ਈਸਾਈ
ਪਿੱਛੇ

1 ਸਮੂਏਲ 10

1ਫੇਰ ਸਮੂਏਲ ਨੇ ਇੱਕ ਕੁੱਪੀ ਤੇਲ ਉਹ ਦੇ ਸਿਰ ਉੱਤੇ ਉਂਡੇਲ ਦਿੱਤਾ ਅਤੇ ਉਸ ਨੂੰ ਚੁੰਮ ਕੇ ਆਖਿਆ, ਕੀ ਯਹੋਵਾਹ ਨੇ ਤੈਨੂੰ ਇਸ ਕਰਕੇ ਅਭਿਸ਼ੇਕ ਨਹੀਂ ਕੀਤਾ ਜੋ ਤੂੰ ਉਹ ਦੀ ਵਿਰਾਸਤ ਦਾ ਪ੍ਰਧਾਨ ਬਣੇਂ?

2ਅੱਜ ਜਦ ਤੂੰ ਮੇਰੇ ਕੋਲੋਂ ਵਿਦਾ ਹੋਵੇਂਗਾ ਤਾਂ ਬਿਨਯਾਮੀਨ ਦੀ ਹੱਦ ਵਿੱਚ ਰਾਖ਼ੇਲ ਦੀ ਕਬਰ ਸਲਸਹ ਕੋਲ ਤੈਨੂੰ ਦੋ ਲੋਕ ਮਿਲਣਗੇ ਅਤੇ ਉਹ ਤੈਨੂੰ ਆਖਣਗੇ ਕਿ ਜਿਨ੍ਹਾਂ ਨੂੰ ਤੂੰ ਲੱਭਣ ਗਿਆ ਸੀ ਉਹ ਗਧੀਆਂ ਲੱਭ ਗਈਆਂ ਹਨ, ਵੇਖ, ਹੁਣ ਤੇਰਾ ਪਿਤਾ ਗਧੀਆਂ ਵੱਲੋਂ ਬੇਫ਼ਿਕਰ ਹੋ ਕੇ ਤੁਹਾਡੇ ਲਈ ਚਿੰਤਾ ਕਰਦਾ ਹੈ ਅਤੇ ਆਖਦਾ ਹੈ, ਮੈਂ ਆਪਣੇ ਪੁੱਤਰ ਲਈ ਕੀ ਕਰਾਂ?

3ਫਿਰ ਤੂੰ ਉੱਥੋਂ ਲੰਘੇਂਗਾ ਅਤੇ ਤਾਬੋਰ ਦੇ ਬਲੂਤ ਹੇਠ ਪਹੁੰਚੇਗਾ ਤਾਂ ਉੱਥੋਂ ਤਿੰਨ ਲੋਕ ਜੋ ਪਰਮੇਸ਼ੁਰ ਦੇ ਅੱਗੇ ਬੈਤਏਲ ਵਿੱਚ ਜਾਂਦੇ ਹੋਣਗੇ ਤੈਨੂੰ ਮਿਲਣਗੇ। ਇੱਕ ਬੱਕਰੀ ਦੇ ਤਿੰਨ ਬੱਚੇ ਅਤੇ ਦੂਜਾ ਤਿੰਨ ਰੋਟੀਆਂ ਅਤੇ ਤੀਜੇ ਨੇ ਦਾਖ਼ਰਸ ਦੀ ਮੇਸ਼ੇਕ ਚੁੱਕੀ ਹੋਵੇਗੀ।

4ਉਹ ਤੈਨੂੰ ਸੁੱਖ-ਸਾਂਦ ਪੁੱਛਣਗੇ ਅਤੇ ਤੈਨੂੰ ਦੋ ਰੋਟੀਆਂ ਦੇਣਗੇ ਸੋ ਤੂੰ ਉਨ੍ਹਾਂ ਦੇ ਹੱਥੋਂ ਲੈ ਲਵੀਂ,

5ਇਸ ਤੋਂ ਬਾਅਦ ਤੂੰ ਪਰਮੇਸ਼ੁਰ ਦੇ ਪਰਬਤ ਦੇ ਨੇੜੇ ਜਿੱਥੇ ਫ਼ਲਿਸਤੀਆਂ ਦੀ ਚੌਂਕੀ ਹੈ ਪਹੁੰਚੇਗਾ ਅਤੇ ਅਜਿਹਾ ਹੋਵੇਗਾ ਜਦ ਤੂੰ ਉੱਥੇ ਸ਼ਹਿਰ ਵਿੱਚ ਦਾਖਿਲ ਹੋਵੇਂ ਤਾਂ ਇੱਕ ਨਬੀਆਂ ਦੀ ਟੋਲੀ ਤੈਨੂੰ ਮਿਲੇਗੀ ਜੋ ਉੱਥੇ ਉੱਚੇ ਸਥਾਨ ਤੋਂ ਉੱਤਰਦੀ ਹੋਵੇਗੀ ਅਤੇ ਉਹ ਰਬਾਬ, ਖੰਜਰੀ, ਬੰਸਰੀ ਤੇ ਬੀਨ ਆਪਣੇ ਅੱਗੇ ਲਈ ਆਉਂਦੇ ਹੋਣਗੇ ਅਤੇ ਉਹ ਅਗੰਮ ਵਾਕ ਕਰਦੇ ਹੋਣਗੇ।

6ਤਦ ਯਹੋਵਾਹ ਦਾ ਆਤਮਾ ਤੇਰੇ ਉੱਤੇ ਆਵੇਗਾ ਅਤੇ ਤੂੰ ਵੀ ਉਨ੍ਹਾਂ ਦੇ ਨਾਲ ਅਗੰਮ ਵਾਕ ਬੋਲੇਂਗਾ ਸਗੋਂ ਤੂੰ ਇੱਕ ਅਲੱਗ ਤਰ੍ਹਾਂ ਦਾ ਮਨੁੱਖ ਬਣ ਜਾਵੇਂਗਾ

7ਅਤੇ ਅਜਿਹਾ ਹੋਵੇਗਾ ਜਦ ਇਹ ਨਿਸ਼ਾਨੀਆਂ ਤੇਰੇ ਉੱਤੇ ਪਰਗਟ ਹੋਣ, ਫਿਰ ਜਿਸ ਕੰਮ ਨੂੰ ਕਰਨ ਦਾ ਤੈਨੂੰ ਮੌਕਾ ਮਿਲੇ ਉਸ ਨੂੰ ਕਰਨ ਵਿੱਚ ਲੱਗ ਜਾਣਾ; ਕਿਉਂ ਜੋ ਪਰਮੇਸ਼ੁਰ ਤੇਰੇ ਸੰਗ ਹੈ।

8ਤੂੰ ਮੇਰੇ ਨਾਲੋਂ ਪਹਿਲਾਂ ਗਿਲਗਾਲ ਵੱਲ ਜਾ, ਮੈਂ ਤੇਰੇ ਕੋਲ ਆਵਾਂਗਾ ਜੋ ਹੋਮ ਦੀਆਂ ਬਲੀਆਂ ਅਤੇ ਸੁੱਖ-ਸਾਂਦ ਦੀਆਂ ਬਲੀਆਂ ਚੜ੍ਹਾਵਾਂ। ਤੂੰ ਸੱਤਾਂ ਦਿਨਾਂ ਤੱਕ ਉੱਥੇ ਰਹਿ ਜਦ ਤੱਕ ਮੈਂ ਤੇਰੇ ਕੋਲ ਨਾ ਪਹੁੰਚਾ ਅਤੇ ਦੱਸਾਂ ਜੋ ਤੈਨੂੰ ਕੀ ਕਰਨਾ ਹੋਵੇਗਾ।

9ਜਿਵੇਂ ਹੀ ਉਹ ਸਮੂਏਲ ਕੋਲੋਂ ਮੁੜਿਆ ਤੇ ਪਿੱਠ ਫੇਰੀ ਤਾਂ ਉਸੇ ਵੇਲੇ ਪਰਮੇਸ਼ੁਰ ਨੇ ਉਸ ਨੂੰ ਇੱਕ ਨਵਾਂ ਮਨ ਦਿੱਤਾ ਅਤੇ ਉਹ ਸਭ ਨਿਸ਼ਾਨੀਆਂ ਉਸੇ ਦਿਨ ਪ੍ਰਗਟ ਹੋ ਗਈਆਂ।

10ਜਦ ਉਹ ਉਸ ਪਰਬਤ ਨੂੰ ਆਏ ਤਾਂ ਵੇਖੋ, ਉਸ ਨੂੰ ਇੱਕ ਨਬੀਆਂ ਦੀ ਟੋਲੀ ਮਿਲੀ ਅਤੇ ਪਰਮੇਸ਼ੁਰ ਦਾ ਆਤਮਾ ਉਹ ਦੇ ਉੱਤੇ ਜ਼ੋਰ ਨਾਲ ਆਇਆ ਅਤੇ ਉਹ ਵੀ ਉਨ੍ਹਾਂ ਨਾਲ ਅਗੰਮ ਵਾਕ ਬੋਲਣ ਲੱਗ ਪਿਆ

11ਅਤੇ ਜਦ ਉਹ ਦੇ ਜਾਣਨ ਵਾਲਿਆਂ ਨੇ ਉਹ ਨੂੰ ਨਬੀਆਂ ਦੇ ਵਿਚਕਾਰ ਅਗੰਮ ਵਾਕ ਬੋਲਦਿਆਂ ਦੇਖਿਆ ਤਾਂ ਇੱਕ ਦੂਜੇ ਨੂੰ ਆਖਣ ਲੱਗੇ, ਕੀਸ਼ ਦੇ ਪੁੱਤਰ ਨੂੰ ਕੀ ਹੋਇਆ? ਕੀ ਸ਼ਾਊਲ ਵੀ ਨਬੀਆਂ ਦੇ ਵਿੱਚ ਹੈ?

12ਉਨ੍ਹਾਂ ਵਿੱਚੋਂ ਇੱਕ ਨੇ ਉੱਤਰ ਦੇ ਕੇ ਆਖਿਆ, ਭਲਾ ਉਹਨਾਂ ਦਾ ਪਿਤਾ ਕੌਣ ਹੈ? ਤਦੋਂ ਦੀ ਇਹ ਕਹਾਉਤ ਬਣ ਗਈ, “ਭਲਾ, ਸ਼ਾਊਲ ਵੀ ਨਬੀਆਂ ਵਿੱਚੋਂ ਹੈ?”

13ਜਦ ਉਹ ਅਗੰਮ ਵਾਕ ਬੋਲ ਚੁੱਕਿਆ ਤਾਂ ਉੱਚੇ ਥਾਂ ਨੂੰ ਗਿਆ।

14ਉੱਥੇ ਸ਼ਾਊਲ ਦੇ ਚਾਚੇ ਨੇ ਉਹ ਨੂੰ ਅਤੇ ਉਹ ਦੇ ਟਹਿਲੂਏ ਨੂੰ ਆਖਿਆ, ਤੁਸੀਂ ਕਿੱਥੇ ਗਏ ਸੀ? ਉਹ ਨੇ ਆਖਿਆ, ਗਧੀਆਂ ਨੂੰ ਲੱਭਣ ਅਤੇ ਜਦ ਅਸੀਂ ਵੇਖਿਆ ਜੋ ਉਹ ਸਾਨੂੰ ਨਾ ਮਿਲੀਆਂ ਤਦ ਅਸੀਂ ਸਮੂਏਲ ਕੋਲ ਗਏ।

15ਫੇਰ ਸ਼ਾਊਲ ਦਾ ਚਾਚਾ ਬੋਲਿਆ, ਮੈਨੂੰ ਦੱਸ, ਸਮੂਏਲ ਨੇ ਤੈਨੂੰ ਕੀ ਆਖਿਆ?

16ਸ਼ਾਊਲ ਨੇ ਆਪਣੇ ਚਾਚੇ ਨੂੰ ਕਿਹਾ, ਉਸ ਨੇ ਸਾਨੂੰ ਸਿੱਧਾ ਆਖ ਦਿੱਤਾ ਕਿ ਗਧੀਆਂ ਲੱਭ ਪਈਆਂ ਹਨ ਪਰ ਜਿਹੜੀ ਉਹ ਨੂੰ ਸਮੂਏਲ ਨੇ ਰਾਜ ਦੀ ਗੱਲ ਆਖੀ ਸੀ ਉਹ ਨਾ ਦੱਸੀ।

17ਇਹ ਦੇ ਪਿੱਛੋਂ ਸਮੂਏਲ ਨੇ ਮਿਸਪਾਹ ਵਿੱਚ ਲੋਕਾਂ ਨੂੰ ਸੱਦ ਕੇ ਯਹੋਵਾਹ ਦੇ ਸਾਹਮਣੇ ਇਕੱਠਿਆਂ ਕੀਤਾ।

18ਅਤੇ ਇਸਰਾਏਲੀਆਂ ਨੂੰ ਆਖਿਆ ਜੋ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਹ ਆਖਦਾ ਹੈ, ਕਿ ਮੈਂ ਇਸਰਾਏਲ ਨੂੰ ਮਿਸਰ ਵਿੱਚੋਂ ਕੱਢ ਲਿਆਇਆ ਅਤੇ ਤੁਹਾਨੂੰ ਮਿਸਰੀਆਂ ਦੇ ਹੱਥੋਂ ਅਤੇ ਸਭਨਾਂ ਰਜਵਾੜਿਆਂ ਦੇ ਹੱਥੋਂ ਜਿਹੜੇ ਤੁਹਾਡੇ ਉੱਤੇ ਅਨ੍ਹੇਰ ਕਰਦੇ ਸਨ ਛੁਡਾ ਦਿੱਤਾ।

19ਪਰ ਅੱਜ ਤੁਸੀਂ ਆਪਣੇ ਪਰਮੇਸ਼ੁਰ ਨੂੰ ਛੱਡ ਦਿੱਤਾ ਜਿਸ ਨੇ ਤੁਹਾਡੀਆਂ ਸਾਰੀਆਂ ਬੁਰਿਆਈਆਂ ਅਤੇ ਤੁਹਾਡੇ ਦੁੱਖਾਂ ਤੋਂ ਤੁਹਾਡਾ ਛੁਟਕਾਰਾ ਕੀਤਾ ਤੁਸੀਂ ਉਹ ਨੂੰ ਆਖਿਆ, ਹਾਂ, ਸਾਡੇ ਲਈ ਇੱਕ ਰਾਜਾ ਨਿਯੁਕਤ ਕਰ। ਸੋ ਹੁਣ ਇੱਕ-ਇੱਕ ਗੋਤ ਪਿੱਛੇ ਹਜ਼ਾਰ-ਹਜ਼ਾਰ ਤੁਸੀਂ ਆਪਣੇ ਆਪ ਨੂੰ ਯਹੋਵਾਹ ਦੇ ਅੱਗੇ ਹਾਜ਼ਰ ਕਰੋ।

20ਜਦ ਸਮੂਏਲ ਨੇ ਇਸਰਾਏਲ ਦੇ ਸਾਰੇ ਗੋਤਾਂ ਨੂੰ ਇਕੱਠਿਆਂ ਕੀਤਾ ਤਾਂ ਬਿਨਯਾਮੀਨ ਗੋਤ ਦੇ ਨਾਮ ਤੇ ਪਰਚੀ ਨਿੱਕਲੀ

21ਅਤੇ ਜਦ ਉਹ ਨੇ ਬਿਨਯਾਮੀਨ ਦੇ ਗੋਤ ਨੂੰ ਉਸ ਦੇ ਟੱਬਰਾਂ ਦੇ ਅਨੁਸਾਰ ਨਜ਼ਦੀਕ ਬੁਲਾਇਆ ਤਾਂ ਮਤਰੀ ਦੇ ਟੱਬਰ ਦਾ ਨਾਮ ਨਿੱਕਲਿਆ ਅਤੇ ਫੇਰ ਕੀਸ਼ ਦੇ ਪੁੱਤਰ ਸ਼ਾਊਲ ਦਾ ਨਾਮ ਨਿੱਕਲਿਆ ਅਤੇ ਜਦ ਉਨ੍ਹਾਂ ਨੇ ਉਹ ਨੂੰ ਭਾਲਿਆ ਤਾਂ ਉਹ ਨਾ ਲੱਭਿਆ।

22ਸੋ ਉਨ੍ਹਾਂ ਨੇ ਫੇਰ ਯਹੋਵਾਹ ਕੋਲੋਂ ਪੁੱਛਿਆ, ਕੋਈ ਹੋਰ ਮਨੁੱਖ ਐਥੇ ਆਵੇਗਾ ਕਿ ਨਹੀਂ? ਯਹੋਵਾਹ ਨੇ ਆਖਿਆ, ਵੇਖੋ, ਉਹ ਸਮਾਨ ਵਿੱਚ ਲੁੱਕ ਰਿਹਾ ਹੈ।

23ਤਦ ਉਹ ਭੱਜ ਕੇ ਉੱਥੋਂ ਉਸ ਨੂੰ ਲੈ ਆਏ ਅਤੇ ਜਦ ਉਹ ਲੋਕਾਂ ਦੇ ਵਿਚਕਾਰ ਖੜ੍ਹਾ ਹੋਇਆ ਤਾਂ ਉਹ ਸਭਨਾਂ ਤੋਂ ਵੱਧ ਲੰਮਾ ਸੀ ਕਿਉਂ ਜੋ ਸਾਰੇ ਉਸ ਦੇ ਮੋਢੇ ਤੱਕ ਹੀ ਆਉਂਦੇ ਸਨ।

24ਸਮੂਏਲ ਨੇ ਲੋਕਾਂ ਨੂੰ ਆਖਿਆ, ਜਿਸ ਨੂੰ ਯਹੋਵਾਹ ਨੇ ਚੁਣਿਆ ਹੈ ਉਹ ਨੂੰ ਤੁਸੀਂ ਵੇਖੋ ਜੋ ਸਾਰਿਆਂ ਲੋਕਾਂ ਵਿੱਚ ਇਹ ਦੇ ਵਰਗਾ ਕੋਈ ਨਹੀਂ। ਤਦ ਸਾਰੇ ਲੋਕਾਂ ਨੇ ਜੈਕਾਰਾ ਬੁਲਾ ਕੇ ਆਖਿਆ, ਰਾਜਾ ਜਿਉਂਦਾ ਰਹੇ!

25ਫੇਰ ਸਮੂਏਲ ਨੇ ਲੋਕਾਂ ਨੂੰ ਰਾਜ ਦਾ ਵਰਣਨ ਕੀਤਾ ਅਤੇ ਪੋਥੀ ਵਿੱਚ ਲਿਖ ਕੇ ਯਹੋਵਾਹ ਦੇ ਸਾਹਮਣੇ ਰੱਖ ਦਿੱਤਾ। ਸਮੂਏਲ ਨੇ ਸਾਰੇ ਲੋਕਾਂ ਨੂੰ ਵਿਦਾ ਕੀਤਾ ਕਿ ਹਰ ਕੋਈ ਆਪੋ ਆਪਣੇ ਘਰ ਜਾਵੇ।

26ਸ਼ਾਊਲ ਵੀ ਗਿਬਆਹ ਨੂੰ ਆਪਣੇ ਘਰ ਗਿਆ ਅਤੇ ਲੋਕਾਂ ਦੀ ਇੱਕ ਟੋਲੀ ਜਿਨ੍ਹਾਂ ਦੇ ਮਨਾਂ ਨੂੰ ਪਰਮੇਸ਼ੁਰ ਨੇ ਉਭਾਰਿਆ ਸੀ ਉਹ ਦੇ ਨਾਲ ਗਈ।

27ਪਰ ਕੁਝ ਬੁਰੇ ਲੋਕ ਬੋਲੇ, ਇਹ ਮਨੁੱਖ ਸਾਨੂੰ ਕਿਵੇਂ ਬਚਾਵੇਗਾ? ਅਤੇ ਉਹ ਦੀ ਨਿੰਦਿਆ ਕੀਤੀ ਅਤੇ ਉਹ ਦੇ ਲਈ ਨਜ਼ਰਾਨਾ ਨਾ ਲਿਆਏ। ਪਰ ਉਸ ਨੇ ਸਾਰੀ ਗੱਲ ਨੂੰ ਸੁਣ ਕੇ ਅਣਸੁਣੀ ਕਰ ਦਿੱਤੀ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath