1 ਰਾਜਿਆਂ 15
1ਨਬਾਟ ਦੇ ਪੁੱਤਰ ਯਾਰਾਬੁਆਮ ਦੇ ਰਾਜ ਦੇ ਅਠਾਰਵੇਂ ਸਾਲ ਤੋਂ ਅਬਿਯਾਹ ਯਹੂਦਾਹ ਉੱਤੇ ਰਾਜ ਕਰਨ ਲੱਗਾ।
2ਉਸ ਨੇ ਯਰੂਸ਼ਲਮ ਵਿੱਚ ਤਿੰਨ ਸਾਲ ਰਾਜ ਕੀਤਾ। ਉਸ ਦੀ ਮਾਤਾ ਦਾ ਨਾਮ ਮਅਕਾਹ ਸੀ ਜੋ ਅਬੀਸ਼ਾਲੋਮ ਦੀ ਧੀ ਸੀ।
3ਉਹ ਆਪਣੇ ਪਿਤਾ ਦੇ ਉਨ੍ਹਾਂ ਸਭਨਾਂ ਪਾਪਾਂ ਦੇ ਪਿੱਛੇ ਲੱਗਾ ਜੋ ਉਹ ਅੱਗੇ ਕਰਦਾ ਸੀ ਅਤੇ ਉਹ ਦਾ ਮਨ ਯਹੋਵਾਹ ਆਪਣੇ ਪਰਮੇਸ਼ੁਰ ਦੇ ਨਾਲ ਠੀਕ ਨਹੀਂ ਸੀ ਜਿਵੇਂ ਉਹ ਦੇ ਪਿਤਾ ਦਾਊਦ ਦਾ ਮਨ ਸੀ।
4ਤਾਂ ਵੀ ਦਾਊਦ ਦੇ ਕਾਰਨ ਯਹੋਵਾਹ ਉਸ ਦੇ ਪਰਮੇਸ਼ੁਰ ਨੇ ਯਰੂਸ਼ਲਮ ਵਿੱਚ ਇੱਕ ਚਿਰਾਗ ਦਿੱਤਾ ਅਰਥਾਤ ਉਸ ਦੇ ਪੁੱਤਰ ਨੂੰ ਉਸ ਦੇ ਪਿੱਛੋਂ ਠਹਿਰਾਇਆ ਅਤੇ ਯਰੂਸ਼ਲਮ ਵਿੱਚ ਕਾਇਮ ਰੱਖਿਆ।
5ਕਿਉਂ ਜੋ ਦਾਊਦ ਨੇ ਉਹ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ ਅਤੇ ਆਪਣੇ ਜੀਵਨ ਦੇ ਸਭ ਦਿਨ ਉਸ ਸਾਰੇ ਤੋਂ ਜਿਸ ਦਾ ਉਸ ਨੂੰ ਹੁਕਮ ਸੀ ਹਿੱਤੀ ਊਰਿੱਯਾਹ ਦੀ ਗੱਲ ਤੋਂ ਬਿਨਾਂ ਕਿਸੇ ਪਾਸੇ ਨਾ ਫਿਰਿਆ।
6ਰਹਬੁਆਮ ਅਤੇ ਯਾਰਾਬੁਆਮ ਦੇ ਵਿੱਚ ਉਹ ਦੇ ਸਾਰੇ ਜੀਵਨ ਭਰ ਲੜਾਈ ਰਹੀ।
7ਅਤੇ ਅਬੀਯਾਮ ਦੀਆਂ ਬਾਕੀ ਗੱਲਾਂ ਅਤੇ ਉਹ ਸਭ ਜੋ ਉਸ ਕੀਤਾ ਕੀ ਉਹ ਯਹੂਦਾਹ ਦੇ ਪਾਤਸ਼ਾਹਾਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖੀਆਂ ਹੋਈਆਂ ਨਹੀਂ ਹਨ? ਅਬੀਯਾਮ ਤੇ ਯਾਰਾਬੁਆਮ ਵਿੱਚ ਵੀ ਲੜਾਈ ਰਹੀ।
8ਤਦ ਅਬਿਯਾਹ ਮਰ ਗਿਆ ਅਤੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ ਅਤੇ ਉਨ੍ਹਾਂ ਨੇ ਉਸ ਨੂੰ ਦਾਊਦ ਦੇ ਸ਼ਹਿਰ ਵਿੱਚ ਦੱਬ ਦਿੱਤਾ ਤਦ ਉਸ ਦਾ ਪੁੱਤਰ ਆਸਾ ਉਸ ਦੇ ਥਾਂ ਰਾਜ ਕਰਨ ਲੱਗਾ।
9ਇਸਰਾਏਲ ਦੇ ਪਾਤਸ਼ਾਹ ਯਾਰਾਬੁਆਮ ਦੇ ਰਾਜ ਦੇ ਵੀਹਵੇਂ ਸਾਲ ਆਸਾ ਯਹੂਦਾਹ ਉੱਤੇ ਰਾਜ ਕਰਨ ਲੱਗਾ।
10ਅਤੇ ਉਸ ਨੇ ਇੱਕਤਾਲੀ ਸਾਲ ਯਰੂਸ਼ਲਮ ਵਿੱਚ ਰਾਜ ਕੀਤਾ। ਉਸ ਦੀ ਦਾਦੀ ਦਾ ਨਾਮ ਮਅਕਾਹ ਸੀ ਜੋ ਅਬੀਸ਼ਾਲੋਮ ਦੀ ਧੀ ਸੀ।
11ਅਤੇ ਆਸਾ ਨੇ ਉਹ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ ਜਿਵੇਂ ਉਸ ਦੇ ਪਿਤਾ ਦਾਊਦ ਨੇ ਕੀਤਾ ਸੀ।
12ਉਸ ਨੇ ਦੇਸ ਵਿੱਚੋਂ ਸਮਲਿੰਗੀਆਂ ਨੂੰ ਕੱਢ ਦਿੱਤਾ ਅਤੇ ਉਹ ਮੂਰਤਾਂ ਜੋ ਉਸ ਦੇ ਪੁਰਖਿਆਂ ਨੇ ਬਣਾਈਆਂ ਸਨ, ਦੂਰ ਦਫ਼ਾ ਕਰ ਦਿੱਤੀਆਂ ਕਰ ਦਿੱਤੀਆਂ।
13ਉਸ ਨੇ ਆਪਣੀ ਦਾਦੀ ਮਅਕਾਹ ਨੂੰ ਵੀ ਰਾਜ ਮਾਤਾ ਦੀ ਪਦਵੀ ਤੋਂ ਹਟਾ ਦਿੱਤਾ ਕਿਉਂ ਜੋ ਉਸ ਨੇ ਅਸ਼ੇਰਾਹ ਦੇਵੀ ਲਈ ਇੱਕ ਅੱਤ ਘਿਣਾਉਣੀ ਮੂਰਤ ਬਣਾਈ ਜਿਸ ਨੂੰ ਆਸਾ ਨੇ ਭੰਨ ਕੇ ਕਿਦਰੋਨ ਦੀ ਵਾਦੀ ਵਿੱਚ ਸਾੜ ਦਿੱਤਾ।
14ਪਰ ਉੱਚੇ ਥਾਂ ਢਾਹੇ ਨਾ ਗਏ ਤਾਂ ਵੀ ਆਸਾ ਦਾ ਮਨ ਸਾਰੀ ਉਮਰ ਪੂਰੀ ਤਰ੍ਹਾਂ ਦੇ ਨਾਲ ਪਰਮੇਸ਼ੁਰ ਨੂੰ ਸਮਰਪਿਤ ਰਿਹਾ।
15ਅਤੇ ਉਹ ਉਨ੍ਹਾਂ ਚੀਜ਼ਾਂ ਨੂੰ ਜੋ ਉਸ ਦੇ ਪਿਤਾ ਨੇ ਪਵਿੱਤਰ ਠਹਿਰਾਈਆਂ ਸਨ ਨਾਲੇ ਉਨ੍ਹਾਂ ਨੂੰ ਜੋ ਉਸ ਨੇ ਆਪ ਪਵਿੱਤਰ ਠਹਿਰਾਈਆਂ ਸਨ ਯਹੋਵਾਹ ਦੇ ਭਵਨ ਵਿੱਚ ਲਿਆਇਆ ਅਰਥਾਤ ਚਾਂਦੀ, ਸੋਨਾ ਅਤੇ ਭਾਂਡੇ।
16ਆਸਾ ਅਤੇ ਇਸਰਾਏਲ ਦੇ ਪਾਤਸ਼ਾਹ ਬਆਸ਼ਾ ਵਿੱਚ ਉਨ੍ਹਾਂ ਦੇ ਸਾਰੇ ਦਿਨ ਲੜਾਈ ਹੁੰਦੀ ਰਹੀ।
17ਤਾਂ ਇਸਰਾਏਲ ਦੇ ਪਾਤਸ਼ਾਹ ਬਆਸ਼ਾ ਨੇ ਯਹੂਦਾਹ ਉੱਤੇ ਚੜ੍ਹਾਈ ਕੀਤੀ ਅਤੇ ਰਾਮਾਹ ਨੂੰ ਬਣਾਇਆ ਤਾਂ ਜੋ ਯਹੂਦਾਹ ਦੇ ਪਾਤਸ਼ਾਹ ਕੋਲ ਨਾ ਕੋਈ ਜਾਵੇ ਨਾ ਕੋਈ ਆਵੇ।
18ਤਾਂ ਆਸਾ ਨੇ ਯਹੋਵਾਹ ਦੇ ਭਵਨ ਦੇ ਖਜ਼ਾਨਿਆਂ ਦੀ ਬਾਕੀ ਚਾਂਦੀ ਅਤੇ ਸੋਨਾ ਅਤੇ ਸ਼ਾਹੀ ਮਹਿਲ ਦੇ ਖਜ਼ਾਨੇ ਤੋਂ ਲੈ ਕੇ ਆਪਣੇ ਟਹਿਲੂਆਂ ਦੇ ਹੱਥਾਂ ਵਿੱਚ ਦੇ ਦਿੱਤੇ ਅਤੇ ਆਸਾ ਪਾਤਸ਼ਾਹ ਨੇ ਉਨ੍ਹਾਂ ਨੂੰ ਅਰਾਮ ਦੇ ਪਾਤਸ਼ਾਹ ਬਨ-ਹਦਦ ਕੋਲ ਜੋ ਹਜ਼ਯੋਨ ਦਾ ਪੋਤਾ ਅਤੇ ਟਬਰਿੰਮੋਨ ਦਾ ਪੁੱਤਰ ਸੀ ਜੋ ਦੰਮਿਸ਼ਕ ਵਿੱਚ ਵੱਸਦਾ ਸੀ ਇਹ ਆਖ ਕੇ ਭੇਜ ਦਿੱਤਾ ਕਿ
19ਉਹ ਨੇਮ ਜੋ ਮੇਰੇ ਤੇਰੇ ਵਿੱਚ ਹੈ ਅਤੇ ਮੇਰੇ ਪਿਤਾ ਅਤੇ ਤੇਰੇ ਪਿਤਾ ਦੇ ਵਿੱਚ ਸੀ ਵੇਖ ਮੈਂ ਤੇਰੇ ਕੋਲ ਚਾਂਦੀ ਅਤੇ ਸੋਨੇ ਦਾ ਗੱਫ਼ਾ ਭੇਜਦਾ ਹਾਂ ਕਿ ਤੂੰ ਜਾ ਕੇ ਆਪਣਾ ਨੇਮ ਇਸਰਾਏਲ ਦੇ ਪਾਤਸ਼ਾਹ ਬਆਸ਼ਾ ਨਾਲੋਂ ਤੋੜ ਲਵੇਂ ਤਾਂ ਜੋ ਉਹ ਮੇਰੇ ਕੋਲੋਂ ਮੁੜ ਜਾਵੇ।
20ਤਾਂ ਬਨ-ਹਦਦ ਨੇ ਆਸਾ ਪਾਤਸ਼ਾਹ ਦੀ ਗੱਲ ਮੰਨੀ ਅਤੇ ਆਪਣੀਆਂ ਫੌਜਾਂ ਦੇ ਸਰਦਾਰਾਂ ਨੂੰ ਇਸਰਾਏਲੀ ਸ਼ਹਿਰਾਂ ਦੇ ਵਿਰੁੱਧ ਭੇਜਿਆ ਅਤੇ ਉਨ੍ਹਾਂ ਨੇ ਈਯੋਨ ਨੂੰ, ਦਾਨ ਨੂੰ, ਆਬੇਲ ਬੈਤ ਮਆਕਾਹ ਨੂੰ ਅਤੇ ਸਾਰੇ ਕਿੰਨਰਥ ਨੂੰ ਨਫ਼ਤਾਲੀ ਦੇ ਸਾਰੇ ਦੇਸ ਸਣੇ ਮਾਰ ਸੁੱਟਿਆ।
21ਤਾਂ ਇਸ ਤਰ੍ਹਾਂ ਹੋਇਆ ਕਿ ਜਦ ਬਆਸ਼ਾ ਨੇ ਇਹ ਸੁਣਿਆ ਤਾਂ ਰਾਮਾਹ ਦਾ ਬਣਾਉਣਾ ਛੱਡ ਕੇ ਤਿਰਸਾਹ ਵਿੱਚ ਜਾ ਵੱਸਿਆ।
22ਤਾਂ ਆਸਾ ਪਾਤਸ਼ਾਹ ਨੇ ਸਾਰੇ ਯਹੂਦਾਹ ਨੂੰ ਇਹ ਸੁਣਾਇਆ ਅਤੇ ਕੋਈ ਬਾਕੀ ਨਾ ਰਹਿਣ ਦਿੱਤਾ ਤਾਂ ਉਹ ਰਾਮਾਹ ਦੇ ਪੱਥਰਾਂ ਅਤੇ ਲੱਕੜੀਆਂ ਨੂੰ ਚੁੱਕ ਕੇ ਲੈ ਗਏ ਜਿਨ੍ਹਾਂ ਨਾਲ ਬਆਸ਼ਾ ਨੇ ਰਾਮਾਹ ਨੂੰ ਬਣਾਇਆ ਸੀ। ਉਨ੍ਹਾਂ ਨਾਲ ਆਸਾ ਪਾਤਸ਼ਾਹ ਨੇ ਬਿਨਯਾਮੀਨ ਦਾ ਗਬਾ ਅਤੇ ਮਿਸਪਾਹ ਬਣਾਏ।
23ਅਤੇ ਆਸਾ ਦੇ ਬਾਕੀ ਕੰਮ ਅਤੇ ਉਹ ਦਾ ਸਾਰਾ ਬਲ ਅਤੇ ਉਹ ਸਭ ਜੋ ਉਸ ਕੀਤਾ ਅਤੇ ਸ਼ਹਿਰ ਜੋ ਉਸਨੇ ਬਣਾਏ ਕੀ ਉਹ ਯਹੂਦਾਹ ਦੇ ਪਾਤਸ਼ਾਹਾਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖੇ ਹੋਏ ਨਹੀਂ ਹਨ? ਪਰ ਉਸ ਦੇ ਬੁਢੇਪੇ ਵਿੱਚ ਉਸ ਦੇ ਪੈਰਾਂ ਦਾ ਰੋਗ ਲੱਗ ਗਿਆ।
24ਤਾਂ ਆਸਾ ਮਰ ਕੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ ਅਤੇ ਉਨ੍ਹਾਂ ਨੇ ਉਸ ਨੂੰ ਉਸ ਦੇ ਪੁਰਖਿਆਂ ਦੇ ਨਾਲ ਦਾਊਦ ਦੇ ਸ਼ਹਿਰ ਵਿੱਚ ਦੱਬ ਦਿੱਤਾ ਤਾਂ ਉਸ ਦੇ ਥਾਂ ਉਸ ਦਾ ਪੁੱਤਰ ਯਹੋਸ਼ਾਫ਼ਾਤ ਰਾਜ ਕਰਨ ਲੱਗਾ।
25ਅਤੇ ਯਾਰਾਬੁਆਮ ਦਾ ਪੁੱਤਰ ਨਾਦਾਬ ਯਹੂਦਾਹ ਦੇ ਪਾਤਸ਼ਾਹ ਆਸਾ ਦੇ ਰਾਜ ਦੇ ਦੂਜੇ ਸਾਲ ਇਸਰਾਏਲ ਉੱਤੇ ਰਾਜ ਕਰਨ ਲੱਗਾ ਅਤੇ ਉਸ ਨੇ ਦੋ ਸਾਲ ਇਸਰਾਏਲ ਉੱਤੇ ਰਾਜ ਕੀਤਾ।
26ਪਰ ਉਸ ਨੇ ਯਹੋਵਾਹ ਦੀ ਨਿਗਾਹ ਵਿੱਚ ਬਦੀ ਕੀਤੀ ਅਤੇ ਆਪਣੇ ਪਿਤਾ ਦੇ ਰਾਹ ਵਿੱਚ ਚੱਲਿਆ ਅਤੇ ਆਪਣੇ ਪਾਪਾਂ ਨਾਲ ਉਸ ਨੇ ਇਸਰਾਏਲ ਨੂੰ ਪਾਪੀ ਬਣਾਇਆ।
27ਅਤੇ ਯਿੱਸਾਕਾਰ ਦੇ ਘਰਾਣੇ ਦੇ ਅਹੀਯਾਹ ਦੇ ਪੁੱਤਰ ਬਆਸ਼ਾ ਉਸ ਦੇ ਵਿਰੁੱਧ ਗੋਸ਼ਟ ਕੀਤੀ ਅਤੇ ਬਆਸ਼ਾ ਨੇ ਉਸ ਨੂੰ ਫ਼ਲਿਸਤੀਆਂ ਦੇ ਸ਼ਹਿਰ ਗਿਬਥੋਨ ਵਿੱਚ ਵੱਢ ਸੁੱਟਿਆ ਜਦ ਨਾਦਾਬ ਅਤੇ ਸਾਰਾ ਇਸਰਾਏਲ ਗਿਬਥੋਨ ਨੂੰ ਘੇਰੀਂ ਬੈਠਾ ਸੀ।
28ਸੋ ਯਹੂਦਾਹ ਦੇ ਪਾਤਸ਼ਾਹ ਆਸਾ ਦੇ ਰਾਜ ਦੇ ਤੀਜੇ ਸਾਲ ਬਆਸ਼ਾ ਨੇ ਉਹ ਨੂੰ ਮਾਰ ਲਿਆ ਅਤੇ ਉਸ ਦੇ ਥਾਂ ਰਾਜ ਕਰਨ ਲੱਗਾ।
29ਤਾਂ ਇਸ ਤਰ੍ਹਾਂ ਹੋਇਆ ਕਿ ਜਦ ਉਹ ਰਾਜ ਕਰਨ ਲੱਗਾ ਤਾਂ ਉਹ ਨੇ ਯਾਰਾਬੁਆਮ ਦੇ ਸਾਰੇ ਘਰਾਣੇ ਨੂੰ ਵੱਢ ਸੁੱਟਿਆ ਅਤੇ ਯਾਰਾਬੁਆਮ ਦਾ ਇੱਕ ਵੀ ਸਾਹ ਲੈਣ ਵਾਲਾ ਬਲੀ ਨਾ ਛੱਡਿਆ। ਜਦ ਤੱਕ ਉਹ ਨੇ ਉਨ੍ਹਾਂ ਦਾ ਨਾਸ ਨਾ ਕਰ ਲਿਆ ਅਤੇ ਇਹ ਯਹੋਵਾਹ ਦੇ ਉਸ ਬਚਨ ਅਨੁਸਾਰ ਜੋ ਉਹ ਆਪਣੇ ਦਾਸ ਅਹੀਯਾਹ ਸ਼ੀਲੋਨੀ ਦੇ ਰਾਹੀਂ ਬੋਲਿਆ ਸੀ।
30ਯਾਰਾਬੁਆਮ ਦੇ ਪਾਪਾਂ ਦੇ ਕਾਰਨ ਇਹ ਹੋਇਆ ਜੋ ਉਸ ਆਪ ਕੀਤੇ ਅਤੇ ਇਸਰਾਏਲ ਤੋਂ ਵੀ ਕਰਾਏ ਅਤੇ ਉਸ ਭੜਕਾਉਣ ਦੇ ਨਾਲ ਜਿਸ ਤੋਂ ਉਸ ਨੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਨੂੰ ਗੁੱਸੇ ਕੀਤਾ।
31ਨਾਦਾਬ ਦੇ ਬਾਕੀ ਕੰਮ ਅਤੇ ਉਹ ਸਭ ਜੋ ਉਸ ਕੀਤਾ ਕੀ ਉਹ ਇਸਰਾਏਲ ਦੇ ਪਾਤਸ਼ਾਹਾਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖੇ ਹੋਏ ਨਹੀਂ?
32ਆਸਾ ਅਤੇ ਇਸਰਾਏਲ ਦੇ ਪਾਤਸ਼ਾਹ ਬਆਸ਼ਾ ਵਿੱਚ ਉਨ੍ਹਾਂ ਦੇ ਸਾਰੇ ਦਿਨ ਲੜਾਈ ਹੁੰਦੀ ਰਹੀ।
33ਯਹੂਦਾਹ ਦੇ ਪਾਤਸ਼ਾਹ ਆਸਾ ਦੇ ਰਾਜ ਦੇ ਤੀਜੇ ਸਾਲ, ਅਹੀਯਾਹ ਦਾ ਪੁੱਤਰ ਬਆਸ਼ਾ ਤਿਰਸਾਹ ਵਿੱਚ ਰਾਜ ਕਰਨ ਲੱਗਾ ਅਤੇ ਉਸ ਨੇ ਚੌਵੀ ਸਾਲ ਰਾਜ ਕੀਤਾ।
34ਉਸ ਨੇ ਯਹੋਵਾਹ ਦੀ ਨਿਗਾਹ ਵਿੱਚ ਬੁਰਿਆਈ ਕੀਤੀ ਅਤੇ ਯਾਰਾਬੁਆਮ ਦੇ ਰਾਹ ਵਿੱਚ ਚੱਲਿਆ ਅਤੇ ਉਹ ਦੇ ਪਾਪ ਵਿੱਚ ਜਿਸ ਨਾਲ ਉਹ ਨੇ ਇਸਰਾਏਲ ਨੂੰ ਪਾਪੀ ਬਣਾਇਆ ਲੱਗਾ ਰਿਹਾ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath