ਈਸਾਈ
ਪਿੱਛੇ

1 ਰਾਜਿਆਂ 22

1ਤਿੰਨਾਂ ਸਾਲਾਂ ਤੱਕ ਉਹ ਅਮਨ ਨਾਲ ਟਿਕੇ ਰਹੇ ਅਤੇ ਅਰਾਮ ਅਤੇ ਇਸਰਾਏਲ ਵਿੱਚ ਕੋਈ ਲੜਾਈ ਨਾ ਹੋਈ।

2ਤਦ ਤੀਜੇ ਸਾਲ ਇਸ ਤਰ੍ਹਾਂ ਹੋਇਆ ਕਿ ਯਹੂਦਾਹ ਦਾ ਪਾਤਸ਼ਾਹ ਯਹੋਸ਼ਾਫ਼ਾਤ ਇਸਰਾਏਲ ਦੇ ਪਾਤਸ਼ਾਹ ਕੋਲ ਹਠਾੜ ਨੂੰ ਆਇਆ।

3ਅਤੇ ਇਸਰਾਏਲ ਦੇ ਪਾਤਸ਼ਾਹ ਨੇ ਆਪਣੇ ਟਹਿਲੂਆਂ ਨੂੰ ਆਖਿਆ, ਤੁਸੀਂ ਜਾਣਦੇ ਹੋ ਕਿ ਰਾਮੋਥ ਗਿਲਆਦ ਸਾਡਾ ਹੈ। ਭਲਾ, ਅਸੀਂ ਚੁੱਪ ਕਰਕੇ ਬੈਠ ਰਹੀਏ ਅਤੇ ਉਸ ਨੂੰ ਅਰਾਮ ਦੇ ਰਾਜਾ ਕੋਲੋਂ ਮੋੜ ਕੇ ਨਾ ਲਈਏ?

4ਉਹ ਨੇ ਯਹੋਸ਼ਾਫ਼ਾਤ ਨੂੰ ਆਖਿਆ, ਕੀ ਤੂੰ ਮੇਰੇ ਨਾਲ ਰਾਮੋਥ ਗਿਲਆਦ ਨੂੰ ਲੜਾਈ ਲਈ ਚੱਲੇਂਗਾ? ਤਾਂ ਯਹੋਸ਼ਾਫ਼ਾਤ ਨੇ ਇਸਰਾਏਲ ਦੇ ਪਾਤਸ਼ਾਹ ਨੂੰ ਆਖਿਆ, ਜੇਹਾ ਤੂੰ ਤੇਹਾ ਮੈਂ, ਜਿਹੇ ਤੇਰੇ ਲੋਕ ਤਿਹੇ ਮੇਰੇ ਲੋਕ, ਜਿਹੇ ਤੇਰੇ ਘੋੜੇ ਤਿਹੇ ਮੇਰੇ ਘੋੜੇ।

5ਇਸ ਤੋਂ ਬਾਅਦ ਯਹੋਸ਼ਾਫ਼ਾਤ ਨੇ ਇਸਰਾਏਲ ਦੇ ਪਾਤਸ਼ਾਹ ਨੂੰ ਆਖਿਆ, ਪਹਿਲਾਂ ਜ਼ਰਾ ਯਹੋਵਾਹ ਦੇ ਬਚਨ ਦੀ ਤਾਂ ਪੁੱਛ ਕਰੀਂ।

6ਤਾਂ ਇਸਰਾਏਲ ਦੇ ਪਾਤਸ਼ਾਹ ਨੇ ਨਬੀਆਂ ਨੂੰ ਜੋ ਲੱਗਭੱਗ ਚਾਰ ਸੌ ਸਨ ਇਕੱਠਾ ਕੀਤਾ ਅਤੇ ਉਨ੍ਹਾਂ ਨੂੰ ਆਖਿਆ, ਕੀ ਮੈਂ ਰਾਮੋਥ ਗਿਲਆਦ ਦੇ ਵਿਰੁੱਧ ਲੜਾਈ ਲਈ ਚੜ੍ਹਾਈ ਕਰਾਂ ਜਾਂ ਜਾਣ ਦਿਆਂ? ਉਨ੍ਹਾਂ ਨੇ ਆਖਿਆ, ਤੁਸੀਂ ਜਾਓ ਕਿਉਂ ਜੋ ਪਰਮੇਸ਼ੁਰ ਉਸ ਨੂੰ ਪਾਤਸ਼ਾਹ ਦੇ ਹੱਥ ਵਿੱਚ ਦੇ ਦੇਵੇਗਾ।

7ਤਾਂ ਯਹੋਸ਼ਾਫ਼ਾਤ ਨੇ ਆਖਿਆ, ਇਨ੍ਹਾਂ ਤੋਂ ਬਿਨ੍ਹਾਂ ਯਹੋਵਾਹ ਦਾ ਕੋਈ ਹੋਰ ਨਬੀ ਵੀ ਹੈ ਤਾਂ ਜੋ ਅਸੀਂ ਉਹ ਦੇ ਕੋਲੋਂ ਵੀ ਪੁੱਛੀਏ?

8ਤਾਂ ਇਸਰਾਏਲ ਦੇ ਪਾਤਸ਼ਾਹ ਨੇ ਯਹੋਸ਼ਾਫ਼ਾਤ ਨੂੰ ਆਖਿਆ, ਅਜੇ ਇੱਕ ਮਨੁੱਖ ਹੈ ਜਿਸ ਦੇ ਰਾਹੀਂ ਅਸੀਂ ਯਹੋਵਾਹ ਤੋਂ ਪੁੱਛੀਏ ਉਹ ਯਿਮਲਾਹ ਦਾ ਪੁੱਤਰ ਮੀਕਾਯਾਹ ਹੈ ਪਰ ਮੈਨੂੰ ਉਸ ਤੋਂ ਕਿੜ ਹੈ ਕਿਉਂ ਜੋ ਉਹ ਮੇਰੇ ਵਿਖੇ ਭਲਿਆਈ ਦਾ ਨਹੀਂ ਸਗੋਂ ਬੁਰਿਆਈ ਦਾ ਅਗੰਮ ਵਾਚਦਾ ਹੈ। ਯਹੋਸ਼ਾਫ਼ਾਤ ਨੇ ਆਖਿਆ, ਪਾਤਸ਼ਾਹ ਇਸ ਤਰ੍ਹਾਂ ਨਾ ਆਖੇ।

9ਤਦ ਇਸਰਾਏਲ ਦੇ ਪਾਤਸ਼ਾਹ ਨੇ ਇੱਕ ਖੁਸਰੇ ਨੂੰ ਬੁਲਾ ਕੇ ਆਖਿਆ, ਯਿਮਲਾਹ ਦੇ ਪੁੱਤਰ ਮੀਕਾਯਾਹ ਨੂੰ ਛੇਤੀ ਲੈ ਆ।

10ਇਸਰਾਏਲ ਦਾ ਪਾਤਸ਼ਾਹ ਅਤੇ ਯਹੂਦਾਹ ਦਾ ਪਾਤਸ਼ਾਹ ਯਹੋਸ਼ਾਫ਼ਾਤ ਆਪੋ ਆਪਣੀਆਂ ਰਾਜ ਗੱਦੀਆਂ ਉੱਤੇ ਪਾਤਸ਼ਾਹੀ ਬਸਤਰ ਪਹਿਨੇ ਹੋਏ ਇੱਕ ਪਿੜ ਵਿੱਚ ਜੋ ਸਾਮਰਿਯਾ ਦੇ ਫਾਟਕ ਅੱਗੇ ਸੀ ਬੈਠੇ ਹੋਏ ਸਨ ਅਤੇ ਸਾਰੇ ਨਬੀ ਉਨ੍ਹਾਂ ਦੇ ਅੱਗੇ ਅਗੰਮ ਵਾਚ ਰਹੇ ਸਨ।

11ਕਨਾਨਾਹ ਦੇ ਪੁੱਤਰ ਸਿਦਕੀਯਾਹ ਨੇ ਆਪਣੇ ਲਈ ਲੋਹੇ ਦੇ ਸਿੰਗ ਬਣਾਏ ਅਤੇ ਆਖਿਆ, ਯਹੋਵਾਹ ਇਸ ਤਰ੍ਹਾਂ ਫ਼ਰਮਾਉਂਦਾ ਹੈ ਕਿ ਇਨ੍ਹਾਂ ਨਾਲ ਤੁਸੀਂ ਅਰਾਮੀਆਂ ਨੂੰ ਜਦ ਤੱਕ ਉਹ ਮੁੱਕ ਨਾ ਜਾਣ ਧੱਸੀ ਜਾਓਗੇ

12ਅਤੇ ਸਾਰੇ ਨਬੀ ਇਸ ਤਰ੍ਹਾਂ ਅਗੰਮ ਵਾਚ ਰਹੇ ਸਨ ਕਿ ਰਾਮੋਥ ਗਿਲਆਦ ਉੱਤੇ ਚੜ੍ਹ ਜਾਓ ਅਤੇ ਫਤਹ ਪਾਓ ਕਿਉਂ ਜੋ ਯਹੋਵਾਹ ਉਸ ਨੂੰ ਪਾਤਸ਼ਾਹ ਦੇ ਹੱਥ ਵਿੱਚ ਕਰ ਦੇਵੇਗਾ।

13ਉਹ ਹਲਕਾਰਾ ਜੋ ਮੀਕਾਯਾਹ ਨੂੰ ਸੱਦਣ ਗਿਆ ਸੀ ਉਹ ਨੂੰ ਬੋਲਿਆ, ਜ਼ਰਾ ਵੇਖੀਂ ਕਿ ਨਬੀ ਇੱਕ ਮੂੰਹ ਹੋ ਕੇ ਪਾਤਸ਼ਾਹ ਲਈ ਭਲਿਆਈ ਦੀਆਂ ਗੱਲਾਂ ਦੱਸਦੇ ਹਨ। ਤੇਰੀ ਗੱਲ ਵੀ ਉਨ੍ਹਾਂ ਦੀਆਂ ਗੱਲਾਂ ਵਰਗੀ ਹੋਵੇ ਅਤੇ ਭਲਿਆਈ ਬੋਲੀਂ।

14ਅੱਗੋਂ ਮੀਕਾਯਾਹ ਨੇ ਆਖਿਆ, ਜਿਉਂਦੇ ਯਹੋਵਾਹ ਦੀ ਸਹੁੰ ਜੋ ਕੁਝ ਯਹੋਵਾਹ ਮੈਨੂੰ ਫ਼ਰਮਾਏਗਾ ਉਹੋ ਹੀ ਬੋਲਾਂਗਾ।

15ਸੋ ਉਹ ਪਾਤਸ਼ਾਹ ਕੋਲ ਆਇਆ ਤਾਂ ਪਾਤਸ਼ਾਹ ਨੇ ਉਸ ਨੂੰ ਆਖਿਆ, ਹੇ ਮੀਕਾਯਾਹ, ਭਲਾ ਅਸੀਂ ਰਾਮੋਥ ਗਿਲਆਦ ਉੱਤੇ ਚੜ੍ਹਾਈ ਕਰਨ ਜਾਈਏ ਜਾਂ ਰੁਕੇ ਰਹੀਏ? ਤਾਂ ਉਹ ਨੇ ਉਸ ਨੂੰ ਆਖਿਆ, ਚੜ੍ਹ ਜਾਓ ਅਤੇ ਫ਼ਤਹ ਪਾਓ ਕਿਉਂ ਜੋ ਯਹੋਵਾਹ ਉਸ ਨੂੰ ਪਾਤਸ਼ਾਹ ਦੇ ਹੱਥ ਵਿੱਚ ਦੇ ਦੇਵੇਗਾ।

16ਤਾਂ ਪਾਤਸ਼ਾਹ ਨੇ ਉਹ ਨੂੰ ਆਖਿਆ, ਮੈਂ ਤੈਨੂੰ ਕਿੰਨੀ ਕੁ ਵਾਰ ਸਹੁੰ ਚੁਕਾਵਾਂ ਕਿ ਤੂੰ ਮੈਨੂੰ ਯਹੋਵਾਹ ਦੇ ਨਾਮ ਉੱਤੇ ਸਚਿਆਈ ਤੋਂ ਬਿਨ੍ਹਾਂ ਕੁਝ ਹੋਰ ਨਾ ਦੱਸੇਂ?

17ਤਦ ਉਸ ਨੇ ਆਖਿਆ, ਮੈਂ ਸਾਰੇ ਇਸਰਾਏਲ ਨੂੰ ਉਨ੍ਹਾਂ ਭੇਡਾਂ ਵਾਂਗੂੰ ਜਿਨ੍ਹਾਂ ਦਾ ਅਯਾਲੀ ਨਹੀਂ, ਪਹਾੜਾਂ ਉੱਤੇ ਖਿੰਡ ਜਾਣਾ ਦੇਖਿਆ ਅਤੇ ਯਹੋਵਾਹ ਨੇ ਫ਼ਰਮਾਇਆ ਕਿ ਇਨ੍ਹਾਂ ਦਾ ਮਾਲਕ ਨਹੀਂ ਉਨ੍ਹਾਂ ਦਾ ਹਰ ਮਨੁੱਖ ਆਪਣੇ ਘਰ ਨੂੰ ਸੁਲਾਹ ਵਿੱਚ ਜਾਵੇ।

18ਇਸ ਤੋਂ ਬਾਅਦ ਇਸਰਾਏਲ ਦੇ ਪਾਤਸ਼ਾਹ ਨੇ ਯਹੋਸ਼ਾਫ਼ਾਤ ਨੂੰ ਆਖਿਆ, ਭਲਾ, ਮੈਂ ਤੈਨੂੰ ਨਹੀਂ ਆਖਿਆ ਸੀ ਕਿ ਉਹ ਮੇਰੀ ਭਲਿਆਈ ਨਹੀਂ ਸਗੋਂ ਬੁਰਿਆਈ ਵਾਚੇਗਾ?

19ਉਸ ਨੇ ਫੇਰ ਆਖਿਆ, ਇਸ ਲਈ ਤੁਸੀਂ ਯਹੋਵਾਹ ਦਾ ਬਚਨ ਸੁਣੋ। ਮੈਂ ਯਹੋਵਾਹ ਨੂੰ ਆਪਣੇ ਸਿੰਘਾਸਣ ਉੱਤੇ ਬੈਠਿਆਂ ਦੇਖਿਆ ਅਤੇ ਸਵਰਗ ਦੀ ਸਾਰੀ ਸੈਨਾਂ ਉਹ ਦੇ ਸੱਜੇ ਅਤੇ ਖੱਬੇ ਖੜ੍ਹੀ ਸੀ।

20ਤਾਂ ਯਹੋਵਾਹ ਨੇ ਆਖਿਆ, ਕੌਣ ਅਹਾਬ ਨੂੰ ਭਰਮਾਵੇਗਾ ਜੋ ਉਹ ਚੜ੍ਹ ਕੇ ਰਾਮੋਥ ਗਿਲਆਦ ਕੋਲ ਡਿੱਗ ਮਰੇ? ਤਾਂ ਇੱਕ ਇਸ ਤਰ੍ਹਾਂ ਬੋਲਿਆ ਅਤੇ ਇੱਕ ਉਸ ਤਰ੍ਹਾਂ ਬੋਲਿਆ।

21ਤਦ ਇੱਕ ਆਤਮਾ ਨਿੱਕਲ ਕੇ ਯਹੋਵਾਹ ਦੇ ਅੱਗੇ ਜਾ ਖੜ੍ਹਾ ਹੋਇਆ ਅਤੇ ਆਖਿਆ, ਮੈਂ ਉਸ ਨੂੰ ਭਰਮਾਵਾਂਗਾ ਤਾਂ ਯਹੋਵਾਹ ਨੇ ਪੁੱਛਿਆ, ਕਿਸ ਤਰ੍ਹਾਂ?

22ਉਸ ਆਖਿਆ, ਮੈਂ ਜਾ ਕੇ ਇੱਕ ਝੂਠਾ ਆਤਮਾ ਉਸ ਦੇ ਸਾਰੇ ਨਬੀਆਂ ਦੇ ਮੂੰਹਾਂ ਵਿੱਚ ਬਣਾਂਗਾ। ਤਦ ਉਹ ਨੇ ਆਖਿਆ, ਤੂੰ ਉਸ ਨੂੰ ਭਰਮਾ ਲਏਂਗਾ ਅਤੇ ਜਿੱਤੇਂਗਾ। ਜਾ ਅਤੇ ਇਸ ਤਰ੍ਹਾਂ ਕਰ।

23ਹੁਣ ਵੇਖੋ, ਯਹੋਵਾਹ ਨੇ ਤੁਹਾਡੇ ਇਨ੍ਹਾਂ ਸਭਨਾਂ ਨਬੀਆਂ ਦੇ ਮੂੰਹਾਂ ਵਿੱਚ ਇੱਕ ਝੂਠਾ ਆਤਮਾ ਪਾ ਦਿੱਤਾ ਹੈ ਪਰ ਯਹੋਵਾਹ ਤੁਹਾਡੇ ਲਈ ਬੁਰਿਆਈ ਬੋਲਿਆ ਹੈ।

24ਤਾਂ ਕਨਾਨਾਹ ਦੇ ਪੁੱਤਰ ਸਿਦਕੀਯਾਹ ਨੇ ਨੇੜੇ ਆਣ ਕੇ ਮੀਕਾਯਾਹ ਦੀ ਗੱਲ੍ਹ ਉੱਤੇ ਮਾਰਿਆ ਅਤੇ ਆਖਿਆ, ਯਹੋਵਾਹ ਦਾ ਆਤਮਾ ਕਿਸ ਰਾਹ ਥਾਣੀ ਮੇਰੇ ਕੋਲੋਂ ਦੀ ਲੰਘਿਆ ਜੋ ਤੈਨੂੰ ਬੋਲੇ?

25ਪਰ ਮੀਕਾਯਾਹ ਨੇ ਆਖਿਆ, ਵੇਖ, ਤੂੰ ਉਸ ਦਿਨ ਜਦ ਤੂੰ ਅੰਦਰਲੀ ਕੋਠੜੀ ਵਿੱਚ ਲੁੱਕਣ ਨੂੰ ਵੜੇਂਗਾ ਤਦ ਤੂੰ ਵੇਖੇਂਗਾ।

26ਤਦ ਇਸਰਾਏਲ ਦੇ ਪਾਤਸ਼ਾਹ ਨੇ ਆਖਿਆ, ਮੀਕਾਯਾਹ ਨੂੰ ਫੜ੍ਹ ਕੇ ਸ਼ਹਿਰ ਦੇ ਸਰਦਾਰ ਆਮੋਨ ਕੋਲ ਅਤੇ ਪਾਤਸ਼ਾਹ ਦੇ ਪੁੱਤਰ ਯੋਆਸ਼ ਕੋਲ ਮੋੜ ਲੈ ਜਾ।

27ਅਤੇ ਆਖ ਕਿ ਪਾਤਸ਼ਾਹ ਇਹ ਫ਼ਰਮਾਉਂਦਾ ਹੈ ਕਿ ਮੇਰੇ ਸੁੱਖ-ਸਾਂਦ ਨਾਲ ਆਉਣ ਤੋੜੀ ਇਸ ਨੂੰ ਕੈਦ ਵਿੱਚ ਰੱਖੋ ਅਤੇ ਉਹ ਨੂੰ ਤੰਗੀ ਦੀ ਰੋਟੀ ਅਤੇ ਤੰਗੀ ਦਾ ਪਾਣੀ ਦਿਓ।

28ਪਰ ਮੀਕਾਯਾਹ ਨੇ ਆਖਿਆ, ਜੇਕਰ ਤੁਸੀਂ ਕਦੀ ਸੁੱਖ-ਸਾਂਦ ਨਾਲ ਮੁੜ ਆਓ ਤਾਂ ਯਹੋਵਾਹ ਮੇਰੇ ਰਾਹੀਂ ਨਹੀਂ ਬੋਲਿਆ ਨਾਲੇ ਉਹ ਨੇ ਆਖਿਆ, ਹੇ ਲੋਕੋ, ਤੁਸੀਂ ਸਭ ਦੇ ਸਭ ਸੁਣ ਲਓ।

29ਤਾਂ ਇਸਰਾਏਲ ਦਾ ਪਾਤਸ਼ਾਹ ਅਤੇ ਯਹੂਦਾਹ ਦਾ ਪਾਤਸ਼ਾਹ ਯਹੋਸ਼ਾਫ਼ਾਤ, ਰਾਮੋਥ ਗਿਲਆਦ ਨੂੰ ਚੜ੍ਹੇ।

30ਅਤੇ ਇਸਰਾਏਲ ਦੇ ਪਾਤਸ਼ਾਹ ਨੇ ਯਹੋਸ਼ਾਫ਼ਾਤ ਨੂੰ ਆਖਿਆ, ਮੈਂ ਆਪਣਾ ਭੇਸ ਵਟਾਕੇ ਲੜਾਈ ਵਿੱਚ ਜਾਂਵਾਂਗਾ ਪਰ ਤੂੰ ਆਪਣੇ ਬਸਤਰ ਪਾਈ ਰੱਖ। ਸੋ ਇਸਰਾਏਲ ਦਾ ਪਾਤਸ਼ਾਹ ਭੇਸ ਵਟਾਕੇ ਲੜਾਈ ਵਿੱਚ ਗਿਆ।

31ਪਰ ਅਰਾਮ ਦੇ ਰਾਜੇ ਨੇ ਆਪਣੇ ਰਥਾਂ ਦੇ ਬੱਤੀਆਂ ਸਰਦਾਰਾਂ ਨੂੰ ਹੁਕਮ ਦਿੱਤਾ ਕਿ ਇਸਰਾਏਲ ਦੇ ਪਾਤਸ਼ਾਹ ਤੋਂ ਛੁੱਟ ਹੋਰ ਕਿਸੇ ਛੋਟੇ ਵੱਡੇ ਨਾਲ ਨਾ ਲੜਿਓ।

32ਤਾਂ ਇਸ ਤਰ੍ਹਾਂ ਹੋਇਆ ਕਿ ਜਦ ਰਥਾਂ ਦੇ ਸਰਦਾਰਾਂ ਨੇ ਯਹੋਸ਼ਾਫ਼ਾਤ ਨੂੰ ਦੇਖਿਆ ਤਾਂ ਉਨ੍ਹਾਂ ਨੇ ਆਖਿਆ, ਇਸਰਾਏਲ ਦਾ ਰਾਜਾ ਜ਼ਰੂਰ ਇਹੋ ਹੀ ਹੋਵੇਗਾ ਅਤੇ ਉਹ ਉਸ ਦੇ ਨਾਲ ਲੜਨ ਨੂੰ ਮੁੜੇ ਪਰ ਯਹੋਸ਼ਾਫ਼ਾਤ ਚਿੱਲਾਇਆ।

33ਅਤੇ ਇਸ ਤਰ੍ਹਾਂ ਹੋਇਆ ਕਿ ਜਦ ਰੱਥਾਂ ਦੇ ਸਰਦਾਰਾਂ ਨੇ ਵੇਖਿਆ ਕਿ ਇਹ ਇਸਰਾਏਲ ਦਾ ਪਾਤਸ਼ਾਹ ਨਹੀਂ ਹੈ ਤਾਂ ਉਹ ਉਸ ਦਾ ਪਿੱਛਾ ਕਰਨ ਤੋਂ ਹਟ ਗਏ।

34ਅਤੇ ਕਿਸੇ ਮਨੁੱਖ ਨੇ ਅਟਕਲ ਪੱਚੂ ਆਪਣਾ ਧਣੁੱਖ ਖਿੱਚ ਕੇ ਇਸਰਾਏਲ ਦੇ ਪਾਤਸ਼ਾਹ ਨੂੰ ਸੰਜੋ ਦੇ ਜੋੜ ਵਿੱਚ ਤੀਰ ਮਾਰਿਆ ਤਾਂ ਉਸ ਆਪਣੇ ਸਾਰਥੀ ਨੂੰ ਆਖਿਆ, ਮੋੜ ਲੈ ਅਤੇ ਮੈਨੂੰ ਦਲ ਵਿੱਚੋਂ ਕੱਢ ਲੈ ਚੱਲ ਕਿਉਂ ਜੋ ਮੈਂ ਫੱਟੜ ਹੋ ਗਿਆ ਹਾਂ।

35ਅਤੇ ਲੜਾਈ ਉਸ ਦਿਨ ਵੱਧ ਗਈ ਅਤੇ ਪਾਤਸ਼ਾਹ ਅਰਾਮੀਆਂ ਦੇ ਸਾਹਮਣੇ ਰਥ ਉੱਤੇ ਥੰਮਿਆ ਰਿਹਾ ਅਤੇ ਸੰਝ ਨੂੰ ਮਰ ਗਿਆ ਅਤੇ ਲਹੂ ਉਹ ਦੇ ਜ਼ਖਮ ਤੋਂ ਰਥ ਦੇ ਵਿੱਚ ਵਗਦਾ ਰਿਹਾ।

36ਅਤੇ ਸੂਰਜ ਦੇ ਆਥਣ ਦੇ ਵੇਲੇ ਦਲ ਦੇ ਵਿੱਚ ਇਹ ਹੋਕਾ ਫਿਰਾਇਆ ਗਿਆ ਕਿ ਹਰ ਕੋਈ ਆਪੋ ਆਪਣੇ ਸ਼ਹਿਰ ਅਤੇ ਹਰ ਕੋਈ ਆਪੋ ਆਪਣੇ ਦੇਸ ਨੂੰ ਤੁਰ ਜਾਵੇ।

37ਸੋ ਪਾਤਸ਼ਾਹ ਮਰ ਗਿਆ ਅਤੇ ਉਹ ਨੂੰ ਸਾਮਰਿਯਾ ਵਿੱਚ ਲੈ ਗਏ ਅਤੇ ਉਨ੍ਹਾਂ ਨੇ ਪਾਤਸ਼ਾਹ ਨੂੰ ਸਾਮਰਿਯਾ ਵਿੱਚ ਦੱਬ ਦਿੱਤਾ।

38ਅਤੇ ਰਥ ਨੂੰ ਸਾਮਰਿਯਾ ਦੇ ਤਲਾਬ ਵਿੱਚ ਧੋਤਾ ਜਿੱਥੇ ਵੇਸਵਾ ਨਹਾਉਂਦੀਆਂ ਹੁੰਦੀਆਂ ਸਨ ਅਤੇ ਯਹੋਵਾਹ ਦੇ ਬਚਨ ਅਨੁਸਾਰ ਜੋ ਉਹ ਬੋਲਿਆ ਕੁੱਤਿਆਂ ਨੇ ਆ ਕੇ ਉਹ ਦਾ ਲਹੂ ਚੱਟਿਆ।

39ਅਹਾਬ ਦੀਆਂ ਬਾਕੀ ਗੱਲਾਂ ਅਤੇ ਜੋ ਕੁਝ ਉਸਨੇ ਕੀਤਾ ਅਤੇ ਉਹ ਹਾਥੀ ਦੰਦ ਦਾ ਘਰ ਜੋ ਉਸ ਨੇ ਬਣਾਇਆ ਅਤੇ ਉਹ ਸਾਰੇ ਸ਼ਹਿਰ ਜੋ ਉਸ ਨੇ ਉਸਾਰੇ ਕੀ ਉਹ ਸਭ ਇਸਰਾਏਲ ਦਿਆਂ ਪਾਤਸ਼ਾਹਾਂ ਦੇ ਇਤਿਹਾਸ ਦੀ ਪੋਥੀ ਵਿੱਚ ਨਹੀਂ ਲਿਖੇ ਗਏ?

40ਸੋ ਅਹਾਬ ਮਰ ਕੇ ਆਪਣੇ ਪੁਰਖਿਆਂ ਦੇ ਨਾਲ ਜਾ ਮਿਲਿਆ ਅਤੇ ਉਸ ਦਾ ਪੁੱਤਰ ਅਹਜ਼ਯਾਹ ਉਸ ਦੇ ਥਾਂ ਰਾਜ ਕਰਨ ਲੱਗਾ।

41ਆਸਾ ਦਾ ਪੁੱਤਰ ਯਹੋਸ਼ਾਫ਼ਾਤ ਇਸਰਾਏਲ ਦੇ ਰਾਜੇ ਅਹਾਬ ਦੇ ਰਾਜ ਦੇ ਚੌਥੇ ਸਾਲ ਵਿੱਚ ਯਹੂਦਾਹ ਉੱਤੇ ਰਾਜ ਕਰਨ ਲੱਗਾ।

42ਯਹੋਸ਼ਾਫ਼ਾਤ ਪੈਂਤੀਆਂ ਸਾਲਾਂ ਦਾ ਸੀ ਜਦ ਰਾਜ ਕਰਨ ਲੱਗਾ ਅਤੇ ਯਰੂਸ਼ਲਮ ਵਿੱਚ ਪੱਚੀ ਸਾਲ ਰਾਜ ਕੀਤਾ ਅਤੇ ਉਹ ਦੀ ਮਾਤਾ ਦਾ ਨਾਮ ਸ਼ਿਲਹੀ ਦੀ ਧੀ ਅਜ਼ੂਬਾਹ ਸੀ।

43ਉਹ ਆਪਣੇ ਪਿਤਾ ਆਸਾ ਦੇ ਸਾਰੇ ਰਾਹ ਵਿੱਚ ਚੱਲਦਾ ਰਿਹਾ। ਉਹ ਉਸ ਤੋਂ ਨਹੀਂ ਮੁੜਿਆ ਪਰ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ ਉਹੋ ਕਰਦਾ ਰਿਹਾ ਤਾਂ ਵੀ ਉੱਚੇ ਸਥਾਨ ਢਾਹੇ ਨਾ ਗਏ ਸਗੋਂ ਅਜੇ ਲੋਕ ਉਨ੍ਹਾਂ ਉੱਚਿਆਂ ਥਾਵਾਂ ਉੱਤੇ ਬਲੀਆਂ ਚੜ੍ਹਾਉਂਦੇ ਅਤੇ ਧੂਪ ਧੁਖਾਉਂਦੇ ਸਨ।

44ਯਹੋਸ਼ਾਫ਼ਾਤ ਨੇ ਇਸਰਾਏਲ ਦੇ ਪਾਤਸ਼ਾਹ ਨਾਲ ਮੇਲ ਕੀਤਾ।

45ਯਹੋਸ਼ਾਫ਼ਾਤ ਦੇ ਬਾਕੀ ਕੰਮ ਅਤੇ ਉਹ ਦਾ ਬਲ ਜੋ ਉਹ ਨੇ ਵਿਖਾਇਆ ਅਤੇ ਉਹ ਕਿਵੇਂ ਲੜਿਆ ਕੀ ਇਹ ਯਹੂਦਾਹ ਦੇ ਪਾਤਸ਼ਾਹਾਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖੇ ਹੋਏ ਨਹੀਂ ਹਨ?

46ਅਤੇ ਉਨ੍ਹਾਂ ਗਾਂਡੂਆਂ ਨੂੰ ਜੋ ਉਹ ਦੇ ਪਿਤਾ ਆਸਾ ਦੇ ਦਿਨਾਂ ਵਿੱਚ ਬਾਕੀ ਰਹਿ ਗਏ ਸਨ ਉਹ ਨੇ ਦੇਸੋਂ ਕੱਢ ਦਿੱਤਾ।

47ਅਦੋਮ ਵਿੱਚ ਕੋਈ ਰਾਜਾ ਨਹੀਂ ਸੀ। ਇੱਕ ਗੁਮਾਸ਼ਤਾ ਰਾਜ ਕਰਦਾ ਸੀ।

48ਯਹੋਸ਼ਾਫ਼ਾਤ ਨੇ ਤਰਸ਼ੀਸ਼ੀ ਜਹਾਜ਼ ਬਣਾਏ ਤਾਂ ਜੋ ਉਹ ਸੋਨੇ ਲਈ ਓਫੀਰ ਨੂੰ ਜਾਣ ਪਰ ਉਹ ਗਏ ਨਾ ਕਿਉਂ ਜੋ ਉਹ ਜਹਾਜ਼ ਅਸਯੋਨ-ਗਬਰ ਕੋਲ ਟੁੱਟ ਗਏ।

49ਤਦ ਅਹਾਬ ਦੇ ਪੁੱਤਰ ਅਹਜ਼ਯਾਹ ਨੇ ਯਹੋਸ਼ਾਫ਼ਾਤ ਨੂੰ ਆਖਿਆ ਕਿ ਜਹਾਜ਼ਾਂ ਉੱਤੇ ਆਪਣਿਆਂ ਟਹਿਲੂਆਂ ਨਾਲ ਮੇਰੇ ਟਹਿਲੂਆਂ ਨੂੰ ਜਾਣ ਦੇਹ ਪਰ ਯਹੋਸ਼ਾਫ਼ਾਤ ਨੇ ਨਾਂਹ ਕਰ ਦਿੱਤੀ।

50ਤਾਂ ਯਹੋਸ਼ਾਫ਼ਾਤ ਮਰ ਕੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ ਅਤੇ ਆਪਣੇ ਪਿਤਾ ਦਾਊਦ ਦੇ ਸ਼ਹਿਰ ਵਿੱਚ ਆਪਣੇ ਪੁਰਖਿਆਂ ਨਾਲ ਦੱਬਿਆ ਗਿਆ ਅਤੇ ਉਸ ਦਾ ਪੁੱਤਰ ਯਹੋਰਾਮ ਉਸ ਦੇ ਥਾਂ ਰਾਜ ਕਰਨ ਲੱਗਾ।

51ਅਹਾਬ ਦਾ ਪੁੱਤਰ ਅਹਜ਼ਯਾਹ ਯਹੂਦਾਹ ਦੇ ਪਾਤਸ਼ਾਹ ਯਹੋਸ਼ਾਫ਼ਾਤ ਦੇ ਰਾਜ ਦੇ ਸਤਾਰਵੇਂ ਸਾਲ ਵਿੱਚ ਇਸਰਾਏਲ ਉੱਤੇ ਸਾਮਰਿਯਾ ਵਿੱਚ ਰਾਜ ਕਰਨ ਲੱਗਾ ਅਤੇ ਉਹ ਨੇ ਇਸਰਾਏਲ ਉੱਤੇ ਦੋ ਸਾਲ ਰਾਜ ਕੀਤਾ।

52ਉਹ ਨੇ ਯਹੋਵਾਹ ਦੇ ਵੇਖਣ ਵਿੱਚ ਬੁਰਿਆਈ ਕੀਤੀ ਅਤੇ ਆਪਣੇ ਪਿਤਾ ਦੇ ਰਾਹ ਵਿੱਚ ਅਤੇ ਆਪਣੀ ਮਾਤਾ ਦੇ ਰਾਹ ਵਿੱਚ ਅਤੇ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਰਾਹ ਵਿੱਚ ਜਿਸ ਇਸਰਾਏਲ ਤੋਂ ਪਾਪ ਕਰਾਇਆ ਸੀ ਚੱਲਦਾ ਰਿਹਾ।

53ਕਿਉਂ ਜੋ ਉਹ ਨੇ ਬਆਲ ਦੀ ਪੂਜਾ ਕੀਤੀ ਅਤੇ ਉਹ ਦੇ ਅੱਗੇ ਮੱਥਾ ਟੇਕਿਆ ਸੋ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਨੂੰ ਖਿਝਾਇਆ ਅਤੇ ਤਿਵੇਂ ਹੀ ਸਭ ਕੁਝ ਕੀਤਾ ਜਿਵੇਂ ਉਹ ਦੇ ਪਿਤਾ ਨੇ ਕੀਤਾ ਸੀ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath