1 ਰਾਜਿਆਂ 20
1ਬਨ-ਹਦਦ ਅਰਾਮ ਦੇ ਰਾਜੇ ਨੇ ਆਪਣੀ ਫੌਜ ਨੂੰ ਇਕੱਠਾ ਕੀਤਾ ਅਤੇ ਉਹ ਦੇ ਨਾਲ ਬੱਤੀ ਰਾਜੇ ਸਨ ਨਾਲੇ ਘੋੜੇ ਤੇ ਰਥ ਅਤੇ ਉਹ ਨੇ ਉਤਾਹਾਂ ਜਾ ਕੇ ਸਾਮਰਿਯਾ ਨੂੰ ਘੇਰ ਲਿਆ ਅਤੇ ਉਸ ਦੇ ਨਾਲ ਯੁੱਧ ਕੀਤਾ।
2ਉਹ ਨੇ ਇਸਰਾਏਲ ਦੇ ਪਾਤਸ਼ਾਹ ਅਹਾਬ ਕੋਲ ਸ਼ਹਿਰ ਨੂੰ ਹਲਕਾਰੇ ਭੇਜੇ ਅਤੇ ਉਸ ਨੂੰ ਆਖਿਆ ਕਿ ਬਨ-ਹਦਦ ਇਸ ਤਰ੍ਹਾਂ ਆਖਦਾ ਹੈ।
3ਕਿ ਤੇਰਾ ਚਾਂਦੀ ਸੋਨਾ ਮੇਰਾ ਹੈ। ਤੇਰੀਆਂ ਇਸਤਰੀਆਂ ਅਤੇ ਤੇਰੇ ਚੰਗੇ ਤੋਂ ਚੰਗੇ ਬੱਚੇ ਮੇਰੇ ਹਨ।
4ਤਾਂ ਇਸਰਾਏਲ ਦੇ ਪਾਤਸ਼ਾਹ ਨੇ ਉੱਤਰ ਦਿੱਤਾ ਕਿ ਹੇ ਮੇਰੇ ਸੁਆਮੀ, ਹੇ ਮੇਰੇ ਪਾਤਸ਼ਾਹ, ਮੈਂ ਅਤੇ ਜੋ ਕੁਝ ਮੇਰਾ ਹੈ ਉਹ ਸਭ ਤੁਹਾਡਾ ਹੈ।
5ਤਾਂ ਉਨ੍ਹਾਂ ਹਲਕਾਰਿਆਂ ਨੇ ਮੁੜ ਆਖਿਆ, ਬਨ-ਹਦਦ ਇਸ ਤਰ੍ਹਾਂ ਆਖਦਾ ਹੈ ਕਿ ਮੈਂ ਤਾਂ ਤੇਰੇ ਕੋਲ ਆਖ ਭੇਜਿਆ ਸੀ ਕਿ ਤੂੰ ਆਪਣਾ ਚਾਂਦੀ, ਸੋਨਾ, ਇਸਤਰੀਆਂ ਅਤੇ ਬਾਲ ਬੱਚੇ ਮੈਨੂੰ ਦੇ ਦੇਹ।
6ਪਰ ਹੁਣ ਮੈਂ ਕੱਲ ਇਸੇ ਵੇਲੇ ਆਪਣਿਆਂ ਟਹਿਲੂਆਂ ਨੂੰ ਤੇਰੇ ਕੋਲ ਭੇਜਾਂਗਾ ਅਤੇ ਉਹ ਤੇਰੇ ਮਹਿਲ ਦੀ ਅਤੇ ਤੇਰੇ ਟਹਿਲੂਆਂ ਦੇ ਘਰਾਂ ਦੀ ਤਲਾਸ਼ੀ ਲੈਣਗੇ ਅਤੇ ਇਸ ਤਰ੍ਹਾਂ ਹੋਵੇਗਾ ਕਿ ਜੋ ਕੁਝ ਤੇਰੀ ਨਿਗਾਹ ਵਿੱਚ ਚੰਗਾ ਹੈ ਉਹ ਆਪਣੇ ਹੱਥ ਵਿੱਚ ਚੁੱਕ ਕੇ ਲੈ ਜਾਣਗੇ।
7ਤਾਂ ਇਸਰਾਏਲ ਦੇ ਪਾਤਸ਼ਾਹ ਨੇ ਦੇਸ ਦੇ ਸਾਰੇ ਬਜ਼ੁਰਗਾਂ ਨੂੰ ਸੱਦ ਕੇ ਆਖਿਆ ਕਿ ਧਿਆਨ ਕਰੋ ਅਤੇ ਵੇਖੋ ਜੋ ਇਹ ਮਨੁੱਖ ਕਿੱਕੁਰ ਬੁਰਿਆਈ ਕਰਨੀ ਚਾਹੁੰਦਾ ਹੈ ਕਿਉਂ ਜੋ ਉਹ ਨੇ ਮੇਰੇ ਕੋਲੋਂ ਮੇਰੀਆਂ ਇਸਤਰੀਆਂ, ਮੇਰੇ ਬੱਚੇ ਤੇ ਮੇਰਾ ਚਾਂਦੀ ਸੋਨਾ ਮੰਗ ਭੇਜਿਆ ਹੈ ਅਤੇ ਮੈਂ ਉਹ ਨੂੰ ਮਨਾ ਨਹੀਂ ਕੀਤਾ।
8ਅੱਗੋਂ ਸਾਰੇ ਬਜ਼ੁਰਗਾਂ ਅਤੇ ਸਾਰੇ ਲੋਕਾਂ ਨੇ ਉਹ ਨੂੰ ਆਖਿਆ, ਉਸ ਦੀ ਨਾ ਸੁਣੋ ਅਤੇ ਨਾ ਮੰਨੋ।
9ਇਸ ਤੋਂ ਬਾਅਦ ਉਹ ਨੇ ਬਨ-ਹਦਦ ਦੇ ਹਲਕਾਰਿਆਂ ਨੂੰ ਆਖਿਆ, ਮੇਰੇ ਸੁਆਮੀ ਪਾਤਸ਼ਾਹ ਨੂੰ ਆਖੋ ਕਿ ਜੋ ਕੁਝ ਤੁਸੀਂ ਆਪਣੇ ਦਾਸ ਤੋਂ ਪਹਿਲੇ ਮੰਗਿਆ ਉਹ ਮੈਂ ਕਰਾਂਗਾ ਪਰ ਇਹ ਗੱਲ ਮੈਥੋਂ ਨਹੀਂ ਹੋਣੀ। ਤਾਂ ਹਲਕਾਰੇ ਤੁਰ ਗਏ ਅਤੇ ਉੱਤਰ ਜਾ ਦਿੱਤਾ।
10ਤਾਂ ਬਨ-ਹਦਦ ਨੇ ਉਹ ਨੂੰ ਆਖ ਭੇਜਿਆ ਕਿ ਜੇ ਸਾਮਰਿਯਾ ਦੀ ਧੂੜ ਉਨ੍ਹਾਂ ਸਭਨਾਂ ਲੋਕਾਂ ਲਈ ਜੋ ਮੇਰੇ ਅਧੀਨ ਹਨ ਮੁੱਠ ਭਰਨ ਲਈ ਪੂਰੀ ਹੀ ਹੋਵੇ ਤਾਂ ਦੇਵਤੇ ਮੇਰੇ ਨਾਲ ਅਜਿਹਾ ਹੀ ਕਰਨ ਸਗੋਂ ਇਸ ਨਾਲੋਂ ਵੀ ਵੱਧ।
11ਫੇਰ ਇਸਰਾਏਲ ਦੇ ਪਾਤਸ਼ਾਹ ਨੇ ਉੱਤਰ ਦਿੱਤਾ ਕਿ ਉਸ ਨੂੰ ਆਖੋ ਸ਼ਸਤਰ ਬੰਨ੍ਹਣ ਵਾਲਾ ਸ਼ਸਤਰ ਲਾਹੁਣ ਵਾਲੇ ਜਿਨ੍ਹਾਂ ਹੰਕਾਰ ਨਾ ਕਰੇ।
12ਤਾਂ ਇਸ ਤਰ੍ਹਾਂ ਹੋਇਆ ਕਿ ਜਾਂ ਉਸ ਨੇ ਇਹ ਗੱਲ ਸੁਣੀ ਜਦ ਉਹ ਰਾਜਿਆਂ ਦੇ ਨਾਲ ਸ਼ਾਮਿਆਨੇ ਦੇ ਵਿੱਚ ਪੀ ਰਿਹਾ ਸੀ ਤਾਂ ਉਸ ਨੇ ਆਪਣੇ ਟਹਿਲੂਆਂ ਨੂੰ ਆਖਿਆ, ਪਾਲਾਂ ਬੰਨ੍ਹ ਲਓ, ਸੋ ਉਨ੍ਹਾਂ ਨੇ ਸ਼ਹਿਰ ਦੇ ਵਿਰੁੱਧ ਪਾਲਾਂ ਬੰਨ੍ਹੀਆਂ।
13ਤਾਂ ਵੇਖੋ ਇੱਕ ਨਬੀ ਇਸਰਾਏਲ ਦੇ ਪਾਤਸ਼ਾਹ ਅਹਾਬ ਕੋਲ ਆਇਆ ਅਤੇ ਉਹ ਨੂੰ ਆਖਿਆ, ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਭਲਾ, ਤੂੰ ਇਹ ਸਾਰਾ ਵੱਡਾ ਦਲ ਵੇਖਿਆ ਹੈ? ਵੇਖ ਮੈਂ ਇਹ ਨੂੰ ਅੱਜ ਤੇਰੇ ਹੱਥ ਵਿੱਚ ਕਰ ਦਿਆਂਗਾ ਤਾਂ ਜੋ ਤੂੰ ਜਾਣੇ ਕਿ ਮੈਂ ਹੀ ਯਹੋਵਾਹ ਹਾਂ।
14ਤਦ ਅਹਾਬ ਨੇ ਪੁੱਛਿਆ, ਕਿਸ ਦੇ ਰਾਹੀਂ? ਉਸ ਆਖਿਆ, ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਸੂਬਿਆਂ ਦੇ ਸਰਦਾਰਾਂ ਦੇ ਜੁਆਨਾਂ ਦੇ ਰਾਹੀਂ। ਤਾਂ ਫੇਰ ਉਸ ਪੁੱਛਿਆ, ਲੜਾਈ ਕੌਣ ਸ਼ੁਰੂ ਕਰੇ? ਉਸ ਆਖਿਆ ਤੂੰ।
15ਸੋ ਉਹ ਨੇ ਸੂਬਿਆਂ ਦੇ ਸਰਦਾਰਾਂ ਦੇ ਜੁਆਨਾਂ ਦੀ ਗਿਣਤੀ ਕੀਤੀ ਅਤੇ ਉਹ ਦੋ ਸੌ ਬੱਤੀ ਸਨ। ਇਹ ਦੇ ਮਗਰੋਂ ਉਹ ਨੇ ਸਭਨਾਂ ਲੋਕਾਂ ਨੂੰ ਅਰਥਾਤ ਸਾਰੇ ਇਸਰਾਏਲੀਆਂ ਨੂੰ ਵੀ ਗਿਣਿਆ ਅਤੇ ਉਹ ਸੱਤ ਹਜ਼ਾਰ ਸਨ।
16ਉਹ ਦੁਪਹਿਰ ਨੂੰ ਨਿੱਕਲੇ ਪਰ ਬਨ-ਹਦਦ ਅਤੇ ਉਹ ਬੱਤੀ ਰਾਜੇ ਜੋ ਉਸ ਦੇ ਸਹਾਇਕ ਸਨ ਸ਼ਾਮਿਆਨੇ ਵਿੱਚ ਪੀ ਕੇ ਮਤਵਾਲੇ ਹੋ ਰਹੇ ਸਨ
17ਤਦ ਸੂਬਿਆਂ ਦੇ ਸਰਦਾਰਾਂ ਦੇ ਜੁਆਨ ਪਹਿਲਾਂ ਨਿੱਕਲੇ ਅਤੇ ਬਨ-ਹਦਦ ਨੇ ਆਦਮੀ ਭੇਜੇ ਅਤੇ ਉਨ੍ਹਾਂ ਨੇ ਉਸ ਨੂੰ ਦੱਸਿਆ ਕਿ ਮਨੁੱਖ ਸਾਮਰਿਯਾ ਤੋਂ ਨਿੱਕਲੇ ਹਨ।
18ਤਾਂ ਉਸ ਨੇ ਆਖਿਆ, ਜੇ ਉਹ ਸੁਲਾਹ ਲਈ ਨਿੱਕਲੇ ਹਨ ਤਾਂ ਉਨ੍ਹਾਂ ਨੂੰ ਜਿਉਂਦੇ ਫੜ ਲਓ ਅਤੇ ਜੇ ਉਹ ਲੜਨ ਨੂੰ ਨਿੱਕਲੇ ਹਨ ਤਾਂ ਵੀ ਜਿਉਂਦੇ ਫੜ ਲਓ।
19ਸੋ ਇਹ ਜੋ ਸੂਬਿਆਂ ਦੇ ਸਰਦਾਰਾਂ ਦੇ ਜੁਆਨ ਸਨ ਸ਼ਹਿਰ ਤੋਂ ਉਸ ਫੌਜ ਸਣੇ ਜੋ ਉਨ੍ਹਾਂ ਦੇ ਪਿੱਛੇ ਸੀ ਨਿੱਕਲੇ।
20ਅਤੇ ਇੱਕ-ਇੱਕ ਨੇ ਆਪਣੇ ਵੈਰੀ ਨੂੰ ਵੱਢ ਸੁੱਟਿਆ ਤਾਂ ਅਰਾਮੀ ਨੱਠੇ ਅਤੇ ਇਸਰਾਏਲ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਅਰਾਮ ਦਾ ਰਾਜਾ ਬਨ-ਹਦਦ ਇੱਕ ਘੋੜੇ ਉੱਤੇ ਘੋੜ ਚੜ੍ਹਿਆਂ ਦੇ ਨਾਲ ਭੱਜ ਗਿਆ।
21ਤਾਂ ਇਸਰਾਏਲ ਦੇ ਪਾਤਸ਼ਾਹ ਨੇ ਬਾਹਰ ਨਿੱਕਲ ਕੇ ਘੋੜਿਆਂ ਅਤੇ ਰਥਾਂ ਨੂੰ ਮਾਰਿਆ ਅਤੇ ਅਰਾਮੀਆਂ ਉੱਤੇ ਵੱਡਾ ਵਢਾਂਗਾ ਫੇਰਿਆ।
22ਅਤੇ ਉਹ ਨਬੀ ਇਸਰਾਏਲ ਦੇ ਪਾਤਸ਼ਾਹ ਕੋਲ ਆਇਆ ਅਤੇ ਉਹ ਨੂੰ ਆਖਿਆ, ਜਾ ਅਤੇ ਆਪਣੇ ਆਪ ਨੂੰ ਤਕੜਾ ਕਰ ਅਤੇ ਧਿਆਨ ਰੱਖ ਅਤੇ ਵੇਖ ਲੈ ਕਿ ਤੂੰ ਕੀ ਕਰਨਾ ਹੈ ਕਿਉਂ ਜੋ ਅਰਾਮ ਦਾ ਰਾਜਾ ਆਉਂਦੇ ਸਾਲ ਤੇਰੇ ਉੱਤੇ ਚੜ੍ਹਾਈ ਕਰੇਗਾ।
23ਅਰਾਮ ਦੇ ਰਾਜੇ ਦੇ ਟਹਿਲੂਆਂ ਨੇ ਉਸ ਨੂੰ ਆਖਿਆ, ਉਨ੍ਹਾਂ ਦਾ ਦੇਵਤਾ ਪਹਾੜੀ ਦੇਵਤਾ ਹੈ ਇਸੇ ਲਈ ਉਹ ਸਾਡੇ ਨਾਲੋਂ ਤਕੜੇ ਹਨ ਪਰ ਅਸੀਂ ਉਨ੍ਹਾਂ ਨਾਲ ਮੈਦਾਨ ਵਿੱਚ ਲੜੀਏ ਤਾਂ ਅਸੀਂ ਉਨ੍ਹਾਂ ਨਾਲੋਂ ਜ਼ਰੂਰ ਤਕੜੇ ਹੋਵਾਂਗੇ।
24ਪਰ ਇੱਕ ਕੰਮ ਇਹ ਕਰੋ ਕਿ ਰਾਜਿਆਂ ਵਿੱਚੋਂ ਹਰ ਇੱਕ ਨੂੰ ਉਹ ਦੇ ਥਾਂ ਤੋਂ ਕੱਢ ਕੇ ਉਨ੍ਹਾਂ ਦੇ ਬਦਲੇ ਸੂਬੇਦਾਰਾਂ ਨੂੰ ਠਹਿਰਾ ਦਿਓ।
25ਅਤੇ ਆਪਣੇ ਲਈ ਇੱਕ ਫੌਜ ਗਿਣ ਲਓ ਜੋ ਉਸ ਫੌਜ ਦੇ ਤੁੱਲ ਹੋਵੇ ਜਿਹੜੀ ਗੁਆਚ ਗਈ ਹੈ ਘੋੜੇ ਦੇ ਥਾਂ ਘੋੜਾ ਅਤੇ ਰਥ ਦੇ ਥਾਂ ਰਥ ਤਾਂ ਅਸੀਂ ਉਨ੍ਹਾਂ ਨਾਲ ਮੈਦਾਨ ਵਿੱਚ ਲੜਾਂਗੇ। ਤਾਂ ਅਸੀਂ ਉਨ੍ਹਾਂ ਨਾਲੋਂ ਜ਼ਰੂਰ ਤਕੜੇ ਹੋਵਾਂਗੇ। ਸੋ ਉਸ ਨੇ ਉਨ੍ਹਾਂ ਦੀ ਅਵਾਜ਼ ਸੁਣੀ ਅਤੇ ਉਵੇਂ ਹੀ ਕੀਤਾ।
26ਤਾਂ ਇਸ ਤਰ੍ਹਾਂ ਹੋਇਆ ਕਿ ਆਉਂਦੇ ਸਾਲ ਬਨ-ਹਦਦ ਨੇ ਅਰਾਮੀਆਂ ਨੂੰ ਗਿਣਿਆ ਅਤੇ ਅਫੇਕ ਉੱਤੇ ਚੜ੍ਹਾਈ ਕੀਤੀ ਕਿ ਇਸਰਾਏਲ ਨਾਲ ਲੜੇ।
27ਇਸਰਾਏਲੀ ਗਿਣੇ ਗਏ ਅਤੇ ਉਨ੍ਹਾਂ ਨੂੰ ਰਾਸ਼ਨ ਦੇ ਦਿੱਤਾ ਫੇਰ ਉਹ ਉਨ੍ਹਾਂ ਦਾ ਸਾਹਮਣਾ ਕਰਨ ਨੂੰ ਨਿੱਕਲੇ ਅਤੇ ਇਸਰਾਏਲੀਆਂ ਨੇ ਉਨ੍ਹਾਂ ਦੇ ਸਾਹਮਣੇ ਡੇਰੇ ਲਾ ਲਏ ਅਤੇ ਉਹ ਇਸ ਤਰ੍ਹਾਂ ਜਾਪਦੇ ਸਨ ਜਿਵੇਂ ਪਠੋਰਿਆਂ ਦੇ ਦੋ ਛੋਟੇ ਇੱਜੜ ਹਨ ਪਰ ਅਰਾਮੀਆਂ ਨਾਲ ਦੇਸ ਭਰ ਗਿਆ ਸੀ।
28ਪਰਮੇਸ਼ੁਰ ਦੇ ਇੱਕ ਬੰਦੇ ਨੇ ਆ ਕੇ ਇਸਰਾਏਲ ਦੇ ਪਾਤਸ਼ਾਹ ਨੂੰ ਆਖਿਆ ਕਿ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਇਸ ਲਈ ਕਿ ਅਰਾਮੀਆਂ ਨੇ ਆਖਿਆ ਕਿ ਯਹੋਵਾਹ ਪਹਾੜਾਂ ਦਾ ਪਰਮੇਸ਼ੁਰ ਹੈ ਪਰ ਉਹ ਮੈਦਾਨ ਦਾ ਪਰਮੇਸ਼ੁਰ ਨਹੀਂ ਹੈ ਮੈਂ ਇਸ ਵੱਡੇ ਦਲ ਨੂੰ ਸਾਰੇ ਦਾ ਸਾਰਾ ਤੇਰੇ ਹੱਥ ਵਿੱਚ ਕਰ ਦਿਆਂਗਾ ਜੋ ਤੁਸੀਂ ਜਾਣੋ ਕਿ ਮੈਂ ਯਹੋਵਾਹ ਹਾਂ।
29ਸੋ ਉਨ੍ਹਾਂ ਨੇ ਇੱਕ ਦੂਜੇ ਦੇ ਸਾਹਮਣੇ ਸੱਤ ਦਿਨ ਡੇਰੇ ਲਾਈ ਰੱਖੇ ਤਾਂ ਇਸ ਤਰ੍ਹਾਂ ਹੋਇਆ ਕਿ ਸੱਤਵੇਂ ਦਿਨ ਲੜਾਈ ਜੁੱਟ ਪਈ ਅਤੇ ਇਸਰਾਏਲੀਆਂ ਨੇ ਇੱਕ ਦਿਹਾੜੀ ਵਿੱਚ ਅਰਾਮੀਆਂ ਦਾ ਇੱਕ ਲੱਖ ਪਿਆਦਾ ਵੱਢ ਸੁੱਟਿਆ।
30ਪਰ ਰਹਿੰਦੇ-ਖੂਹੰਦੇ ਅਫੇਕ ਸ਼ਹਿਰ ਨੂੰ ਨੱਠ ਗਏ ਅਤੇ ਉੱਥੇ ਸਤਾਈ ਹਜ਼ਾਰ ਉੱਤੇ ਜੋ ਬਚ ਗਏ ਸਨ ਇੱਕ ਕੰਧ ਡਿੱਗ ਪਈ ਅਤੇ ਬਨ-ਹਦਦ ਵੀ ਨੱਠਾ ਅਤੇ ਸ਼ਹਿਰ ਦੇ ਵਿੱਚ ਇੱਕ ਅੰਦਰਲੀ ਕੋਠੜੀ ਵਿੱਚ ਜਾ ਵੜਿਆ।
31ਤਾਂ ਉਸ ਦੇ ਟਹਿਲੂਆਂ ਨੇ ਉਸ ਨੂੰ ਆਖਿਆ, ਵੇਖੋ, ਅਸੀਂ ਸੁਣਿਆ ਹੈ ਕਿ ਇਸਰਾਏਲ ਦੇ ਘਰਾਣੇ ਦੇ ਪਾਤਸ਼ਾਹ ਦਿਆਲੂ ਪਾਤਸ਼ਾਹ ਹੁੰਦੇ ਹਨ। ਅਸੀਂ ਆਪਣੇ ਲੱਕਾਂ ਉੱਤੇ ਤੱਪੜ ਅਤੇ ਆਪਣੇ ਸਿਰਾਂ ਉੱਤੇ ਰੱਸੀਆਂ ਵਲ੍ਹੇਟ ਲਈਏ ਅਤੇ ਇਸਰਾਏਲ ਦੇ ਪਾਤਸ਼ਾਹ ਕੋਲ ਜਾਈਏ, ਸ਼ਾਇਦ ਉਹ ਤੇਰੀ ਜਾਨ ਬਖ਼ਸ਼ੀ ਕਰੇ।
32ਸੋ ਉਨ੍ਹਾਂ ਨੇ ਆਪਣੇ ਲੱਕਾਂ ਉੱਤੇ ਤੱਪੜ ਅਤੇ ਸਿਰਾਂ ਉੱਤੇ ਰੱਸੀਆਂ ਵਲ੍ਹੇਟ ਲਈਆਂ ਅਤੇ ਇਸਰਾਏਲ ਦੇ ਪਾਤਸ਼ਾਹ ਕੋਲ ਆਏ ਅਤੇ ਆਖਿਆ ਕਿ ਤੁਹਾਡਾ ਦਾਸ ਬਨ-ਹਦਦ ਆਖਦਾ ਹੈ, ਦਯਾ ਕਰਕੇ ਮੇਰੀ ਜਾਨ ਬਖਸ਼ ਦਿਓ। ਅੱਗੋਂ ਉਸ ਆਖਿਆ ਕੀ ਉਹ ਅਜੇ ਜਿਉਂਦਾ ਹੈ? ਉਹ ਤਾਂ ਮੇਰਾ ਭਰਾ ਹੈ।
33ਉਨ੍ਹਾਂ ਮਨੁੱਖਾਂ ਨੇ ਇਹ ਚੰਗਾ ਲੱਛਣ ਜਾਣਿਆ ਅਤੇ ਧਿਆਨ ਨਾਲ ਉਹ ਦਾ ਇੱਛਾ ਜਾਚ ਕੇ ਆਖਿਆ, ਉਹ ਤੁਹਾਡਾ ਭਰਾ ਬਨ-ਹਦਦ ਹੈ ਤਾਂ ਉਸ ਆਖਿਆ, ਜਾਓ ਉਸ ਨੂੰ ਲੈ ਆਓ ਤਦ ਬਨ-ਹਦਦ ਉਹ ਦੇ ਕੋਲ ਬਾਹਰ ਆਇਆ ਅਤੇ ਉਹ ਨੇ ਉਸ ਨੂੰ ਆਪਣੇ ਰਥ ਉੱਤੇ ਚੜ੍ਹਾ ਲਿਆ।
34ਉਹ ਨੇ ਉਸ ਨੂੰ ਆਖਿਆ, ਜਿਹੜੇ ਸ਼ਹਿਰ ਮੇਰੇ ਪਿਤਾ ਨੇ ਤੇਰੇ ਪਿਤਾ ਤੋਂ ਖੋਹ ਲਏ ਸਨ ਉਹ ਮੈਂ ਮੋੜ ਦਿਆਂਗਾ। ਤੂੰ ਆਪਣੇ ਲਈ ਦੰਮਿਸ਼ਕ ਵਿੱਚ ਬਜਾਰ ਬਣਾ ਲਈਂ ਜਿਵੇਂ ਮੇਰੇ ਪਿਤਾ ਨੇ ਸਾਮਰਿਯਾ ਵਿੱਚ ਬਣਾਏ ਸਨ ਤਦ ਅਹਾਬ ਨੇ ਆਖਿਆ, ਮੈਂ ਇਸ ਨੇਮ ਨਾਲ ਤੈਨੂੰ ਵਿਦਿਆ ਕਰਦਾ ਹਾਂ ਸੋ ਉਹ ਨੇ ਉਸ ਦੇ ਨਾਲ ਨੇਮ ਬੰਨ੍ਹਿਆ ਅਤੇ ਉਸ ਨੂੰ ਛੱਡ ਦਿੱਤਾ।
35ਫੇਰ ਨਬੀਆਂ ਦੇ ਪੁੱਤਰਾਂ ਵਿੱਚੋਂ ਇੱਕ ਜਣੇ ਨੇ ਆਪਣੇ ਗੁਆਂਢੀ ਨੂੰ ਯਹੋਵਾਹ ਦੇ ਬਚਨ ਅਨੁਸਾਰ ਆਖਿਆ, ਮੈਨੂੰ ਮਾਰ ਹੀ ਦੇਹ ਪਰ ਉਸ ਨੇ ਉਹ ਦੇ ਮਾਰਨ ਤੋਂ ਨਾਂਹ ਕੀਤੀ।
36ਇਸ ਤੋਂ ਬਾਅਦ ਉਹ ਨੇ ਉਸ ਨੂੰ ਆਖਿਆ, ਇਸ ਲਈ ਕਿ ਤੂੰ ਯਹੋਵਾਹ ਦੀ ਅਵਾਜ਼ ਨੂੰ ਨਹੀਂ ਮੰਨਿਆ ਤਾਂ ਵੇਖ ਮੇਰੇ ਕੋਲੋਂ ਜਾਂਦਿਆਂ ਸਾਰ ਇੱਕ ਬੱਬਰ ਸ਼ੇਰ ਤੈਨੂੰ ਪਾੜ ਸੁੱਟੇਗਾ। ਸੋ ਜਦੋਂ ਹੀ ਉਹ ਉਸ ਕੋਲੋਂ ਗਿਆ ਇੱਕ ਬੱਬਰ ਸ਼ੇਰ ਉਸ ਨੂੰ ਮਿਲਿਆ ਜਿਸ ਉਸ ਨੂੰ ਪਾੜ ਸੁੱਟਿਆ।
37ਫੇਰ ਉਹ ਨੂੰ ਇੱਕ ਹੋਰ ਮਨੁੱਖ ਮਿਲਿਆ ਤਾਂ ਉਹ ਨੇ ਉਸ ਨੂੰ ਆਖਿਆ, ਮੈਨੂੰ ਮਾਰ ਹੀ ਦੇਹ। ਉਸ ਮਨੁੱਖ ਨੇ ਉਸ ਨੂੰ ਮਾਰ-ਮਾਰ ਕੇ ਘਾਇਲ ਕਰ ਦਿੱਤਾ।
38ਸੋ ਉਹ ਨਬੀ ਪਾਤਸ਼ਾਹ ਦੀ ਉਡੀਕ ਵਿੱਚ ਰਾਹ ਕੋਲ ਜਾ ਖੜ੍ਹਾ ਹੋਇਆ ਅਤੇ ਉਹ ਨੇ ਆਪਣੀ ਪਗੜੀ ਆਪਣੀਆਂ ਅੱਖਾਂ ਉੱਤੇ ਬੰਨ੍ਹ ਕੇ ਭੇਸ ਵਟਾਇਆ।
39ਤਾਂ ਜਦ ਪਾਤਸ਼ਾਹ ਲੰਘ ਰਿਹਾ ਸੀ ਤਦ ਉਹ ਨੇ ਪਾਤਸ਼ਾਹ ਦੀ ਦੁਹਾਈ ਦਿੱਤੀ ਕਿ ਤੁਹਾਡਾ ਦਾਸ ਲੜਾਈ ਵਿੱਚ ਗਿਆ ਅਤੇ ਵੇਖੋ ਇੱਕ ਮਨੁੱਖ ਮੁੜ ਕੇ ਇੱਕ ਹੋਰ ਮਨੁੱਖ ਨੂੰ ਮੇਰੇ ਕੋਲ ਲਿਆਇਆ ਅਤੇ ਆਖਿਆ ਕਿ ਇਸ ਮਨੁੱਖ ਦਾ ਧਿਆਨ ਰੱਖ। ਜੇ ਕਦੀ ਇਹ ਨਿੱਕਲ ਜਾਵੇ ਤਾਂ ਇਸ ਦੀ ਜਾਨ ਦੇ ਵੱਟੇ ਤੇਰੀ ਜਾਨ ਜਾਵੇਗੀ ਜਾਂ ਤੈਨੂੰ ਚੋਂਤੀ ਕਿੱਲੋ ਚਾਂਦੀ ਦੇਣੀ ਪਵੇਗੀ।
40ਜਿਸ ਵੇਲੇ ਤੇਰਾ ਦਾਸ ਇੱਧਰ-ਉੱਧਰ ਕੰਮ ਵਿੱਚ ਫਸਿਆ ਹੋਇਆ ਸੀ ਤਾਂ ਉਹ ਨਿੱਕਲ ਗਿਆ। ਤਦ ਇਸਰਾਏਲ ਦੇ ਪਾਤਸ਼ਾਹ ਨੇ ਉਹ ਨੂੰ ਆਖਿਆ, ਇਵੇਂ ਹੀ ਤੇਰਾ ਨਬੇੜਾ ਹੋਵੇਗਾ ਜਿਵੇਂ ਤੂੰ ਆਪ ਨਬੇੜਿਆ।
41ਫੇਰ ਉਹ ਨੇ ਛੇਤੀ ਨਾਲ ਉਸ ਪਗੜੀ ਨੂੰ ਆਪਣੀਆਂ ਅੱਖਾਂ ਉੱਤੋਂ ਲਾਹ ਦਿੱਤਾ ਤਾਂ ਇਸਰਾਏਲ ਦੇ ਪਾਤਸ਼ਾਹ ਨੇ ਉਹ ਨੂੰ ਪਹਿਚਾਣਿਆ ਕਿ ਉਹ ਨਬੀਆਂ ਵਿੱਚੋਂ ਹੈ।
42ਉਹ ਨੇ ਉਸ ਨੂੰ ਆਖਿਆ, ਯਹੋਵਾਹ ਇਸ ਤਰ੍ਹਾਂ ਫ਼ਰਮਾਉਂਦਾ ਹੈ ਇਸ ਲਈ ਕਿ ਤੂੰ ਉਸ ਮਨੁੱਖ ਨੂੰ ਜਿਹੜਾ ਮੈਂ ਵੱਢਣ ਜੋਗ ਠਹਿਰਾਇਆ ਸੀ ਆਪਣੇ ਹੱਥੀਂ ਖਿਸਕਾ ਦਿੱਤਾ ਤਾਂ ਉਸ ਦੀ ਜਾਨ ਦੇ ਵੱਟੇ ਤੇਰੀ ਜਾਨ ਜਾਵੇਗੀ ਅਤੇ ਉਸ ਦੇ ਲੋਕਾਂ ਦੇ ਵੱਟੇ ਤੇਰੇ ਲੋਕ
43ਤਾਂ ਇਸਰਾਏਲ ਦਾ ਪਾਤਸ਼ਾਹ ਆਪਣੇ ਮਹਿਲ ਨੂੰ ਉਦਾਸ ਅਤੇ ਗੁੱਸੇ ਹੋ ਕੇ ਚੱਲਿਆ ਗਿਆ ਅਤੇ ਸਾਮਰਿਯਾ ਵਿੱਚ ਆਇਆ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath