1 ਸਮੂਏਲ 19
1ਤਦ ਸ਼ਾਊਲ ਨੇ ਆਪਣੇ ਪੁੱਤਰ ਯੋਨਾਥਾਨ ਅਤੇ ਆਪਣੇ ਸਾਰਿਆਂ ਸੇਵਕਾਂ ਨੂੰ ਆਖਿਆ ਕਿ ਦਾਊਦ ਨੂੰ ਮਾਰ ਦਿਓ, ਪਰ ਸ਼ਾਊਲ ਦਾ ਪੁੱਤਰ ਯੋਨਾਥਾਨ ਦਾਊਦ ਨੂੰ ਬਹੁਤ ਪਿਆਰ ਕਰਦਾ ਸੀ।
2ਸੋ ਯੋਨਾਥਾਨ ਨੇ ਦਾਊਦ ਨੂੰ ਆਖਿਆ, ਮੇਰਾ ਪਿਤਾ ਤੈਨੂੰ ਮਾਰਨਾ ਚਾਹੁੰਦਾ ਹੈ ਇਸ ਲਈ ਹੁਣ ਸਵੇਰ ਤੱਕ ਤੂੰ ਸਾਵਧਾਨ ਰਹਿ ਅਤੇ ਕਿਸੇ ਗੁਪਤ ਸਥਾਨ ਵਿੱਚ ਆਪ ਨੂੰ ਲੁਕਾ ਲੈ।
3ਅਤੇ ਮੈਂ ਬਾਹਰ ਜਾ ਕੇ ਉਸ ਮੈਦਾਨ ਵਿੱਚ ਜਿੱਥੇ ਤੂੰ ਹੋਵੇਂਗਾ ਆਪਣੇ ਪਿਤਾ ਦੇ ਕੋਲ ਖੜ੍ਹਾ ਹੋਵੇਂਗਾ ਅਤੇ ਆਪਣੇ ਪਿਤਾ ਨਾਲ ਤੇਰੇ ਵਿਖੇ ਗੱਲ ਕਰਾਂਗਾ ਅਤੇ ਜੋ ਕੁਝ ਮੈਨੂੰ ਪਤਾ ਲੱਗੇਗਾ ਤੈਨੂੰ ਦੱਸਾਂਗਾ।
4ਸੋ ਯੋਨਾਥਾਨ ਨੇ ਆਪਣੇ ਪਿਤਾ ਸ਼ਾਊਲ ਕੋਲ ਦਾਊਦ ਦੀ ਵਡਿਆਈ ਕੀਤੀ ਅਤੇ ਆਖਿਆ, ਰਾਜਾ ਆਪਣੇ ਦਾਸ ਦਾਊਦ ਦਾ ਦੋਸ਼ੀ ਨਾ ਬਣੇ। ਉਸ ਨੇ ਤੇਰਾ ਕੁਝ ਪਾਪ ਨਹੀਂ ਕੀਤਾ ਸਗੋਂ ਉਸ ਦੇ ਕੰਮ ਤੇਰੇ ਫਾਇਦੇ ਲਈ ਹਨ।
5ਕਿਉਂ ਜੋ ਉਸ ਨੇ ਆਪਣੀ ਜਾਨ ਆਪਣੀ ਤਲੀ ਉੱਤੇ ਰੱਖ ਕੇ ਫ਼ਲਿਸਤੀਆਂ ਨੂੰ ਵੱਢਿਆ ਅਤੇ ਯਹੋਵਾਹ ਨੇ ਇਸਰਾਏਲ ਨੂੰ ਵੱਡੀ ਫਤਹ ਬਖ਼ਸ਼ੀ ਅਤੇ ਇਹ ਵੇਖ ਕੇ ਤੂੰ ਵੀ ਪ੍ਰਸੰਨ ਹੋਇਆ ਸੀ। ਫੇਰ ਤੂੰ ਕਿਸ ਗੱਲ ਲਈ ਬੇਦੋਸ਼ੇ ਦੇ ਲਹੂ ਦਾ ਪਾਪ ਕਰਨਾ ਚਾਹੁੰਦਾ ਹੈਂ ਅਤੇ ਬਿਨ੍ਹਾਂ ਕਿਸੇ ਕਾਰਨ ਦਾਊਦ ਨੂੰ ਮਾਰਨਾ ਚਾਹੁੰਦਾ ਹੈ?
6ਸ਼ਾਊਲ ਨੇ ਯੋਨਾਥਾਨ ਦੀ ਗੱਲ ਸੁਣੀ ਅਤੇ ਸਹੁੰ ਖਾ ਕੇ ਆਖਿਆ ਕਿ ਜਿਉਂਦੇ ਯਹੋਵਾਹ ਦੀ ਸਹੁੰ, ਉਹ ਨਾ ਮਾਰਿਆ ਜਾਵੇਗਾ।
7ਤਦ ਯੋਨਾਥਾਨ ਨੇ ਦਾਊਦ ਨੂੰ ਸੱਦ ਕੇ ਸਾਰੀਆਂ ਗੱਲਾਂ ਉਸ ਨੂੰ ਦੱਸੀਆਂ ਅਤੇ ਦਾਊਦ ਨੂੰ ਸ਼ਾਊਲ ਕੋਲ ਲੈ ਆਇਆ ਅਤੇ ਉਹ ਅੱਗੇ ਵਾਂਗੂੰ ਉਹ ਦੇ ਕੋਲ ਰਹਿਣ ਲੱਗਾ।
8ਫੇਰ ਲੜਾਈ ਹੋਈ ਅਤੇ ਦਾਊਦ ਨਿੱਕਲਿਆ ਅਤੇ ਫ਼ਲਿਸਤੀਆਂ ਨਾਲ ਲੜਿਆ ਅਤੇ ਵੱਡੀ ਮਾਰ ਨਾਲ ਅਜਿਹਾ ਮਾਰਿਆ ਕਿ ਉਹ ਉਸ ਦੇ ਅੱਗੋਂ ਨੱਸ ਗਏ।
9ਯਹੋਵਾਹ ਵੱਲੋਂ ਉਹ ਦੁਸ਼ਟ-ਆਤਮਾ ਸ਼ਾਊਲ ਉੱਤੇ ਆਇਆ। ਉਹ ਆਪਣੇ ਘਰ ਵਿੱਚ ਇੱਕ ਭਾਲਾ ਆਪਣੇ ਹੱਥ ਵਿੱਚ ਫੜ੍ਹ ਕੇ ਬੈਠਾ ਹੋਇਆ ਸੀ ਅਤੇ ਦਾਊਦ ਹੱਥ ਨਾਲ ਵਜਾ ਰਿਹਾ ਸੀ।
10ਸ਼ਾਊਲ ਨੇ ਚਾਹਿਆ ਭਈ ਦਾਊਦ ਨੂੰ ਕੰਧ ਨਾਲ ਵਿੰਨ੍ਹ ਦੇਵੇ ਪਰ ਦਾਊਦ ਸ਼ਾਊਲ ਦੇ ਅੱਗੋਂ ਹੱਟ ਗਿਆ ਅਤੇ ਭਾਲਾ ਕੰਧ ਦੇ ਵਿੱਚ ਜਾ ਖੁੱਭਿਆ ਇਸ ਤਰ੍ਹਾਂ ਦਾਊਦ ਉਸ ਰਾਤ ਭੱਜ ਕੇ ਬਚ ਗਿਆ।
11ਸ਼ਾਊਲ ਨੇ ਉਸ ਦੀ ਰਾਖੀ ਕਰਨ ਅਤੇ ਸਵੇਰੇ ਉਸ ਨੂੰ ਮਾਰ ਸੁੱਟਣ ਲਈ ਦਾਊਦ ਦੇ ਘਰ ਦੂਤ ਘੱਲੇ ਅਤੇ ਦਾਊਦ ਦੀ ਪਤਨੀ ਮੀਕਲ ਨੇ ਉਸ ਨੂੰ ਖ਼ਬਰ ਦੇ ਕੇ ਆਖਿਆ, ਜੇ ਤੂੰ ਅੱਜ ਰਾਤ ਨੂੰ ਆਪਣੀ ਜਾਨ ਨਾ ਬਚਾਵੇਂ ਤਾਂ ਕੱਲ ਮਾਰਿਆ ਜਾਵੇਂਗਾ।
12ਮੀਕਲ ਨੇ ਦਾਊਦ ਨੂੰ ਖਿੜਕੀ ਵਿੱਚੋਂ ਹੇਠਾਂ ਉਤਾਰ ਦਿੱਤਾ ਸੋ ਉਹ ਭੱਜ ਕੇ ਬਚ ਗਿਆ।
13ਤਦ ਮੀਕਲ ਨੇ ਇੱਕ ਘਰੇਲੂ ਬੁੱਤ ਲੈ ਕੇ ਮੰਜੇ ਉੱਤੇ ਲੰਮਾ ਪਾ ਦਿੱਤਾ ਅਤੇ ਬੱਕਰਿਆਂ ਦੇ ਚੰਮ ਦਾ ਸਿਰਹਾਣਾ ਬਣਾ ਕੇ ਉਹ ਦੇ ਸਿਰ ਵਾਲੇ ਪਾਸੇ ਧਰਿਆ ਅਤੇ ਕੱਪੜਾ ਉੱਤੇ ਤਾਣ ਦਿੱਤਾ।
14ਜਦ ਸ਼ਾਊਲ ਨੇ ਦਾਊਦ ਦੇ ਫੜਨ ਨੂੰ ਦੂਤ ਘੱਲੇ ਤਾਂ ਉਹ ਬੋਲੀ, ਉਹ ਤਾਂ ਬਿਮਾਰ ਹੈ।
15ਸ਼ਾਊਲ ਨੇ ਦਾਊਦ ਦੇ ਵੇਖਣ ਲਈ ਦੂਤਾਂ ਨੂੰ ਫੇਰ ਭੇਜਿਆ ਅਤੇ ਆਖਿਆ, ਉਹ ਨੂੰ ਮੰਜੇ ਸਮੇਤ ਮੇਰੇ ਕੋਲ ਚੁੱਕ ਲਿਆਓ ਜੋ ਮੈਂ ਉਹ ਨੂੰ ਮਾਰ ਸੁੱਟਾਂ।
16ਜਦ ਦੂਤ ਅੰਦਰ ਆਏ ਤਾਂ ਵੇਖੋ, ਮੰਜੇ ਉੱਤੇ ਉਹ ਬੁੱਤ ਲੰਮਾ ਪਿਆ ਹੋਇਆ ਹੈ ਅਤੇ ਉਹ ਦੀ ਸਿਰ ਵਾਲੇ ਪਾਸੇ ਬੱਕਰਿਆਂ ਦੀ ਖੱਲ ਦਾ ਸਿਰਹਾਣਾ ਰੱਖਿਆ ਹੋਇਆ ਹੈ।
17ਤਦ ਸ਼ਾਊਲ ਨੇ ਮੀਕਲ ਨੂੰ ਆਖਿਆ, ਤੂੰ ਮੇਰੇ ਨਾਲ ਇਹ ਧੋਖਾ ਕਿਉਂ ਕੀਤਾ ਜੋ ਮੇਰੇ ਵੈਰੀ ਨੂੰ ਤੋਰ ਦਿੱਤਾ ਅਤੇ ਉਹ ਬਚ ਗਿਆ? ਸੋ ਮੀਕਲ ਨੇ ਸ਼ਾਊਲ ਨੂੰ ਉੱਤਰ ਦਿੱਤਾ, ਉਸ ਨੇ ਮੈਨੂੰ ਆਖਿਆ, ਮੈਨੂੰ ਜਾਣ ਦੇ। ਮੈਂ ਤੈਨੂੰ ਕਿਉਂ ਮਾਰ ਸੁੱਟਾਂ?
18ਦਾਊਦ ਭੱਜ ਕੇ ਬਚ ਗਿਆ ਅਤੇ ਰਾਮਾਹ ਵਿੱਚ ਸਮੂਏਲ ਕੋਲ ਆਇਆ ਅਤੇ ਜੋ ਕੁਝ ਸ਼ਾਊਲ ਨੇ ਉਸ ਨਾਲ ਕੀਤਾ ਸੀ ਸੋ ਸਭ ਉਹ ਨੂੰ ਦੱਸ ਦਿੱਤਾ। ਤਦ ਉਹ ਅਤੇ ਸਮੂਏਲ ਨਾਯੋਥ ਵਿੱਚ ਜਾ ਕੇ ਰਹਿਣ ਲੱਗੇ।
19ਸ਼ਾਊਲ ਨੂੰ ਖ਼ਬਰ ਹੋਈ ਜੋ ਦਾਊਦ ਰਾਮਾਹ ਦੇ ਨਾਯੋਥ ਵਿੱਚ ਹੈ।
20ਤਦ ਸ਼ਾਊਲ ਨੇ ਦਾਊਦ ਦੇ ਫੜਨ ਲਈ ਦੂਤ ਘੱਲੇ ਅਤੇ ਉਨ੍ਹਾਂ ਨੇ ਜਦ ਵੇਖਿਆ ਕਿ ਇੱਕ ਨਬੀਆਂ ਦੀ ਟੋਲੀ ਹੈ ਅਤੇ ਉਹ ਅਗੰਮ ਵਾਕ ਕਰ ਰਹੇ ਹਨ ਅਤੇ ਸਮੂਏਲ ਉਨ੍ਹਾਂ ਦਾ ਆਗੂ ਬਣ ਕੇ ਖੜ੍ਹਾ ਹੋਇਆ ਹੈ ਤਾਂ ਪਰਮੇਸ਼ੁਰ ਦਾ ਆਤਮਾ ਸ਼ਾਊਲ ਦੇ ਦੂਤਾਂ ਉੱਤੇ ਆਇਆ ਅਤੇ ਉਹ ਵੀ ਅਗੰਮ ਬੋਲਣ ਲੱਗੇ।
21ਜਦ ਸ਼ਾਊਲ ਨੂੰ ਇਹ ਖ਼ਬਰ ਪਹੁੰਚੀ ਤਾਂ ਉਸ ਨੇ ਹੋਰ ਦੂਤ ਘੱਲੇ ਅਤੇ ਉਹ ਵੀ ਅਗੰਮ ਵਾਕ ਕਰਨ ਲੱਗੇ ਹਨ ਤਾਂ ਸ਼ਾਊਲ ਨੇ ਤੀਜੀ ਵਾਰੀ ਫੇਰ ਹੋਰ ਦੂਤ ਘੱਲੇ ਅਤੇ ਉਹ ਵੀ ਅਗੰਮ ਵਾਕ ਕਰਨ ਲੱਗੇ।
22ਤਦ ਉਹ ਆਪ ਰਾਮਾਹ ਨੂੰ ਗਿਆ ਅਤੇ ਉਸ ਵੱਡੇ ਖੂਹ ਕੋਲ ਜੋ ਸੇਕੂ ਵਿੱਚ ਹੈ ਪਹੁੰਚ ਗਿਆ ਅਤੇ ਉਸ ਨੇ ਪੁੱਛਿਆ, ਸਮੂਏਲ ਅਤੇ ਦਾਊਦ ਕਿੱਥੇ ਹਨ? ਇੱਕ ਨੇ ਆਖਿਆ, ਵੇਖ ਉਹ ਤਾਂ ਰਾਮਾਹ ਦੇ ਨਾਯੋਥ ਵਿੱਚ ਹਨ।
23ਤਦ ਉਹ ਰਾਮਾਹ ਦੇ ਨਾਯੋਥ ਵੱਲ ਗਿਆ ਅਤੇ ਪਰਮੇਸ਼ੁਰ ਦਾ ਆਤਮਾ ਉਹ ਦੇ ਉੱਤੇ ਵੀ ਆਇਆ ਅਤੇ ਉਹ ਰਾਮਾਹ ਤੋਂ ਨਾਯੋਥ ਤੱਕ ਪਹੁੰਚਣ ਤੱਕ ਚੱਲਦੇ-ਚੱਲਦੇ ਅਗੰਮ ਵਾਕ ਕਰਦਾ ਗਿਆ
24ਅਤੇ ਉਸ ਨੇ ਵੀ ਆਪਣੇ ਕੱਪੜੇ ਉਤਾਰ ਦਿੱਤੇ ਅਤੇ ਸਮੂਏਲ ਦੇ ਅੱਗੇ ਉਸੇ ਤਰ੍ਹਾਂ ਅਗੰਮ ਵਾਕ ਕਰਨ ਲੱਗਾ ਅਤੇ ਉਸ ਸਾਰੇ ਦਿਨ ਅਤੇ ਸਾਰੀ ਰਾਤ ਵਿੱਚ ਨੰਗਾ ਪਿਆ ਰਿਹਾ। ਸੋ ਇਹ ਕਹਾਉਤ ਚੱਲ ਪਈ “ਕੀ, ਸ਼ਾਊਲ ਵੀ ਨਬੀਆਂ ਵਿੱਚੋਂ ਹੈ?”
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath