ਈਸਾਈ
ਪਿੱਛੇ

1 ਸਮੂਏਲ 14

1ਇੱਕ ਦਿਨ ਸ਼ਾਊਲ ਦੇ ਪੁੱਤਰ ਯੋਨਾਥਾਨ ਨੇ ਉਸ ਜੁਆਨ ਨੂੰ ਜੋ ਉਹ ਦੇ ਸ਼ਸਤਰ ਚੁੱਕਦਾ ਸੀ ਆਖਿਆ, ਆਓ, ਅਸੀਂ ਫ਼ਲਿਸਤੀਆਂ ਦੀ ਚੌਂਕੀ ਵੱਲ ਚੱਲੀਏ, ਪਰ ਉਸ ਨੇ ਆਪਣੇ ਪਿਤਾ ਨੂੰ ਨਾ ਦੱਸਿਆ।

2ਸ਼ਾਊਲ ਗਿਬਆਹ ਦੇ ਰਾਹ ਵਿੱਚ ਇੱਕ ਅਨਾਰ ਦੇ ਬਿਰਛ ਹੇਠ ਰੁਕਿਆ, ਜੋ ਮਿਗਰੋਨ ਵਿੱਚ ਸੀ ਅਤੇ ਲੱਗਭੱਗ ਛੇ ਸੌ ਮਨੁੱਖ ਉਸ ਦੇ ਨਾਲ ਸਨ।

3ਅਹੀਯਾਹ ਅਹੀਟੂਬ ਦਾ ਪੁੱਤਰ ਜੋ ਈਕਾਬੋਦ ਦਾ ਭਰਾ ਸੀ, ਫ਼ੀਨਹਾਸ ਦਾ ਪੋਤਾ ਅਤੇ ਏਲੀ ਦਾ ਪੜਪੋਤਾ ਸੀ, ਸ਼ੀਲੋਹ ਵਿੱਚ ਏਫ਼ੋਦ ਪਹਿਨੇ ਹੋਏ ਯਹੋਵਾਹ ਦਾ ਜਾਜਕ ਸੀ ਅਤੇ ਲੋਕਾਂ ਨੂੰ ਖ਼ਬਰ ਨਾ ਹੋਈ ਜੋ ਯੋਨਾਥਾਨ ਚਲਿਆ ਗਿਆ ਹੈ।

4ਉਸ ਦੱਰੇ ਵਿੱਚ, ਜਿੱਥੋਂ ਯੋਨਾਥਾਨ ਚਾਹੁੰਦਾ ਸੀ ਜੋ ਫ਼ਲਿਸਤੀਆਂ ਦੀ ਚੌਂਕੀ ਉੱਤੇ ਜਾ ਪਈਏ, ਇੱਕ ਪਾਸੇ ਵੱਡਾ ਤਿੱਖਾ ਪਰਬਤ ਸੀ ਅਤੇ ਦੂਏ ਪਾਸੇ ਵੀ ਇੱਕ ਵੱਡਾ ਤਿੱਖਾ ਪਰਬਤ ਸੀ। ਇੱਕ ਦਾ ਨਾਮ ਬੋਸੇਸ ਅਤੇ ਦੂਜੇ ਦਾ ਨਾਮ ਸਨਹ ਸੀ।

5ਇੱਕ ਪਰਬਤ ਦਾ ਮੂੰਹ ਮਿਕਮਾਸ਼ ਦੇ ਉੱਤਰ ਵੱਲ ਸੀ ਅਤੇ ਦੂਜਾ ਦੱਖਣ ਵੱਲ ਗਬਾ ਦੇ ਸਾਹਮਣੇ ਸੀ।

6ਤਦ ਯੋਨਾਥਾਨ ਨੇ ਉਸ ਜੁਆਨ ਨੂੰ ਜੋ ਉਹ ਦੇ ਸ਼ਸਤਰ ਚੁੱਕਦਾ ਸੀ ਆਖਿਆ, ਚੱਲ ਅਸੀਂ ਉੱਥੇ ਉਨ੍ਹਾਂ ਅਸੁੰਨਤੀਆਂ ਦੀ ਚੌਂਕੀ ਵੱਲ ਚੱਲੀਏ, ਕੀ ਜਾਣੀਏ ਜੋ ਯਹੋਵਾਹ ਸਾਡੀ ਮਦਦ ਕਰੇ ਕਿਉਂ ਜੋ ਯਹੋਵਾਹ ਲਈ ਕੁਝ ਔਖਾ ਨਹੀਂ ਜੋ ਬਹੁਤਿਆਂ ਨਾਲ ਜਾਂ ਥੋੜ੍ਹੇ ਲੋਕਾਂ ਦੇ ਰਾਹੀਂ ਛੁਟਕਾਰਾ ਦੇਵੇ।

7ਉਹ ਦੇ ਸ਼ਸਤਰ ਚੁੱਕਣ ਵਾਲੇ ਨੇ ਉਸ ਨੂੰ ਆਖਿਆ, ਜੋ ਤੁਹਾਡੇ ਮਨ ਵਿੱਚ ਹੈ ਸੋ ਕਰੋ; ਤੁਰੋ ਅਤੇ ਵੇਖੋ, ਮੈਂ ਤਾਂ ਤੁਹਾਡੀ ਮਰਜ਼ੀ ਦੇ ਅਨੁਸਾਰ ਤੁਹਾਡੇ ਨਾਲ ਹੀ ਹਾਂ।

8ਤਦ ਯੋਨਾਥਾਨ ਬੋਲਿਆ, ਵੇਖ, ਅਸੀਂ ਉਨ੍ਹਾਂ ਲੋਕਾਂ ਕੋਲ ਪਾਰ ਲੰਘ ਕੇ ਉਨ੍ਹਾਂ ਕੋਲ ਆਪਣੇ ਆਪ ਨੂੰ ਪ੍ਰਗਟ ਕਰਾਂਗੇ।

9ਜੇ ਉਹ ਸਾਨੂੰ ਇਹ ਆਖਣ, ਜਦ ਤੱਕ ਅਸੀਂ ਤੁਹਾਡੇ ਕੋਲ ਨਾ ਆਈਏ ਠਹਿਰ ਜਾਓ ਤਾਂ ਅਸੀਂ ਆਪਣੇ ਥਾਂ ਖੜ੍ਹੇ ਰਹਾਂਗੇ ਅਤੇ ਉਨ੍ਹਾਂ ਉੱਤੇ ਚੜਾਈ ਨਾ ਕਰਾਂਗੇ।

10ਪਰ ਜੇ ਉਹ ਐਉਂ ਆਖਣ, ਸਾਡੇ ਕੋਲ ਚੜ੍ਹ ਆਓ ਤਾਂ ਅਸੀਂ ਚੜ੍ਹਾਂਗੇ ਕਿਉਂ ਜੋ ਯਹੋਵਾਹ ਨੇ ਉਨ੍ਹਾਂ ਨੂੰ ਸਾਡੇ ਹੱਥ ਸੌਂਪ ਦਿੱਤਾ ਹੈ ਅਤੇ ਇਹ ਸਾਡੇ ਲਈ ਇੱਕ ਨਿਸ਼ਾਨੀ ਹੋਵੇਗੀ।

11ਤਦ ਉਹਨਾਂ ਦੋਹਾਂ ਨੇ ਫ਼ਲਿਸਤੀਆਂ ਦੀ ਚੌਂਕੀ ਅੱਗੇ ਆਪਣੇ ਆਪ ਨੂੰ ਪਰਗਟ ਕੀਤਾ ਅਤੇ ਫ਼ਲਿਸਤੀ ਬੋਲੇ, ਵੇਖੋ, ਇਬਰਾਨੀ ਉਨ੍ਹਾਂ ਖੁੱਡਾਂ ਵਿੱਚੋਂ ਨਿੱਕਲੇ ਆਉਂਦੇ ਹਨ ਜਿੱਥੇ ਉਹ ਲੁਕੇ ਸਨ।

12ਤਦ ਚੌਂਕੀ ਦੇ ਮਨੁੱਖਾਂ ਨੇ ਯੋਨਾਥਾਨ ਅਤੇ ਉਹ ਦੇ ਸ਼ਸਤਰ ਚੁੱਕਣ ਵਾਲੇ ਨੂੰ ਆਖਿਆ, ਸਾਡੇ ਕੋਲ ਚੜ੍ਹ ਆਓ ਤਾਂ ਅਸੀਂ ਤੁਹਾਨੂੰ ਇੱਕ ਗੱਲ ਦੱਸਾਂਗੇ। ਸੋ ਯੋਨਾਥਾਨ ਨੇ ਆਪਣੇ ਸ਼ਸਤਰ ਚੁੱਕਣ ਵਾਲੇ ਨੂੰ ਆਖਿਆ, ਹੁਣ ਮੇਰੇ ਮਗਰ ਚੜ੍ਹ ਆ ਕਿਉਂ ਜੋ ਯਹੋਵਾਹ ਨੇ ਉਨ੍ਹਾਂ ਨੂੰ ਇਸਰਾਏਲ ਦੇ ਵੱਸ ਪਾ ਦਿੱਤਾ ਹੈ।

13ਅਤੇ ਯੋਨਾਥਾਨ ਆਪਣੇ ਹੱਥਾਂ ਅਤੇ ਪੈਰਾਂ ਦੇ ਭਾਰ ਚੜ੍ਹ ਗਿਆ, ਅਤੇ ਉਹ ਦਾ ਸ਼ਸਤਰ ਚੁੱਕਣ ਵਾਲਾ ਉਹ ਦੇ ਮਗਰ ਹੋਇਆ ਅਤੇ ਉਹ ਯੋਨਾਥਾਨ ਦੇ ਅੱਗੇ ਡਿੱਗਦੇ ਜਾਂਦੇ ਸਨ ਅਤੇ ਉਹ ਦਾ ਸ਼ਸਤਰ ਚੁੱਕਣ ਵਾਲਾ ਵੀ ਉਹ ਦੇ ਮਗਰ-ਮਗਰ ਮਾਰੀ ਜਾਂਦਾ ਸੀ।

14ਸੋ ਇਹ ਪਹਿਲੀ ਮਾਰ ਜੋ ਯੋਨਾਥਾਨ ਤੇ ਉਹ ਦੇ ਸ਼ਸਤਰ ਚੁੱਕਣ ਵਾਲੇ ਨੇ ਕੀਤੀ ਵੀਹ ਕੁ ਮਨੁੱਖਾਂ ਦੀ ਸੀ ਅਤੇ ਅੱਧੀ ਕੁ ਬਿਘਾ ਪੈਲੀ ਵਿੱਚ ਹੋਈ।

15ਤਦ ਡੇਰੇ ਅਤੇ ਮੈਦਾਨ ਅਤੇ ਸਾਰਿਆਂ ਲੋਕਾਂ ਵਿੱਚ ਕੰਬਣੀ ਛਿੜ ਪਈ ਅਤੇ ਉਹ ਚੌਂਕੀ ਵਾਲੇ ਅਤੇ ਲੁਟੇਰੇ ਵੀ ਕੰਬੇ ਅਤੇ ਧਰਤੀ ਵਿੱਚ ਭੂਚਾਲ ਆਇਆ ਅਤੇ ਇਹ ਜਾਣੋ ਪਰਮੇਸ਼ੁਰ ਵੱਲੋਂ ਕੰਬਣੀ ਸੀ।

16ਸ਼ਾਊਲ ਦੇ ਪਹਿਰੇਦਾਰਾਂ ਨੇ ਜੋ ਬਿਨਯਾਮੀਨ ਦੇ ਗਿਬਆਹ ਵਿੱਚ ਸਨ ਵੇਖਿਆ ਕਿ ਉਹ ਭੀੜ ਘੱਟਦੀ ਜਾਂਦੀ ਹੈ ਅਤੇ ਉਹ ਇੱਧਰ-ਉੱਧਰ ਤੁਰੇ ਜਾਂਦੇ ਸਨ।

17ਤਦ ਸ਼ਾਊਲ ਨੇ ਆਪਣੇ ਨਾਲ ਦੇ ਲੋਕਾਂ ਨੂੰ ਆਖਿਆ, ਗਿਣਤੀ ਕਰਕੇ ਵੇਖੋ ਜੋ ਸਾਡੇ ਵਿੱਚੋਂ ਕੌਣ ਗਿਆ ਹੈ। ਜਦ ਉਨ੍ਹਾਂ ਗਿਣਿਆ ਤਾਂ ਵੇਖੋ, ਯੋਨਾਥਾਨ ਅਤੇ ਉਹ ਦਾ ਸ਼ਸਤਰ ਚੁੱਕਣ ਵਾਲਾ ਨਾ ਲੱਭਾ।

18ਉਸ ਵੇਲੇ ਸ਼ਾਊਲ ਨੇ ਅਹੀਯਾਹ ਨੂੰ ਆਖਿਆ, ਪਰਮੇਸ਼ੁਰ ਦਾ ਸੰਦੂਕ ਇੱਥੇ ਲੈ ਆਓ। ਉਸ ਸਮੇਂ ਪਰਮੇਸ਼ੁਰ ਦਾ ਸੰਦੂਕ ਇਸਰਾਏਲੀਆਂ ਦੇ ਵਿਚਕਾਰ ਸੀ।

19ਜਿਸ ਵੇਲੇ ਸ਼ਾਊਲ ਜਾਜਕ ਦੇ ਨਾਲ ਗੱਲ ਕਰਦਾ ਸੀ ਤਾਂ ਫ਼ਲਿਸਤੀਆਂ ਦੇ ਡੇਰੇ ਵਿੱਚ ਜੋ ਰੌਲ਼ਾ ਪਿਆ ਸੋ ਵੱਧਦਾ ਜਾਂਦਾ ਸੀ ਅਤੇ ਸ਼ਾਊਲ ਨੇ ਜਾਜਕ ਨੂੰ ਆਖਿਆ, ਆਪਣਾ ਹੱਥ ਹਟਾ ਲੈ।

20ਤਦ ਸ਼ਾਊਲ ਅਤੇ ਸਾਰੇ ਲੋਕ ਜੋ ਉਹ ਦੇ ਨਾਲ ਸਨ ਇਕੱਠੇ ਹੋਏ ਅਤੇ ਲੜਾਈ ਨੂੰ ਆਏ ਅਤੇ ਵੇਖੋ, ਸਭ ਕਿਸੇ ਦੀ ਤਲਵਾਰ ਆਪਣੇ ਨਾਲ ਦੇ ਉੱਤੇ ਚੱਲੀ ਅਤੇ ਵੱਡੀ ਹਲਚਲ ਪੈ ਗਈ।

21ਉਹ ਇਬਰਾਨੀ ਜੋ ਪਹਿਲਾਂ ਫ਼ਲਿਸਤੀਆਂ ਦੇ ਨਾਲ ਸਨ ਅਤੇ ਜੋ ਚੁਫ਼ੇਰਿਓਂ ਇਕੱਠੇ ਹੋ ਕੇ ਉਹ ਦੇ ਨਾਲ ਡੇਰੇ ਵਿੱਚ ਆਏ ਸਨ ਸੋ ਮੁੜ ਕੇ ਉਨ੍ਹਾਂ ਹੀ ਇਸਰਾਏਲੀਆਂ ਵਿੱਚ ਜੋ ਸ਼ਾਊਲ ਅਤੇ ਯੋਨਾਥਾਨ ਦੇ ਸੰਗ ਸਨ, ਰਲ ਗਏ।

22ਉਨ੍ਹਾਂ ਸਭਨਾਂ ਇਸਰਾਏਲੀ ਮਨੁੱਖਾਂ ਨੇ ਵੀ ਜੋ ਇਫ਼ਰਾਈਮ ਦੇ ਪਰਬਤ ਵਿੱਚ ਲੁੱਕ ਗਏ ਸਨ ਜਦ ਇਹ ਸੁਣਿਆ ਕਿ ਫ਼ਲਿਸਤੀ ਭੱਜ ਗਏ ਉਸੇ ਵੇਲੇ ਨਿੱਕਲ ਕੇ ਉਹਨਾਂ ਨੇ ਵੀ ਲੜਾਈ ਵਿੱਚ ਉਨ੍ਹਾਂ ਦਾ ਪਿੱਛਾ ਕੀਤਾ।

23ਸੋ ਯਹੋਵਾਹ ਨੇ ਉਸ ਦਿਨ ਇਸਰਾਏਲ ਨੂੰ ਛੁਟਕਾਰਾ ਦਿੱਤਾ ਅਤੇ ਲੜਾਈ ਬੈਤ-ਆਵਨ ਦੇ ਦੂਏ ਪਾਸੇ ਤੱਕ ਪਹੁੰਚ ਗਈ।

24ਇਸਰਾਏਲੀ ਮਨੁੱਖ ਉਸ ਦਿਨ ਬਹੁਤ ਔਖੇ ਸਨ ਕਿਉਂ ਜੋ ਸ਼ਾਊਲ ਨੇ ਲੋਕਾਂ ਨੂੰ ਸਹੁੰ ਚੁਕਾ ਕੇ ਇਉਂ ਆਖਿਆ ਸੀ ਕਿ ਜਿਹੜਾ ਅੱਜ ਸ਼ਾਮਾਂ ਤੱਕ ਭੋਜਨ ਚੱਖੇ, ਉਹ ਦੇ ਉੱਤੇ ਸਰਾਪ ਹੋਵੇ ਇਸ ਕਾਰਨ ਜੋ ਮੈਂ ਆਪਣੇ ਵੈਰੀਆਂ ਤੋਂ ਬਦਲਾ ਲਵਾਂ ਸੋ ਉਹਨਾਂ ਲੋਕਾਂ ਵਿੱਚੋਂ ਕਿਸੇ ਨੇ ਭੋਜਨ ਨਾ ਚੱਖਿਆ ਸੀ।

25ਸਭ ਲੋਕ ਇੱਕ ਜੰਗਲ ਵਿੱਚ ਜਾ ਪੁੱਜੇ ਅਤੇ ਉੱਥੇ ਜ਼ਮੀਨ ਉੱਤੇ ਸ਼ਹਿਦ ਸੀ।

26ਜਿਸ ਵੇਲੇ ਇਹ ਲੋਕ ਉਸ ਜੰਗਲ ਵਿੱਚ ਪਹੁੰਚੇ ਤਾਂ ਵੇਖੋ, ਉੱਥੇ ਸ਼ਹਿਦ ਚੌਂਦਾ ਪਿਆ ਸੀ ਪਰ ਕੋਈ ਵੀ ਆਪਣੇ ਮੂੰਹ ਵੱਲ ਹੱਥ ਨਾ ਲੈ ਕੇ ਗਿਆ ਕਿਉਂ ਜੋ ਲੋਕ ਉਸ ਸਹੁੰ ਤੋਂ ਡਰੇ।

27ਪਰ ਜਿਸ ਵੇਲੇ ਉਹ ਦੇ ਪਿਤਾ ਨੇ ਲੋਕਾਂ ਕੋਲੋਂ ਸਹੁੰ ਚੁਕਾਈ ਸੀ ਉਸ ਵੇਲੇ ਯੋਨਾਥਾਨ ਨੇ ਨਹੀਂ ਸੁਣਿਆ ਸੀ ਅਤੇ ਉਹ ਨੇ ਆਪਣੀ ਸੋਟੀ ਦੇ ਸਿਰੇ ਨੂੰ ਸ਼ਹਿਦ ਦੇ ਛੱਤੇ ਦੇ ਵਿੱਚ ਵਾੜਿਆ ਅਤੇ ਹੱਥ ਮੂੰਹ ਵੱਲ ਕੀਤਾ ਅਤੇ ਉਹ ਦੀਆਂ ਅੱਖਾਂ ਵਿੱਚ ਰੋਸ਼ਨੀ ਆਈ।

28ਤਦ ਉਹਨਾਂ ਲੋਕਾਂ ਵਿੱਚੋਂ ਇੱਕ ਨੇ ਉਹ ਨੂੰ ਆਖਿਆ, ਤੁਹਾਡੇ ਪਿਤਾ ਨੇ ਲੋਕਾਂ ਕੋਲੋਂ ਸਹੁੰ ਚੁਕਾ ਕੇ ਆਖਿਆ ਸੀ ਕਿ ਜਿਹੜਾ ਮਨੁੱਖ ਅੱਜ ਦੇ ਦਿਨ ਭੋਜਨ ਖਾਵੇ ਉਹ ਦੇ ਉੱਤੇ ਸਰਾਪ ਹੋਵੇ ਅਤੇ ਉਸ ਵੇਲੇ ਲੋਕ ਥੱਕੇ ਹੋਏ ਸਨ।

29ਯੋਨਾਥਾਨ ਬੋਲ੍ਹਿਆ, ਮੇਰੇ ਪਿਤਾ ਨੇ ਦੇਸ ਨੂੰ ਦੁੱਖ ਦਿੱਤਾ। ਵੇਖੋ, ਮੈਂ ਥੋੜਾ ਜਿਹਾ ਸ਼ਹਿਦ ਚੱਖਿਆ ਤਾਂ ਮੇਰੀਆਂ ਅੱਖਾਂ ਵਿੱਚ ਰੋਸ਼ਨੀ ਆ ਗਈ।

30ਜੇ ਕਦੀ ਸਾਰੇ ਲੋਕ ਵੈਰੀਆਂ ਦੀ ਲੁੱਟ ਵਿੱਚੋਂ ਜੋ ਉਹਨਾਂ ਨੇ ਪਾਈ ਸੀ ਰੱਜ ਕੇ ਖਾਂਦੇ ਤਾਂ ਕਿਨ੍ਹਾਂ ਵਧੇਰੇ ਚੰਗਾ ਹੁੰਦਾ। ਭਲਾ, ਅਜਿਹਾ ਨਹੀਂ ਹੁੰਦਾ ਜੋ ਇਸ ਵੇਲੇ ਫ਼ਲਿਸਤੀਆਂ ਦਾ ਇਸ ਨਾਲੋਂ ਵੀ ਹੋਰ ਵਧੇਰੇ ਨਾਸ ਹੁੰਦਾ?

31ਸੋ ਉਹਨਾਂ ਨੇ ਉਸ ਦਿਨ ਮਿਕਮਾਸ਼ ਤੋਂ ਲੈ ਕੇ ਅੱਯਾਲੋਨ ਤੱਕ ਫ਼ਲਿਸਤੀਆਂ ਨੂੰ ਮਾਰਿਆ ਸੋ ਲੋਕ ਬਹੁਤ ਥੱਕੇ ਪਏ ਸਨ।

32ਲੋਕ ਲੁੱਟ ਦੇ ਮਾਲ ਉੱਤੇ ਆਣ ਪਏ ਅਤੇ ਭੇਡਾਂ ਅਤੇ ਬਲ਼ਦਾਂ ਨੂੰ ਫੜ੍ਹ ਕੇ ਅਤੇ ਉਨ੍ਹਾਂ ਨੂੰ ਧਰਤੀ ਉੱਤੇ ਵੱਢ ਕੇ ਲਹੂ ਸਮੇਤ ਖਾ ਗਏ।

33ਜਦ ਸ਼ਾਊਲ ਨੂੰ ਖ਼ਬਰ ਹੋਈ ਜੋ ਵੇਖੋ, ਲੋਕ ਯਹੋਵਾਹ ਦਾ ਪਾਪ ਕਰਦੇ ਹਨ ਸੋ ਲਹੂ ਸਮੇਤ ਖਾਂਦੇ ਜਾਂਦੇ ਹਨ। ਉਹ ਬੋਲਿਆ, ਤੁਸੀਂ ਪਾਪ ਕੀਤਾ ਸੋ ਮੇਰੇ ਸਾਹਮਣੇ ਇੱਕ ਵੱਡਾ ਪੱਥਰ ਰੇੜ੍ਹ ਲਿਆਓ।

34ਫੇਰ ਸ਼ਾਊਲ ਨੇ ਆਖਿਆ, ਲੋਕਾਂ ਦੇ ਵਿੱਚ ਫੈਲ ਜਾਓ ਅਤੇ ਉਹਨਾਂ ਨੂੰ ਆਖੋ ਕਿ ਹਰ ਕੋਈ ਮਨੁੱਖ ਆਪੋ ਆਪਣੇ ਬਲ਼ਦ ਅਤੇ ਆਪੋ-ਆਪਣੀ ਭੇਡ ਮੇਰੇ ਕੋਲ ਲੈ ਆਵੇ ਅਤੇ ਐਥੇ ਵੱਢ ਕੇ ਖਾਵੇ ਪਰ ਲਹੂ ਸਮੇਤ ਖਾ ਕੇ ਯਹੋਵਾਹ ਦਾ ਪਾਪ ਨਾ ਕਰੇ। ਉਸ ਰਾਤ ਲੋਕਾਂ ਵਿੱਚੋਂ ਹਰੇਕ ਮਨੁੱਖ ਆਪੋ ਆਪਣੇ ਬਲ਼ਦ ਉੱਥੇ ਲੈ ਆਇਆ ਅਤੇ ਉੱਥੇ ਹੀ ਵੱਢਿਆ।

35ਅਤੇ ਸ਼ਾਊਲ ਨੇ ਯਹੋਵਾਹ ਦੇ ਲਈ ਇੱਕ ਜਗਵੇਦੀ ਬਣਾਈ। ਇਹ ਪਹਿਲੀ ਜਗਵੇਦੀ ਹੈ ਜੋ ਉਸ ਨੇ ਯਹੋਵਾਹ ਦੇ ਲਈ ਬਣਾਈ।

36ਫੇਰ ਸ਼ਾਊਲ ਨੇ ਆਖਿਆ, ਆਓ ਰਾਤ ਨੂੰ ਫ਼ਲਿਸਤੀਆਂ ਦਾ ਪਿੱਛਾ ਕਰੀਏ ਅਤੇ ਸਵੇਰ ਹੋਣ ਤੱਕ ਉਨ੍ਹਾਂ ਨੂੰ ਲੁੱਟੀਏ ਅਤੇ ਉਨ੍ਹਾਂ ਵਿੱਚੋਂ ਇੱਕ ਮਨੁੱਖ ਨੂੰ ਵੀ ਨਾ ਛੱਡੀਏ ਅਤੇ ਉਹ ਬੋਲੇ, ਜੋ ਕੁਝ ਤੁਹਾਨੂੰ ਭਾਵੇ ਸੋ ਕਰੋ। ਤਦ ਜਾਜਕ ਬੋਲਿਆ, ਆਓ, ਪਰਮੇਸ਼ੁਰ ਦੇ ਨੇੜੇ ਹੋਈਏ।

37ਇਸ ਤੋਂ ਬਾਅਦ ਸ਼ਾਊਲ ਨੇ ਪਰਮੇਸ਼ੁਰ ਤੋਂ ਸਲਾਹ ਪੁੱਛੀ ਕੀ ਮੈਂ ਫ਼ਲਿਸਤੀਆਂ ਦਾ ਪਿੱਛਾ ਕਰਾਂ? ਕੀ ਤੂੰ ਉਨ੍ਹਾਂ ਨੂੰ ਇਸਰਾਏਲ ਦੇ ਹੱਥ ਵਿੱਚ ਸੌਂਪੇਗਾ? ਪਰ ਉਸ ਨੇ ਉਸ ਦਿਨ ਉਹ ਨੂੰ ਕੁਝ ਉੱਤਰ ਨਾ ਦਿੱਤਾ।

38ਤਦ ਸ਼ਾਊਲ ਨੇ ਆਖਿਆ, ਲੋਕਾਂ ਦੇ ਸਾਰੇ ਸਰਦਾਰ ਮੇਰੇ ਨੇੜੇ ਆਉਣ ਅਤੇ ਵੇਖਣ ਜੋ ਅੱਜ ਦੇ ਦਿਨ ਕਿਵੇਂ ਪਾਪ ਹੋਇਆ ਹੈ।

39ਕਿਉਂ ਜੋ ਜਿਉਂਦੇ ਯਹੋਵਾਹ ਦੀ ਸਹੁੰ ਜੋ ਇਸਰਾਏਲ ਦਾ ਛੁਟਕਾਰਾ ਕਰਦਾ ਹੈ ਜੇ ਮੇਰੇ ਪੁੱਤਰ ਯੋਨਾਥਾਨ ਤੋਂ ਵੀ ਹੋਵੇ ਤਾਂ ਉਹ ਜ਼ਰੂਰ ਮਾਰਿਆ ਜਾਵੇ ਅਤੇ ਸਾਰਿਆਂ ਲੋਕਾਂ ਵਿੱਚੋਂ ਕਿਸੇ ਮਨੁੱਖ ਨੇ ਉਸ ਦਾ ਉੱਤਰ ਨਾ ਦਿੱਤਾ

40ਤਦ ਉਸ ਨੇ ਸਾਰੇ ਇਸਰਾਏਲ ਨੂੰ ਆਖਿਆ, ਤੁਸੀਂ ਸਾਰੇ ਇੱਕ ਪਾਸੇ ਹੋਵੋ ਅਤੇ ਮੈਂ ਅਤੇ ਮੇਰਾ ਪੁੱਤਰ ਯੋਨਾਥਾਨ ਦੂਜੇ ਪਾਸੇ ਹੋਈਏ। ਤਦ ਲੋਕ ਸ਼ਾਊਲ ਨੂੰ ਬੋਲੇ, ਜੋ ਤੁਹਾਨੂੰ ਚੰਗਾ ਲੱਗੇ ਉਹੀ ਕਰੋ।

41ਸ਼ਾਊਲ ਨੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਨੂੰ ਆਖਿਆ, ਸੱਚੀ ਗੱਲ ਦੱਸ। ਤਦ ਸ਼ਾਊਲ ਅਤੇ ਯੋਨਾਥਾਨ ਫੜੇ ਗਏ, ਪਰ ਲੋਕ ਬਚ ਗਏ।

42ਤਦ ਸ਼ਾਊਲ ਨੇ ਆਖਿਆ ਮੇਰੇ ਅਤੇ ਮੇਰੇ ਪੁੱਤਰ ਯੋਨਾਥਾਨ ਦੇ ਨਾਮ ਉੱਤੇ ਪਰਚੀ ਪਾਓ। ਤਦ ਯੋਨਾਥਾਨ ਦੇ ਨਾਮ ਦੀ ਪਰਚੀ ਨਿੱਕਲੀ।

43ਸ਼ਾਊਲ ਨੇ ਯੋਨਾਥਾਨ ਨੂੰ ਆਖਿਆ, ਮੈਨੂੰ ਦੱਸ, ਤੂੰ ਕੀ ਕੀਤਾ ਹੈ? ਯੋਨਾਥਾਨ ਨੇ ਉਸ ਨੂੰ ਦੱਸਿਆ ਅਤੇ ਆਖਿਆ, ਮੈਂ ਤਾਂ ਨਿਰੀ ਸੋਟੀ ਦੀ ਨੁੱਕਰ ਨਾਲ ਥੋੜਾ ਜਿਹਾ ਸ਼ਹਿਦ ਚੱਖਿਆ ਸੀ ਅਤੇ ਵੇਖੋ ਮੈਂ ਹੁਣ ਮਰ ਰਿਹਾ ਹਾਂ।

44ਸ਼ਾਊਲ ਨੇ ਆਖਿਆ, ਮੇਰਾ ਪਰਮੇਸ਼ੁਰ ਮੇਰੇ ਨਾਲ ਅਜਿਹਾ ਹੀ ਕਰੇ ਅਤੇ ਇਸ ਤੋਂ ਵੀ ਵੱਧ ਪਰ ਹੇ ਯੋਨਾਥਾਨ, ਤੈਨੂੰ ਜ਼ਰੂਰ ਮਰਨਾ ਪਵੇਗਾ।

45ਤਦ ਲੋਕਾਂ ਨੇ ਸ਼ਾਊਲ ਨੂੰ ਆਖਿਆ, ਕੀ ਯੋਨਾਥਾਨ ਮਰ ਜਾਓ ਜਿਸ ਨੇ ਇਸਰਾਏਲ ਦੇ ਲਈ ਅਜਿਹਾ ਵੱਡਾ ਛੁਟਕਾਰਾ ਕੀਤਾ ਹੈ? ਪਰਮੇਸ਼ੁਰ ਨਾ ਕਰੇ! ਜਿਉਂਦੇ ਪਰਮੇਸ਼ੁਰ ਦੀ ਸਹੁੰ, ਉਹ ਦਾ ਇੱਕ ਵਾਲ਼ ਵੀ ਧਰਤੀ ਉੱਤੇ ਨਾ ਡਿੱਗੇਗਾ ਕਿਉਂ ਜੋ ਉਹ ਨੇ ਅੱਜ ਪਰਮੇਸ਼ੁਰ ਦੇ ਨਾਲ ਕੰਮ ਕੀਤਾ ਹੈ। ਸੋ ਲੋਕਾਂ ਨੇ ਯੋਨਾਥਾਨ ਨੂੰ ਬਚਾਇਆ ਜੋ ਉਹ ਮਾਰਿਆ ਨਾ ਗਿਆ।

46ਫੇਰ ਸ਼ਾਊਲ ਨੇ ਫ਼ਲਿਸਤੀਆਂ ਦਾ ਪਿੱਛਾ ਕਰਨ ਤੋਂ ਹਟ ਕੇ ਉਤਾਹਾਂ ਮੁੜ ਗਿਆ ਅਤੇ ਫ਼ਲਿਸਤੀ ਆਪਣੇ ਥਾਂ ਨੂੰ ਗਏ।

47ਸੋ ਸ਼ਾਊਲ ਨੇ ਇਸਰਾਏਲ ਦੇ ਉੱਤੇ ਰਾਜ ਕੀਤਾ ਅਤੇ ਆਪਣੇ ਵੈਰੀਆਂ ਨਾਲ ਚੁਫ਼ੇਰਿਓਂ ਮੋਆਬ ਦੇ ਅਤੇ ਅੰਮੋਨੀਆਂ ਦੇ ਨਾਲ ਅਤੇ ਅਦੋਮ ਦੇ ਅਤੇ ਸੋਬਾਹ ਦੇ ਰਾਜਿਆਂ ਨਾਲ ਅਤੇ ਫ਼ਲਿਸਤੀਆਂ ਨਾਲ ਲੜਾਈ ਕੀਤੀ ਅਤੇ ਜਿਸ ਪਾਸੇ ਉਹ ਮੂੰਹ ਕਰਦਾ ਸੀ ਉਸੇ ਪਾਸੇ ਉਹ ਉਨ੍ਹਾਂ ਨੂੰ ਦੁੱਖ ਦਿੰਦਾ ਸੀ।

48ਫੇਰ ਉਸ ਨੇ ਬੇਲਟਸ਼ੱਸਰ ਕਰ ਕੇ ਅਮਾਲੇਕੀਆਂ ਨੂੰ ਮਾਰਿਆ ਅਤੇ ਇਸਰਾਏਲੀਆਂ ਨੂੰ ਉਨ੍ਹਾਂ ਦੇ ਲੁਟੇਰਿਆਂ ਦੇ ਹੱਥੋਂ ਛੁਡਾਇਆ।

49ਸ਼ਾਊਲ ਦੇ ਪੁੱਤਰਾਂ ਦੇ ਨਾਮ ਇਹ ਸਨ, ਯੋਨਾਥਾਨ, ਯਿਸ਼ਵੀ, ਮਲਕੀਸ਼ੂਆ ਅਤੇ ਉਹ ਦੀਆਂ ਦੋਹਾਂ ਧੀਆਂ ਦੇ ਨਾਮ ਇਹ ਸਨ, ਵੱਡੀ ਦਾ ਨਾਮ ਮੇਰਬ ਅਤੇ ਛੋਟੀ ਦਾ ਨਾਮ ਮੀਕਲ।

50ਅਤੇ ਸ਼ਾਊਲ ਦੀ ਪਤਨੀ ਦਾ ਨਾਮ ਅਹੀਨੋਅਮ ਸੀ ਜੋ ਅਹੀਮਅਸ ਦੀ ਧੀ ਸੀ ਅਤੇ ਉਹ ਦੇ ਸੈਨਾਪਤੀ ਦਾ ਨਾਮ ਅਬਨੇਰ ਸੀ ਜੋ ਸ਼ਾਊਲ ਦੇ ਚਾਚੇ ਨੇਰ ਦਾ ਪੁੱਤਰ ਸੀ।

51ਸ਼ਾਊਲ ਦੇ ਪਿਤਾ ਦਾ ਨਾਮ ਕੀਸ਼ ਸੀ ਅਤੇ ਅਬਨੇਰ ਦਾ ਪਿਤਾ ਨੇਰ ਅਬੀਏਲ ਦਾ ਪੁੱਤਰ ਸੀ।

52ਸ਼ਾਊਲ ਦੀ ਸਾਰੀ ਉਮਰ ਫ਼ਲਿਸਤੀਆਂ ਨਾਲ ਡਾਢੀ ਲੜਾਈ ਹੁੰਦੀ ਰਹੀ ਅਤੇ ਜਦ ਸ਼ਾਊਲ ਕਿਸੇ ਮਨੁੱਖ ਜਾਂ ਸੂਰਬੀਰ ਮਨੁੱਖ ਨੂੰ ਦੇਖਦਾ ਸੀ ਤਾਂ ਉਹ ਨੂੰ ਆਪਣੇ ਕੋਲ ਰੱਖ ਲੈਂਦਾ ਸੀ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath