1 ਰਾਜਿਆਂ 14
1ਉਸ ਵੇਲੇ ਯਾਰਾਬੁਆਮ ਦਾ ਪੁੱਤਰ ਅਬਿਯਾਹ ਬਿਮਾਰ ਪੈ ਗਿਆ।
2ਤਾਂ ਯਾਰਾਬੁਆਮ ਨੇ ਆਪਣੀ ਰਾਣੀ ਨੂੰ ਆਖਿਆ, ਉੱਠ ਕੇ ਜ਼ਰਾ ਆਪਣਾ ਭੇਸ ਬਦਲ ਲੈ ਕਿ ਕੋਈ ਨਾ ਜਾਣੇ ਕਿ ਤੂੰ ਯਾਰਾਬੁਆਮ ਦੀ ਪਤਨੀ ਹੈਂ ਅਤੇ ਸ਼ੀਲੋਹ ਨੂੰ ਤੁਰ ਜਾ। ਵੇਖ, ਉੱਥੇ ਅਹੀਯਾਹ ਨਬੀ ਹੈ ਜੋ ਮੈਨੂੰ ਬੋਲਿਆ ਸੀ ਕਿ ਤੂੰ ਇਨ੍ਹਾਂ ਲੋਕਾਂ ਦਾ ਪਾਤਸ਼ਾਹ ਹੋਵੇਂਗਾ।
3ਅਤੇ ਆਪਣੇ ਹੱਥ ਵਿੱਚ ਦਸ ਰੋਟੀਆਂ, ਚੂਰਮਾ ਅਤੇ ਸ਼ਹਿਦ ਦਾ ਮਰਤਬਾਨ ਲੈ ਕੇ ਉਹ ਦੇ ਕੋਲ ਜਾ। ਉਹ ਤੈਨੂੰ ਦੱਸੇਗਾ ਕਿ ਮੁੰਡੇ ਨੂੰ ਕੀ ਹੋਵੇਗਾ।
4ਸੋ ਯਾਰਾਬੁਆਮ ਦੀ ਪਤਨੀ ਨੇ ਤਿਵੇਂ ਹੀ ਕੀਤਾ। ਉਹ ਉੱਠ ਕੇ ਸ਼ੀਲੋਹ ਨੂੰ ਗਈ ਅਤੇ ਅਹੀਯਾਹ ਦੇ ਘਰ ਪਹੁੰਚੀ ਪਰ ਅਹੀਯਾਹ ਵੇਖ ਨਹੀਂ ਸਕਦਾ ਸੀ ਕਿਉਂ ਜੋ ਉਸ ਦੀਆਂ ਅੱਖਾਂ ਬੁਢਾਪੇ ਦੇ ਕਾਰਨ ਰੁਕ ਗਈਆਂ ਸਨ।
5ਤਾਂ ਯਹੋਵਾਹ ਨੇ ਅਹੀਯਾਹ ਨੂੰ ਆਖਿਆ ਕਿ ਵੇਖ, ਯਾਰਾਬੁਆਮ ਦੀ ਰਾਣੀ ਆਪਣੇ ਪੁੱਤਰ ਲਈ ਤੇਰੇ ਕੋਲੋਂ ਪੁੱਛਣ ਆਉਂਦੀ ਹੈ ਕਿਉਂ ਜੋ ਉਹ ਬਿਮਾਰ ਹੈ ਸੋ ਤੂੰ ਉਹ ਨੂੰ ਇਸ ਤਰ੍ਹਾਂ ਇਸ ਤਰ੍ਹਾਂ ਆਖੀਂ ਕਿਉਂ ਜੋ ਇਸ ਤਰ੍ਹਾਂ ਹੋਵੇਗਾ ਕਿ ਜਦ ਉਹ ਅੰਦਰ ਆਵੇਗੀ ਤਾਂ ਆਪ ਨੂੰ ਹੋਰ ਔਰਤ ਬਣਾਵੇਗੀ।
6ਤਾਂ ਇਸ ਤਰ੍ਹਾਂ ਹੋਇਆ ਕਿ ਜਦ ਅਹੀਯਾਹ ਨੇ ਉਹ ਦੇ ਪੈਰਾਂ ਦੀ ਪੈਛੜ ਜਾਂ ਉਹ ਬੂਹੇ ਦੇ ਅੰਦਰ ਵੜੀ ਸੁਣੀ ਤਾਂ ਉਸ ਆਖਿਆ, ਹੇ ਯਾਰਾਬੁਆਮ ਦੀ ਰਾਣੀ ਅੰਦਰ ਲੰਘ ਆ। ਤੂੰ ਆਪ ਨੂੰ ਹੋਰ ਔਰਤ ਕਿਉਂ ਬਣਾਉਂਦੀ ਹੈਂ? ਮੈਂ ਤੇਰੇ ਕੋਲ ਸਖ਼ਤ ਗੱਲਾਂ ਲਈ ਭੇਜਿਆ ਗਿਆ ਹਾਂ।
7ਤੂੰ ਚੱਲੀ ਜਾ ਅਤੇ ਯਾਰਾਬੁਆਮ ਨੂੰ ਆਖ ਕਿ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਫ਼ਰਮਾਉਂਦਾ ਹੈ ਕਿ ਮੈਂ ਤੈਨੂੰ ਲੋਕਾਂ ਵਿੱਚ ਉੱਚਾ ਕੀਤਾ ਅਤੇ ਮੈਂ ਤੈਨੂੰ ਆਪਣੀ ਪਰਜਾ ਇਸਰਾਏਲ ਉੱਤੇ ਪ੍ਰਧਾਨ ਚੁਣਿਆ।
8ਅਤੇ ਰਾਜ ਦਾਊਦ ਦੇ ਘਰਾਣੇ ਤੋਂ ਪਾੜ ਕੇ ਤੈਨੂੰ ਦਿੱਤਾ ਤਾਂ ਵੀ ਤੂੰ ਮੇਰੇ ਦਾਸ ਦਾਊਦ ਵਰਗਾ ਨਾ ਹੋਇਆ ਜਿਸ ਮੇਰੇ ਹੁਕਮਾਂ ਦੀ ਪਾਲਨਾ ਕੀਤੀ ਅਤੇ ਸਾਰੇ ਮਨ ਨਾਲ ਮੇਰੇ ਮਗਰ ਚੱਲਿਆ ਅਤੇ ਉਹੋ ਹੀ ਕੀਤਾ ਜੋ ਮੇਰੀ ਨਿਗਾਹ ਵਿੱਚ ਠੀਕ ਸੀ।
9ਪਰ ਤੂੰ ਉਨ੍ਹਾਂ ਸਭਨਾਂ ਨਾਲੋਂ ਜੋ ਤੇਰੇ ਕੋਲੋਂ ਅੱਗੇ ਸਨ ਵੱਧ ਬੁਰਿਆਈ ਕੀਤੀ ਅਤੇ ਤੂੰ ਮੈਨੂੰ ਕ੍ਰੋਧ ਚੜ੍ਹਾਉਣ ਲਈ ਆਪਣੇ ਲਈ ਓਪਰੇ ਦੇਵਤੇ ਅਤੇ ਢਲਵੀਆਂ ਮੂਰਤਾਂ ਬਣਾਈਆਂ ਅਤੇ ਤੂੰ ਮੈਨੂੰ ਆਪਣੀ ਪਿੱਠ ਪਿੱਛੇ ਸੁੱਟਿਆ।
10ਇਸੇ ਲਈ ਵੇਖ ਮੈਂ ਯਾਰਾਬੁਆਮ ਦੇ ਘਰਾਣੇ ਉੱਤੇ ਬੁਰਿਆਈ ਲਿਆਵਾਂਗਾ ਅਤੇ ਯਾਰਾਬੁਆਮ ਦੇ ਹਰ ਨਰ ਨੂੰ ਅਤੇ ਇਸਰਾਏਲ ਦੇ ਬੰਦੀ ਅਤੇ ਆਜ਼ਾਦ ਨੂੰ ਨਾਸ ਕਰ ਦਿਆਂਗਾ ਅਤੇ ਯਾਰਾਬੁਆਮ ਦੇ ਘਰਾਣੇ ਦੇ ਪਿੱਛੇ ਇਸ ਤਰ੍ਹਾਂ ਝਾੜੂ ਲਈ ਫਿਰਾਂਗਾ ਜਿਵੇਂ ਗੰਦ ਚੁੱਕ ਲੈਣ ਦੇ ਪਿੱਛੋਂ ਕੁਝ ਬਾਕੀ ਨਹੀਂ ਰਹਿ ਜਾਂਦਾ।
11ਅਤੇ ਯਾਰਾਬੁਆਮ ਦਾ ਜੇ ਕੋਈ ਸ਼ਹਿਰ ਵਿੱਚ ਮਰੇਗਾ ਉਹ ਨੂੰ ਕੁੱਤੇ ਖਾਣਗੇ ਅਤੇ ਜੋ ਰੜ ਵਿੱਚ ਮਰੇਗਾ ਉਹ ਨੂੰ ਅਕਾਸ਼ ਦੇ ਪੰਛੀ ਖਾਣਗੇ ਕਿਉਂ ਜੋ ਯਹੋਵਾਹ ਇਸ ਤਰ੍ਹਾਂ ਬੋਲਿਆ ਹੈ।
12ਸੋ ਤੂੰ ਉੱਠ ਅਤੇ ਆਪਣੇ ਘਰ ਜਾ। ਤੇਰੇ ਸ਼ਹਿਰ ਵਿੱਚ ਪੈਰ ਰੱਖਦਿਆਂ ਸਾਰ ਮੁੰਡਾ ਮਰ ਜਾਵੇਗਾ।
13ਤਾਂ ਸਾਰਾ ਇਸਰਾਏਲ ਉਹ ਦਾ ਸੋਗ ਕਰਨਗੇ ਅਤੇ ਉਹ ਨੂੰ ਦੱਬਣਗੇ ਕਿਉਂ ਜੋ ਯਾਰਾਬੁਆਮ ਦਾ ਉਹੋ ਇਕੱਲਾ ਕਬਰ ਵਿੱਚ ਪਏਗਾ ਇਸ ਲਈ ਕਿ ਯਾਰਾਬੁਆਮ ਦੇ ਘਰਾਣੇ ਵਿੱਚ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਨੂੰ ਉਸ ਵਿੱਚ ਹੀ ਕੁਝ ਚੰਗੀ ਗੱਲ ਲੱਭੀ।
14ਅਤੇ ਯਹੋਵਾਹ ਆਪਣੀ ਵੱਲੋਂ ਇਸਰਾਏਲ ਉੱਤੇ ਇੱਕ ਪਾਤਸ਼ਾਹ ਖੜਾ ਕਰੇਗਾ ਜਿਹੜਾ ਉਸੇ ਦਿਨ ਯਾਰਾਬੁਆਮ ਦੇ ਘਰਾਣੇ ਨੂੰ ਨਾਸ ਕਰੇਗਾ। ਕੀ ਇਹ ਅੱਜ ਦੇ ਦਿਨ ਹੀ? ਹਾਂ ਹੁਣੇ ਹੀ।
15ਅਤੇ ਯਹੋਵਾਹ ਇਸਰਾਏਲ ਨੂੰ ਇਸ ਤਰ੍ਹਾਂ ਮਰੇਗਾ ਜਿਵੇਂ ਪਾਣੀ ਵਿੱਚ ਕਾਨਾ ਹਿਲਾਇਆ ਜਾਂਦਾ ਹੈ ਅਤੇ ਉਹ ਇਸਰਾਏਲ ਨੂੰ ਇਸ ਚੰਗੀ ਭੂਮੀ ਵਿੱਚੋਂ ਉਖੇੜ ਦੇਵੇਗਾ ਜੋ ਉਸ ਨੇ ਉਨ੍ਹਾਂ ਦੇ ਪੁਰਖਿਆਂ ਨੂੰ ਦਿੱਤੀ ਸੀ ਅਤੇ ਉਨ੍ਹਾਂ ਨੂੰ ਦਰਿਆ ਦੇ ਪਾਰ ਖਿਲਾਰ ਦੇਵੇਗਾ ਕਿਉਂ ਜੋ ਉਨ੍ਹਾਂ ਨੇ ਆਪਣੇ ਲਈ ਟੁੰਡ ਦੇਵ ਬਣਾ ਕੇ ਯਹੋਵਾਹ ਨੂੰ ਕ੍ਰੋਧਵਾਨ ਕੀਤਾ।
16ਅਤੇ ਉਹ ਇਸਰਾਏਲ ਨੂੰ ਯਾਰਾਬੁਆਮ ਦੇ ਪਾਪਾਂ ਦੇ ਕਾਰਨ ਤਿਆਗ ਦੇਵੇਗਾ ਕਿਉਂ ਜੋ ਉਹ ਪਾਪੀ ਬਣਿਆ ਅਤੇ ਇਸਰਾਏਲ ਨੂੰ ਪਾਪੀ ਬਣਾਇਆ।
17ਤਾਂ ਯਾਰਾਬੁਆਮ ਦੀ ਰਾਣੀ ਉੱਠੀ ਅਤੇ ਚੱਲ ਪਈ ਅਤੇ ਤਿਰਸਾਹ ਨੂੰ ਆਈ। ਉਹ ਘਰ ਦੀ ਦਹਲੀਜ਼ ਕੋਲ ਪਹੁੰਚੀ ਹੀ ਸੀ ਕਿ ਮੁੰਡਾ ਮਰ ਗਿਆ।
18ਤਾਂ ਸਾਰੇ ਇਸਰਾਏਲ ਨੇ ਉਹ ਨੂੰ ਦੱਬਿਆ ਅਤੇ ਉਸ ਦਾ ਸੋਗ ਕੀਤਾ ਜਿਵੇਂ ਯਹੋਵਾਹ ਦਾ ਬਚਨ ਸੀ ਜੋ ਉਹ ਆਪਣੇ ਦਾਸ ਅਹੀਯਾਹ ਨਬੀ ਦੇ ਰਾਹੀਂ ਬੋਲਿਆ ਸੀ।
19ਅਤੇ ਯਾਰਾਬੁਆਮ ਦੀਆਂ ਬਾਕੀ ਗੱਲਾਂ ਕਿ ਕਿਵੇਂ ਉਹ ਲੜਿਆ ਅਤੇ ਕਿਵੇਂ ਉਸ ਰਾਜ ਕੀਤਾ ਸੋ ਵੇਖੋ, ਉਹ ਇਸਰਾਏਲ ਦੇ ਪਾਤਸ਼ਾਹਾਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖੀਆਂ ਹੋਈਆਂ ਹਨ।
20ਅਤੇ ਉਹ ਦਿਨ ਜਿਨ੍ਹਾਂ ਵਿੱਚ ਯਾਰਾਬੁਆਮ ਨੇ ਰਾਜ ਕੀਤਾ ਬਾਈ ਸਾਲ ਸਨ ਤਾਂ ਉਹ ਮਰ ਕੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ ਅਤੇ ਉਹ ਦਾ ਪੁੱਤਰ ਨਾਦਾਬ ਉਹ ਦੇ ਥਾਂ ਰਾਜ ਕਰਨ ਲੱਗਾ।
21ਸੁਲੇਮਾਨ ਦਾ ਪੁੱਤਰ ਰਹਬੁਆਮ ਯਹੂਦਾਹ ਵਿੱਚ ਪਾਤਸ਼ਾਹ ਸੀ ਅਤੇ ਰਹਬੁਆਮ ਇੱਕਤਾਲੀਆਂ ਸਾਲਾਂ ਦਾ ਸੀ ਜਦ ਰਾਜ ਕਰਨ ਲੱਗਾ ਅਤੇ ਉਸ ਨੇ ਯਰੂਸ਼ਲਮ ਵਿੱਚ ਜਿਹ ਨੂੰ ਯਹੋਵਾਹ ਨੇ ਇਸਰਾਏਲ ਦੇ ਸਾਰੇ ਗੋਤਾਂ ਵਿੱਚੋਂ ਚੁਣਿਆ ਸੀ ਕਿ ਆਪਣਾ ਨਾਮ ਉੱਥੇ ਰੱਖੇ ਸਤਾਰਾਂ ਸਾਲਾਂ ਤੱਕ ਰਾਜ ਕੀਤਾ ਅਤੇ ਉਸ ਦੀ ਮਾਤਾ ਦਾ ਨਾਮ ਨਆਮਾਹ ਸੀ ਜੋ ਅੰਮੋਨਣ ਸੀ।
22ਅਤੇ ਯਹੂਦਾਹ ਨੇ ਉਹ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਬੁਰਾ ਸੀ ਅਤੇ ਉਨ੍ਹਾਂ ਨੇ ਉਸ ਦੀ ਅਣਖ ਨੂੰ ਭੜਕਾਇਆ ਉਨ੍ਹਾਂ ਸਾਰਿਆਂ ਪਾਪਾਂ ਦੇ ਕਾਰਨ ਜੋ ਉਨ੍ਹਾਂ ਆਪਣੇ ਪੁਰਖਿਆਂ ਤੋਂ ਵੱਧ ਪਾਪ ਕੀਤਾ।
23ਉਨ੍ਹਾਂ ਨੇ ਆਪਣੇ ਲਈ ਉੱਚਿਆਂ ਥਾਵਾਂ ਨੂੰ ਬਣਾਇਆ ਅਤੇ ਹਰ ਉੱਚੇ ਪਰਬਤ ਉੱਤੇ ਅਤੇ ਹਰ ਬਿਰਛ ਦੇ ਹੇਠ ਉੱਚੇ ਥਾਵਾਂ ਨੂੰ ਮੂਰਤਾਂ ਅਤੇ ਟੁੰਡਾਂ ਨੂੰ ਖੜਾ ਕੀਤਾ।
24ਅਤੇ ਦੇਸ ਵਿੱਚ ਸਮਲਿੰਗੀ ਵੀ ਸਨ। ਉਨ੍ਹਾਂ ਉਹਨਾਂ ਕੌਮਾਂ ਦੇ ਘਿਣਾਉਣੇ ਕੰਮ ਕੀਤੇ ਜਿਨ੍ਹਾਂ ਨੂੰ ਯਹੋਵਾਹ ਨੇ ਇਸਰਾਏਲੀਆਂ ਅੱਗੋਂ ਧੱਕ ਦਿੱਤਾ ਸੀ।
25ਤਾਂ ਅਜਿਹਾ ਹੋਇਆ ਕਿ ਰਹਬੁਆਮ ਦੇ ਰਾਜ ਦੇ ਪੰਜਵੇਂ ਸਾਲ ਮਿਸਰ ਦਾ ਰਾਜਾ ਸ਼ੀਸ਼ਕ ਯਰੂਸ਼ਲਮ ਉੱਤੇ ਚੜ੍ਹ ਆਇਆ।
26ਉਹ ਨੇ ਯਹੋਵਾਹ ਦੇ ਭਵਨ ਦਾ ਖਜ਼ਾਨਾ ਅਤੇ ਪਾਤਸ਼ਾਹ ਦੇ ਮਹਿਲ ਦਾ ਖਜ਼ਾਨਾ ਲੈ ਲਿਆ ਸਗੋਂ ਉਹ ਨੇ ਸਭ ਕੁਝ ਲੈ ਲਿਆ ਅਤੇ ਉਹ ਨੇ ਉਹ ਸਭ ਸੋਨੇ ਦੀਆਂ ਢਾਲਾਂ ਜੋ ਸੁਲੇਮਾਨ ਨੇ ਬਣਵਾਈਆਂ ਸਨ ਲੈ ਲਈਆਂ।
27ਤਾਂ ਰਹਬੁਆਮ ਪਾਤਸ਼ਾਹ ਨੇ ਉਨ੍ਹਾਂ ਦੇ ਥਾਂ ਪਿੱਤਲ ਦੀਆਂ ਢਾਲਾਂ ਬਣਵਾਈਆਂ ਅਤੇ ਉਨ੍ਹਾਂ ਨੂੰ ਸ਼ਾਹੀ ਨਿਗਾਹਬਾਨਾਂ ਦੇ ਸਰਦਾਰਾਂ ਦੇ ਹੱਥ ਵਿੱਚ ਸੌਂਪ ਦਿੱਤਾ ਜਿਹੜੇ ਸ਼ਾਹੀ ਮਹਿਲ ਦੇ ਦਰਵਾਜ਼ੇ ਦੀ ਰਾਖੀ ਕਰਦੇ ਸਨ।
28ਅਜਿਹਾ ਹੁੰਦਾ ਸੀ ਕਿ ਜਦ ਪਾਤਸ਼ਾਹ ਯਹੋਵਾਹ ਦੇ ਭਵਨ ਨੂੰ ਜਾਂਦਾ ਸੀ ਤਾਂ ਨਿਗਾਹਬਾਨ ਉਨ੍ਹਾਂ ਨੂੰ ਚੁੱਕ ਲੈਂਦੇ ਸਨ ਅਤੇ ਫੇਰ ਉਹਨਾਂ ਨੂੰ ਨਿਗਾਹਬਾਨਾਂ ਦੀ ਕੋਠੜੀ ਵਿੱਚ ਰੱਖ ਦਿੰਦੇ ਸਨ।
29ਅਤੇ ਰਹਬੁਆਮ ਦੇ ਬਾਕੀ ਕੰਮ ਅਤੇ ਉਹ ਜੋ ਕੁਝ ਉਸ ਨੇ ਕੀਤਾ ਕੀ ਉਹ ਯਹੂਦਾਹ ਦੇ ਪਾਤਸ਼ਾਹਾਂ ਦੀ ਇਤਿਹਾਸ ਦੀ ਪੋਥੀ ਵਿੱਚ ਲਿਖੀਆਂ ਹੋਈਆਂ ਨਹੀਂ ਹਨ?
30ਇਸ ਤਰ੍ਹਾਂ ਰਹਬੁਆਮ ਅਤੇ ਯਾਰਾਬੁਆਮ ਦੇ ਵਿੱਚ ਉਨ੍ਹਾਂ ਦੇ ਸਭ ਦਿਨ ਲੜਾਈ ਲੱਗੀ ਰਹੀ।
31ਤਾਂ ਰਹਬੁਆਮ ਮਰ ਕੇ ਆਪਣੇ ਪੁਰਖਿਆਂ ਦੇ ਨਾਲ ਜਾ ਮਿਲਿਆ ਅਤੇ ਦਾਊਦ ਦੇ ਸ਼ਹਿਰ ਵਿੱਚ ਆਪਣੇ ਪੁਰਖਿਆਂ ਦੇ ਨਾਲ ਦੱਬਿਆ ਗਿਆ। ਉਸ ਦੀ ਮਾਤਾ ਦਾ ਨਾਮ ਨਆਮਾਹ ਸੀ ਜੋ ਅੰਮੋਨਣ ਸੀ ਅਤੇ ਉਸ ਦਾ ਪੁੱਤਰ ਅਬਿਯਾਹ ਉਸ ਦੇ ਥਾਂ ਰਾਜ ਕਰਨ ਲੱਗਾ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath