1 ਸਮੂਏਲ 23
1ਤਦ ਉਨ੍ਹਾਂ ਨੇ ਦਾਊਦ ਨੂੰ ਖ਼ਬਰ ਦੇ ਕੇ ਆਖਿਆ, ਵੇਖ ਫ਼ਲਿਸਤੀ ਕਈਲਾਹ ਨਗਰ ਨਾਲ ਲੜਦੇ ਹਨ ਅਤੇ ਫ਼ਸਲਾਂ ਨੂੰ ਲੁੱਟਦੇ ਹਨ।
2ਤਦ ਦਾਊਦ ਨੇ ਯਹੋਵਾਹ ਕੋਲੋਂ ਪੁੱਛਿਆ, ਕੀ ਮੈਂ ਜਾਂਵਾਂ ਅਤੇ ਉਨ੍ਹਾਂ ਫ਼ਲਿਸਤੀਆਂ ਨੂੰ ਮਾਰਾਂ? ਯਹੋਵਾਹ ਨੇ ਦਾਊਦ ਨੂੰ ਆਖਿਆ, ਜਾ ਫ਼ਲਿਸਤੀਆਂ ਨੂੰ ਮਾਰ ਅਤੇ ਕਈਲਾਹ ਨਗਰ ਨੂੰ ਬਚਾ
3ਪਰ ਦਾਊਦ ਦੇ ਲੋਕਾਂ ਨੇ ਉਹ ਨੂੰ ਆਖਿਆ, ਵੇਖ, ਅਸੀਂ ਤਾਂ ਐਥੇ ਯਹੂਦਾਹ ਵਿੱਚ ਵੀ ਡਰ ਦੇ ਮਾਰੇ ਰਹਿ ਰਹੇ ਹਾਂ। ਫੇਰ ਜੇ ਅਸੀਂ ਕਈਲਾਹ ਨਗਰ ਵਿੱਚ ਜਾ ਕੇ ਫ਼ਲਿਸਤੀਆਂ ਦੀ ਫੌਜ ਦਾ ਸਾਹਮਣਾ ਕਰੀਏ ਤਾਂ ਕੀ ਵੱਧ ਡਰ ਦਾ ਸਾਹਮਣਾ ਨਹੀਂ ਕਰਨਗੇ?
4ਤਦ ਦਾਊਦ ਨੇ ਯਹੋਵਾਹ ਕੋਲੋਂ ਫੇਰ ਪੁੱਛਿਆ, ਸੋ ਯਹੋਵਾਹ ਨੇ ਉੱਤਰ ਦਿੱਤਾ ਕਿ ਉੱਠ ਕਈਲਾਹ ਨਗਰ ਵੱਲ ਜਾ ਕਿਉਂ ਜੋ ਮੈਂ ਫ਼ਲਿਸਤੀਆਂ ਨੂੰ ਤੇਰੇ ਵੱਸ ਵਿੱਚ ਕਰ ਦਿਆਂਗਾ।
5ਸੋ ਦਾਊਦ ਅਤੇ ਉਹ ਦੇ ਮਨੁੱਖ ਕਈਲਾਹ ਨਗਰ ਗਏ ਅਤੇ ਫ਼ਲਿਸਤੀਆਂ ਨਾਲ ਲੜਾਈ ਕੀਤੀ ਅਤੇ ਉਨ੍ਹਾਂ ਦਾ ਮਾਲ ਡੰਗਰ ਲੈ ਆਏ ਅਤੇ ਉਨ੍ਹਾਂ ਵਿੱਚੋਂ ਕਈਆਂ ਨੂੰ ਮਾਰ ਸੁੱਟਿਆ, ਸੋ ਦਾਊਦ ਨੇ ਕਈਲਾਹ ਵਾਸੀਆਂ ਨੂੰ ਬਚਾਇਆ।
6ਅਤੇ ਅਜਿਹਾ ਹੋਇਆ ਜੋ ਜਿਸ ਵੇਲੇ ਅਹੀਮਲਕ ਦਾ ਪੁੱਤਰ ਅਬਯਾਥਾਰ ਭੱਜ ਕੇ ਕਈਲਾਹ ਨਗਰ ਵਿੱਚ ਦਾਊਦ ਕੋਲ ਗਿਆ ਤਾਂ ਉਹ ਦੇ ਹੱਥ ਵਿੱਚ ਇੱਕ ਚੋਗਾ ਸੀ।
7ਸੋ ਸ਼ਾਊਲ ਨੂੰ ਖ਼ਬਰ ਮਿਲੀ ਕਿ ਦਾਊਦ ਕਈਲਾਹ ਨਗਰ ਵਿੱਚ ਪਹੁੰਚ ਗਿਆ ਹੈ ਅਤੇ ਸ਼ਾਊਲ ਬੋਲਿਆ, ਪਰਮੇਸ਼ੁਰ ਨੇ ਉਹ ਨੂੰ ਮੇਰੇ ਹੱਥ ਵਿੱਚ ਕਰ ਦਿੱਤਾ ਕਿਉਂ ਜੋ ਉਹ ਅਜਿਹੇ ਸ਼ਹਿਰ ਵਿੱਚ ਜਿਸ ਦੇ ਬੂਹੇ ਅਤੇ ਉੱਚੀ ਚਾਰ ਦੀਵਾਰੀ ਹੈ ਉਸ ਵਿੱਚ ਦਾਖਿਲ ਹੋ ਕੇ ਫਸ ਗਿਆ ਹੈ।
8ਸ਼ਾਊਲ ਨੇ ਆਪਣੇ ਸਾਰੇ ਲੋਕਾਂ ਨੂੰ ਇਕੱਠਿਆਂ ਕੀਤਾ ਕਿ ਉਹ ਯੁੱਧ ਕਰ ਕੇ ਅਤੇ ਕਈਲਾਹ ਨਗਰ ਵਿੱਚ ਜਾ ਕੇ ਦਾਊਦ ਨੂੰ ਅਤੇ ਉਹ ਦੇ ਸਾਥੀਆਂ ਨੂੰ ਘੇਰਾ ਪਾ ਲੈਣ।
9ਦਾਊਦ ਨੂੰ ਖ਼ਬਰ ਹੋਈ ਜੋ ਸ਼ਾਊਲ ਮੇਰੇ ਨਾਸ ਦੀ ਯੋਜਨਾ ਤਿਆਰ ਕਰ ਰਿਹਾ ਹੈ ਤਾਂ ਉਸ ਨੇ ਅਬਯਾਥਾਰ ਜਾਜਕ ਨੂੰ ਆਖਿਆ, ਏਫ਼ੋਦ ਐਥੇ ਲੈ ਆ।
10ਦਾਊਦ ਨੇ ਆਖਿਆ, ਹੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ, ਤੇਰੇ ਦਾਸ ਨੇ ਜ਼ਰੂਰ ਸੁਣਿਆ ਹੈ ਕਿ ਸ਼ਾਊਲ ਦੀ ਇਹ ਯੋਜਨਾ ਹੈ ਜੋ ਕਈਲਾਹ ਨਗਰ ਵਿੱਚ ਆ ਕੇ ਮੇਰੇ ਕਾਰਨ ਸ਼ਹਿਰ ਦਾ ਹੀ ਨਾਸ ਕਰ ਦੇਵੇ।
11ਕੀ, ਕਈਲਾਹ ਦੇ ਲੋਕ ਮੈਨੂੰ ਉਹ ਦੇ ਹੱਥ ਦੇ ਦੇਣਗੇ ਅਤੇ ਜਿਵੇਂ ਤੇਰੇ ਦਾਸ ਨੇ ਸੁਣਿਆ ਹੈ ਸ਼ਾਊਲ ਆਵੇਗਾ? ਹੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ, ਤੂੰ ਆਪਣੇ ਦਾਸ ਨੂੰ ਦੱਸ। ਯਹੋਵਾਹ ਨੇ ਆਖਿਆ ਹਾਂ, “ਉਹ ਆਵੇਗਾ।”
12ਤਦ ਦਾਊਦ ਨੇ ਆਖਿਆ, ਕੀ, ਕਈਲਾਹ ਦੇ ਲੋਕ ਮੈਨੂੰ ਅਤੇ ਮੇਰੇ ਲੋਕਾਂ ਨੂੰ ਸ਼ਾਊਲ ਦੇ ਹੱਥ ਦੇ ਦੇਣਗੇ ਜਾਂ ਨਹੀਂ? ਯਹੋਵਾਹ ਨੇ ਆਖਿਆ, ਉਹ ਦੇ ਦੇਣਗੇ।
13ਤਦ ਦਾਊਦ ਆਪਣੇ ਲੋਕਾਂ ਨਾਲ ਜੋ ਲੱਗਭੱਗ ਛੇ ਸੌ ਮਨੁੱਖ ਸਨ ਉੱਠਿਆ ਅਤੇ ਕਈਲਾਹ ਨਗਰ ਵਿੱਚੋਂ ਨਿੱਕਲ ਗਿਆ ਅਤੇ ਜਿੱਥੇ ਕਿਤੇ ਉਨ੍ਹਾਂ ਨੂੰ ਰਾਹ ਲੱਭਾ ਉੱਧਰ ਹੀ ਤੁਰ ਗਏ। ਸ਼ਾਊਲ ਨੂੰ ਖ਼ਬਰ ਮਿਲੀ ਜੋ ਦਾਊਦ ਕਈਲਾਹ ਨਗਰ ਵਿੱਚੋਂ ਨਿੱਕਲ ਗਿਆ ਹੈ ਤਾਂ ਉਹ ਉੱਥੇ ਨਾ ਗਿਆ।
14ਦਾਊਦ ਜੰਗਲ ਦੇ ਵਿੱਚ ਪੱਕਿਆਂ ਥਾਵਾਂ ਦੇ ਵਿੱਚ ਰਹਿਣ ਲੱਗਾ ਅਤੇ ਪਹਾੜੀ ਦੇਸ ਦੇ ਜ਼ੀਫ ਦੀ ਉਜਾੜ ਵਿੱਚ ਜਾ ਟਿਕਿਆ ਅਤੇ ਸ਼ਾਊਲ ਦਿਨੋਂ-ਦਿਨ ਉਹ ਦੀ ਭਾਲ ਕਰਦਾ ਸੀ ਪਰ ਪਰਮੇਸ਼ੁਰ ਨੇ ਉਹ ਨੂੰ ਉਸ ਦੇ ਹੱਥ ਵਿੱਚ ਨਾ ਦਿੱਤਾ।
15ਜਦ ਦਾਊਦ ਜਾਣ ਗਿਆ ਜੋ ਸ਼ਾਊਲ ਮੇਰੀ ਜਾਨ ਲੈਣ ਲਈ ਨਿੱਕਲਿਆ ਹੈ ਉਸ ਵੇਲੇ ਦਾਊਦ ਜ਼ੀਫ ਦੀ ਜੰਗਲ ਦੇ ਇੱਕ ਬਣ ਹੋਰੇਸ਼ ਵਿੱਚ ਸੀ।
16ਸ਼ਾਊਲ ਦਾ ਪੁੱਤਰ ਯੋਨਾਥਾਨ ਉੱਠਿਆ ਅਤੇ ਦਾਊਦ ਦੇ ਕੋਲ ਹੋਰੇਸ਼ ਜੰਗਲ ਵਿੱਚ ਜਾ ਕੇ ਉਸ ਨੂੰ ਪਰਮੇਸ਼ੁਰ ਵਿੱਚ ਤਸੱਲੀ ਦਿੱਤੀ।
17ਉਹ ਨੂੰ ਆਖਿਆ, ਤੂੰ ਡਰ ਨਹੀਂ ਕਿਉਂ ਜੋ ਮੇਰੇ ਪਿਤਾ ਸ਼ਾਊਲ ਦਾ ਹੱਥ ਤੇਰੇ ਕੋਲ ਨਾ ਪਹੁੰਚੇਗਾ ਅਤੇ ਤੂੰ ਇਸਰਾਏਲ ਦਾ ਰਾਜਾ ਹੋਵੇਂਗਾ ਅਤੇ ਮੈਂ ਤੇਰੇ ਤੋਂ ਦੂਜੇ ਦਰਜੇ ਤੇ ਹੋਵਾਂਗਾ ਅਤੇ ਇਹ ਗੱਲ ਮੇਰਾ ਪਿਤਾ ਸ਼ਾਊਲ ਵੀ ਜਾਣਦਾ ਹੈ।
18ਸੋ ਉਨ੍ਹਾਂ ਦੋਹਾਂ ਨੇ ਯਹੋਵਾਹ ਦੇ ਅੱਗੇ ਬਚਨ ਕੀਤਾ ਅਤੇ ਦਾਊਦ ਹੋਰੇਸ਼ ਜੰਗਲ ਵਿੱਚ ਠਹਿਰਿਆ ਰਿਹਾ ਅਤੇ ਯੋਨਾਥਾਨ ਆਪਣੇ ਘਰ ਚਲਾ ਗਿਆ।
19ਤਦ ਜ਼ੀਫੀ ਸ਼ਾਊਲ ਕੋਲ ਗਿਬਆਹ ਵਿੱਚ ਚੜ੍ਹ ਆਏ ਅਤੇ ਬੋਲੇ, ਭਲਾ, ਦਾਊਦ ਸਾਡੇ ਵਿੱਚਕਾਰ ਹੋਰੇਸ਼ ਜੰਗਲ ਦੇ ਪੱਕਿਆਂ ਥਾਵਾਂ ਵਿੱਚ ਹਕੀਲਾਹ ਦੇ ਪਰਬਤ ਉੱਤੇ ਜੋ ਯਸ਼ੀਮੋਨ ਦੇ ਦੱਖਣ ਵੱਲ ਹੈ, ਲੁਕਿਆ ਹੋਇਆ ਨਹੀਂ ਰਹਿੰਦਾ ਹੈ?
20ਸੋ ਹੇ ਰਾਜਾ, ਹੁਣ ਜੇਕਰ ਤੁਹਾਡੀ ਆਉਣ ਦੀ ਮਰਜ਼ੀ ਹੈ ਤਾਂ ਆ ਜਾਓ ਅਤੇ ਉਸ ਨੂੰ ਰਾਜੇ ਨੂੰ ਫੜਵਾਉਣਾ ਸਾਡਾ ਕੰਮ ਹੈ।
21ਤਦ ਸ਼ਾਊਲ ਬੋਲਿਆ, ਯਹੋਵਾਹ ਵੱਲੋਂ ਤੁਸੀਂ ਧੰਨ ਹੋਵੋ ਕਿਉਂ ਜੋ ਤੁਸੀਂ ਮੇਰੇ ਉੱਤੇ ਦਯਾ ਕੀਤੀ ਹੈ।
22ਹੁਣ ਤੁਰੋ ਅਤੇ ਹੋਰ ਤਿਆਰੀ ਕਰੋ ਅਤੇ ਲੱਭੋ ਅਤੇ ਵੇਖੋ ਜੋ ਉਹ ਦਾ ਟਿਕਾਣਾ ਕਿੱਥੇ ਹੈ ਅਤੇ ਉੱਥੇ ਉਹ ਨੂੰ ਕਿਸ ਨੇ ਵੇਖਿਆ ਹੈ ਕਿਉਂ ਜੋ ਮੈਨੂੰ ਖ਼ਬਰ ਹੈ ਕਿ ਉਹ ਵੱਡੀ ਚਤਰਾਈ ਨਾਲ ਚੱਲਦਾ ਹੈ।
23ਸੋ ਤੁਸੀਂ ਵੇਖੋ ਅਤੇ ਉਨ੍ਹਾਂ ਟਿਕਾਣਿਆਂ ਨੂੰ ਭਾਲੋ ਜਿੱਥੇ ਉਹ ਲੁਕਿਆ ਰਹਿੰਦਾ ਹੈ ਅਤੇ ਚੰਗੀ ਤਰ੍ਹਾਂ ਖ਼ਬਰ ਲੈ ਕੇ ਮੇਰੇ ਕੋਲ ਮੁੜ ਆਓ। ਫੇਰ ਮੈਂ ਤੁਹਾਡੇ ਨਾਲ ਜਾਂਵਾਂਗਾ ਅਤੇ ਅਜਿਹਾ ਹੋਵੇਗਾ ਜੇ ਉਹ ਇਸ ਦੇਸ ਵਿੱਚ ਕਿਤੇ ਹੋਵੇ ਤਾਂ ਮੈਂ ਉਹ ਨੂੰ ਯਹੂਦਾਹ ਦੇ ਹਜ਼ਾਰਾਂ ਵਿੱਚੋਂ ਲੱਭ ਲਵਾਂਗਾ।
24ਸੋ ਉਹ ਉੱਠੇ ਅਤੇ ਸ਼ਾਊਲ ਦੇ ਅੱਗੇ ਜ਼ੀਫ ਨੂੰ ਗਏ। ਉਸ ਵੇਲੇ ਦਾਊਦ ਆਪਣਿਆਂ ਲੋਕਾਂ ਸਮੇਤ ਮਾਓਨ ਦੀ ਉਜਾੜ ਵਿੱਚ ਯਸ਼ੀਮੋਨ ਦੇ ਦੱਖਣ ਵੱਲ ਇੱਕ ਮੈਦਾਨ ਵਿੱਚ ਸੀ।
25ਸ਼ਾਊਲ ਅਤੇ ਉਹ ਦੇ ਲੋਕ ਵੀ ਉਸ ਨੂੰ ਲੱਭਣ ਤੁਰੇ ਅਤੇ ਦਾਊਦ ਨੂੰ ਵੀ ਖ਼ਬਰ ਹੋ ਗਈ ਸੋ ਉਹ ਉਸ ਪੱਥਰ ਕੋਲ ਲਹਿ ਗਿਆ ਅਤੇ ਮਾਓਨ ਦੀ ਉਜਾੜ ਵਿੱਚ ਠਹਿਰਿਆ ਰਿਹਾ ਅਤੇ ਇਹ ਸੁਣ ਕੇ ਸ਼ਾਊਲ ਵੀ ਮਾਓਨ ਦੀ ਉਜਾੜ ਵਿੱਚ ਦਾਊਦ ਦੇ ਮਗਰ ਲੱਗਾ।
26ਸੋ ਸ਼ਾਊਲ ਪਰਬਤ ਦੇ ਇਸ ਪਾਸੇ ਵੱਲ ਜਾਂਦਾ ਸੀ ਅਤੇ ਦਾਊਦ ਆਪਣੇ ਲੋਕਾਂ ਸਮੇਤ ਪਰਬਤ ਦੇ ਉਸ ਪਾਸੇ ਵੱਲ ਅਤੇ ਦਾਊਦ ਨੇ ਸ਼ਾਊਲ ਦੇ ਡਰ ਨਾਲ ਨਿੱਕਲਣ ਵਿੱਚ ਵੱਡੀ ਛੇਤੀ ਕੀਤੀ ਕਿਉਂ ਜੋ ਸ਼ਾਊਲ ਅਤੇ ਉਹ ਦੇ ਲੋਕਾਂ ਨੇ ਦਾਊਦ ਅਤੇ ਉਸ ਦੇ ਲੋਕਾਂ ਨੂੰ ਫੜਨ ਦੇ ਲਈ ਚੁਫ਼ੇਰਿਓਂ ਘੇਰ ਲਿਆ ਸੀ।
27ਉਸ ਵੇਲੇ ਇੱਕ ਸੰਦੇਸ਼ਵਾਹਕ ਸ਼ਾਊਲ ਕੋਲ ਆ ਕੇ ਬੋਲਿਆ, ਛੇਤੀ ਨਾਲ ਆ ਜਾਓ ਕਿਉਂ ਜੋ ਫ਼ਲਿਸਤੀਆਂ ਨੇ ਦੇਸ ਉੱਤੇ ਹਮਲਾ ਕੀਤਾ ਹੈ।
28ਸੋ ਸ਼ਾਊਲ ਦਾਊਦ ਦੇ ਮਗਰ ਲੱਗਣੋਂ ਹਟਿਆ ਅਤੇ ਫ਼ਲਿਸਤੀਆਂ ਦੇ ਵਿਰੁੱਧ ਹੋਇਆ। ਇਸ ਲਈ ਉਨ੍ਹਾਂ ਨੇ ਉਸ ਥਾਂ ਦਾ ਨਾਮ “ਰਿਹਾਈ ਦੀ ਚੱਟਾਨ” ਰੱਖਿਆ।
29ਦਾਊਦ ਉੱਥੋਂ ਨਿੱਕਲ ਕੇ ਏਨ-ਗਦੀ ਦੇ ਗੜ੍ਹਾਂ ਵਿੱਚ ਆ ਕੇ ਰਹਿਣ ਲੱਗ ਪਿਆ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath