1 ਰਾਜਿਆਂ 17
1ਏਲੀਯਾਹ ਤਿਸ਼ਬੀ ਨੇ ਜੋ ਗਿਲਆਦ ਦੇ ਵਾਸੀਆਂ ਵਿੱਚੋਂ ਸੀ ਅਹਾਬ ਨੂੰ ਆਖਿਆ ਕਿ ਜਿਉਂਦੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੀ ਸਹੁੰ ਜਿਹ ਦੇ ਅੱਗੇ ਮੈਂ ਖੜਾ ਹਾਂ ਇਨ੍ਹਾਂ ਸਾਲਾਂ ਵਿੱਚ ਮੇਰੇ ਬਚਨ ਤੋਂ ਬਿਨਾਂ ਨਾ ਤ੍ਰੇਲ ਪਵੇਗੀ ਨਾ ਮੀਂਹ।
2ਇਸ ਤਰ੍ਹਾਂ ਯਹੋਵਾਹ ਦਾ ਬਚਨ ਉਹ ਨੂੰ ਆਇਆ ਕਿ
3ਐਥੋਂ ਚੱਲ ਦੇ ਅਤੇ ਆਪਣਾ ਮੁਹਾਣਾ ਪੂਰਬ ਵੱਲ ਫੇਰ ਅਤੇ ਆਪ ਨੂੰ ਕਰੀਥ ਦੇ ਨਾਲੇ ਕੋਲ ਜਿਹੜਾ ਯਰਦਨ ਦੇ ਸਾਹਮਣੇ ਹੈ ਲੁਕਾ ਲੈ।
4ਤਾਂ ਇਸ ਤਰ੍ਹਾਂ ਹੋਵੇਗਾ ਕਿ ਤੂੰ ਉਸ ਨਾਲੇ ਵਿੱਚੋਂ ਪੀਵੇਂਗਾ ਅਤੇ ਮੈਂ ਪਹਾੜੀ ਕਾਂਵਾਂ ਨੂੰ ਹੁਕਮ ਦਿੱਤਾ ਹੈ ਕਿ ਉਹ ਤੈਨੂੰ ਉੱਥੇ ਹੀ ਪਾਲਣ।
5ਤਾਂ ਉਹ ਚੱਲ ਪਿਆ ਅਤੇ ਯਹੋਵਾਹ ਦੇ ਬਚਨ ਅਨੁਸਾਰ ਕੀਤਾ। ਉਹ ਚੱਲ ਕੇ ਕਰੀਥ ਦੇ ਨਾਲੇ ਕੋਲ ਜਾ ਟਿਕਿਆ ਜਿਹੜਾ ਯਰਦਨ ਦੇ ਸਾਹਮਣੇ ਹੈ।
6ਤਾਂ ਪਹਾੜੀ ਕਾਂ ਉਹ ਦੇ ਲਈ ਰੋਟੀ ਤੇ ਮਾਸ ਸਵੇਰ ਨੂੰ ਅਤੇ ਰੋਟੀ ਤੇ ਮਾਸ ਸ਼ਾਮ ਨੂੰ ਲਿਆਉਂਦੇ ਰਹੇ ਅਤੇ ਉਹ ਉਸ ਨਾਲੇ ਤੋਂ ਪਾਣੀ ਪੀ ਲੈਂਦਾ ਸੀ।
7ਤਾਂ ਇਸ ਤਰ੍ਹਾਂ ਹੋਇਆ ਕਿ ਥੋੜੇ ਦਿਨਾਂ ਦੇ ਪਿੱਛੋਂ ਨਾਲਾ ਸੁੱਕ ਗਿਆ ਕਿਉਂ ਜੋ ਦੇਸ ਵਿੱਚ ਮੀਂਹ ਨਾ ਪਿਆ।
8ਤਾਂ ਯਹੋਵਾਹ ਦਾ ਇਹ ਬਚਨ ਉਹ ਨੂੰ ਆਇਆ।
9ਕਿ ਉੱਠ ਅਤੇ ਸੀਦੋਨ ਦੇ ਸਾਰਫਥ ਨੂੰ ਚਲਾ ਜਾ ਅਤੇ ਉੱਥੇ ਜਾ ਟਿੱਕ। ਵੇਖ ਮੈਂ ਇੱਕ ਵਿਧਵਾ ਔਰਤ ਨੂੰ ਹੁਕਮ ਦਿੱਤਾ ਹੈ ਕਿ ਉਹ ਤੇਰੀ ਪਾਲਣਾ ਕਰੇ।
10ਸੋ ਉਹ ਉੱਠਿਆ ਅਤੇ ਸਾਰਫਥ ਨੂੰ ਚੱਲਿਆ ਗਿਆ ਅਤੇ ਜਾਂ ਸ਼ਹਿਰ ਦੇ ਦਰਵਾਜ਼ੇ ਕੋਲ ਆਇਆ ਤਾਂ ਵੇਖੋ ਉੱਥੇ ਇੱਕ ਵਿਧਵਾ ਲੱਕੜੀਆਂ ਚੁੱਗਦੀ ਸੀ ਤਾਂ ਉਸ ਉਹ ਨੂੰ ਉੱਚੀ ਦਿੱਤੀ ਆਖਿਆ, ਜ਼ਰਾ ਮੈਨੂੰ ਆਪਣੇ ਭਾਂਡੇ ਵਿੱਚ ਥੋੜਾ ਜਿਹਾ ਪਾਣੀ ਲਿਆ ਦੇ ਕਿ ਮੈਂ ਪੀ ਲਵਾਂ।
11ਜਦ ਉਹ ਲਿਆਉਣ ਲਈ ਚੱਲੀ ਤਾਂ ਉਸ ਨੇ ਉਹ ਉੱਚੀ ਦਿੱਤੀ ਆਖਿਆ, ਜ਼ਰਾ ਇੱਕ ਚੱਪਾ ਟੁੱਕੜਾ ਵੀ ਆਪਣੇ ਹੱਥ ਵਿੱਚ ਲੈਂਦੀ ਆਵੀਂ।
12ਅੱਗੋਂ ਉਸ ਆਖਿਆ, ਜਿਉਂਦੇ ਯਹੋਵਾਹ ਤੇਰੇ ਪਰਮੇਸ਼ੁਰ ਦੀ ਸਹੁੰ ਮੇਰੇ ਕੋਲ ਕੁਝ ਵੀ ਰਿੱਧਾ ਪੱਕਾ ਨਹੀਂ ਪਰ ਇੱਕ ਤੌਲੇ ਵਿੱਚ ਇੱਕ ਮੁੱਠ ਆਟੇ ਦੀ ਅਤੇ ਥੋੜਾ ਜਿਹਾ ਤੇਲ ਇੱਕ ਕੁੱਜੀ ਵਿੱਚ ਹੈ ਅਤੇ ਵੇਖ ਮੈਂ ਇਹ ਦੋ ਕੁ ਲੱਕੜੀਆਂ ਚੁੱਗ ਰਹੀ ਹਾਂ ਕਿ ਮੈਂ ਘਰ ਜਾ ਕੇ ਆਪਣੇ ਲਈ ਅਤੇ ਆਪਣੇ ਪੁੱਤਰ ਲਈ ਪਕਾਵਾਂ ਤਾਂ ਜੋ ਅਸੀਂ ਉਹ ਨੂੰ ਖਾਈਏ ਅਤੇ ਮਰੀਏ।
13ਤਾਂ ਏਲੀਯਾਹ ਨੇ ਉਸ ਨੂੰ ਆਖਿਆ ਨਾ ਡਰ। ਜਾ ਅਤੇ ਆਪਣੀ ਗੱਲ ਦੇ ਅਨੁਸਾਰ ਕਰ ਪਰ ਪਹਿਲਾਂ ਉਸ ਵਿੱਚੋਂ ਮੇਰੇ ਲਈ ਇੱਕ ਮੱਨੀ ਪਕਾ ਕੇ ਮੇਰੇ ਕੋਲ ਲੈ ਆ ਅਤੇ ਪਿੱਛੋਂ ਆਪਣੇ ਅਤੇ ਆਪਣੇ ਪੁੱਤਰ ਲਈ ਪਕਾਈਂ।
14ਕਿਉਂ ਜੋ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ ਕਿ ਨਾ ਤੌਲੇ ਦਾ ਆਟਾ ਮੁੱਕੇਗਾ ਨਾ ਕੁੱਜੀ ਦਾ ਤੇਲ ਘਟੇਗਾ ਜਿੰਨਾਂ ਚਿਰ ਯਹੋਵਾਹ ਜ਼ਮੀਨ ਉੱਤੇ ਮੀਂਹ ਨਾ ਪਾਵੇ।
15ਤਾਂ ਉਹ ਗਈ ਅਤੇ ਏਲੀਯਾਹ ਦੇ ਆਖਣ ਅਨੁਸਾਰ ਕੀਤਾ। ਫੇਰ ਇਹ ਅਤੇ ਉਹ ਅਤੇ ਉਹ ਦਾ ਘਰਾਣਾ ਕਈ ਦਿਨਾਂ ਤੱਕ ਖਾਂਦੇ ਰਹੇ।
16ਅਤੇ ਨਾ ਤੌਲੇ ਵਿੱਚੋਂ ਆਟਾ ਮੁੱਕਿਆ ਨਾ ਕੁੱਜੀ ਦਾ ਤੇਲ ਘਟਿਆ। ਇਹ ਯਹੋਵਾਹ ਦੇ ਉਸ ਬਚਨ ਅਨੁਸਾਰ ਹੋਇਆ ਜੋ ਉਸ ਨੇ ਏਲੀਯਾਹ ਦੇ ਰਾਹੀਂ ਬੋਲਿਆ ਸੀ।
17ਤਾਂ ਇਸ ਤਰ੍ਹਾਂ ਹੋਇਆ ਕਿ ਇਨ੍ਹਾਂ ਗੱਲਾਂ ਦੇ ਪਿੱਛੋਂ ਉਸ ਘਰ ਵਾਲੀ ਔਰਤ ਦਾ ਪੁੱਤਰ ਬਿਮਾਰ ਪੈ ਗਿਆ ਅਤੇ ਉਹ ਦੀ ਬਿਮਾਰੀ ਬਹੁਤ ਸਖ਼ਤ ਸੀ ਐਥੋਂ ਤੋੜੀ ਜੋ ਉਹ ਦੇ ਵਿੱਚ ਪ੍ਰਾਣ ਨਾ ਰਹੇ।
18ਤਾਂ ਉਸ ਏਲੀਯਾਹ ਨੂੰ ਆਖਿਆ, ਮੇਰਾ ਤੇਰੇ ਨਾਲ ਕੀ ਕੰਮ ਹੈ ਹੇ ਪਰਮੇਸ਼ੁਰ ਦੇ ਬੰਦੇ? ਕੀ ਤੂੰ ਇਸ ਲਈ ਮੇਰੇ ਕੋਲ ਆਇਆ ਕਿ ਮੇਰੇ ਪਾਪ ਮੈਨੂੰ ਚੇਤੇ ਕਰਾਵੇਂ ਅਤੇ ਮੇਰੇ ਪੁੱਤਰ ਨੂੰ ਮਾਰ ਸੁੱਟੇਂ?
19ਤਾਂ ਉਸ ਨੇ ਉਹ ਨੂੰ ਆਖਿਆ, ਆਪਣਾ ਪੁੱਤਰ ਮੈਨੂੰ ਦੇ। ਉਹ ਉਸ ਦੀ ਹਿੱਕ ਨਾਲੋਂ ਲੈ ਕੇ ਉੱਪਰ ਚੁਬਾਰੇ ਵਿੱਚ ਜਿੱਥੇ ਉਹ ਰਹਿੰਦਾ ਸੀ ਚੜ੍ਹ ਗਿਆ ਅਤੇ ਉਹ ਨੂੰ ਆਪਣੇ ਮੰਜੇ ਉੱਤੇ ਲਿਟਾ ਲਿਆ।
20ਤਾਂ ਉਸ ਨੇ ਯਹੋਵਾਹ ਨੂੰ ਉੱਚੀ ਦਿੱਤੀ ਆਖਿਆ, ਹੇ ਯਹੋਵਾਹ ਮੇਰੇ ਪਰਮੇਸ਼ੁਰ, ਤੂੰ ਇਸ ਵਿਧਵਾ ਉੱਤੇ ਵੀ ਬੁਰਿਆਈ ਲਿਆਇਆ ਜਿਹ ਦੇ ਘਰ ਮੈਂ ਟਿਕਿਆ ਹਾਂ ਕਿ ਤੂੰ ਇਸ ਦੇ ਪੁੱਤਰ ਨੂੰ ਮਾਰ ਦਿੱਤਾ।
21ਤਾਂ ਉਸ ਨੇ ਤਿੰਨ ਵਾਰ ਆਪ ਨੂੰ ਮੁੰਡੇ ਉੱਤੇ ਪਸਾਰਿਆ ਅਤੇ ਯਹੋਵਾਹ ਨੂੰ ਉੱਚੀ ਦਿੱਤੀ ਆਖਿਆ, ਹੇ ਯਹੋਵਾਹ ਮੇਰੇ ਪਰਮੇਸ਼ੁਰ, ਮੇਰੀ ਮਿੰਨਤ ਹੈ ਕਿ ਇਸ ਮੁੰਡੇ ਦੇ ਪ੍ਰਾਣ ਫੇਰ ਉਹ ਦੇ ਵਿੱਚ ਆ ਜਾਣ।
22ਤਾਂ ਯਹੋਵਾਹ ਨੇ ਏਲੀਯਾਹ ਦੀ ਆਵਾਜ਼ ਸੁਣੀ ਅਤੇ ਮੁੰਡੇ ਦੇ ਪ੍ਰਾਣ ਉਹ ਦੇ ਵਿੱਚ ਫੇਰ ਆ ਗਏ ਅਤੇ ਉਹ ਜੀ ਉੱਠਿਆ।
23ਤਾਂ ਏਲੀਯਾਹ ਮੁੰਡੇ ਨੂੰ ਚੁੱਕ ਕੇ ਚੁਬਾਰੇ ਵਿੱਚੋਂ ਘਰ ਦੇ ਅੰਦਰ ਲੈ ਗਿਆ ਉਹ ਦੀ ਮਾਂ ਨੂੰ ਜਾ ਦਿੱਤਾ ਅਤੇ ਏਲੀਯਾਹ ਨੇ ਆਖਿਆ, ਵੇਖ ਤੇਰਾ ਪੁੱਤਰ ਜਿਉਂਦਾ ਹੈ!
24ਤਾਂ ਉਸ ਔਰਤ ਨੇ ਏਲੀਯਾਹ ਨੂੰ ਆਖਿਆ, ਹੁਣ ਮੈਂ ਜਾਣਿਆ ਕਿ ਤੂੰ ਪਰਮੇਸ਼ੁਰ ਦਾ ਬੰਦਾ ਹੈਂ ਅਤੇ ਯਹੋਵਾਹ ਦਾ ਬਚਨ ਜੇ ਤੇਰੇ ਮੂੰਹ ਵਿੱਚ ਹੈ ਸੋ ਸੱਚਾ ਹੈ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath