1 ਰਾਜਿਆਂ 6
1ਇਸਰਾਏਲੀਆਂ ਦੇ ਮਿਸਰ ਦੇਸ ਤੋਂ ਨਿੱਕਲਣ ਦੇ ਚਾਰ ਸੌ ਅੱਸੀ ਸਾਲ ਦੇ ਬਾਅਦ, ਇਸਰਾਏਲ ਉੱਤੇ ਸੁਲੇਮਾਨ ਦੇ ਰਾਜ ਦੇ ਚੌਥੇ ਸਾਲ ਜ਼ਿਵ ਦੇ ਮਹੀਨੇ ਜੋ ਦੂਜਾ ਮਹੀਨਾ ਹੈ, ਉਹ ਯਹੋਵਾਹ ਲਈ ਭਵਨ ਬਣਾਉਣ ਲੱਗਾ।
2ਉਹ ਭਵਨ ਜਿਹੜਾ ਸੁਲੇਮਾਨ ਪਾਤਸ਼ਾਹ ਨੇ ਯਹੋਵਾਹ ਲਈ ਬਣਾਇਆ ਉਸ ਦੀ ਲੰਬਾਈ ਸੱਠ ਹੱਥ, ਚੁੜਾਈ ਵੀਹ ਹੱਥ ਅਤੇ ਉਚਾਈ ਤੀਹ ਹੱਥ ਸੀ।
3ਉਸ ਭਵਨ ਦੀ ਹੈਕਲ ਦੇ ਅੱਗੇ ਇੱਕ ਦਲਾਨ ਵੀਹ ਹੱਥ ਲੰਮਾ ਭਵਨ ਦੀ ਚੁੜਾਈ ਦੇ ਬਰਾਬਰ ਸੀ ਅਤੇ ਉਸ ਦੀ ਚੁੜਾਈ ਭਵਨ ਦੇ ਅੱਗੇ ਦਸ ਹੱਥ ਸੀ।
4ਭਵਨ ਲਈ ਉਸ ਨੇ ਜਾਲੀਦਾਰ ਜੜਵੀਆਂ ਖਿੜਕੀਆਂ ਬਣਾਈਆਂ।
5ਉਸ ਨੇ ਭਵਨ ਦੀ ਕੰਧ ਦੇ ਨਾਲ-ਨਾਲ ਚੁਫ਼ੇਰੇ ਕੋਠੜੀਆਂ ਬਣਾਈਆਂ, ਭਵਨ ਦੀਆਂ ਉਨ੍ਹਾਂ ਕੰਧਾਂ ਦੇ ਨਾਲ ਜੋ ਚੁਫ਼ੇਰੇ ਸਨ ਅਰਥਾਤ ਹੈਕਲ ਅਤੇ ਵਿਚਲੀ ਕੋਠੜੀ ਦੇ। ਇਸ ਲਈ ਉਸ ਨੇ ਕੋਠੜੀਆਂ ਚੁਫ਼ੇਰੇ ਬਣਾਈਆਂ।
6ਹੇਠਲੀ ਕੋਠੜੀ ਪੰਜ ਹੱਥ ਚੌੜੀ ਸੀ, ਵਿੱਚਕਾਰਲੀ ਛੇ ਹੱਥ ਚੌੜੀ ਅਤੇ ਤੀਜੀ ਸੱਤ ਹੱਥ ਚੌੜੀ ਸੀ। ਇਸ ਕਾਰਨ ਭਵਨ ਦੀ ਕੰਧ ਦੇ ਬਾਹਰ ਉਸ ਨੇ ਚੁਫ਼ੇਰੇ ਬਾਲੇ ਰੱਖਣ ਦੇ ਲਈ ਵਾਧਾ ਬਣਾਇਆ ਕਿ ਬਾਲੇ ਭਵਨ ਦੀਆਂ ਕੰਧਾਂ ਵਿੱਚ ਨਾ ਰੱਖੇ ਜਾਣ।
7ਜਦ ਇਹ ਭਵਨ ਬਣਾਉਂਦੇ ਸਨ, ਤਾਂ ਉਸ ਵਿੱਚ ਪੂਰੇ-ਪੂਰੇ ਪੱਥਰ ਲਾਏ ਜਿਹੜੇ ਖਾਣ ਉੱਤੇ ਤਿਆਰ ਕੀਤੇ ਹੋਏ ਸਨ, ਇਸ ਲਈ ਭਵਨ ਦੇ ਬਣਾਉਣ ਵਿੱਚ ਨਾ ਉੱਥੇ ਤੇਸੀ, ਨਾ ਬਸੂਲੀ ਅਤੇ ਨਾ ਲੋਹੇ ਦੇ ਕਿਸੇ ਹੋਰ ਸੰਦ ਦੀ ਅਵਾਜ਼ ਸੁਣਾਈ ਦਿੰਦੀ ਸੀ।
8ਵਿੱਚਲੀ ਕੋਠੜੀ ਦਾ ਬੂਹਾ ਨਾਲ ਲੱਗਦਾ ਭਵਨ ਦੇ ਸੱਜੇ ਪਾਸੇ ਵਿੱਚ ਸੀ ਅਤੇ ਚੱਕਰ ਵਾਲੀਆਂ ਪੌੜੀਆਂ ਨਾਲ ਵਿੱਚਲੀ ਕੋਠੜੀ ਵਿੱਚ ਅਤੇ ਵਿਚਲੀ ਕੋਠੜੀ ਦੇ ਵਿੱਚੋਂ ਦੀ ਤੀਜੀ ਕੋਠੜੀ ਵਿੱਚ ਚੜ੍ਹਦੇ ਸਨ।
9ਉਸ ਨੇ ਭਵਨ ਨੂੰ ਬਣਾਇਆ ਅਤੇ ਉਹ ਨੂੰ ਸੰਪੂਰਨ ਕੀਤਾ ਅਤੇ ਉਸ ਨੇ ਭਵਨ ਨੂੰ ਦਿਆਰ ਦੇ ਫੱਟਾਂ ਅਤੇ ਸ਼ਤੀਰਾਂ ਨਾਲ ਢੱਕਿਆ।
10ਉਸ ਨੇ ਸਾਰੇ ਭਵਨ ਦੇ ਨਾਲ-ਨਾਲ ਕੋਠੜੀਆਂ ਬਣਾਈਆਂ ਜਿਹੜੀਆਂ ਪੰਜ ਹੱਥ ਉੱਚੀਆਂ ਸਨ ਅਤੇ ਉਹ ਦਿਆਰ ਦੀ ਲੱਕੜੀ ਨਾਲ ਭਵਨ ਨੂੰ ਲੱਗਵੀਆਂ ਸਨ।
11ਤਦ ਯਹੋਵਾਹ ਦਾ ਬਚਨ ਸੁਲੇਮਾਨ ਨੂੰ ਆਇਆ ਕਿ
12ਇਹ ਭਵਨ ਜਿਹੜਾ ਤੂੰ ਬਣਾਉਂਦਾ ਹੈਂ ਜੇਕਰ ਤੂੰ ਮੇਰੀਆਂ ਬਿਧੀਆਂ ਉੱਤੇ ਚੱਲੇਂ ਅਤੇ ਮੇਰੇ ਨਿਆਂਵਾਂ ਨੂੰ ਪੂਰਾ ਕਰਕੇ ਉਨ੍ਹਾਂ ਦੀ ਪਾਲਨਾ ਕਰੇਂ ਅਤੇ ਮੇਰੇ ਹੁਕਮਾਂ ਅਨੁਸਾਰ ਚੱਲੇਂ, ਤਾਂ ਮੈਂ ਆਪਣੇ ਬਚਨ ਨੂੰ ਜੋ ਮੈਂ ਤੇਰੇ ਪਿਤਾ ਦਾਊਦ ਨਾਲ ਕੀਤਾ ਹੈ ਤੇਰੇ ਨਾਲ ਕਾਇਮ ਰੱਖਾਂਗਾ।
13ਮੈਂ ਇਸਰਾਏਲੀਆਂ ਦੇ ਵਿੱਚ ਵੱਸਾਂਗਾ ਅਤੇ ਆਪਣੀ ਪਰਜਾ ਇਸਰਾਏਲ ਨੂੰ ਨਾ ਛੱਡਾਂਗਾ।
14ਸੁਲੇਮਾਨ ਨੇ ਭਵਨ ਬਣਾਇਆ ਅਤੇ ਉਹ ਨੂੰ ਸੰਪੂਰਨ ਕੀਤਾ।
15ਉਸ ਨੇ ਅੰਦਰਲੇ ਪਾਸੇ ਭਵਨ ਦੀਆਂ ਕੰਧਾਂ ਉੱਤੇ ਦਿਆਰ ਦੇ ਫੱਟੇ ਲਾਏ, ਭਵਨ ਦੇ ਫਰਸ਼ ਤੋਂ ਲੈ ਕੇ ਛੱਤ ਤੱਕ ਅੰਦਰਲੇ ਪਾਸੇ ਲੱਕੜ ਨਾਲ ਢੱਕਿਆ ਅਤੇ ਭਵਨ ਦੇ ਥੱਲੇ ਨੂੰ ਚੀਲ ਦੇ ਫੱਟਾਂ ਨਾਲ ਢੱਕਿਆ।
16ਉਸ ਨੇ ਭਵਨ ਦੇ ਪਿਛਲੇ ਪਾਸੇ ਵੀਹ ਹੱਥ ਤੱਕ ਦਿਆਰ ਦੇ ਫੱਟਾਂ ਨਾਲ ਫਰਸ਼ ਤੋਂ ਲੈ ਕੇ ਉਹ ਦੀਆਂ ਕੰਧਾਂ ਤੱਕ ਬਣਾਇਆ। ਉਹ ਦੇ ਅੰਦਰ ਵਾਰ ਵਿੱਚਲੀ ਕੋਠੜੀ ਲਈ ਅਰਥਾਤ ਅੱਤ ਪਵਿੱਤਰ ਥਾਂ ਲਈ ਉਹ ਨੂੰ ਬਣਾਇਆ।
17ਉਹ ਭਵਨ ਅਰਥਾਤ ਸਾਹਮਣੀ ਹੈਕਲ ਚਾਲ੍ਹੀ ਹੱਥ ਲੰਮੀ ਸੀ।
18ਭਵਨ ਦੇ ਅੰਦਰਲੀ ਵੱਲ ਦਿਆਰ ਦਾ ਸੀ ਉਸ ਵਿੱਚ ਕਲੀਆਂ ਅਤੇ ਫੁੱਲ ਉੱਕਰੇ ਹੋਏ ਸਨ ਅਤੇ ਇਹ ਸਾਰਾ ਦਿਆਰ ਦਾ ਸੀ, ਕੋਈ ਪੱਥਰ ਨਹੀਂ ਦਿਸਦਾ ਸੀ।
19ਭਵਨ ਦੇ ਵਿੱਚ ਅੰਦਰਲੀ ਵੱਲ ਵਿੱਚਲੀ ਕੋਠੜੀ ਸੀ, ਤਾਂ ਜੋ ਉੱਥੇ ਯਹੋਵਾਹ ਦੇ ਨੇਮ ਦਾ ਸੰਦੂਕ ਰੱਖਿਆ ਜਾ ਸਕੇ।
20ਵਿੱਚਲੀ ਕੋਠੜੀ ਦੇ ਅੰਦਰਲੇ ਪਾਸੇ ਦੀ ਲੰਬਾਈ ਵੀਹ ਹੱਥ, ਉਸ ਦੀ ਚੁੜਾਈ ਵੀਹ ਹੱਥ ਅਤੇ ਉਚਾਈ ਵੀ ਵੀਹ ਹੱਥ ਸੀ ਅਤੇ ਕੁੰਦਨ ਸੋਨਾ ਉਸ ਦੇ ਉੱਤੇ ਚੜ੍ਹਾਇਆ ਅਤੇ ਜਗਵੇਦੀ ਦੀ ਤਖ਼ਤਾ ਬੰਦੀ ਦਿਆਰ ਨਾਲ ਕੀਤੀ।
21ਸੁਲੇਮਾਨ ਨੇ ਭਵਨ ਉੱਤੇ ਅੰਦਰ ਵਾਰ ਕੁੰਦਨ ਸੋਨਾ ਚੜ੍ਹਾਇਆ ਅਤੇ ਵਿੱਚਲੀ ਕੋਠੜੀ ਦੇ ਬਾਹਰਲੇ ਪਾਸੇ ਸੋਨੇ ਦੇ ਸੰਗਲ ਤਾਣ ਦਿੱਤੇ ਅਤੇ ਉਸ ਉੱਤੇ ਵੀ ਸੋਨਾ ਚੜ੍ਹਾਇਆ।
22ਉਸ ਨੇ ਸਾਰਾ ਭਵਨ ਸੋਨੇ ਨਾਲ ਮੜ੍ਹਿਆ ਇੱਥੋਂ ਤੱਕ ਕਿ ਸਾਰਾ ਭਵਨ ਸੰਪੂਰਨ ਹੋ ਗਿਆ ਅਤੇ ਸਾਰੀ ਜਗਵੇਦੀ ਉੱਤੇ ਜਿਹੜੀ ਵਿੱਚਲੀ ਕੋਠੜੀ ਦੀ ਸੀ ਉਸ ਨੇ ਸੋਨਾ ਚੜ੍ਹਾਇਆ।
23ਉਸ ਨੇ ਵਿੱਚਲੀ ਕੋਠੜੀ ਵਿੱਚ ਦੋ ਕਰੂਬ ਜ਼ੈਤੂਨ ਦੀ ਲੱਕੜ ਦੇ ਦਸ ਹੱਥ ਉੱਚੇ ਬਣਾਏ।
24ਕਰੂਬ ਦੇ ਇੱਕ ਖੰਭ ਦੀ ਲੰਬਾਈ ਪੰਜ ਹੱਥ ਅਤੇ ਕਰੂਬ ਦੇ ਦੂਜੇ ਖੰਭ ਦੀ ਲੰਬਾਈ ਵੀ ਪੰਜ ਹੱਥ ਦੀ ਸੀ, ਇਸ ਤਰ੍ਹਾਂ ਇੱਕ ਖੰਭ ਦੇ ਸਿਰੇ ਤੋਂ ਦੂਜੇ ਖੰਭ ਦੇ ਸਿਰੇ ਤੱਕ ਦਸ ਹੱਥ ਦੀ ਵਿੱਥ ਸੀ।
25ਦਸ ਹੀ ਹੱਥ ਦੂਜੇ ਕਰੂਬ ਦੀ ਦੋਵੇਂ ਕਰੂਬ ਇੱਕੋ ਹੀ ਮਿਣਤੀ ਅਤੇ ਇੱਕੋ ਹੀ ਡੌਲ ਦੇ ਸਨ।
26ਇੱਕ ਕਰੂਬ ਦੀ ਉਚਿਆਈ ਦਸ ਹੱਥ ਦੀ ਸੀ ਅਤੇ ਇਸੇ ਤਰ੍ਹਾਂ ਦੂਜੇ ਕਰੂਬ ਦੀ ਸੀ।
27ਉਸ ਨੇ ਦੋਹਾਂ ਕਰੂਬੀਆਂ ਨੂੰ ਭਵਨ ਦੇ ਅੰਦਰਲੀ ਵੱਲ ਰੱਖਿਆ, ਉਨ੍ਹਾਂ ਨੇ ਆਪਣੇ ਖੰਭ ਖਿਲਾਰੇ ਹੋਏ ਸਨ ਅਤੇ ਇੱਕ ਦਾ ਖੰਭ ਇੱਕ ਕੰਧ ਨਾਲ ਅਤੇ ਦੂਜੇ ਕਰੂਬ ਦਾ ਖੰਭ ਦੂਜੀ ਕੰਧ ਨਾਲ ਲੱਗਾ ਹੋਇਆ ਸੀ ਅਤੇ ਉਨ੍ਹਾਂ ਦੇ ਖੰਭ ਭਵਨ ਵਿੱਚ ਇੱਕ ਦੂਜੇ ਨਾਲ ਲੱਗਦੇ ਸਨ।
28ਉਸ ਉਨ੍ਹਾਂ ਕਰੂਬੀਆਂ ਉੱਤੇ ਸੋਨਾ ਚੜ੍ਹਾਇਆ।
29ਭਵਨ ਦੀਆਂ ਸਾਰੀਆਂ ਕੰਧਾਂ ਉੱਤੇ ਆਲੇ-ਦੁਆਲੇ ਕਰੂਬੀਆਂ ਅਤੇ ਖਜ਼ੂਰਾਂ ਅਤੇ ਖਿੜੇ ਹੋਏ ਫੁੱਲਾਂ ਦੀਆਂ ਮੂਰਤਾਂ ਉਸ ਨੇ ਉੱਕਰ ਕੇ ਅੰਦਰਲੀ ਵੱਲ ਅਤੇ ਬਾਹਰਲੀ ਵੱਲ ਬਣਾਈਆਂ।
30ਭਵਨ ਦੇ ਥੱਲੇ ਉੱਤੇ ਅੰਦਰ-ਬਾਹਰ ਉਸ ਨੇ ਸੋਨਾ ਚੜ੍ਹਾਇਆ।
31ਵਿੱਚਲੀ ਕੋਠੜੀ ਵਿੱਚ ਵੜਨ ਲਈ ਉਸ ਨੇ ਜ਼ੈਤੂਨ ਦੀ ਲੱਕੜੀ ਦੇ ਬੂਹੇ ਬਣਾਏ। ਉਸ ਦੀਆਂ ਬਾਰੀਆਂ ਅਤੇ ਛੱਤਣ ਦੀ ਲੰਬਾਈ ਕੰਧ ਦਾ ਪੰਜਵਾਂ ਹਿੱਸਾ ਸੀ।
32ਜ਼ੈਤੂਨ ਦੀ ਲੱਕੜ ਦੇ ਦੋਹਾਂ ਬੂਹਿਆਂ ਉੱਤੇ ਉਸ ਨੇ ਕਰੂਬੀਆਂ, ਖਜ਼ੂਰ ਦੇ ਬਿਰਛ ਅਤੇ ਖਿੜੇ ਹੋਏ ਫੁੱਲ ਉੱਕਰੇ ਅਤੇ ਉਨ੍ਹਾਂ ਉੱਤੇ ਸੋਨਾ ਚੜ੍ਹਾਇਆ ਅਤੇ ਉਸ ਸੋਨੇ ਨੂੰ ਉਸ ਨੇ ਕਰੂਬੀਮ ਉੱਤੇ ਅਤੇ ਖਜ਼ੂਰ ਦੇ ਬਿਰਛਾਂ ਉੱਤੇ ਢਾਲ਼ ਕੇ ਚੜ੍ਹਾਇਆ।
33ਇਸੇ ਤਰ੍ਹਾਂ ਹੈਕਲ ਦੇ ਬੂਹੇ ਲਈ ਜਿਹੜਾ ਕੰਧ ਦਾ ਚੌਥਾ ਹਿੱਸਾ ਸੀ, ਉਸ ਨੇ ਜ਼ੈਤੂਨ ਲੱਕੜ ਦੀ ਚੁਗਾਠ ਬਣਾਈ।
34ਉਸ ਦੇ ਦੋਵੇਂ ਬੂਹੇ ਚੀਲ ਦੀ ਲੱਕੜ ਦੇ ਸਨ ਇੱਕ ਬੂਹੇ ਦੇ ਦੋ-ਦੋ ਫੱਟ ਜੋ ਮੋੜੇ ਜਾਂਦੇ ਸਨ।
35ਉਨ੍ਹਾਂ ਉੱਤੇ ਕਰੂਬੀਆਂ ਖਜ਼ੂਰਾਂ ਅਤੇ ਖਿੜੇ ਹੋਏ ਫੁੱਲਾਂ ਦੀਆਂ ਮੂਰਤਾਂ ਉੱਕਰੀਆਂ ਅਤੇ ਉਨ੍ਹਾਂ ਸਭਨਾਂ ਉੱਤੇ ਸੋਨਾ ਚੜ੍ਹਾਇਆ, ਉਹ ਉਸ ਉੱਕਰੀ ਬਣਤ ਉੱਤੇ ਠੀਕ ਬੈਠਾ।
36ਅੰਦਰਲੇ ਵਿਹੜੇ ਦੇ ਤਿੰਨ ਰੱਦੇ ਘੜੇ ਹੋਏ ਪੱਥਰਾਂ ਦੇ ਬਣਾਏ ਅਤੇ ਇੱਕ ਰੱਦਾ ਦਿਆਰ ਦੀ ਲੱਕੜ ਦਾ।
37ਚੌਥੇ ਸਾਲ ਜ਼ਿਵ ਦੇ ਮਹੀਨੇ ਵਿੱਚ ਯਹੋਵਾਹ ਦੇ ਭਵਨ ਦੀ ਨੀਂਹ ਰੱਖੀ ਗਈ।
38ਗਿਆਰਵੇਂ ਸਾਲ ਦੇ ਬੂਲ ਦੇ ਮਹੀਨੇ ਵਿੱਚ ਜੋ ਅੱਠਵਾਂ ਮਹੀਨਾ ਹੈ, ਉਹ ਭਵਨ ਉਹ ਦੇ ਸਾਰੇ ਕੰਮ ਸਮੇਤ ਅਤੇ ਉਹ ਦੀ ਸਾਰੀ ਡੌਲ ਦੇ ਸਮਾਨ ਸੰਪੂਰਨ ਹੋਇਆ। ਉਸ ਨੇ ਉਹ ਨੂੰ ਸੱਤਾਂ ਸਾਲਾਂ ਵਿੱਚ ਬਣਾਇਆ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath