1 ਰਾਜਿਆਂ 9
1ਇਸ ਤਰ੍ਹਾਂ ਹੋਇਆ ਕਿ ਜਦ ਸੁਲੇਮਾਨ ਯਹੋਵਾਹ ਦੇ ਭਵਨ ਅਤੇ ਸ਼ਾਹੀ ਮਹਿਲ ਅਤੇ ਆਪਣੀ ਸਾਰੀ ਇੱਛਾ ਜਿਹੜੀ ਉਹ ਕਰਨਾ ਚਾਹੁੰਦਾ ਸੀ ਪੂਰੀ ਕਰ ਚੁੱਕਿਆ।
2ਤਦ ਯਹੋਵਾਹ ਨੇ ਸੁਲੇਮਾਨ ਨੂੰ ਦੋਬਾਰਾ ਦਰਸ਼ਣ ਦਿੱਤਾ ਜਿਵੇਂ ਉਹ ਨੇ ਗਿਬਓਨ ਵਿੱਚ ਦਰਸ਼ਣ ਦਿੱਤਾ ਸੀ।
3ਅਤੇ ਯਹੋਵਾਹ ਨੇ ਉਹ ਨੂੰ ਆਖਿਆ, ਕਿ ਮੈਂ ਤੇਰੀ ਪ੍ਰਾਰਥਨਾ ਅਤੇ ਬੇਨਤੀ ਜੋ ਤੂੰ ਮੇਰੇ ਅੱਗੇ ਕੀਤੀ ਸੁਣ ਲਿਆ ਹੈ। ਮੈਂ ਇਸ ਭਵਨ ਨੂੰ ਜੋ ਤੂੰ ਬਣਾਇਆ ਪਵਿੱਤਰ ਕੀਤਾ ਅਤੇ ਮੈਂ ਆਪਣਾ ਨਾਮ ਸਦਾ ਤੱਕ ਇੱਥੇ ਰੱਖਾਂਗਾ ਅਤੇ ਮੇਰੀਆਂ ਅੱਖਾਂ ਤੇ ਮੇਰਾ ਮਨ ਇੱਥੇ ਸਦਾ ਰਹੇਗਾ।
4ਜੇ ਤੂੰ ਮੇਰੇ ਸਨਮੁਖ ਮਨ ਦੀ ਸਚਿਆਈ ਤੇ ਧਰਮ ਨਾਲ ਚੱਲੇਂਗਾ ਜਿਵੇਂ ਤੇਰਾ ਪਿਤਾ ਦਾਊਦ ਚੱਲਦਾ ਰਿਹਾ ਅਤੇ ਉਹ ਸਭ ਜਿਹ ਦਾ ਮੈਂ ਤੈਨੂੰ ਹੁਕਮ ਦਿੱਤਾ ਪੂਰਾ ਕਰੇਂਗਾ ਅਤੇ ਮੇਰੀਆਂ ਬਿਧੀਆਂ ਅਤੇ ਨਿਯਮਾਂ ਦੀ ਪਾਲਣਾ ਕਰੇਂਗਾ।
5ਮੈਂ ਤੇਰੀ ਪਾਤਸ਼ਾਹੀ ਦੀ ਰਾਜ ਗੱਦੀ ਇਸਰਾਏਲ ਉੱਤੇ ਸਦਾ ਤੱਕ ਕਾਇਮ ਰੱਖਾਂਗਾ ਜਿਵੇਂ ਮੈਂ ਤੇਰੇ ਪਿਤਾ ਦਾਊਦ ਨਾਲ ਇਹ ਆਖ ਕੇ ਬਚਨ ਦਿੱਤਾ ਸੀ ਕਿ ਤੇਰੇ ਲਈ ਇਸਰਾਏਲ ਦੀ ਰਾਜ ਗੱਦੀ ਵਿਖੇ ਮਨੁੱਖ ਦੀ ਥੁੜ ਨਾ ਰਹੇਗੀ।
6ਪਰ ਜੇ ਤੁਸੀਂ ਜਾਂ ਤੁਹਾਡੀ ਸੰਤਾਨ ਮੈਥੋਂ ਫਿਰ ਜਾਵੋ ਅਤੇ ਤੁਸੀਂ ਮੇਰੇ ਹੁਕਮਾਂ ਤੇ ਬਿਧੀਆਂ ਨੂੰ ਜੋ ਮੈਂ ਤੁਹਾਡੇ ਅੱਗੇ ਰੱਖੀਆਂ ਨਾ ਮੰਨੋ ਸਗੋਂ ਜਾ ਕੇ ਦੂਜੇ ਦੇਵਤਿਆਂ ਦੀ ਪੂਜਾ ਕਰੋ ਅਤੇ ਉਨ੍ਹਾਂ ਅੱਗੇ ਮੱਥਾ ਟੇਕੋ।
7ਤਾਂ ਮੈਂ ਇਸਰਾਏਲ ਨੂੰ ਉਸ ਭੂਮੀ ਦੇ ਉੱਤੋਂ ਜੋ ਮੈਂ ਉਨ੍ਹਾਂ ਨੂੰ ਦਿੱਤੀ ਛੇਕ ਦਿਆਂਗਾ ਅਤੇ ਇਸ ਭਵਨ ਨੂੰ ਜੋ ਮੈਂ ਆਪਣੇ ਨਾਮ ਲਈ ਪਵਿੱਤਰ ਕੀਤਾ ਮੈਂ ਆਪਣੀ ਨਿਗਾਹ ਤੋਂ ਲਾਹ ਸੁੱਟਾਂਗਾ ਸੋ ਇਸਰਾਏਲ ਸਾਰੇ ਲੋਕਾਂ ਵਿੱਚ ਇੱਕ ਕਹਾਉਤ ਤੇ ਮਖ਼ੌਲ ਬਣ ਜਾਵੇਗਾ।
8ਭਾਵੇਂ ਇਹ ਭਵਨ ਅੱਤ ਉੱਚਾ ਹੈ ਪਰ ਹਰ ਲੰਘਣ ਵਾਲਾ ਅਚਰਜ਼ ਹੋਵੇਗਾ ਅਤੇ ਧਿੱਤਕਾਰ ਦੇ ਕੇ ਆਖੇਗਾ ਕਿ ਯਹੋਵਾਹ ਨੇ ਇਸ ਦੇਸ ਅਤੇ ਇਸ ਭਵਨ ਨਾਲ ਅਜਿਹਾ ਕਿਉਂ ਕੀਤਾ?
9ਤਦ ਉਹ ਆਖਣਗੇ ਇਸ ਲਈ ਕਿ ਉਨ੍ਹਾਂ ਨੇ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਤਿਆਗ ਦਿੱਤਾ ਜਿਹੜਾ ਉਨ੍ਹਾਂ ਦੇ ਪੁਰਖਿਆਂ ਨੂੰ ਮਿਸਰ ਦੇਸ ਵਿੱਚੋਂ ਕੱਢ ਲਿਆਇਆ ਅਤੇ ਉਹ ਦੂਜੇ ਦੇਵਤਿਆਂ ਦੇ ਪਿੱਛੇ ਲੱਗ ਗਏ ਅਤੇ ਉਨ੍ਹਾਂ ਅੱਗੇ ਮੱਥਾ ਟੇਕਿਆ ਅਤੇ ਉਨ੍ਹਾਂ ਦੀ ਪੂਜਾ ਕੀਤੀ ਇਸ ਲਈ ਯਹੋਵਾਹ ਉਨ੍ਹਾਂ ਉੱਤੇ ਇਹ ਸਾਰੀ ਬੁਰਿਆਈ ਲਿਆਇਆ ਹੈ।
10ਇਸ ਤਰ੍ਹਾਂ ਹੋਇਆ ਕਿ ਵੀਹਾਂ ਸਾਲਾਂ ਦੇ ਅੰਤ ਵਿੱਚ ਜਦ ਸੁਲੇਮਾਨ ਇਹ ਦੋਵੇਂ ਥਾਂ ਅਰਥਾਤ ਯਹੋਵਾਹ ਦਾ ਭਵਨ ਅਤੇ ਪਾਤਸ਼ਾਹ ਦਾ ਮਹਿਲ ਬਣਾ ਚੁੱਕਿਆ।
11ਤਦ ਸੁਲੇਮਾਨ ਪਾਤਸ਼ਾਹ ਨੇ ਹੀਰਾਮ ਨੂੰ ਗਲੀਲ ਦੇ ਦੇਸ ਵਿੱਚ ਵੀਹ ਨਗਰ ਦਿੱਤੇ ਕਿਉਂ ਜੋ ਸੂਰ ਦੇ ਰਾਜਾ ਹੀਰਾਮ ਨੇ ਸੁਲੇਮਾਨ ਨੂੰ ਦਿਆਰ ਦੇ ਰੁੱਖ ਅਤੇ ਚੀਲ ਦੇ ਰੁੱਖ ਤੇ ਸੋਨਾ ਜਿਨ੍ਹਾਂ ਉਹ ਚਾਹੁੰਦਾ ਸੀ ਦਿੱਤਾ।
12ਜਦ ਹੀਰਾਮ ਸੂਰ ਤੋਂ ਉਨ੍ਹਾਂ ਨਗਰਾਂ ਨੂੰ ਜੋ ਸੁਲੇਮਾਨ ਨੇ ਉਹ ਨੂੰ ਦਿੱਤੇ ਸਨ ਵੇਖਣ ਲਈ ਆਇਆ ਤਾਂ ਉਹ ਉਸ ਨੂੰ ਚੰਗੇ ਨਾ ਲੱਗੇ।
13ਤਾਂ ਉਸ ਨੇ ਆਖਿਆ, ਹੇ ਮੇਰੇ ਭਰਾ ਇਹ ਕਿਹੋ ਜਿਹੇ ਨਗਰ ਹਨ ਜੋ ਤੂੰ ਮੈਨੂੰ ਦਿੱਤੇ? ਸੋ ਉਸ ਉਨ੍ਹਾਂ ਨੂੰ ਕਾਬੂਲ ਦਾ ਦੇਸ ਆਖਿਆ ਜੋ ਅੱਜ ਤੱਕ ਹੈ।
14ਹੀਰਾਮ ਨੇ ਪਾਤਸ਼ਾਹ ਕੋਲ ਚਾਰ ਹਜ਼ਾਰ ਕਿੱਲੋ ਦੇ ਲੱਗਭੱਗ ਸੋਨਾ ਭੇਜਿਆ।
15ਉਸ ਬੇਗਾਰ ਦੇ ਕਾਰਨ ਜਿਹੜੀ ਸੁਲੇਮਾਨ ਪਾਤਸ਼ਾਹ ਨੇ ਲੋਕਾਂ ਉੱਤੇ ਪਾਈ ਇਹ ਸੀ ਕਿ ਉਹ ਯਹੋਵਾਹ ਦਾ ਭਵਨ ਤੇ ਆਪਣਾ ਮਹਿਲ ਬਣਾਏ ਅਤੇ ਖੱਡੇ ਭਰੇ ਤੇ ਯਰੂਸ਼ਲਮ ਦੀ ਸਫੀਲ ਤੇ ਹਾਸੋਰ ਤੇ ਮਗਿੱਦੋ ਤੇ ਗਜ਼ਰ ਨਗਰ ਬਣਾਏ।
16ਮਿਸਰ ਦਾ ਰਾਜਾ ਫ਼ਿਰਊਨ ਚੜ੍ਹ ਆਇਆ ਅਤੇ ਉਸ ਨੇ ਗਜ਼ਰ ਨਗਰ ਨੂੰ ਅੱਗ ਨਾਲ ਸਾੜ ਦਿੱਤਾ ਅਤੇ ਉਨ੍ਹਾਂ ਕਨਾਨੀਆਂ ਨੂੰ ਜੋ ਸ਼ਹਿਰ ਵਿੱਚ ਵੱਸਦੇ ਸਨ ਵੱਢ ਸੁੱਟਿਆ ਫੇਰ ਆਪਣੀ ਧੀ ਨੂੰ ਜਿਹੜੀ ਸੁਲੇਮਾਨ ਦੀ ਰਾਣੀ ਸੀ, ਇਹ ਦਾਜ ਵਿੱਚ ਦੇ ਦਿੱਤਾ।
17ਸੁਲੇਮਾਨ ਨੇ ਗਜ਼ਰ ਅਤੇ ਹੇਠਲਾ ਬੈਤ-ਹੋਰੋਨ ਬਣਾਏ।
18ਨਾਲੇ ਬਆਲਾਥ ਤੇ ਤਾਮਾਰ ਤਲਾਬ ਜੋ ਉਸ ਦੇਸ ਦੀ ਉਜਾੜ ਵਿੱਚ ਸਨ।
19ਨਾਲੇ ਸੁਲੇਮਾਨ ਦੇ ਸਾਰੇ ਭੰਡਾਰ ਦੇ ਸ਼ਹਿਰ ਤੇ ਰਥਾਂ ਲਈ ਸ਼ਹਿਰ ਤੇ ਸਵਾਰਾਂ ਦੇ ਸ਼ਹਿਰ ਅਤੇ ਜੋ ਕੁਝ ਸੁਲੇਮਾਨ ਆਪਣੀ ਖੁਸ਼ੀ ਲਈ ਯਰੂਸ਼ਲਮ ਵਿੱਚ ਅਤੇ ਲਬਾਨੋਨ ਵਿੱਚ ਅਤੇ ਆਪਣੇ ਰਾਜ ਦੇ ਸਾਰੇ ਦੇਸ ਵਿੱਚ ਬਣਾਉਣਾ ਚਾਹੁੰਦਾ ਸੀ।
20ਅਮੋਰੀਆਂ, ਹਿੱਤੀਆਂ, ਫ਼ਰਿੱਜ਼ੀਆਂ, ਹਿੱਵੀਆਂ ਤੇ ਯਬੂਸੀਆਂ ਵਿੱਚੋਂ ਸਾਰਾ ਬਕੀਆ ਜੋ ਇਸਰਾਏਲੀ ਨਹੀਂ ਸਨ।
21ਅਰਥਾਤ ਉਨ੍ਹਾਂ ਦੀ ਸੰਤਾਨ ਜਿਹੜੀ ਦੇਸ ਵਿੱਚ ਉਨ੍ਹਾਂ ਦੇ ਮਗਰੋਂ ਰਹਿ ਗਈ ਸੀ ਜਿਨ੍ਹਾਂ ਦਾ ਨਾਸ ਇਸਰਾਏਲੀ ਨਾ ਕਰ ਸਕੇ, ਉਨ੍ਹਾਂ ਨੂੰ ਸੁਲੇਮਾਨ ਨੇ ਦਾਸ ਬਣਾ ਕੇ ਬੇਗਾਰੀ ਮੁਕੱਰਰ ਕੀਤਾ, ਜੋ ਅੱਜ ਦੇ ਦਿਨ ਤੱਕ ਹੈ।
22ਪਰ ਇਸਰਾਏਲੀਆਂ ਵਿੱਚੋਂ ਸੁਲੇਮਾਨ ਨੇ ਬੇਗਾਰੀ ਨਾ ਬਣਾਏ। ਉਹ ਯੋਧੇ ਤੇ ਉਸ ਦੇ ਟਹਿਲੂਏ ਤੇ ਉਹ ਦੇ ਸਰਦਾਰ ਤੇ ਉਹ ਦੇ ਅਫ਼ਸਰ ਤੇ ਉਹ ਦੇ ਰਥਾਂ ਦੇ ਸਰਦਾਰ ਤੇ ਉਹ ਦੇ ਸਵਾਰ ਸਨ।
23ਇਹ ਸਾਢੇ ਪੰਜ ਸੋ ਚੌਧਰੀਆਂ ਦੇ ਸਰਦਾਰ ਸਨ ਜੋ ਸੁਲੇਮਾਨ ਦੇ ਕੰਮ ਉੱਤੇ ਸਨ ਨਾਲੇ ਉਨ੍ਹਾਂ ਲੋਕਾਂ ਦੇ ਉੱਤੇ ਜਿਹੜੇ ਕੰਮ ਕਰਦੇ ਸਨ।
24ਪਰ ਫ਼ਿਰਊਨ ਦੀ ਧੀ ਦਾਊਦ ਦੇ ਸ਼ਹਿਰ ਤੋਂ ਆਪਣੇ ਮਹਿਲ ਵਿੱਚ ਜਿਹੜਾ ਉਸ ਨੇ ਉਹ ਦੇ ਲਈ ਬਣਾਇਆ ਸੀ ਆਈ ਤਦ ਉਸ ਨੇ ਮਿੱਲੋ ਬਣਾਇਆ।
25ਸਾਲ ਵਿੱਚ ਤਿੰਨ ਵਾਰ ਸੁਲੇਮਾਨ ਹੋਮ ਤੇ ਸੁੱਖ-ਸਾਂਦ ਦੀਆਂ ਬਲੀਆਂ ਉਸ ਜਗਵੇਦੀ ਉੱਤੇ ਜਿਹੜੀ ਉਸ ਨੇ ਯਹੋਵਾਹ ਲਈ ਬਣਾਈ ਚੜ੍ਹਾਉਂਦਾ ਹੁੰਦਾ ਸੀ ਅਤੇ ਉਹ ਦੇ ਨਾਲ ਉਸ ਜਗਵੇਦੀ ਉੱਤੇ ਜਿਹੜੀ ਯਹੋਵਾਹ ਦੇ ਅੱਗੇ ਸੀ ਧੂਪ ਧੁਖਾਉਂਦਾ ਹੁੰਦਾ ਸੀ। ਸੋ ਉਸ ਨੇ ਭਵਨ ਨੂੰ ਸੰਪੂਰਨ ਕੀਤਾ।
26ਸੁਲੇਮਾਨ ਪਾਤਸ਼ਾਹ ਨੇ ਜਹਾਜ਼ਾਂ ਦਾ ਬੇੜਾ ਅਸਯੋਨ-ਗਬਰ ਵਿੱਚ ਜੋ ਏਲੋਥ ਕੋਲ ਲਾਲ ਸਮੁੰਦਰ ਦੇ ਕੰਢੇ ਉੱਤੇ ਅਦੋਮ ਦੇਸ ਵਿੱਚ ਹੈ ਬਣਾਇਆ।
27ਅਤੇ ਹੀਰਾਮ ਨੇ ਜਹਾਜ਼ ਵਿੱਚ ਆਪਣੇ ਸੇਵਕ ਜੋ ਸਮੁੰਦਰ ਤੋਂ ਵਾਕਫ਼ ਮਲਾਹ ਸਨ ਸੁਲੇਮਾਨ ਦੇ ਸੇਵਕਾਂ ਨਾਲ ਭੇਜੇ।
28ਉਹ ਓਫੀਰ ਵਿੱਚ ਆਏ ਅਤੇ ਉੱਥੋਂ ਚੌਦਾਂ ਹਜ਼ਾਰ ਕਿੱਲੋ ਸੋਨਾ ਲੈ ਕੇ ਸੁਲੇਮਾਨ ਪਾਤਸ਼ਾਹ ਕੋਲ ਆਏ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath