ਈਸਾਈ
ਪਿੱਛੇ

1 ਰਾਜਿਆਂ 18

1ਬਹੁਤ ਦਿਨਾਂ ਤੋਂ ਮਗਰੋਂ ਇਸ ਤਰ੍ਹਾਂ ਹੋਇਆ ਕਿ ਯਹੋਵਾਹ ਦਾ ਬਚਨ ਏਲੀਯਾਹ ਕੋਲ ਤੀਜੇ ਸਾਲ ਵਿੱਚ ਆਇਆ ਕਿ ਜਾ ਅਹਾਬ ਕੋਲ ਆਪਣੇ ਆਪ ਨੂੰ ਵਿਖਾ ਅਤੇ ਮੈਂ ਜ਼ਮੀਨ ਉੱਤੇ ਮੀਂਹ ਪਾਵਾਂਗਾ।

2ਸੋ ਏਲੀਯਾਹ ਆਪਣੇ ਆਪ ਨੂੰ ਅਹਾਬ ਕੋਲ ਵਿਖਾਉਣ ਲਈ ਤੁਰਿਆ ਅਤੇ ਸਾਮਰਿਯਾ ਵਿੱਚ ਸਖ਼ਤ ਕਾਲ ਸੀ।

3ਇਸ ਤੋਂ ਬਾਅਦ ਅਹਾਬ ਨੇ ਓਬਦਿਆਹ ਨੂੰ ਜੋ ਉਹ ਦੇ ਮਹਿਲ ਦਾ ਦੀਵਾਨ ਸੀ ਸੱਦਿਆ। ਓਬਦਿਆਹ ਯਹੋਵਾਹ ਕੋਲੋਂ ਬਹੁਤ ਡਰਦਾ ਸੀ।

4ਇਸ ਤਰ੍ਹਾਂ ਹੋਇਆ ਜਦ ਈਜ਼ਬਲ ਯਹੋਵਾਹ ਦੇ ਨਬੀਆਂ ਨੂੰ ਵੱਢਦੀ ਪਈ ਸੀ ਤਾਂ ਓਬਦਿਆਹ ਨੇ ਸੌ ਨਬੀ ਲੈ ਕੇ ਉਨ੍ਹਾਂ ਨੂੰ ਪੰਜਾਹ-ਪੰਜਾਹ ਕਰ ਕੇ ਇੱਕ ਖੁੰਧਰ ਵਿੱਚ ਲੁਕਾ ਲਿਆ ਅਤੇ ਉਨ੍ਹਾਂ ਨੂੰ ਅੰਨ ਪਾਣੀ ਦਿੱਤਾ।

5ਤਾਂ ਅਹਾਬ ਨੇ ਓਬਦਿਆਹ ਨੂੰ ਆਖਿਆ, ਦੇਸ ਵਿੱਚ ਸਾਰੇ ਸੋਤਿਆਂ ਕੋਲ ਅਤੇ ਸਾਰੇ ਨਾਲਿਆਂ ਕੋਲ ਜਾ ਸ਼ਾਇਦ ਸਾਨੂੰ ਘਾਹ ਲੱਭੇ ਅਤੇ ਅਸੀਂ ਘੋੜੇ ਖੱਚਰਾਂ ਨੂੰ ਜਿਉਂਦੇ ਰੱਖ ਸਕੀਏ ਅਤੇ ਡੰਗਰਾਂ ਨੂੰ ਨਾ ਗੁਆਈਏ।

6ਸੋ ਉਨ੍ਹਾਂ ਨੇ ਦੇਸ ਦੇ ਵਿੱਚੋਂ ਲੰਘਣ ਲਈ ਉਹ ਨੂੰ ਵੰਡ ਦਿੱਤਾ, ਅਹਾਬ ਇਕੱਲਾ ਇੱਕ ਰਾਹ ਗਿਆ ਅਤੇ ਓਬਦਿਆਹ ਇਕੱਲਾ ਦੂਜੇ ਰਾਹ ਗਿਆ।

7ਜਦ ਓਬਦਿਆਹ ਰਾਹ ਵਿੱਚ ਸੀ ਤਾਂ ਵੇਖੋ ਏਲੀਯਾਹ ਉਸ ਨੂੰ ਮਿਲ ਪਿਆ ਅਤੇ ਉਸ ਨੇ ਉਹ ਨੂੰ ਪਹਿਚਾਣਿਆ ਅਤੇ ਮੂੰਹ ਪਰਨੇ ਡਿੱਗ ਕੇ ਆਖਿਆ, ਭਲਾ, ਮੇਰਾ ਸੁਆਮੀ ਏਲੀਯਾਹ ਤੂੰ ਹੀ ਹੈਂ?

8ਉਸ ਨੇ ਆਖਿਆ, ਮੈਂ ਹੀ ਹਾਂ। ਜਾ ਆਪਣੇ ਮਾਲਕ ਨੂੰ ਆਖ ਕਿ ਵੇਖੋ ਏਲੀਯਾਹ ਆਇਆ।

9ਉਸ ਨੇ ਆਖਿਆ, ਮੈਂ ਕੀ ਪਾਪ ਕੀਤਾ ਜੋ ਤੂੰ ਆਪਣੇ ਦਾਸ ਨੂੰ ਅਹਾਬ ਦੇ ਹੱਥ ਵਿੱਚ ਦੇਵੇਂ ਕਿ ਉਹ ਮੈਨੂੰ ਮਾਰ ਸੁੱਟੇ।

10ਜਿਉਂਦੇ ਯਹੋਵਾਹ ਤੇਰੇ ਪਰਮੇਸ਼ੁਰ ਸਹੁੰ ਕੋਈ ਕੌਮ ਤੇ ਕੋਈ ਰਾਜ ਨਹੀਂ ਜਿੱਥੇ ਮੇਰੇ ਸੁਆਮੀ ਨੇ ਤੇਰੇ ਭਾਲਣ ਲਈ ਨਹੀਂ ਭੇਜਿਆ ਹੈ। ਜਦ ਉਨ੍ਹਾਂ ਨੇ ਆਖਿਆ ਕਿ ਉਹ ਐਥੇ ਨਹੀਂ ਤਦ ਉਸ ਨੇ ਉਸ ਰਾਜ ਤੇ ਕੌਮ ਤੋਂ ਸਹੁੰ ਚੁਕਾਈ ਕਿ ਉਨ੍ਹਾਂ ਨੇ ਤੈਨੂੰ ਨਹੀਂ ਲੱਭਿਆ।

11ਹੁਣ ਤੂੰ ਕਹਿੰਦਾ ਹੈਂ ਕਿ ਜਾ ਆਪਣੇ ਮਾਲਕ ਨੂੰ ਆਖ ਕਿ ਵੇਖੋ ਏਲੀਯਾਹ ਆਇਆ ਹੈ।

12ਅਤੇ ਇਸ ਤਰ੍ਹਾਂ ਹੋਵੇਗਾ ਕਿ ਜਦ ਮੈਂ ਤੇਰੇ ਕੋਲ ਚੱਲਿਆ ਜਾਂਵਾਂਗਾ ਤਾਂ ਯਹੋਵਾਹ ਦਾ ਆਤਮਾ ਤੈਨੂੰ ਖਬਰੇ ਕਿੱਥੇ ਲੈ ਜਾਵੇ ਅਤੇ ਮੈਂ ਜਾ ਕੇ ਅਹਾਬ ਨੂੰ ਦੱਸਾਂ ਅਤੇ ਤੂੰ ਉਹ ਨੂੰ ਨਾ ਲੱਭੇ ਤਾਂ ਉਹ ਮੈਨੂੰ ਵੱਢ ਸੁੱਟੇਗਾ ਪਰ ਤੇਰਾ ਦਾਸ ਬਚਪਨ ਤੋਂ ਯਹੋਵਾਹ ਦਾ ਭੈਅ ਮੰਨਦਾ ਰਿਹਾ।

13ਭਲਾ, ਮੇਰੇ ਸੁਆਮੀ ਨੂੰ ਉਹ ਨਹੀਂ ਦੱਸਿਆ ਗਿਆ ਜੋ ਮੈਂ ਕੀਤਾ ਜਦ ਈਜ਼ਬਲ ਯਹੋਵਾਹ ਦੇ ਨਬੀਆਂ ਨੂੰ ਵੱਢ ਰਹੀ ਸੀ ਕਿ ਮੈਂ ਕਿਵੇਂ ਯਹੋਵਾਹ ਦੇ ਨਬੀਆਂ ਵਿੱਚੋਂ ਸੌ ਮਨੁੱਖ ਪੰਜਾਹ-ਪੰਜਾਹ ਕਰ ਕੇ ਇੱਕ ਖੁੰਧਰ ਵਿੱਚ ਲੁਕਾ ਛੱਡੇ ਸਨ ਨਾਲੇ ਉਨ੍ਹਾਂ ਨੂੰ ਅੰਨ ਪਾਣੀ ਦਿੱਤਾ ਸੀ?

14ਹੁਣ ਤੂੰ ਕਹਿੰਦਾ ਹੈਂ ਜਾ ਆਪਣੇ ਮਾਲਕ ਨੂੰ ਆਖ ਕਿ ਵੇਖੋ ਏਲੀਯਾਹ ਆਇਆ ਹੈ। ਉਹ ਮੈਨੂੰ ਵੱਢ ਸੁੱਟੇਗਾ।

15ਤਾਂ ਏਲੀਯਾਹ ਨੇ ਆਖਿਆ, ਸੈਨਾਂ ਦੇ ਯਹੋਵਾਹ ਦੀ ਸਹੁੰ ਜਿਹ ਦੇ ਅੱਗੇ ਮੈਂ ਖੜ੍ਹਾ ਹਾਂ ਮੈਂ ਅੱਜ ਆਪਣਾ ਆਪ ਉਹ ਨੂੰ ਸੱਚ-ਮੁੱਚ ਵਿਖਾਵਾਂਗਾ।

16ਸੋ ਓਬਦਿਆਹ ਅਹਾਬ ਨੂੰ ਮਿਲਣ ਲਈ ਗਿਆ ਅਤੇ ਉਹ ਨੂੰ ਖ਼ਬਰ ਦਿੱਤੀ। ਤਾਂ ਅਹਾਬ ਏਲੀਯਾਹ ਦੇ ਮਿਲਣ ਨੂੰ ਆਇਆ।

17ਫੇਰ ਇਸ ਤਰ੍ਹਾਂ ਹੋਇਆ ਜਦ ਅਹਾਬ ਨੇ ਏਲੀਯਾਹ ਨੂੰ ਦੇਖਿਆ ਤਦ ਅਹਾਬ ਨੇ ਉਸ ਨੂੰ ਆਖਿਆ, ਭਲਾ, ਤੂੰ ਹੀ ਹੈਂ ਹੇ ਇਸਰਾਏਲ ਦੇ ਦੁੱਖ ਦੇਣ ਵਾਲਿਆ?

18ਤਾਂ ਉਸਨੇ ਆਖਿਆ, ਮੈਂ ਇਸਰਾਏਲ ਨੂੰ ਦੁੱਖ ਨਹੀਂ ਦਿੱਤਾ ਸਗੋਂ ਤੂੰ ਅਤੇ ਤੇਰੇ ਪਿਤਾ ਦੇ ਘਰਾਣੇ ਨੇ ਜਦ ਤੁਸੀਂ ਯਹੋਵਾਹ ਦੇ ਹੁਕਮਾਂ ਨੂੰ ਛੱਡ ਦਿੱਤਾ ਅਤੇ ਬਆਲ ਦੇ ਮਗਰ ਚੱਲ ਪਾਏ।

19ਹੁਣ ਤੂੰ ਮੇਰੇ ਲਈ ਸਾਰਾ ਇਸਰਾਏਲ ਕਰਮਲ ਪਰਬਤ ਕੋਲ ਸੱਦ ਕੇ ਇਕੱਠਾ ਕਰ ਨਾਲੇ ਬਆਲ ਦੇ ਸਾਢੇ ਚਾਰ ਸੌ ਨਬੀ ਅਤੇ ਅਸ਼ੇਰਾਹ ਦੇਵੀਂ ਦੇ ਚਾਰ ਸੌ ਨਬੀ ਜਿਹੜੇ ਈਜ਼ਬਲ ਦੇ ਲੰਗਰ ਵਿੱਚੋਂ ਖਾਂਦੇ ਹਨ।

20ਇਸ ਤੋਂ ਬਾਅਦ ਅਹਾਬ ਨੇ ਸਾਰੇ ਇਸਰਾਏਲੀਆਂ ਨੂੰ ਸੱਦਿਆ ਅਤੇ ਉਹਨਾਂ ਨਬੀਆਂ ਨੂੰ ਕਰਮਲ ਪਰਬਤ ਉੱਤੇ ਇਕੱਠਾ ਕੀਤਾ।

21ਤਾਂ ਏਲੀਯਾਹ ਸਾਰੇ ਲੋਕਾਂ ਕੋਲ ਆਇਆ ਅਤੇ ਉਨ੍ਹਾਂ ਨੂੰ ਆਖਿਆ, ਭਲਾ, ਤੁਸੀਂ ਕਦ ਤੱਕ ਦੋ ਖਿਆਲਾਂ ਉੱਤੇ ਲੰਗੜਾ ਕੇ ਚੱਲੋਗੇ? ਜੇ ਯਹੋਵਾਹ ਪਰਮੇਸ਼ੁਰ ਹੈ ਤਾਂ ਉਹ ਦੇ ਮਗਰ ਲੱਗੋ ਪਰ ਜੇ ਬਆਲ ਹੈ ਤਾਂ ਉਹ ਦੇ ਮਗਰ ਲੱਗੋ ਤਾਂ ਲੋਕਾਂ ਨੇ ਉਸ ਦੇ ਉੱਤਰ ਵਿੱਚ ਇੱਕ ਗੱਲ ਵੀ ਨਾ ਆਖੀ।

22ਤਾਂ ਏਲੀਯਾਹ ਨੇ ਲੋਕਾਂ ਨੂੰ ਆਖਿਆ, ਮੈਂ ਇਕੱਲਾ ਹੀ ਯਹੋਵਾਹ ਦਾ ਨਬੀ ਰਹਿ ਗਿਆ ਹਾਂ ਪਰ ਬਆਲ ਦੇ ਸਾਢੇ ਚਾਰ ਸੌ ਮਨੁੱਖ ਹਨ।

23ਉਹ ਸਾਨੂੰ ਦੋ ਬਲ਼ਦ ਦੇਣ ਅਤੇ ਉਹ ਆਪਣੇ ਲਈ ਇੱਕ ਬਲ਼ਦ ਚੁਣ ਲੈਣ ਅਤੇ ਉਹ ਨੂੰ ਟੋਟੇ-ਟੋਟੇ ਕਰ ਕੇ ਬਾਲਣ ਦੇ ਉੱਤੇ ਰੱਖਣ ਪਰ ਅੱਗ ਨਾ ਲਾਉਣ ਅਤੇ ਮੈਂ ਦੂਜਾ ਬਲ਼ਦ ਤਿਆਰ ਕਰਾਂਗਾ ਅਤੇ ਉਹ ਨੂੰ ਬਾਲਣ ਉੱਤੇ ਰੱਖਾਂਗਾ ਪਰ ਅੱਗ ਨਾ ਲਾਵਾਂਗਾ।

24ਤਾਂ ਤੁਸੀਂ ਆਪਣੇ ਦੇਵਤੇ ਦਾ ਨਾਮ ਲੈ ਕੇ ਪੁਕਾਰੋ ਅਤੇ ਮੈਂ ਯਹੋਵਾਹ ਦਾ ਨਾਮ ਲੈ ਕੇ ਪੁਕਾਰਾਂਗਾ। ਫੇਰ ਜਿਹੜਾ ਪਰਮੇਸ਼ੁਰ ਅੱਗ ਨਾਲ ਉੱਤਰ ਦੇਵੇ ਉਹੋ ਹੀ ਪਰਮੇਸ਼ੁਰ ਹੋਵੇ। ਤਾਂ ਸਭਨਾਂ ਲੋਕਾਂ ਨੇ ਉੱਤਰ ਦੇ ਕੇ ਆਖਿਆ, ਇਹ ਗੱਲ ਚੰਗੀ ਹੈ।

25ਤਦ ਏਲੀਯਾਹ ਨੇ ਬਆਲ ਦੇ ਨਬੀਆਂ ਨੂੰ ਆਖਿਆ, ਤੁਸੀਂ ਇੱਕ ਬਲ਼ਦ ਆਪਣੇ ਲਈ ਚੁਣ ਲਓ ਅਤੇ ਤੁਸੀਂ ਪਹਿਲਾਂ ਉਸ ਨੂੰ ਤਿਆਰ ਕਰੋ ਕਿਉਂ ਜੋ ਤੁਸੀਂ ਬਹੁਤੇ ਹੋ ਅਤੇ ਆਪਣੇ ਦੇਵਤੇ ਦਾ ਨਾਮ ਲੈ ਕੇ ਪੁਕਾਰੋ ਪਰ ਅੱਗ ਨਾ ਲਾਓ।

26ਸੋ ਉਨ੍ਹਾਂ ਨੇ ਉਹ ਬਲ਼ਦ ਜੋ ਉਨ੍ਹਾਂ ਨੂੰ ਮਿਲਿਆ ਸੀ ਲੈ ਕੇ ਤਿਆਰ ਕੀਤਾ ਅਤੇ ਸਵੇਰ ਤੋਂ ਦੁਪਹਿਰ ਤੱਕ ਬਆਲ ਦੇ ਨਾਮ ਉੱਤੇ ਪੁਕਾਰਦੇ ਰਹੇ, ਹੇ ਬਆਲ ਸਾਡੀ ਸੁਣ। ਪਰ ਕੁਝ ਅਵਾਜ਼ ਨਾ ਆਈ ਨਾ ਕੋਈ ਉੱਤਰ ਦੇਣ ਵਾਲਾ ਸੀ ਅਤੇ ਉਹ ਉਸ ਜਗਵੇਦੀ ਦੇ ਦੁਆਲੇ ਜੋ ਬਣੀ ਹੋਈ ਸੀ ਭੁੜਕਦੇ ਫਿਰਦੇ ਸਨ।

27ਦੁਪਹਿਰ ਨੂੰ ਇਸ ਤਰ੍ਹਾਂ ਹੋਇਆ ਕਿ ਏਲੀਯਾਹ ਨੇ ਉਨ੍ਹਾਂ ਦਾ ਮਖ਼ੌਲ ਉਡਾ ਕੇ ਆਖਿਆ, ਉੱਚੀ ਦੇ ਕੇ ਬੁਲਾਓ ਕਿਉਂ ਜੋ ਉਹ ਤਾਂ ਦੇਵਤਾ ਹੈ! ਕੀ ਜਾਣੀਏ ਜੋ ਉਹ ਸੋਚ ਵਿੱਚ ਹੋਵੇ ਜਾਂ ਲਾਂਭੇ ਗਿਆ ਹੋਵੇ ਜਾਂ ਉਹ ਸਫ਼ਰ ਵਿੱਚ ਹੋਵੇ ਜਾਂ ਸ਼ਾਇਦ ਸੁੱਤਾ ਪਿਆ ਹੋਵੇ ਅਤੇ ਉਹ ਨੂੰ ਜਗਾਉਣਾ ਪਵੇ?

28ਤਦ ਉਨ੍ਹਾਂ ਨੇ ਉੱਚੀ ਦੇ ਕੇ ਪੁਕਾਰਿਆ ਅਤੇ ਆਪਣੇ ਆਪ ਨੂੰ ਆਪਣੀ ਰੀਤ ਦੇ ਅਨੁਸਾਰ ਤਲਵਾਰਾਂ ਅਤੇ ਛੁਰੀਆਂ ਨਾਲ ਅਜਿਹਾ ਵੱਢਿਆ ਕਿ ਉਹ ਲਹੂ ਲੁਹਾਣ ਹੋ ਗਏ।

29ਤਾਂ ਇਸ ਤਰ੍ਹਾਂ ਹੋਇਆ ਜਦ ਦੁਪਹਿਰ ਲੰਘ ਗਈ ਤਾਂ ਉਹ ਸ਼ਾਮ ਦੀ ਭੇਟ ਚੜ੍ਹਾਉਣ ਦੇ ਵੇਲੇ ਤੱਕ ਵਾਚਦੇ ਰਹੇ ਪਰ ਨਾ ਕੋਈ ਅਵਾਜ਼, ਨਾ ਕੋਈ ਉੱਤਰ ਦੇਣ ਵਾਲਾ ਅਤੇ ਨਾ ਕੋਈ ਧਿਆਨ ਕਰਨ ਵਾਲਾ ਸੀ।

30ਤਾਂ ਏਲੀਯਾਹ ਨੇ ਸਭਨਾਂ ਲੋਕਾਂ ਨੂੰ ਆਖਿਆ, ਮੇਰੇ ਨੇੜੇ ਆਓ ਅਤੇ ਸਭ ਲੋਕ ਉਹ ਦੇ ਨੇੜੇ ਗਏ ਤਾਂ ਉਸ ਨੇ ਯਹੋਵਾਹ ਦੀ ਟੁੱਟੀ ਹੋਈ ਜਗਵੇਦੀ ਦੀ ਮੁਰੰਮਤ ਕੀਤੀ।

31ਫੇਰ ਏਲੀਯਾਹ ਨੇ ਯਾਕੂਬ ਦੇ ਪੁੱਤਰਾਂ ਦੇ ਗੋਤਾਂ ਦੇ ਲੇਖੇ ਅਨੁਸਾਰ ਜਿਨ੍ਹਾਂ ਨੂੰ ਯਹੋਵਾਹ ਦਾ ਬਚਨ ਇਸ ਤਰ੍ਹਾਂ ਆਇਆ ਕਿ ਤੇਰਾ ਨਾਮ ਇਸਰਾਏਲ ਹੋਵੇਗਾ ਬਾਰਾਂ ਪੱਥਰ ਲਏ।

32ਅਤੇ ਇਨ੍ਹਾਂ ਪੱਥਰਾਂ ਨਾਲ ਯਹੋਵਾਹ ਦੇ ਨਾਮ ਉੱਤੇ ਇੱਕ ਜਗਵੇਦੀ ਬਣਾਈ ਅਤੇ ਜਗਵੇਦੀ ਦੇ ਚੁਫ਼ੇਰੇ ਉਸ ਨੇ ਅਜਿਹੀ ਵੱਡੀ ਖਾਈ ਪੁੱਟੀ ਜਿਹ ਦੇ ਵਿੱਚ ਵੀਹ ਕੁ ਸੇਰ ਬੀਜ ਸਮਾ ਜਾਣ।

33ਅਤੇ ਲੱਕੜੀਆਂ ਨੂੰ ਚਿਣਿਆ ਅਤੇ ਬਲ਼ਦ ਨੂੰ ਟੋਟੇ-ਟੋਟੇ ਕਰ ਕੇ ਲੱਕੜੀਆਂ ਉੱਤੇ ਰੱਖਿਆ ਅਤੇ ਆਖਿਆ ਚਾਰ ਘੜੇ ਪਾਣੀ ਦੇ ਭਰ ਕੇ ਹੋਮ ਦੀ ਬਲੀ ਅਤੇ ਬਾਲਣ ਉੱਤੇ ਡੋਹਲ ਦਿਓ।

34ਤਾਂ ਉਸ ਨੇ ਆਖਿਆ, ਦੂਜੀ ਵਾਰ ਕਰੋ। ਸੋ ਉਨ੍ਹਾਂ ਨੇ ਦੂਜੀ ਵਾਰ ਕੀਤਾ। ਫੇਰ ਉਸ ਨੇ ਆਖਿਆ, ਤੀਜੀ ਵਾਰ ਕਰੋ। ਸੋ ਉਨ੍ਹਾਂ ਨੇ ਤੀਜੀ ਵਾਰ ਨਹੀਂ ਕੀਤਾ।

35ਉਹ ਪਾਣੀ ਜਗਵੇਦੀ ਦੇ ਚੁਫ਼ੇਰੇ ਵੱਗਿਆ ਅਤੇ ਉਸ ਨੇ ਖਾਈ ਪਾਣੀ ਨਾਲ ਭਰ ਦਿੱਤੀ।

36ਤਾਂ ਤਕਾਲਾਂ ਦੀ ਭੇਟ ਚੜ੍ਹਾਉਣ ਦੇ ਵੇਲੇ ਇਸ ਤਰ੍ਹਾਂ ਹੋਇਆ ਕਿ ਏਲੀਯਾਹ ਨਬੀ ਨੇ ਨੇੜੇ ਆ ਕੇ ਆਖਿਆ, ਹੇ ਯਹੋਵਾਹ ਅਬਰਾਹਾਮ, ਇਸਹਾਕ ਤੇ ਇਸਰਾਏਲ ਦੇ ਪਰਮੇਸ਼ੁਰ, ਅੱਜ ਪਤਾ ਲੱਗ ਜਾਵੇ ਕਿ ਤੂੰ ਇਸਰਾਏਲ ਵਿੱਚ ਪਰਮੇਸ਼ੁਰ ਹੈਂ ਅਤੇ ਮੈਂ ਤੇਰਾ ਦਾਸ ਹਾਂ ਅਤੇ ਮੈਂ ਇਨ੍ਹਾਂ ਸਾਰੀਆਂ ਗੱਲਾਂ ਨੂੰ ਤੇਰੇ ਬਚਨ ਨਾਲ ਕੀਤਾ ਹੈ।

37ਮੇਰੀ ਸੁਣ, ਹੇ ਯਹੋਵਾਹ, ਮੇਰੀ ਸੁਣ, ਜੋ ਇਹ ਲੋਕ ਜਾਣਨ ਕਿ ਤੂੰ ਹੀ ਯਹੋਵਾਹ ਪਰਮੇਸ਼ੁਰ ਹੈਂ ਅਤੇ ਤੂੰ ਉਨ੍ਹਾਂ ਦਾ ਮਨ ਮੋੜ ਲਿਆ ਹੈ।

38ਤਦ ਯਹੋਵਾਹ ਦੀ ਅੱਗ ਆਣ ਪਈ ਅਤੇ ਉਸ ਨੂੰ ਹੋਮ ਦੀ ਬਲੀ ਅਤੇ ਬਾਲਣ ਅਤੇ ਪੱਥਰਾਂ ਅਤੇ ਮਿੱਟੀ ਨੂੰ ਸਾੜ ਸੁੱਟਿਆ ਅਤੇ ਜੋ ਪਾਣੀ ਖਾਈ ਵਿੱਚ ਸੀ ਉਹ ਨੂੰ ਚੱਟ ਲਿਆ।

39ਜਦ ਲੋਕਾਂ ਨੇ ਇਹ ਵੇਖਿਆ ਤਦ ਉਹ ਮੂੰਹਾਂ ਭਰ ਡਿੱਗੇ ਅਤੇ ਆਖਿਆ, ਯਹੋਵਾਹ ਉਹੋ ਪਰਮੇਸ਼ੁਰ ਹੈ! ਯਹੋਵਾਹ ਉਹੋ ਪਰਮੇਸ਼ੁਰ ਹੈ!

40ਤਾਂ ਏਲੀਯਾਹ ਨੇ ਉਨ੍ਹਾਂ ਨੂੰ ਆਖਿਆ, ਬਆਲ ਦੇ ਨਬੀਆਂ ਨੂੰ ਫੜ ਲਓ। ਉਹਨਾਂ ਵਿੱਚੋਂ ਇੱਕ ਵੀ ਨਾ ਬਚ ਨਿੱਕਲੇ। ਸੋ ਉਨ੍ਹਾਂ ਨੇ ਉਹਨਾਂ ਨੂੰ ਫੜ ਲਿਆ ਅਤੇ ਏਲੀਯਾਹ ਨੇ ਉਹਨਾਂ ਨੂੰ ਕੀਸ਼ੋਨ ਦੇ ਨਾਲੇ ਹੇਠਾਂ ਲੈ ਜਾ ਕੇ ਉੱਥੇ ਉਹਨਾਂ ਨੂੰ ਵੱਢ ਸੁੱਟਿਆ।

41ਤਦ ਏਲੀਯਾਹ ਨੇ ਅਹਾਬ ਨੂੰ ਆਖਿਆ, ਚੜ੍ਹ ਜਾ ਅਤੇ ਖਾ ਪੀ ਕਿਉਂ ਜੋ ਡਾਢੇ ਮੀਂਹ ਦੀ ਅਵਾਜ਼ ਆਈ ਹੈ।

42ਸੋ ਅਹਾਬ ਖਾਣ-ਪੀਣ ਨੂੰ ਚੜ੍ਹਿਆ ਅਤੇ ਏਲੀਯਾਹ ਕਰਮਲ ਦੀ ਟੀਸੀ ਉੱਤੇ ਚੜ੍ਹਿਆ ਅਤੇ ਧਰਤੀ ਤੱਕ ਝੁਕਿਆ ਅਤੇ ਆਪਣਾ ਮੂੰਹ ਗੋਡਿਆਂ ਵਿੱਚ ਰੱਖਿਆ।

43ਤਾਂ ਉਸ ਨੇ ਆਪਣੇ ਬਾਲਕੇ ਨੂੰ ਆਖਿਆ, ਚੜ੍ਹ ਕੇ ਸਮੁੰਦਰ ਵੱਲ ਵੇਖ। ਉਹ ਚੜ੍ਹਿਆ ਜਦ ਵੇਖਿਆ ਤਾਂ ਆਖਿਆ, ਕੁਝ ਨਹੀਂ ਹੈ। ਫੇਰ ਉਸ ਨੇ ਆਖਿਆ, ਸੱਤ ਵਾਰ ਮੁੜ ਜਾ।

44ਤਾਂ ਸੱਤਵੀਂ ਵਾਰ ਇਸ ਤਰ੍ਹਾਂ ਹੋਇਆ ਕਿ ਉਹ ਨੇ ਆਖਿਆ, ਵੇਖ ਇੱਕ ਨਿੱਕਾ ਜਿਹਾ ਬੱਦਲ ਆਦਮੀ ਦੇ ਹੱਥ ਜਿਹਾ ਸਮੁੰਦਰੋਂ ਉੱਠ ਰਿਹਾ ਹੈ। ਤਾਂ ਉਸ ਨੇ ਆਖਿਆ, ਜਾ ਅਹਾਬ ਨੂੰ ਆਖ ਕਿ ਰਥ ਜੋੜ ਕੇ ਹੇਠਾਂ ਜਾਓ ਤਾਂ ਜੋ ਮੀਂਹ ਤੁਹਾਨੂੰ ਨਾ ਅਟਕਾਵੇ।

45ਐਨੇ ਵਿੱਚ ਇਸ ਤਰ੍ਹਾਂ ਹੋਇਆ ਕਿ ਅਕਾਸ਼ ਘਟਾਂ ਅਤੇ ਹਵਾ ਨਾਲ ਕਾਲਾ ਹੋ ਗਿਆ ਅਤੇ ਡਾਢਾ ਮੀਂਹ ਵਰ੍ਹਿਆ ਤਾਂ ਅਹਾਬ ਚੜ੍ਹ ਕੇ ਯਿਜ਼ਰਏਲ ਨੂੰ ਗਿਆ।

46ਯਹੋਵਾਹ ਦਾ ਹੱਥ ਏਲੀਯਾਹ ਦੇ ਉੱਤੇ ਸੀ ਸੋ ਉਹ ਆਪਣਾ ਲੱਕ ਬੰਨ੍ਹ ਕੇ ਅਹਾਬ ਦੇ ਅੱਗੇ ਯਿਜ਼ਰਏਲ ਦੇ ਲਾਂਘੇ ਤੱਕ ਭੱਜਿਆ ਗਿਆ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath