1 ਸਮੂਏਲ 22
1ਦਾਊਦ ਉੱਥੋਂ ਨਿੱਕਲ ਕੇ ਅਦੁੱਲਾਮ ਦੀ ਗੁਫਾ ਵਿੱਚ ਭੱਜ ਗਿਆ ਅਤੇ ਉਹ ਦੇ ਭਰਾ, ਉਹ ਦੇ ਪਿਤਾ ਦਾ ਸਾਰਾ ਟੱਬਰ ਇਹ ਸੁਣ ਕੇ ਉਹ ਦੇ ਕੋਲ ਉੱਥੇ ਆ ਗਏ।
2ਸਭ ਦੁੱਖੀ ਅਤੇ ਕਰਜ਼ਾਈ ਅਤੇ ਸਭ ਜੋ ਮੁਸ਼ਕਿਲ ਵਿੱਚ ਸਨ, ਉਹ ਦੇ ਕੋਲ ਆ ਗਏ ਅਤੇ ਉਹ ਉਨ੍ਹਾਂ ਦਾ ਪ੍ਰਧਾਨ ਬਣਿਆ ਅਤੇ ਚਾਰ ਸੌ ਮਨੁੱਖ ਉਹ ਦੇ ਨਾਲ ਹੋ ਗਏ।
3ਉੱਥੋਂ ਦਾਊਦ ਮੋਆਬ ਦੇ ਮਿਸਪੇਹ ਨੂੰ ਗਿਆ ਅਤੇ ਮੋਆਬ ਦੇ ਰਾਜੇ ਨੂੰ ਆਖਿਆ, ਮੇਰੇ ਪਿਤਾ ਅਤੇ ਮੇਰੀ ਮਾਤਾ ਨੂੰ ਆਗਿਆ ਦੇ ਕਿ ਉਹ ਤੇਰੇ ਕੋਲ ਆ ਕੇ ਰਹਿਣ, ਜਦ ਤੱਕ ਮੈਂ ਨਾ ਜਾਣਾਂ ਜੋ ਪਰਮੇਸ਼ੁਰ ਮੇਰੇ ਨਾਲ ਕੀ ਕਰੇਗਾ।
4ਸੋ ਉਹ ਉਨ੍ਹਾਂ ਨੂੰ ਮੋਆਬ ਦੇ ਰਾਜੇ ਕੋਲ ਲੈ ਆਇਆ ਅਤੇ ਜਦ ਤੱਕ ਦਾਊਦ ਨੇ ਆਪਣੇ ਆਪ ਨੂੰ ਗੜ੍ਹ ਵਿੱਚ ਲੁਕਾ ਕੇ ਰੱਖਿਆ ਉਹ ਉਸ ਦੇ ਨਾਲ ਰਹੇ।
5ਤਦ ਗਾਦ ਨਬੀ ਨੇ ਦਾਊਦ ਨੂੰ ਆਖਿਆ, ਗੜ੍ਹ ਵਿੱਚ ਨਾ ਲੁਕਿਆ ਰਹਿ। ਚੱਲ ਅਤੇ ਯਹੂਦਾਹ ਦੇ ਦੇਸ ਵੱਲ ਨਿੱਕਲ ਜਾ। ਸੋ ਦਾਊਦ ਤੁਰਿਆ ਅਤੇ ਹਾਰਥ ਦੇ ਜੰਗਲ ਵਿੱਚ ਆ ਗਿਆ।
6ਤਦ ਸ਼ਾਊਲ ਨੇ ਸੁਣਿਆ ਕਿ ਦਾਊਦ ਅਤੇ ਉਸ ਦੇ ਸਾਥੀਆਂ ਦਾ ਪਤਾ ਲੱਗ ਗਿਆ ਹੈ ਕਿਉਂ ਜੋ ਸ਼ਾਊਲ ਉਸ ਵੇਲੇ ਰਾਮਾਹ ਦੇ ਗਿਬਆਹ ਵਿੱਚ ਇੱਕ ਝਾਊ ਦੇ ਰੁੱਖ ਹੇਠ ਆਪਣਾ ਭਾਲਾ ਹੱਥ ਵਿੱਚ ਫੜੀ ਬੈਠਾ ਸੀ ਅਤੇ ਉਸ ਦੇ ਆਲੇ-ਦੁਆਲੇ ਉਸ ਦੇ ਸੇਵਕ ਖੜ੍ਹੇ ਸਨ।
7ਤਦ ਸ਼ਾਊਲ ਨੇ ਆਪਣੇ ਕਰਮਚਾਰੀਆਂ ਨੂੰ ਜੋ ਉਸ ਦੇ ਆਲੇ-ਦੁਆਲੇ ਖੜ੍ਹੇ ਸਨ ਆਖਿਆ, ਸੁਣੋ ਹੇ ਬਿਨਯਾਮੀਨੀਓ! ਕੀ, ਯੱਸੀ ਦਾ ਪੁੱਤਰ ਤੁਹਾਡੇ ਵਿੱਚੋਂ ਹਰੇਕ ਨੂੰ ਪੈਲੀ ਅਤੇ ਦਾਖਾਂ ਦਾ ਬਾਗ਼ ਦੇਵੇਗਾ?
8ਅਤੇ ਤੁਹਾਨੂੰ ਸਭਨਾਂ ਨੂੰ ਸੈਂਕੜਿਆਂ ਅਤੇ ਹਜ਼ਾਰਾਂ ਦੇ ਪ੍ਰਧਾਨ ਬਣਾਵੇਗਾ ਜੋ ਤੁਸੀਂ ਸਾਰਿਆਂ ਨੇ ਮੇਰੇ ਵਿਰੋਧੀ ਬਣਨ ਦਾ ਮਨ ਬਣਾਇਆ ਹੈ ਅਤੇ ਅਜਿਹਾ ਹੋਰ ਕੋਈ ਨਹੀਂ ਜੋ ਮੈਨੂੰ ਦੱਸੇ ਕਿ ਮੇਰੇ ਪੁੱਤਰ ਨੇ ਯੱਸੀ ਦੇ ਪੁੱਤਰ ਨਾਲ ਨੇਮ ਕੀਤਾ ਹੈ ਅਤੇ ਤੁਹਾਡੇ ਵਿੱਚੋਂ ਵੀ ਅਜਿਹਾ ਕੋਈ ਨਹੀਂ ਜੋ ਮੇਰੇ ਲਈ ਉਦਾਸ ਹੋਵੇ ਅਤੇ ਮੈਨੂੰ ਦੱਸੇ ਜੋ ਮੇਰੇ ਵਿਰੁੱਧ ਛਹਿ ਲਾ ਕੇ ਬੈਠਣ ਨੂੰ ਜਿਵੇਂ ਅੱਜ ਦੇ ਦਿਨ ਹੈ ਮੇਰੇ ਪੁੱਤਰ ਨੇ ਮੇਰੇ ਸੇਵਕ ਨੂੰ ਚੁੱਕਿਆ ਹੈ?
9ਤਦ ਦੋਏਗ ਅਦੋਮੀ ਨੇ ਜੋ ਸ਼ਾਊਲ ਦੇ ਸੇਵਕਾਂ ਕੋਲ ਖੜ੍ਹਾ ਸੀ ਉੱਤਰ ਦੇ ਕੇ ਆਖਿਆ, ਮੈਂ ਯੱਸੀ ਦੇ ਪੁੱਤਰ ਨੂੰ ਨੋਬ ਵਿੱਚ ਅਹੀਟੂਬ ਦੇ ਪੁੱਤਰ ਅਹੀਮਲਕ ਜਾਜਕ ਕੋਲ ਆਉਂਦਾ ਵੇਖਿਆ।
10ਉਹ ਦੇ ਲਈ ਉਸ ਨੇ ਯਹੋਵਾਹ ਕੋਲੋਂ ਪੁੱਛਿਆ ਅਤੇ ਉਹ ਨੂੰ ਰਾਹ ਲਈ ਭੋਜਨ ਵਸਤਾਂ ਦਿੱਤੀਆਂ ਅਤੇ ਫ਼ਲਿਸਤੀ ਗੋਲਿਅਥ ਦੀ ਤਲਵਾਰ ਉਹ ਨੂੰ ਦਿੱਤੀ।
11ਤਦ ਰਾਜਾ ਨੇ ਅਹੀਟੂਬ ਦੇ ਪੁੱਤਰ ਅਹੀਮਲਕ ਜਾਜਕ ਨੂੰ ਅਤੇ ਉਹ ਦੇ ਪਿਤਾ ਦੇ ਸਾਰੇ ਟੱਬਰ ਨੂੰ ਅਤੇ ਉਨ੍ਹਾਂ ਜਾਜਕਾਂ ਨੂੰ ਜੋ ਨੋਬ ਵਿੱਚ ਸਨ ਸੱਦਾ ਭੇਜਿਆ ਅਤੇ ਉਹ ਸਭ ਰਾਜਾ ਕੋਲ ਆਏ।
12ਤਦ ਸ਼ਾਊਲ ਨੇ ਆਖਿਆ, ਹੇ ਅਹੀਟੂਬ ਦੇ ਪੁੱਤਰ ਤੂੰ ਸੁਣ! ਉਹ ਬੋਲਿਆ, ਹੇ ਸੁਆਮੀ, ਮੈਂ ਹਾਜ਼ਰ ਹਾਂ।
13ਤਦ ਸ਼ਾਊਲ ਨੇ ਆਖਿਆ, ਤੂੰ ਅਤੇ ਯੱਸੀ ਦੇ ਪੁੱਤਰ ਨੇ ਮੇਰੇ ਵਿਰੁੱਧ ਸਾਜ਼ਿਸ਼ ਕਿਉਂ ਕੀਤੀ? ਤੂੰ ਜੋ ਉਹ ਨੂੰ ਰੋਟੀ ਅਤੇ ਤਲਵਾਰ ਦਿੱਤੀ ਅਤੇ ਯਹੋਵਾਹ ਕੋਲੋਂ ਪੁੱਛਿਆ ਭਈ ਉਹ ਮੇਰੇ ਵਿਰੁੱਧ ਉੱਠੇ ਅਤੇ ਘਾਤ ਲਾ ਕੇ ਬੈਠੇ ਜਿਵੇਂ ਅੱਜ ਦੇ ਦਿਨ ਹੈ।
14ਤਦ ਅਹੀਮਲਕ ਨੇ ਰਾਜਾ ਨੂੰ ਉੱਤਰ ਦੇ ਕੇ ਆਖਿਆ, ਤੁਹਾਡੇ ਸਾਰਿਆਂ ਸੇਵਕਾਂ ਵਿੱਚੋਂ ਦਾਊਦ ਦੇ ਸਮਾਨ ਧਰਮੀ ਕੌਣ ਹੈ ਜੋ ਰਾਜਾ ਦਾ ਜਵਾਈ ਅਤੇ ਤੁਹਾਡੇ ਦਰਬਾਰ ਵਿੱਚ ਜਾਂਦਾ ਹੁੰਦਾ ਹੈ ਅਤੇ ਤੁਹਾਡੇ ਘਰ ਵਿੱਚ ਇੱਜ਼ਤ ਵਾਲਾ ਹੈ?
15ਕੀ, ਮੈਂ ਉਸੇ ਵੇਲੇ ਉਹ ਦੇ ਲਈ ਪਰਮੇਸ਼ੁਰ ਕੋਲੋਂ ਪੁੱਛਿਆ? ਇਹ ਗੱਲ ਮੈਥੋਂ ਦੂਰ ਹੋਵੇ। ਰਾਜਾ ਆਪਣੇ ਦਾਸ ਦਾ ਅਤੇ ਮੇਰੇ ਪਿਤਾ ਦੇ ਸਾਰੇ ਟੱਬਰ ਦਾ ਕੁਝ ਦੋਸ਼ ਨਾ ਗਿਣੇ ਕਿਉਂ ਜੋ ਤੁਹਾਡਾ ਸੇਵਕ ਇਨ੍ਹਾਂ ਗੱਲਾਂ ਬਾਰੇ ਕੁਝ ਵੀ ਨਹੀਂ ਜਾਣਦਾ ਸੀ।
16ਤਦ ਰਾਜਾ ਬੋਲਿਆ, ਅਹੀਮਲਕ, ਤੂੰ ਜ਼ਰੂਰ ਮਾਰਿਆ ਜਾਵੇਗਾ, ਤੂੰ ਅਤੇ ਤੇਰੇ ਪਿਤਾ ਦਾ ਸਾਰਾ ਟੱਬਰ!
17ਫੇਰ ਰਾਜਾ ਨੇ ਉਨ੍ਹਾਂ ਸਿਪਾਹੀਆਂ ਨੂੰ ਜੋ ਉਹ ਦੇ ਕੋਲ ਖੜ੍ਹੇ ਸਨ ਆਗਿਆ ਕੀਤੀ, ਤੁਸੀਂ ਅੱਗੇ ਵਧੋ ਅਤੇ ਯਹੋਵਾਹ ਦੇ ਜਾਜਕਾਂ ਨੂੰ ਮਾਰ ਸੁੱਟੋ ਕਿਉਂ ਜੋ ਇਹ ਦਾਊਦ ਨਾਲ ਰਲੇ ਹੋਏ ਹਨ ਅਤੇ ਉਨ੍ਹਾਂ ਨੇ ਜਾਣ ਲਿਆ ਸੀ ਭਈ ਇਹ ਭੱਜਿਆ ਹੋਇਆ ਹੈ ਅਤੇ ਮੈਨੂੰ ਖ਼ਬਰ ਨਾ ਕੀਤੀ। ਪਰ ਰਾਜਾ ਦੇ ਸੇਵਕਾਂ ਨੇ ਯਹੋਵਾਹ ਦੇ ਜਾਜਕਾਂ ਉੱਤੇ ਹੱਥ ਨਾ ਚੁੱਕਿਆ।
18ਤਦ ਰਾਜਾ ਨੇ ਦੋਏਗ ਨੂੰ ਆਖਿਆ, ਤੂੰ ਮੁੜ ਅਤੇ ਜਾਜਕਾਂ ਉੱਤੇ ਹਮਲਾ ਕਰ! ਸੋ ਅਦੋਮੀ ਦੋਏਗ ਨੇ ਮੁੜ ਕੇ ਜਾਜਕਾਂ ਉੱਤੇ ਹਮਲਾ ਕੀਤਾ ਅਤੇ ਉਸ ਦਿਨ ਉਸ ਨੇ ਪਚਾਸੀ ਜਣਿਆਂ ਨੂੰ ਜਿਨ੍ਹਾਂ ਨੇ ਕਤਾਨ ਦੇ ਏਫ਼ੋਦ ਪਾਏ ਹੋਏ ਸਨ ਮਾਰ ਦਿੱਤਾ।
19ਜਾਜਕਾਂ ਦੇ ਸ਼ਹਿਰ ਨੂੰ ਉਸ ਨੇ ਤਲਵਾਰ ਦੀ ਧਾਰ ਨਾਲ ਮਾਰਿਆ ਅਤੇ ਉਹ ਦੇ ਪੁਰਖ, ਇਸਤਰੀਆਂ, ਬਾਲਕਾਂ, ਦੁੱਧ ਚੁੰਘਦੇ ਬੱਚਿਆਂ ਅਤੇ ਬਲ਼ਦਾਂ, ਗਧਿਆਂ ਅਤੇ ਭੇਡਾਂ ਨੂੰ ਤਲਵਾਰ ਦੀ ਧਾਰ ਨਾਲ ਮਾਰਿਆ।
20ਅਤੇ ਅਹੀਟੂਬ ਦੇ ਪੁੱਤਰ ਅਹੀਮਲਕ ਦੇ ਪੁੱਤਰਾਂ ਵਿੱਚੋਂ ਇੱਕ ਜਣਾ ਜਿਸ ਦਾ ਨਾਮ ਅਬਯਾਥਾਰ ਸੀ ਬਚ ਨਿੱਕਲਿਆ ਅਤੇ ਦਾਊਦ ਵੱਲ ਭੱਜ ਗਿਆ।
21ਅਬਯਾਥਾਰ ਨੇ ਦਾਊਦ ਨੂੰ ਖ਼ਬਰ ਦਿੱਤੀ ਜੋ ਸ਼ਾਊਲ ਨੇ ਯਹੋਵਾਹ ਦੇ ਜਾਜਕਾਂ ਨੂੰ ਮਾਰ ਸੁੱਟਿਆ।
22ਦਾਊਦ ਨੇ ਅਬਯਾਥਾਰ ਨੂੰ ਆਖਿਆ, ਮੈਂ ਤਾਂ ਉਸੇ ਦਿਨ ਜਾਣ ਗਿਆ ਸੀ ਜਦ ਅਦੋਮੀ ਦੋਏਗ ਉੱਥੇ ਸੀ ਕਿ ਇਹ ਜ਼ਰੂਰ ਸ਼ਾਊਲ ਨੂੰ ਖ਼ਬਰ ਦੇਵੇਗਾ। ਤੇਰੇ ਪਿਤਾ ਦੇ ਸਾਰੇ ਟੱਬਰ ਦੇ ਵੱਢ ਸੁੱਟਣ ਦਾ ਮੁੱਢ ਮੈਂ ਹੀ ਹਾਂ।
23ਸੋ ਤੂੰ ਮੇਰੇ ਨਾਲ ਰਹਿ ਅਤੇ ਡਰ ਨਾ ਕਿਉਂ ਜੋ ਜਿਹੜਾ ਤੇਰੀ ਜਾਨ ਨੂੰ ਭਾਲਦਾ ਹੈ ਸੋ ਮੇਰੀ ਜਾਨ ਨੂੰ ਵੀ ਭਾਲਦਾ ਹੈ ਪਰ ਤੂੰ ਮੇਰੇ ਨਾਲ ਸੁਰੱਖਿਅਤ ਰਹੇਂਗਾ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath