1 ਰਾਜਿਆਂ 21
1ਤਾਂ ਇਸ ਤਰ੍ਹਾਂ ਹੋਇਆ ਕਿ ਇਨ੍ਹਾਂ ਗੱਲਾਂ ਦੇ ਪਿੱਛੋਂ ਨਾਬੋਥ ਯਿਜ਼ਰਏਲੀ ਦੇ ਕੋਲ ਅੰਗੂਰਾਂ ਦਾ ਬਾਗ਼ ਸੀ ਜਿਹੜਾ ਯਿਜ਼ਰਏਲ ਵਿੱਚ ਅਤੇ ਸਾਮਰਿਯਾ ਦੇ ਪਾਤਸ਼ਾਹ ਅਹਾਬ ਦੇ ਮਹਿਲ ਦੇ ਨਾਲ ਲਗਵਾਂ ਸੀ।
2ਅਹਾਬ ਨਾਬੋਥ ਨੂੰ ਬੋਲਿਆ ਕਿ ਆਪਣਾ ਅੰਗੂਰੀ ਬਾਗ਼ ਮੈਨੂੰ ਦੇ ਦੇਹ ਕਿ ਇਹ ਮੇਰੇ ਲਈ ਇੱਕ ਸਬਜ਼ੀ ਦਾ ਬਾਗ਼ ਹੋਵੇ ਕਿਉਂ ਜੋ ਉਹ ਮੇਰੇ ਘਰ ਦੇ ਨਾਲ ਲਗਵਾਂ ਹੈ ਅਤੇ ਮੈਂ ਤੈਨੂੰ ਉਹ ਦੇ ਥਾਂ ਇੱਕ ਚੰਗਾ ਅੰਗੂਰੀ ਬਾਗ਼ ਦੇ ਦਿਆਂਗਾ ਅਤੇ ਜੇ ਤੇਰੀ ਨਿਗਾਹ ਵਿੱਚ ਚੰਗਾ ਲੱਗੇ ਤਾਂ ਮੈਂ ਤੈਨੂੰ ਉਹ ਦੇ ਲਈ ਚਾਂਦੀ ਦਿਆਂਗਾ।
3ਤਾਂ ਨਾਬੋਥ ਨੇ ਅਹਾਬ ਨੂੰ ਆਖਿਆ ਕਿ ਯਹੋਵਾਹ ਇਹ ਮੈਥੋਂ ਦੂਰ ਰੱਖੇ ਕਿ ਮੈਂ ਆਪਣੇ ਪੁਰਖਿਆਂ ਦੀ ਮਿਰਾਸ ਤੁਹਾਨੂੰ ਦੇਵਾਂ।
4ਤਾਂ ਅਹਾਬ ਆਪਣੇ ਘਰ ਨੂੰ ਗਿਆ। ਉਹ ਉਸ ਗੱਲ ਤੋਂ ਗੁੱਸੇ ਵਿੱਚ ਵੱਟਿਆ ਘੁੱਟਿਆ ਹੋਇਆ ਸੀ ਜੋ ਯਿਜ਼ਰਏਲੀ ਨਾਬੋਥ ਨੇ ਉਹ ਨੂੰ ਆਖੀ ਸੀ ਕਿ ਮੈਂ ਤੁਹਾਨੂੰ ਆਪਣੇ ਪੁਰਖਿਆਂ ਦੀ ਮਿਰਾਸ ਨਹੀਂ ਦਿਆਂਗਾ। ਉਹ ਆਪਣੇ ਪਲੰਘ ਉੱਤੇ ਆ ਪਿਆ ਅਤੇ ਮੂੰਹ ਵੱਟ ਛੱਡਿਆ ਅਤੇ ਰੋਟੀ ਨਾ ਖਾਧੀ।
5ਤਾਂ ਉਹ ਦੀ ਰਾਣੀ ਈਜ਼ਬਲ ਉਹ ਦੇ ਕੋਲ ਆਈ ਅਤੇ ਉਹ ਨੂੰ ਬੋਲੀ, ਤੇਰੀ ਰੂਹ ਕਿਉਂ ਉਦਾਸੀ ਵਿੱਚ ਹੈ ਜੋ ਤੂੰ ਰੋਟੀ ਨਹੀਂ ਖਾਧੀ?
6ਉਹ ਉਸ ਨੂੰ ਬੋਲਿਆ ਕਿ ਮੈਂ ਯਿਜ਼ਰਏਲੀ ਨਾਬੋਥ ਨਾਲ ਗੱਲ ਕੀਤੀ ਸੀ ਅਤੇ ਮੈਂ ਉਸ ਨੂੰ ਆਖਿਆ ਸੀ ਕਿ ਤੂੰ ਆਪਣਾ ਅੰਗੂਰੀ ਬਾਗ਼ ਮੈਨੂੰ ਚਾਂਦੀ ਦੇ ਕੇ ਦੇਹ ਅਤੇ ਜਾਂ ਜੇ ਤੈਨੂੰ ਪਸੰਦ ਹੋਵੇ ਤਾਂ ਮੈਂ ਤੈਨੂੰ ਉਹ ਦੇ ਥਾਂ ਇੱਕ ਹੋਰ ਅੰਗੂਰੀ ਬਾਗ਼ ਦੇ ਦਿੰਦਾ ਹਾਂ ਪਰ ਉਸ ਨੇ ਆਖਿਆ, ਮੈਂ ਤੁਹਾਨੂੰ ਆਪਣਾ ਅੰਗੂਰੀ ਬਾਗ਼ ਨਹੀਂ ਦਿਆਂਗਾ।
7ਤਾਂ ਉਸ ਦੀ ਰਾਣੀ ਈਜ਼ਬਲ ਨੇ ਉਹ ਨੂੰ ਆਖਿਆ, ਕੀ ਤੂੰ ਇਸ ਵੇਲੇ ਇਸਰਾਏਲ ਉੱਤੇ ਰਾਜ ਕਰਦਾ ਹੈਂ? ਉੱਠ ਰੋਟੀ ਖਾਹ ਅਤੇ ਆਪਣਾ ਮਨ ਭਾਉਂਦਾ ਭੋਗ ਬਿਲਾਸ ਕਰ। ਮੈਂ ਤੈਨੂੰ ਯਿਜ਼ਰਏਲੀ ਨਾਬੋਥ ਦਾ ਅੰਗੂਰੀ ਬਾਗ਼ ਲੈ ਕੇ ਦਿੰਦੀ ਹਾਂ।
8ਸੋ ਉਸ ਨੇ ਅਹਾਬ ਦੇ ਨਾਮ ਉੱਤੇ ਪਰਵਾਨੇ ਲਿਖੇ ਅਤੇ ਉਨ੍ਹਾਂ ਉੱਤੇ ਉਹ ਦੀ ਮੋਹਰ ਲਾਈ। ਉਹ ਉਨ੍ਹਾਂ ਬਜ਼ੁਰਗਾਂ ਅਤੇ ਭਲੇ ਲੋਕਾਂ ਨੂੰ ਭੇਜੇ ਜਿਹੜੇ ਉਹ ਦੇ ਸ਼ਹਿਰ ਦੇ ਸਨ ਅਤੇ ਨਾਬੋਥ ਦੇ ਨੇੜੇ ਵੱਸਦੇ ਸਨ।
9ਤਾਂ ਉਸ ਨੇ ਪਰਵਾਨਿਆਂ ਵਿੱਚ ਲਿਖਿਆ ਕਿ ਵਰਤ ਦੀ ਡੌਂਡੀ ਫਿਰਾਓ ਅਤੇ ਨਾਬੋਥ ਨੂੰ ਲੋਕਾਂ ਦੇ ਸਿਰੇ ਤੇ ਬਿਠਾਓ।
10ਤਾਂ ਸ਼ੈਤਾਨ ਦੇ ਪੁੱਤਰਾਂ ਵਿੱਚੋਂ ਦੋ ਮਨੁੱਖਾਂ ਨੂੰ ਉਹ ਦੇ ਸਾਹਮਣੇ ਬਿਠਾਓ। ਉਹ ਗਵਾਹੀ ਦੇਣ ਕਿ ਤੂੰ ਪਰਮੇਸ਼ੁਰ ਅਤੇ ਪਾਤਸ਼ਾਹ ਨੂੰ ਦੁਰਬਚਨ ਬੋਲਿਆ ਹੈਂ ਤਾਂ ਉਹ ਉਸ ਨੂੰ ਬਾਹਰ ਲੈ ਜਾ ਕੇ ਪਥਰਾਉ ਕਰਨ ਕਿ ਉਹ ਮਰ ਜਾਵੇ।
11ਸੋ ਉਹ ਦੇ ਸ਼ਹਿਰ ਦੇ ਲੋਕਾਂ ਨੇ ਅਰਥਾਤ ਬਜ਼ੁਰਗਾਂ ਅਤੇ ਭਲੇ ਲੋਕਾਂ ਨੇ ਜੋ ਉਹ ਦੇ ਸ਼ਹਿਰ ਦੇ ਵਾਸੀ ਸਨ ਜਿਵੇਂ ਈਜ਼ਬਲ ਨੇ ਉਨ੍ਹਾਂ ਨੂੰ ਸੁਨੇਹਾ ਭੇਜਿਆ ਸੀ ਅਤੇ ਜਿਵੇਂ ਉਨ੍ਹਾਂ ਪਰਵਾਨਿਆਂ ਵਿੱਚ ਲਿਖਿਆ ਸੀ ਜੋ ਉਸ ਉਨ੍ਹਾਂ ਨੂੰ ਭੇਜੇ ਤਿਵੇਂ ਹੀ ਕੀਤਾ।
12ਉਨ੍ਹਾਂ ਨੇ ਵਰਤ ਦੀ ਡੌਂਡੀ ਫਿਰਾਈ ਅਤੇ ਨਾਬੋਥ ਨੂੰ ਲੋਕਾਂ ਵਿੱਚ ਉੱਚਾ ਕਰਕੇ ਬਿਠਾਇਆ।
13ਤਾਂ ਦੋ ਸ਼ਤਾਨੀ ਮਨੁੱਖ ਅੰਦਰ ਆਏ ਅਤੇ ਉਸ ਦੇ ਸਾਹਮਣੇ ਬੈਠ ਗਏ ਤਾਂ ਇਨ੍ਹਾਂ ਸ਼ਤਾਨੀ ਮਨੁੱਖਾਂ ਨੇ ਉਸ ਦੇ ਉੱਤੇ ਅਰਥਾਤ ਨਾਬੋਥ ਉੱਤੇ ਲੋਕਾਂ ਦੇ ਅੱਗੇ ਗਵਾਹੀ ਦਿੱਤੀ ਕਿ ਨਾਬੋਥ ਨੇ ਪਰਮੇਸ਼ੁਰ ਅਤੇ ਪਾਤਸ਼ਾਹ ਨੂੰ ਦੁਰਬਚਨ ਆਖੇ ਹਨ ਤਾਂ ਉਹ ਉਸ ਨੂੰ ਸ਼ਹਿਰੋਂ ਬਾਹਰ ਲੈ ਗਏ ਅਤੇ ਉਸ ਨੂੰ ਪਥਰਾਉ ਕਰ ਕੇ ਮਾਰ ਸੁੱਟਿਆ।
14ਤਾਂ ਉਨ੍ਹਾਂ ਨੇ ਈਜ਼ਬਲ ਨੂੰ ਕਹਾ ਭੇਜਿਆ ਕਿ ਨਾਬੋਥ ਨੂੰ ਪਥਰਾਉ ਕੀਤਾ ਗਿਆ ਅਤੇ ਉਹ ਮਰ ਗਿਆ ਹੈ।
15ਤਾਂ ਇਸ ਤਰ੍ਹਾਂ ਹੋਇਆ ਕਿ ਜਦ ਈਜ਼ਬਲ ਨੇ ਸੁਣਿਆ ਕਿ ਨਾਬੋਥ ਉੱਤੇ ਪਥਰਾਉ ਕੀਤਾ ਗਿਆ ਅਤੇ ਉਹ ਮਰ ਗਿਆ ਹੈ ਤਾਂ ਈਜ਼ਬਲ ਨੇ ਅਹਾਬ ਨੂੰ ਆਖਿਆ, ਉੱਠ ਅਤੇ ਯਿਜ਼ਰਏਲੀ ਨਾਬੋਥ ਦੇ ਅੰਗੂਰੀ ਬਾਗ਼ ਨੂੰ ਕਬਜ਼ੇ ਵਿੱਚ ਲੈ ਜਿਹੜਾ ਉਹ ਤੈਨੂੰ ਚਾਂਦੀ ਲੈ ਕੇ ਦੇਣਾ ਨਹੀਂ ਚਾਹੁੰਦਾ ਸੀ ਕਿਉਂ ਜੋ ਨਾਬੋਥ ਜਿਉਂਦਾ ਨਹੀਂ ਸਗੋਂ ਉਹ ਤਾਂ ਮਰ ਗਿਆ ਹੈ।
16ਅਤੇ ਇਸ ਤਰ੍ਹਾਂ ਹੋਇਆ ਕਿ ਜਦ ਅਹਾਬ ਨੇ ਸੁਣਿਆ ਕਿ ਨਾਬੋਥ ਮਰ ਗਿਆ ਹੈ ਤਾਂ ਅਹਾਬ ਉੱਠਿਆ ਕਿ ਨਾਬੋਥ ਯਿਜ਼ਰਏਲੀ ਦੇ ਅੰਗੂਰੀ ਬਾਗ਼ ਉੱਤੇ ਕਬਜ਼ਾ ਕਰਨ ਲਈ ਹੇਠਾਂ ਜਾਵੇ।
17ਤਾਂ ਪਰਮੇਸ਼ੁਰ ਦਾ ਬਚਨ ਏਲੀਯਾਹ ਤਿਸ਼ਬੀ ਨੂੰ ਆਇਆ ਕਿ
18ਉੱਠ ਅਤੇ ਇਸਰਾਏਲ ਦੇ ਪਾਤਸ਼ਾਹ ਅਹਾਬ ਨੂੰ ਜੋ ਸਾਮਰਿਯਾ ਵਿੱਚ ਵੱਸਦਾ ਹੈ ਜਾ ਮਿਲ। ਵੇਖ, ਉਹ ਨਾਬੋਥ ਦੇ ਅੰਗੂਰੀ ਬਾਗ਼ ਵਿੱਚ ਹੈ ਅਤੇ ਉਸ ਦਾ ਕਬਜ਼ਾ ਲੈਣ ਨੂੰ ਉੱਥੇ ਗਿਆ ਹੈ।
19ਤੂੰ ਉਹ ਨੂੰ ਬੋਲ ਕਿ ਯਹੋਵਾਹ ਇਸ ਤਰ੍ਹਾਂ ਫ਼ਰਮਾਉਂਦਾ ਹੈ ਕੀ ਤੂੰ ਖ਼ੂਨੀ ਬਣਿਆ ਅਤੇ ਕੀ ਕਬਜ਼ਾ ਵੀ ਲਿਆ? ਤੂੰ ਉਹ ਨੂੰ ਬੋਲ ਕਿ ਯਹੋਵਾਹ ਇਸ ਤਰ੍ਹਾਂ ਫ਼ਰਮਾਉਂਦਾ ਹੈ, ਕਿ ਜਿੱਥੇ ਕੁੱਤਿਆਂ ਨੇ ਨਾਬੋਥ ਦਾ ਲਹੂ ਚੱਟਿਆ ਉੱਥੇ ਤੇਰਾ ਲਹੂ ਚੱਟਣਗੇ, ਹਾਂ ਤੇਰਾ ਹੀ।
20ਅੱਗੋਂ ਅਹਾਬ ਨੇ ਏਲੀਯਾਹ ਨੂੰ ਆਖਿਆ, ਹੇ ਮੇਰਿਆ ਦੁਸ਼ਮਣਾ, ਤੂੰ ਮੈਨੂੰ ਲੱਭ ਲਿਆ? ਉਸ ਉੱਤਰ ਦਿੱਤਾ ਹਾਂ, ਲੱਭ ਲਿਆ ਕਿਉਂ ਜੋ ਤੂੰ ਯਹੋਵਾਹ ਦੇ ਵੇਖਦਿਆਂ ਤੇ ਬੁਰਿਆਈ ਕਰਨ ਲਈ ਆਪ ਨੂੰ ਵੇਚ ਦਿੱਤਾ।
21ਤੂੰ ਵੇਖੇਂਗਾ ਕਿ ਮੈਂ ਤੇਰੇ ਉੱਤੇ ਬੁਰਿਆਈ ਲਿਆਵਾਂਗਾ ਅਤੇ ਮੈਂ ਤੈਨੂੰ ਝਾੜ ਸੁੱਟਾਂਗਾ ਅਤੇ ਮੈਂ ਅਹਾਬ ਨਾਲੋਂ ਨਰ ਅਤੇ ਇਸਰਾਏਲ ਦੇ ਬੰਦੀ ਅਤੇ ਅਜ਼ਾਦ ਵੱਢ ਸੁੱਟਾਂਗਾ।
22ਅਤੇ ਮੈਂ ਤੇਰੇ ਘਰਾਣੇ ਨੂੰ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਵਾਂਗੂੰ ਤੇ ਅਹੀਯਾਹ ਦੇ ਪੁੱਤਰ ਬਆਸ਼ਾ ਦੇ ਘਰਾਣੇ ਵਾਂਗੂੰ ਕਰ ਦਿਆਂਗਾ ਉਸ ਖਿਝ ਦੇ ਕਾਰਨ ਜਿਹ ਦੇ ਨਾਲ ਤੂੰ ਮੈਨੂੰ ਖਿਝਾਇਆ ਅਤੇ ਇਸ ਤੋਂ ਵੀ ਕਿ ਤੂੰ ਇਸਰਾਏਲ ਤੋਂ ਪਾਪ ਕਰਾਇਆ।
23ਈਜ਼ਬਲ ਲਈ ਵੀ ਯਹੋਵਾਹ ਦਾ ਬਚਨ ਹੈ ਕਿ ਈਜ਼ਬਲ ਨੂੰ ਯਿਜ਼ਰਏਲ ਦੀ ਸਫੀਲ ਕੋਲ ਕੁੱਤੇ ਖਾਣਗੇ।
24ਅਹਾਬ ਦਾ ਜਿਹੜਾ ਸ਼ਹਿਰ ਵਿੱਚ ਮਰੇਗਾ ਉਹ ਨੂੰ ਕੁੱਤੇ ਖਾਣਗੇ ਅਤੇ ਜਿਹੜਾ ਰੜ ਵਿੱਚ ਮਰੇਗਾ ਉਹ ਨੂੰ ਅਕਾਸ਼ ਦੇ ਪੰਛੀ ਖਾਣਗੇ।
25ਪਰ ਅਹਾਬ ਵਰਗਾ ਕੋਈ ਨਹੀਂ ਹੋਇਆ ਜਿਸ ਯਹੋਵਾਹ ਦੀ ਨਿਗਾਹ ਵਿੱਚ ਬੁਰਿਆਈ ਕਰਨ ਲਈ ਆਪ ਨੂੰ ਵੇਚਿਆ ਅਤੇ ਜਿਸ ਨੂੰ ਉਹ ਦੀ ਰਾਣੀ ਈਜ਼ਬਲ ਨੇ ਪਰੇਰਿਆ।
26ਉਹ ਨੇ ਅੱਤ ਘਿਣਾਉਣਾ ਕੰਮ ਇਹ ਕੀਤਾ ਕਿ ਅਮੋਰੀਆਂ ਵਾਂਗੂੰ ਜਿਨ੍ਹਾਂ ਨੂੰ ਯਹੋਵਾਹ ਨੇ ਇਸਰਾਏਲ ਦੇ ਅੱਗੋਂ ਕੱਢ ਦਿੱਤਾ ਸੀ ਉਹ ਬੁੱਤਾਂ ਦੇ ਮਗਰ ਲੱਗ ਗਿਆ।
27ਤਾਂ ਇਸ ਤਰ੍ਹਾਂ ਹੋਇਆ ਕਿ ਜਦ ਅਹਾਬ ਨੇ ਇਹ ਗੱਲਾਂ ਸੁਣੀਆਂ ਤਾਂ ਆਪਣੇ ਲੀੜੇ ਪਾੜ ਲਏ ਅਤੇ ਆਪਣੇ ਸਰੀਰ ਉੱਤੇ ਤੱਪੜ ਪਾ ਕੇ ਵਰਤ ਰੱਖਿਆ ਅਤੇ ਤੱਪੜ ਵਿੱਚ ਹੀ ਲੇਟਣ ਅਤੇ ਹੌਲੀ-ਹੌਲੀ ਚੱਲਣ ਲੱਗਾ।
28ਤਾਂ ਯਹੋਵਾਹ ਦਾ ਬਚਨ ਏਲੀਯਾਹ ਤਿਸ਼ਬੀ ਨੂੰ ਆਇਆ ਕੀ
29ਤੂੰ ਵੇਖਦਾ ਹੈਂ ਕਿ ਅਹਾਬ ਨੇ ਮੇਰੇ ਸਾਹਮਣੇ ਆਪ ਨੂੰ ਅਧੀਨ ਕੀਤਾ ਹੈ? ਇਸ ਲਈ ਕਿ ਉਹ ਨੇ ਆਪ ਨੂੰ ਮੇਰੇ ਸਨਮੁਖ ਅਧੀਨ ਕੀਤਾ ਹੈ ਮੈਂ ਉਹ ਦੇ ਦਿਨਾਂ ਵਿੱਚ ਇਹ ਬੁਰਿਆਈ ਨਾ ਲਿਆਵਾਂਗਾ ਪਰ ਉਹ ਦੇ ਪੁੱਤਰ ਦੇ ਦਿਨਾਂ ਵਿੱਚ ਉਹ ਦੇ ਘਰਾਣੇ ਉੱਤੇ ਇਹ ਬੁਰਿਆਈ ਲਿਆਵਾਂਗਾ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath