ਈਸਾਈ
ਪਿੱਛੇ

1 ਸਮੂਏਲ 13

1ਸ਼ਾਊਲ ਤੀਹ ਸਾਲ ਦਾ ਸੀ ਜਦ ਉਹ ਰਾਜ ਕਰਨ ਲੱਗਾ, ਅਤੇ ਉਸ ਨੇ ਇਸਰਾਏਲ ਉੱਤੇ ਦੋ ਸਾਲ ਰਾਜ ਕੀਤਾ।

2ਤਦ ਸ਼ਾਊਲ ਨੇ ਇਸਰਾਏਲ ਦੇ ਤਿੰਨ ਹਜ਼ਾਰ ਮਨੁੱਖਾਂ ਨੂੰ ਆਪਣੇ ਲਈ ਚੁਣ ਲਿਆ, ਦੋ ਹਜ਼ਾਰ ਮਿਕਮਾਸ਼ ਵਿੱਚ, ਬੈਤਏਲ ਦੇ ਪਰਬਤ ਵਿੱਚ ਸ਼ਾਊਲ ਦੇ ਨਾਲ ਰਹੇ ਅਤੇ ਇੱਕ ਹਜ਼ਾਰ ਬਿਨਯਾਮੀਨ ਦੇ ਗਿਬਆਹ ਵਿੱਚ ਯੋਨਾਥਾਨ ਦੇ ਨਾਲ ਰਹੇ। ਉਸ ਨੇ ਬਾਕੀ ਸਭਨਾਂ ਨੂੰ ਆਪੋ ਆਪਣੇ ਡੇਰੇ ਵੱਲ ਵਿਦਾ ਕੀਤਾ।

3ਯੋਨਾਥਾਨ ਨੇ ਫ਼ਲਿਸਤੀਆਂ ਦੀ ਚੌਂਕੀ ਦੇ ਸਿਪਾਹੀਆਂ ਨੂੰ ਜੋ ਗਿਬਆਹ ਵਿੱਚ ਸਨ ਮਾਰਿਆ, ਇਹ ਗੱਲ ਜਦੋਂ ਫ਼ਲਿਸਤੀਆਂ ਨੇ ਸੁਣੀ ਅਤੇ ਸ਼ਾਊਲ ਨੇ ਤੁਰ੍ਹੀ ਦੀ ਆਵਾਜ਼ ਨਾਲ ਸਾਰੇ ਦੇਸ ਵਿੱਚ ਮੁਨਾਦੀ ਸੁਣਾਈ, ਜੋ ਇਬਰਾਨੀ ਸੁਣ ਲੈਣ!

4ਅਤੇ ਇਹ ਗੱਲ ਸਾਰੇ ਇਸਰਾਏਲ ਨੇ ਸੁਣੀ ਜੋ ਸ਼ਾਊਲ ਨੇ ਫ਼ਲਿਸਤੀਆਂ ਦੀ ਇੱਕ ਚੌਂਕੀ ਦੇ ਸਿਪਾਹੀ ਮਾਰ ਸੁੱਟੇ ਅਤੇ ਜੋ ਫ਼ਲਿਸਤੀਆਂ ਦੀ ਨਜ਼ਰ ਵਿੱਚ ਇਸਰਾਏਲੀ ਵੀ ਘਿਣਾਉਣੇ ਹੋ ਗਏ ਅਤੇ ਸ਼ਾਊਲ ਕੋਲ ਗਿਲਗਾਲ ਵਿੱਚ ਇਕੱਠੇ ਹੋਏ।

5ਫ਼ਲਿਸਤੀ ਵੀ ਇਸਰਾਏਲ ਨਾਲ ਲੜਾਈ ਕਰਨ ਲਈ ਇਕੱਠੇ ਹੋਏ। ਉਨ੍ਹਾਂ ਕੋਲ ਤੀਹ ਹਜ਼ਾਰ ਰੱਥ ਅਤੇ ਛੇ ਹਜ਼ਾਰ ਸਵਾਰ ਸਨ ਅਤੇ ਸਮੁੰਦਰ ਦੀ ਰੇਤ ਦੀ ਤਰ੍ਹਾਂ ਬਹੁਤੇ ਲੋਕ ਸਨ। ਸੋ ਉਹਨਾਂ ਚੜ੍ਹਾਈ ਕੀਤੀ ਅਤੇ ਬੈਤ-ਆਵਨ ਦੇ ਪੂਰਬ ਵੱਲ ਮਿਕਮਾਸ਼ ਵਿੱਚ ਡੇਰੇ ਲਾਏ।

6ਜਦ ਇਸਰਾਏਲੀਆਂ ਨੇ ਦੇਖਿਆ ਜੋ ਅਸੀਂ ਮੁਸ਼ਕਿਲ ਵਿੱਚ ਹਾਂ ਇਸ ਲਈ ਉਹ ਲੋਕ ਗੁਫ਼ਾਂਵਾਂ, ਝਾੜੀਆਂ, ਚੱਟਾਨਾਂ, ਗੜ੍ਹਾਂ ਅਤੇ ਟੋਇਆਂ ਵਿੱਚ ਜਾ ਲੁਕੇ।

7ਕਈ ਇਬਰਾਨੀ ਯਰਦਨੋਂ ਪਾਰ ਗਾਦ ਅਤੇ ਗਿਲਆਦ ਦੇ ਦੇਸ ਨੂੰ ਚੱਲੇ ਗਏ, ਪਰ ਸ਼ਾਊਲ ਗਿਲਗਾਲ ਵਿੱਚ ਹੀ ਰਿਹਾ, ਅਤੇ ਉਹ ਸਭ ਲੋਕ ਕੰਬਦੇ ਹੋਏ ਉਹਨਾਂ ਦੇ ਪਿੱਛੇ ਚੱਲ ਪਏ।

8ਉਹ ਉੱਥੇ ਸਮੂਏਲ ਦੇ ਠਹਿਰਾਏ ਹੋਏ ਸਮੇਂ ਦੇ ਅਨੁਸਾਰ, ਸੱਤਾਂ ਦਿਨਾਂ ਤੱਕ ਉਡੀਕ ਕਰਦਾ ਰਿਹਾ, ਪਰ ਸਮੂਏਲ ਗਿਲਗਾਲ ਵਿੱਚ ਨਾ ਆਇਆ ਅਤੇ ਸਾਰੇ ਲੋਕ ਉਹ ਦੇ ਕੋਲੋਂ ਇੱਧਰ-ਉੱਧਰ ਹੋ ਗਏ।

9ਤਦ ਸ਼ਾਊਲ ਨੇ ਆਖਿਆ, ਹੋਮ ਦੀ ਬਲੀ ਅਤੇ ਸੁੱਖ-ਸਾਂਦ ਦੀ ਭੇਟ ਮੇਰੇ ਕੋਲ ਲੈ ਆਓ ਅਤੇ ਉਸ ਨੇ ਹੋਮ ਦੀ ਬਲੀ ਚੜ੍ਹਾਈ।

10ਅਤੇ ਜਿਸ ਵੇਲੇ ਉਹ ਹੋਮ ਦੀ ਬਲੀ ਚੜ੍ਹਾ ਚੁੱਕਾ ਤਾਂ ਵੇਖੋ, ਸਮੂਏਲ ਵੀ ਪਹੁੰਚ ਗਿਆ ਅਤੇ ਸ਼ਾਊਲ ਉਸ ਨੂੰ ਮਿਲਣ ਲਈ ਉਸ ਦੀ ਸੁੱਖ-ਸਾਂਦ ਪੁੱਛਣ ਨਿੱਕਲਿਆ।

11ਸਮੂਏਲ ਨੇ ਪੁੱਛਿਆ, ਤੂੰ ਕੀ ਕੀਤਾ? ਸ਼ਾਊਲ ਬੋਲਿਆ, ਮੈਂ ਜਦੋਂ ਵੇਖਿਆ ਕਿ ਲੋਕ ਮੇਰੇ ਕੋਲੋਂ ਇੱਧਰ-ਉੱਧਰ ਹੋ ਗਏ ਹਨ ਅਤੇ ਤੂੰ ਠਹਿਰਾਏ ਹੋਏ ਦਿਨਾਂ ਵਿੱਚ ਨਾ ਆਇਆ ਅਤੇ ਫ਼ਲਿਸਤੀ ਮਿਕਮਾਸ਼ ਵਿੱਚ ਇਕੱਠੇ ਹੋਏ।

12ਤਦ ਮੈਂ ਆਖਿਆ ਜੋ ਫ਼ਲਿਸਤੀ ਮੇਰੇ ਉੱਤੇ ਗਿਲਗਾਲ ਵਿੱਚ ਹਮਲਾ ਕਰਨਗੇ ਅਤੇ ਮੈਂ ਹੁਣ ਤੱਕ ਯਹੋਵਾਹ ਦੀ ਕਿਰਪਾ ਦੀ ਬੇਨਤੀ ਨਹੀਂ ਕੀਤੀ ਇਸ ਲਈ ਮੈਂ ਨਾ ਚਾਹੁੰਦੇ ਹੋਏ ਵੀ ਹੋਮ ਦੀ ਬਲੀ ਚੜ੍ਹਾਈ।

13ਸਮੂਏਲ ਨੇ ਸ਼ਾਊਲ ਨੂੰ ਆਖਿਆ, ਤੂੰ ਮੂਰਖਤਾਈ ਕੀਤੀ ਹੈ ਕਿਉਂ ਜੋ ਤੂੰ ਯਹੋਵਾਹ ਆਪਣੇ ਪਰਮੇਸ਼ੁਰ ਦੀ ਆਗਿਆ ਨਹੀਂ ਮੰਨੀ ਜੋ ਉਸ ਨੇ ਤੈਨੂੰ ਦਿੱਤੀ ਸੀ, ਨਹੀਂ ਤਾਂ ਯਹੋਵਾਹ ਹੁਣ ਤੋਂ ਸਦੀਪਕ ਕਾਲ ਤੱਕ ਤੇਰਾ ਰਾਜ ਇਸਰਾਏਲ ਵਿੱਚ ਠਹਿਰਾ ਦਿੰਦਾ।

14ਹੁਣ ਤੇਰਾ ਰਾਜ ਕਾਇਮ ਨਾ ਰਹੇਗਾ ਕਿਉਂ ਜੋ ਯਹੋਵਾਹ ਨੇ ਆਪਣੇ ਮਨ ਭਾਉਂਦਾ ਇੱਕ ਮਨੁੱਖ ਲੱਭ ਲਿਆ ਅਤੇ ਯਹੋਵਾਹ ਨੇ ਆਪਣੇ ਲੋਕਾਂ ਦਾ ਪ੍ਰਧਾਨ ਬਣਨ ਲਈ ਉਹ ਨੂੰ ਆਗਿਆ ਕੀਤੀ ਕਿਉਂ ਜੋ ਤੂੰ ਯਹੋਵਾਹ ਦੀ ਆਗਿਆ ਨੂੰ ਨਹੀਂ ਮੰਨਿਆ, ਜੋ ਉਸ ਨੇ ਤੈਨੂੰ ਦਿੱਤੀ ਸੀ।

15ਸਮੂਏਲ ਉੱਠਿਆ ਅਤੇ ਗਿਲਗਾਲ ਤੋਂ ਬਿਨਯਾਮੀਨ ਦੇ ਸ਼ਹਿਰ ਗਿਬਆਹ ਨੂੰ ਗਿਆ। ਤਦ ਸ਼ਾਊਲ ਨੇ ਉਨ੍ਹਾਂ ਲੋਕਾਂ ਨੂੰ ਗਿਣਿਆ ਜੋ ਉਹ ਦੇ ਕੋਲ ਸਨ, ਅਤੇ ਉਹ ਮਨੁੱਖ ਲੱਗਭੱਗ ਛੇ ਸੌ ਸਨ।

16ਅਤੇ ਸ਼ਾਊਲ ਅਤੇ ਉਸ ਦਾ ਪੁੱਤਰ ਯੋਨਾਥਾਨ ਅਤੇ ਉਨ੍ਹਾਂ ਦੇ ਨਾਲ ਦੇ ਲੋਕ ਬਿਨਯਾਮੀਨ ਦੇ ਗਿਬਆਹ ਵਿੱਚ ਰਹੇ ਅਤੇ ਫ਼ਲਿਸਤੀ ਮਿਕਮਾਸ਼ ਵਿੱਚ ਡੇਰੇ ਲਾਈ ਬੈਠੇ ਸਨ।

17ਫ਼ਲਿਸਤੀਆਂ ਦੇ ਦਲ ਤੋਂ ਲੁਟੇਰੇ ਤਿੰਨ ਟੋਲੀਆਂ ਬਣਾ ਕੇ ਨਿੱਕਲੇ। ਇੱਕ ਟੋਲੀ ਸ਼ੂਆਲ ਦੇ ਦੇਸ ਨੂੰ ਓਫਰਾਹ ਦੇ ਰਾਹ ਵੱਲ ਗਈ।

18ਦੂਜੀ ਟੋਲੀ ਬੈਤ-ਹੋਰੋਨ ਦੇ ਰਾਹ ਆਈ ਅਤੇ ਤੀਜੀ ਟੋਲੀ ਉਸ ਬੰਨੇ ਦੇ ਰਾਹ ਤੁਰੀ ਜਿਹੜਾ ਸਬੋਈਮ ਦੀ ਵਾਦੀ ਦੇ ਉੱਤੇ ਉਜਾੜ ਦੇ ਪਾਸੇ ਸੀ।

19ਉਸ ਵੇਲੇ ਇਸਰਾਏਲ ਦੇ ਸਾਰੇ ਦੇਸ ਵਿੱਚ ਇੱਕ ਲੁਹਾਰ ਵੀ ਨਹੀਂ ਮਿਲਦਾ ਸੀ, ਕਿਉਂ ਜੋ ਫ਼ਲਿਸਤੀਆਂ ਨੇ ਆਖਿਆ ਸੀ, ਅਜਿਹਾ ਨਾ ਹੋਵੇ ਜੋ ਇਬਰਾਨੀ ਲੋਕ ਤਲਵਾਰਾਂ ਅਤੇ ਬਰਛੇ ਆਪਣੇ ਲਈ ਬਣਾਉਣ,

20ਸਗੋਂ ਸਾਰੇ ਇਸਰਾਏਲੀ ਫ਼ਲਿਸਤੀਆਂ ਦੇ ਕੋਲ ਸੱਭੇ ਆਪੋ ਆਪਣੇ ਹੱਲ੍ਹ ਫਾਲੇ ਅਤੇ ਆਪਣੀ ਕਹੀ ਅਤੇ ਆਪਣਾ ਕੁਹਾੜਾ ਅਤੇ ਆਪਣੀ ਦਾਤੀ ਤਿੱਖੇ ਕਰਾਉਣ ਲਈ ਜਾਂਦੇ ਸਨ।

21ਪਰ ਦਾਤੀਆਂ, ਹੱਲ੍ਹ ਫਾਲੇ, ਤ੍ਰਿਸੂਲ ਅਤੇ ਕੁਹਾੜਿਆਂ ਦੇ ਲਈ ਅਤੇ ਆਰਾਂ ਨੂੰ ਤਿੱਖਿਆਂ ਕਰਨ ਲਈ ਉਨ੍ਹਾਂ ਕੋਲ ਰੇਤੀਆਂ ਸਨ।

22ਇਸ ਲਈ ਅਜਿਹਾ ਹੋਇਆ ਜੋ ਲੜਾਈ ਦੇ ਦਿਨ ਉਨ੍ਹਾਂ ਲੋਕਾਂ ਦੇ ਵਿੱਚੋਂ ਜੋ ਸ਼ਾਊਲ ਅਤੇ ਯੋਨਾਥਾਨ ਦੇ ਨਾਲ ਸਨ, ਕਿਸੇ ਦੇ ਹੱਥ ਵਿੱਚ ਇੱਕ ਤਲਵਾਰ ਅਤੇ ਇੱਕ ਬਰਛੀ ਵੀ ਨਹੀਂ ਸੀ, ਪਰ ਉਹ ਸ਼ਾਊਲ ਅਤੇ ਉਹ ਦੇ ਪੁੱਤਰ ਯੋਨਾਥਾਨ ਦੇ ਕੋਲ ਸਨ।

23ਤਦ ਫ਼ਲਿਸਤੀਆਂ ਦੀ ਚੌਂਕੀ ਦੇ ਸਿਪਾਹੀ ਮਿਕਮਾਸ਼ ਦੀ ਘਾਟੀ ਤੱਕ ਪਹੁੰਚ ਗਏ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath