੇ ਚੱਦਰ ਨਾਲ ਢੱਕਿਆ ਹੋਇਆ ਹੈ। ਤਦ ਸ਼ਾਊਲ ਨੇ ਜਾਣਿਆ ਜੋ ਉਹ ਸਮੂਏਲ ਹੀ ਹੈ ਅਤੇ ਉਹ ਨੇ ਮੂੰਹ ਦੇ ਭਾਰ ਧਰਤੀ ਉੱਤੇ ਡਿੱਗ ਕੇ ਮੱਥਾ ਟੇਕਿਆ।

15ਤਦ ਸਮੂਏਲ ਨੇ ਸ਼ਾਊਲ ਨੂੰ ਆਖਿਆ, ਤੂੰ ਮੇਰੇ ਸੁੱਖ ਵਿੱਚ ਕਾਹਨੂੰ ਭੰਗ ਪਾਇਆ ਜੋ ਮੈਨੂੰ ਸੱਦਿਆ? ਸ਼ਾਊਲ ਬੋਲਿਆ, ਮੈਂ ਬਹੁਤ ਦੁੱਖ ਵਿੱਚ ਪਿਆ ਹੋਇਆ ਹਾਂ ਕਿਉਂ ਜੋ ਫ਼ਲਿਸਤੀ ਮੇਰੇ ਨਾਲ ਲੜਦੇ ਹਨ ਅਤੇ ਪਰਮੇਸ਼ੁਰ ਨੇ ਮੈਨੂੰ ਤਿਆਗ ਦਿੱਤਾ ਹੈ ਅਤੇ ਕੁਝ ਉੱਤਰ ਨਹੀਂ ਦਿੰਦਾ ਨਾ ਨਬੀਆਂ ਦੇ ਰਾਹੀਂ ਨਾ ਹੀ ਸੁਫ਼ਨਿਆਂ ਦੇ। ਇਸ ਲਈ ਮੈਂ ਤੈਨੂੰ ਸੱਦਿਆ ਹੈ ਜੋ ਤੂੰ ਮੈਨੂੰ ਦੱਸੇ ਭਈ ਮੈਂ ਕੀ ਕਰਾਂ।

16ਤਦ ਸਮੂਏਲ ਨੇ ਆਖਿਆ, ਜਦ ਯਹੋਵਾਹ ਨੇ ਤੈਨੂੰ ਛੱਡ ਦਿੱਤਾ ਅਤੇ ਤੇਰਾ ਵੈਰੀ ਬਣਿਆ ਹੈ ਤਾਂ ਫੇਰ ਮੈਨੂੰ ਕਿਉਂ ਪੁੱਛਦਾ ਹੈਂ?

17ਯਹੋਵਾਹ ਨੇ ਤਾਂ ਆਪਣੀ ਵੱਲੋਂ ਉਹੋ ਹੀ ਕੀਤਾ ਜੋ ਉਸ ਨੇ ਮੇਰੇ ਰਾਹੀਂ ਆਖਿਆ ਸੀ ਕਿ ਯਹੋਵਾਹ ਨੇ ਤੇਰੇ ਹੱਥੋਂ ਰਾਜ ਖੋਹ ਲਿਆ ਅਤੇ ਤੇਰੇ ਗੁਆਂਢੀ ਦਾਊਦ ਨੂੰ ਦੇ ਦਿੱਤਾ।

18ਇਸ ਲਈ ਜੋ ਤੂੰ ਯਹੋਵਾਹ ਦਾ ਬਚਨ ਨਾ ਮੰਨਿਆ ਅਤੇ ਤੂੰ ਅਮਾਲੇਕ ਦੇ ਨਾਲ ਉਹ ਦੇ ਕ੍ਰੋਧ ਦੀ ਅੱਗ ਅਨੁਸਾਰ ਕੰਮ ਨਾ ਕੀਤਾ ਇਸੇ ਕਰਕੇ ਅੱਜ ਯਹੋਵਾਹ ਨੇ ਤੇਰੇ ਨਾਲ ਇਹ ਕੀਤਾ।

19ਅਤੇ ਯਹੋਵਾਹ ਤੇਰੇ ਸਮੇਤ ਇਸਰਾਏਲ ਨੂੰ ਫ਼ਲਿਸਤੀਆਂ ਦੇ ਹੱਥ ਵਿੱਚ ਕਰ ਦੇਵੇਗਾ ਅਤੇ ਕੱਲ ਤੂੰ ਅਤੇ ਤੇਰੇ ਪੁੱਤਰ ਮੇਰੇ ਕੋਲ ਹੋਵੋਗੇ ਅਤੇ ਇਸਰਾਏਲੀ ਦਲ ਨੂੰ ਵੀ ਯਹੋਵਾਹ ਫ਼ਲਿਸਤੀਆਂ ਦੇ ਹੱਥ ਵਿੱਚ ਕਰ ਦੇਵੇਗਾ।

20ਤਦ ਸ਼ਾਊਲ ਉਸੇ ਵੇਲੇ ਧਰਤੀ ਉੱਤੇ ਲੰਮਾ ਡਿੱਗ ਪਿਆ ਅਤੇ ਸਮੂਏਲ ਦੀਆਂ ਗੱਲਾਂ ਨਾਲ ਬਹੁਤ ਡਰ ਗਿਆ ਅਤੇ ਉਹ ਦੇ ਵਿੱਚ ਕੁਝ ਸਾਹ ਸਤ ਨਾ ਰਿਹਾ ਕਿਉਂ ਜੋ ਉਹ ਨੇ ਸਾਰਾ ਦਿਨ ਅਤੇ ਸਾਰੀ ਰਾਤ ਰੋਟੀ ਨਹੀਂ ਖਾਧੀ ਸੀ।

21ਤਦ ਉਹ ਇਸਤਰੀ ਸ਼ਾਊਲ ਕੋਲ ਆਈ ਅਤੇ ਜਦ ਵੇਖਿਆ ਜੋ ਉਹ ਅੱਤ ਘਬਰਾ ਗਿਆ ਹੈ ਤਾਂ ਉਸ ਨੇ ਉਹ ਨੂੰ ਆਖਿਆ, ਵੇਖੋ, ਤੁਹਾਡੀ ਦਾਸੀ ਨੇ ਤੁਹਾਡੀ ਗੱਲ ਮੰਨੀ ਅਤੇ ਮੈਂ ਆਪਣੀ ਜਾਨ ਆਪਣੇ ਹੱਥ ਦੀ ਤਲੀ ਉੱਤੇ ਰੱਖੀ ਅਤੇ ਜੋ ਗੱਲਾਂ ਤੁਸੀਂ ਮੈਨੂੰ ਆਖੀਆਂ ਸਨ ਸੋ ਮੰਨ ਲਈਆਂ।

22ਸੋ ਹੁਣ ਮੈਂ ਤੁਹਾਡੇ ਅੱਗੇ ਬੇਨਤੀ ਕਰਦੀ ਹਾਂ ਜੋ ਤੁਸੀਂ ਵੀ ਆਪਣੀ ਦਾਸੀ ਦੀ ਗੱਲ ਮੰਨੋ ਕਰੋ ਅਤੇ ਪਰਵਾਨਗੀ ਦਿਓ ਜੋ ਮੈਂ ਤੁਹਾਡੇ ਲਈ ਰੋਟੀ ਲੈ ਆਵਾਂ। ਤੁਸੀਂ ਉਹ ਨੂੰ ਖਾਓ ਭਈ ਜਿਸ ਵੇਲੇ ਤੁਸੀਂ ਆਪਣੇ ਰਾਹ ਵਿੱਚ ਤੁਰੋ ਤਾਂ ਜ਼ੋਰ ਹੋਵੇ।

23ਪਰ ਉਹ ਨੇ ਨਾ ਮੰਨਿਆ ਅਤੇ ਆਖਿਆ, ਮੈਂ ਨਹੀਂ ਖਾਂਦਾ ਪਰ ਉਹ ਦੇ ਸੇਵਕਾਂ ਨੇ ਉਸ ਇਸਤਰੀ ਨਾਲ ਰਲ ਕੇ ਉਹ ਨੂੰ ਵੱਡੀ ਖਿੱਚ ਕੀਤੀ ਤਾਂ ਉਹ ਨੇ ਉਨ੍ਹਾਂ ਦਾ ਆਖਿਆ ਮੰਨਿਆ ਅਤੇ ਧਰਤੀ ਉੱਤੋਂ ਉੱਠ ਕੇ ਮੰਜੇ ਉੱਤੇ ਬੈਠ ਗਿਆ।

24ਅਤੇ ਉਸ ਇਸਤਰੀ ਦੇ ਘਰ ਵਿੱਚ ਇੱਕ ਮੋਟਾ ਵੱਛਾ ਸੀ ਸੋ ਉਸ ਨੇ ਉਹ ਨੂੰ ਛੇਤੀ ਨਾਲ ਕੱਟਿਆ ਅਤੇ ਆਟਾ ਲੈ ਕੇ ਗੁੰਨ੍ਹਿਆ ਅਤੇ ਪਤੀਰੀਆਂ ਰੋਟੀਆਂ ਪਕਾਈਆਂ

25ਅਤੇ ਸ਼ਾਊਲ ਅਤੇ ਉਹ ਦੇ ਸੇਵਕਾਂ ਦੇ ਅੱਗੇ ਲਿਆ ਕੇ ਰੱਖੀਆਂ ਅਤੇ ਉਨ੍ਹਾਂ ਨੇ ਖਾਧਾ ਤਦ ਉਹ ਉਸੇ ਰਾਤ ਉੱਥੋਂ ਚੱਲ ਪਏ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath