1 ਰਾਜਿਆਂ 7
1ਸੁਲੇਮਾਨ ਨੇ ਆਪਣੇ ਮਹਿਲ ਨੂੰ ਤੇਰ੍ਹਾਂ ਸਾਲਾਂ ਵਿੱਚ ਬਣਾਇਆ ਅਤੇ ਸਾਰੇ ਮਹਿਲ ਨੂੰ ਸੰਪੂਰਨ ਕੀਤਾ।
2ਉਸ ਨੇ “ਲਬਾਨੋਨ ਬਣ ਦੀ ਲੱਕੜ ਨਾਲ ਮਹਿਲ” ਬਣਾਇਆ ਜਿਹ ਦੀ ਲੰਬਾਈ ਸੌ ਹੱਥ, ਚੁੜਾਈ ਪੰਜਾਹ ਹੱਥ ਅਤੇ ਉਚਾਈ ਤੀਹ ਹੱਥ ਦੀ ਸੀ ਅਤੇ ਉਹ ਦਿਆਰ ਦੇ ਥੰਮਾਂ ਦੀਆਂ ਚਾਰ ਕਤਾਰਾਂ ਉੱਤੇ ਸੀ ਅਤੇ ਥੰਮਾਂ ਦੇ ਉੱਤੇ ਦਿਆਰ ਦੇ ਸ਼ਤੀਰ ਸਨ।
3ਉਹ ਬਾਲਿਆਂ ਦੇ ਉੱਪਰਲੀ ਵੱਲੋਂ ਦਿਆਰ ਨਾਲ ਢੱਕਿਆ ਗਿਆ ਜਿਹੜੇ ਪੰਤਾਲੀਆਂ ਥੰਮਾਂ ਉੱਤੇ ਸਨ ਅਤੇ ਇੱਕ-ਇੱਕ ਕਤਾਰ ਵਿੱਚ ਪੰਦਰਾਂ-ਪੰਦਰਾਂ ਸਨ।
4ਤਿੰਨ ਕਤਾਰਾਂ ਚੁਗਾਠਾਂ ਦੀਆਂ ਸਨ ਅਤੇ ਖਿੜਕੀਆਂ ਆਹਮੋ-ਸਾਹਮਣੇ ਤਿੰਨ ਸਤਰਾਂ ਵਿੱਚ ਸਨ।
5ਸਾਰੇ ਦਰਵਾਜ਼ੇ ਅਤੇ ਚੁਗਾਠਾਂ ਚੌਰਸ ਸਨ ਅਤੇ ਖਿੜਕੀਆਂ ਆਹਮੋ-ਸਾਹਮਣੇ ਤਿੰਨ ਮੰਜ਼ਲਾਂ ਵਿੱਚ ਸਨ।
6ਉਸ ਨੇ ਥੰਮਾਂ ਦਾ ਇੱਕ ਦਲਾਨ ਬਣਾਇਆ ਜਿਸ ਦੀ ਲੰਬਾਈ ਪੰਜਾਹ ਹੱਥ, ਚੁੜਾਈ ਤੀਹ ਹੱਥ ਅਤੇ ਇੱਕ ਦਲਾਨ ਉਸ ਦੇ ਸਾਹਮਣੇ ਸੀ ਅਤੇ ਉਨ੍ਹਾਂ ਦੇ ਅੱਗੇ ਥੰਮ੍ਹ ਅਤੇ ਇੱਕ ਚਬੂਤਰਾ ਸੀ।
7ਉਸ ਨੇ ਇੱਕ ਦਲਾਨ ਰਾਜ ਗੱਦੀ ਲਈ ਬਣਾਇਆ ਜਿੱਥੇ ਉਹ ਨਿਆਂ ਕਰਦਾ ਸੀ ਅਰਥਾਤ ਨਿਆਂ ਦਾ ਦਲਾਨ ਅਤੇ ਉਹ ਥੱਲਿਓਂ ਛੱਤ ਤੱਕ ਦਿਆਰ ਨਾਲ ਢੱਕਿਆ ਗਿਆ।
8ਉਸ ਦਾ ਮਹਿਲ ਜਿੱਥੇ ਉਹ ਰਹਿੰਦਾ ਸੀ ਅਤੇ ਚੌਂਕ ਜਿਹੜਾ ਮਹਿਲ ਦੇ ਦਲਾਨ ਦੇ ਪਿਛਵਾੜੇ ਸੀ ਉਹ ਉਸੇ ਕਾਰੀਗਰੀ ਦਾ ਸੀ ਅਤੇ ਉਸ ਨੇ ਇੱਕ ਮਹਿਲ ਫ਼ਿਰਊਨ ਦੀ ਧੀ ਲਈ ਬਣਾਇਆ ਜਿਸ ਨੂੰ ਸੁਲੇਮਾਨ ਨੇ ਵਿਆਹ ਲਿਆ ਸੀ। ਉਹ ਇਸੇ ਦਲਾਨ ਵਰਗਾ ਸੀ।
9ਇਹ ਸਾਰੇ ਅੰਦਰੋਂ ਬਾਹਰੋਂ ਬਹੁਮੁੱਲੇ ਪੱਥਰਾਂ ਦੇ ਸਨ ਜਿਨ੍ਹਾਂ ਦੀ ਘੜਤ ਮਿਣਤੀ ਦੇ ਅਨੁਸਾਰ ਸੀ ਅਤੇ ਆਰੇ ਨਾਲ ਚੀਰੇ ਹੋਏ ਸਨ ਅਰਥਾਤ ਨੀਂਹ ਤੋਂ ਲੈ ਕੇ ਛੱਜੇ ਤੱਕ ਅਤੇ ਬਾਹਰ ਵੱਡੇ ਵਿਹੜੇ ਤੱਕ।
10ਨੀਂਹਾਂ ਬਹੁਮੁੱਲੇ ਪੱਥਰਾਂ ਦੀ ਅਤੇ ਵੱਡੇ-ਵੱਡੇ ਪੱਥਰਾਂ ਦੀ ਸੀ ਅਰਥਾਤ ਦਸ ਹੱਥ ਦੇ ਪੱਥਰ ਅਤੇ ਅੱਠ ਹੱਥ ਦੇ ਪੱਥਰ।
11ਉੱਤੇ ਵੀ ਬਹੁਮੁੱਲੇ ਅਤੇ ਮਿਣਤੀ ਅਨੁਸਾਰ ਘੜੇ ਹੋਏ ਪੱਥਰ ਸਨ ਨਾਲੇ ਦਿਆਰ ਸੀ।
12ਵੱਡੇ ਵਿਹੜੇ ਦੇ ਦੁਆਲੇ ਤਿੰਨ ਰੱਦੇ ਘੜੇ ਹੋਏ ਪੱਥਰਾਂ ਦੇ ਸਨ ਅਤੇ ਇੱਕ ਦਿਆਰ ਦੇ ਸ਼ਤੀਰਾਂ ਦਾ ਸੀ। ਇਸ ਤਰ੍ਹਾਂ ਯਹੋਵਾਹ ਦੇ ਭਵਨ ਦੇ ਅੰਦਰਲੇ ਚੌਂਕ ਲਈ ਅਤੇ ਮਹਿਲ ਦੇ ਦਲਾਨ ਲਈ ਵੀ ਸੀ।
13ਸੁਲੇਮਾਨ ਪਾਤਸ਼ਾਹ ਨੇ ਸੁਨੇਹਾ ਭੇਜ ਕੇ ਹੂਰਾਮ ਨੂੰ ਸੂਰ ਤੋਂ ਬੁਲਾ ਲਿਆ।
14ਉਹ ਨਫ਼ਤਾਲੀ ਦੇ ਗੋਤ ਵਿੱਚੋਂ ਵਿਧਵਾ ਦਾ ਪੁੱਤਰ ਸੀ, ਅਤੇ ਉਹ ਦਾ ਪਿਤਾ ਇੱਕ ਸੂਰੀ ਠਠਿਆਰ ਸੀ। ਉਹ ਬੁੱਧ, ਸਮਝ ਅਤੇ ਹੁਨਰ ਵਿੱਚ ਇਸ ਤਰ੍ਹਾਂ ਭਰਪੂਰ ਸੀ ਕਿ ਉਹ ਪਿੱਤਲ ਦੇ ਸਾਰੇ ਕੰਮ ਕਰ ਸਕੇ। ਉਹ ਸੁਲੇਮਾਨ ਪਾਤਸ਼ਾਹ ਕੋਲ ਆਇਆ ਅਤੇ ਉਸ ਦਾ ਸਾਰਾ ਕੰਮ ਕੀਤਾ।
15ਉਹ ਨੇ ਪਿੱਤਲ ਨੂੰ ਢਾਲ਼ ਕੇ ਥੰਮ੍ਹ ਬਣਾਏ ਇੱਕ ਥੰਮ੍ਹ ਦੀ ਉਚਿਆਈ ਅਠਾਰਾਂ ਹੱਥ ਸੀ ਅਤੇ ਦੂਜੇ ਦਾ ਘੇਰ ਬਾਰਾਂ ਹੱਥ ਦੀ ਰੱਸੀ ਦੇ ਨਾਪ ਦਾ ਸੀ।
16ਉਹ ਨੇ ਥੰਮਾਂ ਦੇ ਸਿਰਾਂ ਉੱਤੇ ਦੇਣ ਲਈ ਦੋ ਮੁਕਟ ਪਿੱਤਲ ਢਾਲ਼ ਕੇ ਬਣਾਏ। ਇੱਕ ਪੰਜ ਹੱਥ ਉੱਚਾ ਸੀ ਅਤੇ ਦੂਜਾ ਵੀ ਪੰਜ ਹੱਥ ਉੱਚਾ ਸੀ।
17ਥੰਮਾਂ ਦੇ ਸਿਰਾਂ ਉੱਪਰਲੇ ਮੁਕਟਾਂ ਲਈ ਬਣਤ ਦੀਆਂ ਜਾਲੀਆਂ ਅਤੇ ਗੋਠਵੀਆਂ ਮਾਲਾਂ ਸਨ, ਸੱਤ ਇੱਕ ਮੁਕਟ ਲਈ ਸੱਤ ਦੂਜੇ ਮੁਕਟ ਲਈ।
18ਇਸੇ ਤਰ੍ਹਾਂ ਉਸ ਨੇ ਥੰਮਾਂ ਨੂੰ ਬਣਾਇਆ ਅਤੇ ਇੱਕ-ਇੱਕ ਜਾਲੀ ਉੱਤੇ ਦੋ ਕਤਾਰਾਂ ਅਨਾਰਾਂ ਦੀਆਂ ਦੁਆਲੇ ਬਣਾਈਆਂ, ਤਾਂ ਜੋ ਉਨ੍ਹਾਂ ਦੋਹਾਂ ਮੁਕਟਾਂ ਨੂੰ ਜੋ ਉਨ੍ਹਾਂ ਦੋਹਾਂ ਥੰਮਾਂ ਦੇ ਸਿਰਾਂ ਉੱਤੇ ਸਨ ਢੱਕਣ ਅਤੇ ਇਸੇ ਤਰ੍ਹਾਂ ਦੂਜੇ ਮੁਕਟ ਲਈ ਬਣਾਇਆ।
19ਉਹ ਮੁਕਟ ਜਿਹੜੇ ਥੰਮਾਂ ਦੇ ਸਿਰਾਂ ਉੱਤੇ ਦਲਾਨ ਵਿੱਚ ਸਨ ਚਾਰ ਹੱਥ ਤੱਕ ਸੋਸਨੀ ਕੰਮ ਦੇ ਸਨ।
20ਉਨ੍ਹਾਂ ਦੋਹਾਂ ਥੰਮਾਂ ਦੇ ਉੱਤੇ ਉਤਾਹਾਂ ਵੀ ਮੁਕਟ ਸਨ ਜੋ ਉਸ ਗੁਲਾਈ ਦੇ ਕੋਲ ਸਨ ਜਿਹੜੀ ਜਾਲੀ ਦੇ ਨਾਲ ਲਗਵੀਂ ਸੀ, ਅਨਾਰ ਬਣੇ ਹੋਏ ਸਨ ਅਰਥਾਤ ਉਸ ਦੂਜੇ ਮੁਕਟ ਉੱਤੇ ਆਲੇ-ਦੁਆਲੇ ਕਤਾਰਾਂ ਵਿੱਚ ਦੋ ਸੌ ਅਨਾਰ ਸਨ।
21ਉਹ ਨੇ ਹੈਕਲ ਦੇ ਬਰਾਂਡੇ ਕੋਲ ਥੰਮ੍ਹ ਟਿਕਾ ਦਿੱਤੇ ਇੱਕ ਥੰਮ੍ਹ ਸੱਜੇ ਪਾਸੇ ਟਿਕਾਇਆ ਅਤੇ ਉਸ ਦਾ ਨਾਮ ਯਾਕੀਨ ਰੱਖਿਆ ਅਤੇ ਦੂਜਾ ਥੰਮ੍ਹ ਖੱਬੇ ਪਾਸੇ ਟਿਕਾਇਆ ਅਤੇ ਉਸ ਦਾ ਨਾਮ ਬੋਅਜ਼ ਰੱਖਿਆ।
22ਥੰਮਾਂ ਦੇ ਸਿਰਾਂ ਉੱਤੇ ਸੋਸਨੀ ਕੰਮ ਸੀ, ਸੋ ਥੰਮਾਂ ਦਾ ਕੰਮ ਸੰਪੂਰਨ ਹੋਇਆ।
23ਫੇਰ ਉਹ ਨੇ ਇੱਕ ਸਾਗਰੀ ਹੌਦ ਢਾਲ਼ ਕੇ ਬਣਾਇਆ ਜਿਹੜਾ ਕੰਢੇ ਤੋਂ ਕੰਢੇ ਤੱਕ ਦਸ ਹੱਥ ਸੀ। ਉਹ ਚੁਫ਼ੇਰਿਓਂ ਗੋਲ ਸੀ, ਉਹ ਪੰਜ ਹੱਥ ਉੱਚਾ ਸੀ ਅਤੇ ਉਸ ਦਾ ਘੇਰਾ ਤੀਹ ਹੱਥ ਦੀ ਰੱਸੀ ਨਾਲ ਮਿਣਿਆ ਹੋਇਆ ਸੀ।
24ਉਸ ਦੇ ਕੰਢੇ ਦੇ ਹੇਠ ਆਲੇ-ਦੁਆਲੇ ਗੋਲੇ ਇੱਕ ਹੱਥ ਵਿੱਚ ਦਸ ਸਨ, ਜਿਹੜੇ ਸਾਗਰੀ ਹੌਦ ਦੇ ਚੁਫ਼ੇਰੇ ਸਨ। ਗੋਲੇ ਦੋ ਕਤਾਰਾਂ ਵਿੱਚ ਸਨ ਅਤੇ ਉਹ ਉਸ ਦੇ ਨਾਲ ਹੀ ਢਾਲ਼ੇ ਹੋਏ ਸਨ।
25ਉਹ ਬਾਰਾਂ ਬਲ਼ਦਾਂ ਦੇ ਉੱਤੇ ਧਰਿਆ ਹੋਇਆ ਸੀ। ਤਿੰਨਾਂ ਦੇ ਮੂੰਹ ਉੱਤਰ ਵੱਲ, ਤਿੰਨਾਂ ਦੇ ਮੂੰਹ ਪੱਛਮ ਵੱਲ, ਤਿੰਨਾਂ ਦੇ ਮੂੰਹ ਦੱਖਣ ਵੱਲ ਅਤੇ ਤਿੰਨਾਂ ਦੇ ਮੂੰਹ ਪੂਰਬ ਵੱਲ ਸਨ। ਸਾਗਰੀ ਹੌਦ ਉਨ੍ਹਾਂ ਦੇ ਉੱਤੇ ਧਰਿਆ ਹੋਇਆ ਸੀ ਅਤੇ ਉਨ੍ਹਾਂ ਸਾਰਿਆਂ ਦੇ ਪਿਛਲੇ ਅੰਗ ਅੰਦਰਵਾਰ ਨੂੰ ਸਨ।
26ਉਸ ਦੀ ਮੋਟਾਈ ਇੱਕ ਚੱਪਾ ਭਰ ਸੀ। ਉਸ ਦੇ ਕੰਢੇ ਕਟੋਰੇ ਦੇ ਕੰਢੇ ਵਾਂਗੂੰ ਸੋਸਨ ਦੇ ਫੁੱਲਾਂ ਵਰਗੇ ਸਨ ਅਤੇ ਉਸ ਦੇ ਵਿੱਚ ਚਾਲ੍ਹੀ ਹਜ਼ਾਰ ਲੀਟਰ ਸਮਾਉਂਦਾ ਸੀ।
27ਉਸ ਨੇ ਦਸ ਕੁਰਸੀਆਂ ਪਿੱਤਲ ਦੀਆਂ ਬਣਾਈਆਂ। ਉਨ੍ਹਾਂ ਵਿੱਚ ਇੱਕ-ਇੱਕ ਕੁਰਸੀ ਦੀ ਲੰਬਾਈ ਚਾਰ ਹੱਥ, ਚੁੜਾਈ ਚਾਰ ਹੱਥ ਅਤੇ ਉਚਿਆਈ ਤਿੰਨ ਹੱਥ ਸੀ।
28ਉਨ੍ਹਾਂ ਕੁਰਸੀਆਂ ਦੀ ਬਣਤ ਇਸ ਤਰ੍ਹਾਂ ਸੀ ਕਿ ਉਨ੍ਹਾਂ ਦੀਆਂ ਪਟੜੀਆਂ ਸਨ ਅਤੇ ਪਟੜੀਆਂ ਵਿੱਚ ਜੋੜ ਸਨ।
29ਪਟੜੀਆਂ ਦੇ ਉੱਤੇ ਜਿਹੜੀਆਂ ਜੋੜਾਂ ਵਿੱਚ ਸਨ ਸ਼ੇਰ ਬਲ਼ਦ ਅਤੇ ਕਰੂਬ ਸਨ ਅਤੇ ਜੋੜ ਦੇ ਉੱਤੇ ਵੀ ਇਸੇ ਤਰ੍ਹਾਂ ਹੀ ਸੀ ਅਤੇ ਸ਼ੇਰਾਂ ਅਤੇ ਬਲ਼ਦਾਂ ਦੇ ਹੇਠ ਲਟਕਵੇਂ ਹਾਰ ਸਨ।
30ਹਰ ਕੁਰਸੀ ਲਈ ਪਿੱਤਲ ਦੇ ਚਾਰ ਪਹੀਏ ਸਨ ਅਤੇ ਉਨ੍ਹਾਂ ਦੀਆਂ ਧੁਰਾਂ ਪਿੱਤਲ ਦੀਆਂ ਸਨ। ਉਨ੍ਹਾਂ ਦੇ ਚੋਹਾਂ ਪਹੀਆਂ ਹੇਠ ਫਰਸ਼ੀਆਂ ਸਨ ਹੌਦ ਦੇ ਹੇਠ ਢਲਵੀਆਂ ਫਰਸ਼ੀਆਂ ਸਨ ਅਤੇ ਹਰ ਇੱਕ ਦੇ ਪਾਸੇ ਉੱਤੇ ਹਾਰ ਸਨ।
31ਉਹ ਦਾ ਮੂੰਹ ਮੁਕਟ ਦੇ ਵਿੱਚ ਅਤੇ ਉੱਤੇ ਇੱਕ ਹੱਥ ਸੀ। ਉਹ ਦਾ ਮੂੰਹ ਗੋਲ ਅਤੇ ਕੁਰਸੀ ਦੀ ਬਣਤ ਅਨੁਸਾਰ ਡੇਢ ਹੱਥ ਸੀ ਅਤੇ ਉਹ ਦੇ ਮੂੰਹ ਦੇ ਉੱਤੇ ਵੀ ਉੱਕਰਾਈ ਦਾ ਕੰਮ ਸੀ ਅਤੇ ਉਨ੍ਹਾਂ ਦੀਆਂ ਪਟੜੀਆਂ ਚੋਰਸ ਸਨ, ਗੋਲ ਨਹੀਂ ਸਨ।
32ਉਹ ਚਾਰ ਪਹੀਏ ਉਨ੍ਹਾਂ ਪਟੜੀਆਂ ਦੇ ਹੇਠ ਸਨ ਅਤੇ ਪਹੀਆਂ ਦੇ ਧੁਰੇ ਕੁਰਸੀ ਵਿੱਚ ਲੱਗੇ ਹੋਏ ਸਨ ਅਤੇ ਹਰ ਪਹੀਏ ਦੀ ਉਚਿਆਈ ਡੇਢ ਹੱਥ ਸੀ।
33ਪਹੀਏ ਦੀ ਬਣਤਰ ਰਥ ਦੇ ਪਹੀਆਂ ਦੀ ਬਣਤਰ ਵਾਂਗੂੰ ਸੀ, ਉਨ੍ਹਾਂ ਦੇ ਧੁਰੇ, ਉਨ੍ਹਾਂ ਦੇ ਆਓਲ, ਉਨ੍ਹਾਂ ਦੀਆਂ ਪੁੱਠੀਆਂ, ਉਨ੍ਹਾਂ ਦੀਆਂ ਅਰਾਂ ਅਤੇ ਉਨ੍ਹਾਂ ਦੀਆਂ ਨਾਭਾਂ ਸਭ ਢਲੀਆਂ ਹੋਈਆਂ ਸਨ।
34ਹਰ ਕੁਰਸੀ ਦੀਆਂ ਚੌਹਾਂ ਨੁੱਕਰਾਂ ਉੱਤੇ ਚਾਰ ਫਰਸ਼ੀਆਂ ਸਨ ਅਤੇ ਉਹ ਫਰਸ਼ੀਆਂ ਕੁਰਸੀਆਂ ਦੇ ਵਿੱਚੋਂ ਸਨ।
35ਕੁਰਸੀ ਦੇ ਸਿਰੇ ਵਿੱਚ ਆਲੇ-ਦੁਆਲੇ ਅੱਧ ਹੱਥ ਦੀ ਇੱਕ ਗੋਲ ਉਚਾਨ ਸੀ ਅਤੇ ਕੁਰਸੀ ਦੇ ਸਿਰ ਉੱਤੇ ਉਹ ਦੇ ਢਾਸਣੇ ਅਤੇ ਪਟੜੀਆਂ ਉਸੇ ਵਿੱਚੋਂ ਸਨ।
36ਉਹ ਦੇ ਢਾਸਣਿਆਂ ਦੀਆਂ ਪੱਟੀਆਂ ਉੱਤੇ ਅਤੇ ਉਹ ਦੀਆਂ ਪਟੜੀਆਂ ਉੱਤੇ ਉਸ ਨੇ ਕਰੂਬ, ਸ਼ੇਰ ਅਤੇ ਖਜ਼ੂਰਾਂ ਦੇ ਬਿਰਛ ਹਰ ਇੱਕ ਦੇ ਵਿੱਤ ਅਨੁਸਾਰ ਉੱਕਰੇ ਅਤੇ ਆਲੇ-ਦੁਆਲੇ ਹਾਰ ਸਨ।
37ਇਸੇ ਤਰ੍ਹਾਂ ਉਸ ਨੇ ਦਸੇ ਕੁਰਸੀਆਂ ਬਣਾਈਆਂ ਉਨ੍ਹਾਂ ਦਾ ਇੱਕੋ ਹੀ ਸਾਂਚਾ, ਇੱਕੋ ਹੀ ਨਾਪ ਅਤੇ ਇੱਕੋ ਹੀ ਰੂਪ ਸੀ।
38ਉਸ ਨੇ ਪਿੱਤਲ ਦੀਆਂ ਦਸ ਹੌਦੀਆਂ ਬਣਾਈਆਂ ਅਤੇ ਇੱਕ-ਇੱਕ ਹੌਦੀ ਵਿੱਚ ਅੱਠ ਸੌ ਲੀਟਰ ਸਮਾਉਂਦਾ ਸੀ। ਹਰ ਇੱਕ ਹੌਦੀ ਚਾਰ ਹੱਥ ਦੀ ਸੀ। ਹਰ ਇੱਕ ਹੌਦੀ ਦਸਾਂ ਕੁਰਸੀਆਂ ਉੱਤੇ ਸੀ।
39ਉਸ ਪੰਜ ਕੁਰਸੀਆਂ ਭਵਨ ਦੇ ਸੱਜੇ ਪਾਸੇ ਅਤੇ ਪੰਜ ਭਵਨ ਦੇ ਖੱਬੇ ਪਾਸੇ ਰੱਖੀਆਂ ਅਤੇ ਉਹ ਸਾਗਰੀ ਹੌਦ ਉਸ ਨੇ ਭਵਨ ਦੇ ਸੱਜੇ ਪਾਸੇ ਪੂਰਬ ਵੱਲ ਦੱਖਣ ਦੇ ਸਾਹਮਣੇ ਰੱਖ ਦਿੱਤਾ।
40ਹੂਰਾਮ ਨੇ ਉਨ੍ਹਾਂ ਹੌਦੀਆਂ, ਬਾਟੀਆਂ ਅਤੇ ਕੜਛਿਆਂ ਨੂੰ ਬਣਾਇਆ ਅਤੇ ਹੂਰਾਮ ਨੇ ਉਹ ਸਾਰਾ ਕੰਮ ਜਿਹੜਾ ਉਸ ਨੇ ਯਹੋਵਾਹ ਦੇ ਭਵਨ ਉੱਤੇ ਸੁਲੇਮਾਨ ਪਾਤਸ਼ਾਹ ਲਈ ਬਣਾਇਆ ਸੀ ਸੰਪੂਰਨ ਕੀਤਾ।
41ਅਰਥਾਤ ਉਹ ਦੋ ਥੰਮ੍ਹ ਅਤੇ ਕੌਲਾਂ ਵਰਗੇ ਮੁਕਟ ਜਿਹੜੇ ਉਨ੍ਹਾਂ ਥੰਮਾਂ ਦੇ ਸਿਰਾਂ ਉੱਤੇ ਸਨ ਅਤੇ ਦੋ ਜਾਲੀਆਂ ਜਿਹੜੀਆਂ ਥੰਮਾਂ ਦੇ ਸਿਰਾਂ ਉੱਪਰਲੇ ਕੌਲਾਂ ਵਰਗੇ ਮੁਕਟਾਂ ਨੂੰ ਢੱਕਦੀਆਂ ਸਨ।
42ਉਨ੍ਹਾਂ ਦੋਹਾਂ ਜਾਲੀਆਂ ਦੇ ਚਾਰ ਸੌ ਅਨਾਰ ਅਰਥਾਤ ਹਰ ਇੱਕ ਜਾਲੀ ਲਈ ਅਨਾਰਾਂ ਦੀਆਂ ਦੋ ਕਤਾਰਾਂ ਜਿਹੜੀਆਂ ਥੰਮਾਂ ਦੇ ਸਿਰਾਂ ਉੱਪਰਲੇ ਕੌਲਾਂ ਵਰਗੇ ਮੁਕਟਾਂ ਨੂੰ ਢੱਕਦੀਆਂ ਸਨ।
43ਉਹ ਦਸ ਕੁਰਸੀਆਂ ਅਤੇ ਉਨ੍ਹਾਂ ਕੁਰਸੀਆਂ ਦੀਆਂ ਦਸ ਹੌਦੀਆਂ।
44ਇੱਕ ਸਾਗਰੀ ਹੌਦ ਅਤੇ ਸਾਗਰੀ ਹੌਦ ਦੇ ਹੇਠ ਬਾਰਾਂ ਬਲ਼ਦ।
45ਵਲਟੋਹੀਆਂ, ਬਾਟੀਆਂ ਅਤੇ ਕੜਛੇ ਅਤੇ ਇਹ ਸਾਰੇ ਭਾਂਡੇ ਜਿਹੜੇ ਹੂਰਾਮ ਨੇ ਸੁਲੇਮਾਨ ਪਾਤਸ਼ਾਹ ਲਈ ਯਹੋਵਾਹ ਦੇ ਭਵਨ ਦੇ ਵਾਸਤੇ ਬਣਾਏ, ਮਾਂਜੇ ਹੋਏ ਪਿੱਤਲ ਦੇ ਸਨ।
46ਯਰਦਨ ਦੇ ਮੈਦਾਨ ਵਿੱਚ ਪਾਤਸ਼ਾਹ ਨੇ ਉਨ੍ਹਾਂ ਨੂੰ ਚੀਕਣੀ ਮਿੱਟੀ ਦੀ ਭੂਮੀ ਵਿੱਚ ਢਾਲਿਆ ਜਿਹੜੀ ਸੁੱਕੋਥ ਅਤੇ ਸਾਰਥਾਨ ਦੇ ਵਿਚਾਲੇ ਸੀ।
47ਸੁਲੇਮਾਨ ਨੇ ਇਹ ਸਾਰੇ ਭਾਂਡੇ ਨਾ ਤੋਲੇ। ਉਹ ਐਨੇ ਵੱਧ ਸਨ ਕਿ ਉਹ ਪਿੱਤਲ ਦੇ ਭਾਰ ਦਾ ਪਤਾ ਨਾ ਲਗਾ ਸਕੇ।
48ਸੁਲੇਮਾਨ ਨੇ ਇਹ ਸਾਰੇ ਭਾਂਡੇ ਬਣਾਏ ਜਿਹੜੇ ਯਹੋਵਾਹ ਦੇ ਭਵਨ ਲਈ ਸਨ ਅਰਥਾਤ ਸੋਨੇ ਦੀ ਜਗਵੇਦੀ ਅਤੇ ਸੋਨੇ ਦੀ ਮੇਜ਼ ਜਿਹ ਦੇ ਉੱਤੇ ਹਜ਼ੂਰੀ ਦੀ ਰੋਟੀ ਹੁੰਦੀ ਸੀ।
49ਕੁੰਦਨ ਸੋਨੇ ਦੇ ਸ਼ਮਾਦਾਨ ਪੰਜ ਸੱਜੇ ਪਾਸੇ ਵੱਲ ਅਤੇ ਪੰਜ ਖੱਬੇ ਪਾਸੇ ਵੱਲ ਵਿੱਚਲੀ ਕੋਠੜੀ ਦੇ ਅੱਗੇ ਅਤੇ ਸੋਨੇ ਦੇ ਫੁੱਲ, ਦੀਵੇ ਅਤੇ ਚਿਮਟੇ।
50ਕੁੰਦਨ ਸੋਨੇ ਦੇ ਭਾਂਡੇ, ਬਾਟੇ, ਗੁਲਤਰਾਸ਼, ਕੌਲੀਆਂ ਅਤੇ ਅੰਗੀਠੀਆਂ ਨਾਲੇ ਸੋਨੇ ਦੇ ਕਬਜ਼ੇ ਜਿਹੜੇ ਅੰਦਰਲੇ ਭਵਨ ਦੇ ਦਰਵਾਜ਼ਿਆਂ ਲਈ ਅਰਥਾਤ ਅੱਤ ਪਵਿੱਤਰ ਸਥਾਨ ਲਈ ਅਤੇ ਭਵਨ ਦੇ ਦਰਵਾਜ਼ਿਆਂ ਲਈ ਅਰਥਾਤ ਹੈਕਲ ਲਈ।
51ਇਸ ਤਰ੍ਹਾਂ ਯਹੋਵਾਹ ਦੇ ਭਵਨ ਦਾ ਸਾਰਾ ਕੰਮ ਜਿਹੜਾ ਸੁਲੇਮਾਨ ਨੇ ਬਣਾਇਆ ਸੰਪੂਰਨ ਹੋਇਆ ਤਾਂ ਸੁਲੇਮਾਨ ਆਪਣੇ ਪਿਤਾ ਦਾਊਦ ਦੀਆਂ ਪਵਿੱਤਰ ਚੀਜ਼ਾਂ ਅੰਦਰ ਲਿਆਇਆ ਅਰਥਾਤ ਸੋਨਾ, ਚਾਂਦੀ, ਅਤੇ ਭਾਂਡੇ। ਉਸ ਨੇ ਉਨ੍ਹਾਂ ਨੂੰ ਯਹੋਵਾਹ ਦੇ ਭਵਨ ਦੇ ਖਜ਼ਾਨੇ ਵਿੱਚ ਰੱਖ ਦਿੱਤਾ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath