ਈਸਾਈ
ਪਿੱਛੇ

1 ਰਾਜਿਆਂ 13

1ਵੇਖੋ, ਪਰਮੇਸ਼ੁਰ ਦਾ ਇੱਕ ਬੰਦਾ ਯਹੋਵਾਹ ਦੇ ਬਚਨ ਅਨੁਸਾਰ ਯਹੂਦਾਹ ਤੋਂ ਬੈਤਏਲ ਵਿੱਚ ਆਇਆ ਅਤੇ ਯਾਰਾਬੁਆਮ ਧੂਪ ਧੁਖਾਉਣ ਲਈ ਜਗਵੇਦੀ ਦੇ ਕੋਲ ਖੜ੍ਹਾ ਸੀ।

2ਉਹ ਯਹੋਵਾਹ ਦੇ ਬਚਨ ਨਾਲ ਜਗਵੇਦੀ ਦੇ ਵਿਰੁੱਧ ਉੱਚੀ ਦਿੱਤੀ ਬੋਲਿਆ ਅਤੇ ਆਖਿਆ, ਹੇ ਜਗਵੇਦੀ, ਹੇ ਜਗਵੇਦੀ! ਯਹੋਵਾਹ ਇਸ ਤਰ੍ਹਾਂ ਫ਼ਰਮਾਉਂਦਾ ਹੈ ਕਿ ਵੇਖ, ਦਾਊਦ ਦੇ ਘਰਾਣੇ ਵਿੱਚੋਂ ਯੋਸ਼ੀਯਾਹ ਨਾਮੇ ਇੱਕ ਮੁੰਡਾ ਜੰਮੇਗਾ ਅਤੇ ਉਹ ਉੱਚਿਆਂ ਥਾਵਾਂ ਦੇ ਜਾਜਕਾਂ ਨੂੰ ਜੋ ਤੇਰੇ ਉੱਤੇ ਧੂਪ ਧੁਖਾਉਂਦੇ ਹਨ ਤੇਰੇ ਹੀ ਉੱਤੇ ਚੜ੍ਹਾਵੇਗਾ ਅਤੇ ਆਦਮੀਆਂ ਦੀਆਂ ਹੱਡੀਆਂ ਤੇਰੇ ਉੱਤੇ ਸਾੜੀਆਂ ਜਾਣਗੀਆਂ।

3ਅਤੇ ਉਸ ਨੇ ਉਸੇ ਦਿਨ ਇੱਕ ਨਿਸ਼ਾਨੀ ਦਿੱਤੀ ਕਿ ਉਹ ਨਿਸ਼ਾਨੀ ਜਿਹੜੀ ਯਹੋਵਾਹ ਬੋਲਿਆ ਹੈ ਇਹ ਹੈ ਕਿ ਵੇਖੋ ਜਗਵੇਦੀ ਪਾਟ ਜਾਵੇਗੀ ਅਤੇ ਉਹ ਸੁਆਹ ਜਿਹੜੀ ਉਹ ਦੇ ਉੱਤੇ ਹੋਵੇਗੀ ਢਿਲਕ ਜਾਵੇਗੀ।

4ਤਾਂ ਇਸ ਤਰ੍ਹਾਂ ਹੋਇਆ ਕਿ ਜਦ ਪਾਤਸ਼ਾਹ ਨੇ ਪਰਮੇਸ਼ੁਰ ਦੇ ਬੰਦੇ ਦਾ ਬਚਨ ਸੁਣਿਆ ਜੋ ਉਸ ਨੇ ਬੈਤਏਲ ਵਿੱਚ ਜਗਵੇਦੀ ਦੇ ਵਿਰੁੱਧ ਉੱਚੀ ਦਿੱਤੀ ਆਖਿਆ ਸੀ ਤਾਂ ਯਾਰਾਬੁਆਮ ਨੇ ਜਗਵੇਦੀ ਤੋਂ ਆਪਣੀ ਬਾਂਹ ਲੰਮੀ ਕਰਕੇ ਆਖਿਆ, ਇਸ ਨੂੰ ਫੜ ਲਓ ਤਾਂ ਉਸ ਦੀ ਉਹ ਬਾਂਹ ਜਿਹੜੀ ਲੰਮੀ ਕੀਤੀ ਸੀ ਸੁੱਕ ਗਈ ਸੋ ਉਹ ਉਸ ਨੂੰ ਆਪਣੀ ਵੱਲ ਖਿੱਚ ਨਾ ਸਕਿਆ।

5ਤਾਂ ਜਗਵੇਦੀ ਵੀ ਪਾਟ ਗਈ ਅਤੇ ਸੁਆਹ ਉਸ ਜਗਵੇਦੀ ਤੋਂ ਢਿਲਕ ਪਈ ਉਸ ਨਿਸ਼ਾਨੀ ਦੇ ਅਨੁਸਾਰ ਜੋ ਉਸ ਪਰਮੇਸ਼ੁਰ ਦੇ ਬੰਦੇ ਨੇ ਯਹੋਵਾਹ ਦੇ ਬਚਨ ਨਾਲ ਦਿੱਤੀ ਸੀ।

6ਤਾਂ ਪਾਤਸ਼ਾਹ ਨੇ ਉਸ ਪਰਮੇਸ਼ੁਰ ਦੇ ਬੰਦੇ ਨੂੰ ਉੱਤਰ ਵਿੱਚ ਆਖਿਆ ਕਿ ਹੁਣ ਤੂੰ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਅਰਦਾਸ ਕਰ ਅਤੇ ਮੇਰੇ ਲਈ ਬੇਨਤੀ ਕਰ ਕਿ ਮੇਰਾ ਹੱਥ ਫੇਰ ਮੇਰੇ ਲਈ ਚੰਗਾ ਕੀਤਾ ਜਾਵੇ ਤਾਂ ਉਸ ਪਰਮੇਸ਼ੁਰ ਦੇ ਬੰਦੇ ਨੇ ਯਹੋਵਾਹ ਅੱਗੇ ਅਰਦਾਸ ਕੀਤੀ ਅਤੇ ਪਾਤਸ਼ਾਹ ਦਾ ਹੱਥ ਉਹ ਦੇ ਲਈ ਚੰਗਾ ਕੀਤਾ ਗਿਆ ਅਤੇ ਅੱਗੇ ਵਰਗਾ ਹੋ ਗਿਆ।

7ਤਾਂ ਪਾਤਸ਼ਾਹ ਉਸ ਪਰਮੇਸ਼ੁਰ ਦੇ ਬੰਦੇ ਨੂੰ ਬੋਲਿਆ ਕਿ ਮੇਰੇ ਨਾਲ ਮਹਿਲ ਨੂੰ ਚੱਲ ਅਤੇ ਭੋਜਣ ਕਰ ਅਤੇ ਮੈਂ ਤੈਨੂੰ ਦਾਨ ਦਿਆਂਗਾ।

8ਪਰ ਉਸ ਪਰਮੇਸ਼ੁਰ ਦੇ ਬੰਦੇ ਨੇ ਪਾਤਸ਼ਾਹ ਨੂੰ ਆਖਿਆ, ਜੇ ਤੂੰ ਮੈਨੂੰ ਆਪਣਾ ਅੱਧਾ ਮਹਿਲ ਵੀ ਦੇ ਦੇਵੇਂ ਤਾਂ ਵੀ ਮੈਂ ਤੇਰੇ ਨਾਲ ਨਹੀਂ ਜਾਂਵਾਂਗਾ ਨਾ ਇੱਥੇ ਰੋਟੀ ਖਾਵਾਂਗਾ ਅਤੇ ਨਾ ਹੀ ਪਾਣੀ ਪੀਵਾਂਗਾ।

9ਕਿਉਂ ਜੋ ਯਹੋਵਾਹ ਦੇ ਬਚਨ ਅਨੁਸਾਰ ਮੈਨੂੰ ਹੁਕਮ ਦਿੱਤਾ ਗਿਆ ਹੈ ਕਿ ਨਾ ਰੋਟੀ ਖਾਵੀਂ ਨਾ ਪਾਣੀ ਪੀਵੀਂ ਨਾ ਇਸੇ ਰਾਹ ਮੁੜੀਂ ਜਿਸ ਵਿੱਚੋਂ ਦੀ ਤੂੰ ਆਇਆ।

10ਸੋ ਉਹ ਦੂਜੇ ਰਾਹ ਥਾਣੀ ਮੁੜ ਗਿਆ ਉਸ ਰਾਹੋਂ ਨਹੀਂ ਜਿਸ ਥਾਣੀ ਉਹ ਬੈਤਏਲ ਨੂੰ ਆਇਆ ਸੀ।

11ਬੈਤਏਲ ਵਿੱਚ ਇੱਕ ਬੁੱਢਾ ਨਬੀ ਵੱਸਦਾ ਸੀ। ਉਸ ਦੇ ਪੁੱਤਰਾਂ ਨੇ ਆਣ ਕੇ ਉਹ ਸਾਰੇ ਕੰਮ ਦੱਸੇ ਜਿਹੜੇ ਪਰਮੇਸ਼ੁਰ ਦੇ ਬੰਦੇ ਨੇ ਉਸ ਦਿਨ ਬੈਤਏਲ ਵਿੱਚ ਕੀਤੇ ਅਤੇ ਉਹ ਗੱਲਾਂ ਜੋ ਉਹ ਪਾਤਸ਼ਾਹ ਨੂੰ ਬੋਲਿਆ ਆਪਣੇ ਪਿਤਾ ਨੂੰ ਦੱਸੀਆਂ।

12ਤਾਂ ਉਨ੍ਹਾਂ ਦਾ ਪਿਤਾ ਉਨ੍ਹਾਂ ਨੂੰ ਬੋਲਿਆ, ਉਹ ਕਿਸ ਰਾਹ ਗਿਆ? ਕਿਉਂ ਜੋ ਉਸ ਦੇ ਪੁੱਤਰਾਂ ਨੇ ਵੇਖ ਲਿਆ ਸੀ ਕਿ ਉਹ ਪਰਮੇਸ਼ੁਰ ਦਾ ਬੰਦਾ ਜਿਹੜਾ ਯਹੂਦਾਹ ਤੋਂ ਆਇਆ ਸੀ ਕਿਹੜੇ ਰਾਹ ਗਿਆ।

13ਤਾਂ ਉਸ ਆਪਣੇ ਪੁੱਤਰਾਂ ਨੂੰ ਆਖਿਆ, ਮੇਰੇ ਲਈ ਗਧੇ ਉੱਤੇ ਕਾਠੀ ਕੱਸ ਦਿਓ ਸੋ ਉਨ੍ਹਾਂ ਨੇ ਉਸ ਲਈ ਗਧੇ ਉੱਤੇ ਕਾਠੀ ਕੱਸ ਦਿੱਤੀ ਤਾਂ ਉਹ ਉਸ ਉੱਤੇ ਚੜ੍ਹ ਗਿਆ।

14ਅਤੇ ਪਰਮੇਸ਼ੁਰ ਦੇ ਬੰਦੇ ਦੇ ਪਿੱਛੇ ਚੱਲ ਪਿਆ ਸੋ ਉਹ ਉਸ ਨੂੰ ਬਲੂਤ ਦੇ ਹੇਠ ਬੈਠਾ ਹੋਇਆ ਲੱਭਾ ਤਾਂ ਉਸ ਨੇ ਉਹ ਨੂੰ ਆਖਿਆ, ਕੀ ਤੂੰ ਉਹੋ ਪਰਮੇਸ਼ੁਰ ਦਾ ਬੰਦਾ ਹੈਂ ਜੋ ਯਹੂਦਾਹ ਤੋਂ ਆਇਆ ਹੈਂ? ਉਸ ਆਖਿਆ, ਮੈਂ ਹੀ ਹਾਂ।

15ਤਾਂ ਉਸ ਨੇ ਉਹ ਨੂੰ ਆਖਿਆ, ਮੇਰੇ ਨਾਲ ਘਰ ਨੂੰ ਚੱਲ ਅਤੇ ਰੋਟੀ ਖਾਹ।

16ਪਰ ਉਸ ਆਖਿਆ, ਮੈਂ ਤੇਰੇ ਨਾਲ ਮੁੜ ਨਹੀਂ ਸਕਦਾ ਨਾ ਤੇਰੇ ਘਰ ਦੇ ਅੰਦਰ ਜਾ ਸਕਦਾ ਹਾਂ ਨਾ ਮੈਂ ਤੇਰੇ ਨਾਲ ਇੱਥੇ ਰੋਟੀ ਖਾਵਾਂਗਾ ਨਾ ਪਾਣੀ ਪੀਵਾਂਗਾ।

17ਕਿਉਂ ਜੋ ਯਹੋਵਾਹ ਦੇ ਬਚਨ ਦੇ ਅਨੁਸਾਰ ਮੈਨੂੰ ਹੁਕਮ ਹੋਇਆ ਹੈ ਕਿ ਤੂੰ ਨਾ ਉੱਥੇ ਰੋਟੀ ਖਾਵੀਂ ਨਾ ਪਾਣੀ ਪੀਵੀਂ ਨਾ ਉਸ ਰਾਹ ਥਾਣੀ ਮੁੜੀ ਜਿੱਥੋਂ ਦੀ ਤੂੰ ਗਿਆ।

18ਤਾਂ ਉਸ ਨੇ ਉਹ ਨੂੰ ਆਖਿਆ, ਮੈਂ ਵੀ ਤੇਰੇ ਜਿਹਾ ਇੱਕ ਨਬੀ ਹਾਂ ਅਤੇ ਯਹੋਵਾਹ ਦੇ ਬਚਨ ਨਾਲ ਇੱਕ ਦੂਤ ਮੈਨੂੰ ਬੋਲਿਆ ਕਿ ਤੂੰ ਉਹ ਨੂੰ ਆਪਣੇ ਘਰ ਮੋੜ ਲਿਆ ਕਿ ਉਹ ਤੇਰੇ ਘਰ ਰੋਟੀ ਖਾਵੇ ਅਤੇ ਪਾਣੀ ਪੀਵੇ ਪਰ ਉਸ ਨੇ ਉਹ ਦੇ ਨਾਲ ਝੂਠ ਮਾਰਿਆ।

19ਸੋ ਉਹ ਉਸ ਦੇ ਨਾਲ ਮੁੜ ਆਇਆ ਅਤੇ ਉਸ ਦੇ ਘਰ ਰੋਟੀ ਖਾਧੀ ਅਤੇ ਪਾਣੀ ਪੀਤਾ।

20ਤਾਂ ਇਸ ਤਰ੍ਹਾਂ ਹੋਇਆ ਜਦ ਉਹ ਮੇਜ਼ ਕੋਲ ਬੈਠ ਰਹੇ ਸਨ ਕਿ ਯਹੋਵਾਹ ਦਾ ਬਚਨ ਉਸ ਨਬੀ ਨੂੰ ਜਿਹੜਾ ਉਸ ਨੂੰ ਮੋੜ ਲਿਆਇਆ ਸੀ ਆਇਆ।

21ਤਾਂ ਉਹ ਨੇ ਉਸ ਪਰਮੇਸ਼ੁਰ ਦੇ ਬੰਦੇ ਨੂੰ ਜਿਹੜਾ ਯਹੂਦਾਹ ਤੋਂ ਆਇਆ ਸੀ ਉੱਚੀ ਦਿੱਤੀ ਆਖਿਆ ਕਿ ਯਹੋਵਾਹ ਇਸ ਤਰ੍ਹਾਂ ਫ਼ਰਮਾਉਂਦਾ ਹੈ, ਇਸ ਲਈ ਕਿ ਤੂੰ ਯਹੋਵਾਹ ਦੇ ਵਾਕ ਦੀ ਉਲੰਘਣਾ ਕੀਤੀ ਅਤੇ ਉਸ ਹੁਕਮ ਦੀ ਪਾਲਨਾ ਨਹੀਂ ਕੀਤੀ ਜਿਸ ਦਾ ਯਹੋਵਾਹ ਤੇਰੇ ਪਰਮੇਸ਼ੁਰ ਨੇ ਤੈਨੂੰ ਹੁਕਮ ਦਿੱਤਾ ਸੀ।

22ਸਗੋਂ ਤੂੰ ਮੁੜ ਆਇਆ ਅਤੇ ਉਸ ਥਾਂ ਜਿੱਥੋਂ ਯਹੋਵਾਹ ਨੇ ਤੈਨੂੰ ਆਖਿਆ ਸੀ ਕਿ ਨਾ ਰੋਟੀ ਖਾਵੀਂ ਅਤੇ ਨਾ ਪਾਣੀ ਪੀਵੀਂ ਤੂੰ ਰੋਟੀ ਵੀ ਖਾਧੀ ਅਤੇ ਪਾਣੀ ਵੀ ਪੀਤਾ ਸੋ ਤੇਰੀ ਲੋਥ ਤੇਰੇ ਪਿਓ ਦਾਦਿਆਂ ਦੀ ਕਬਰ ਵਿੱਚ ਨਾ ਜਾਏਗੀ।

23ਤਾਂ ਇਸ ਤਰ੍ਹਾਂ ਹੋਇਆ ਕਿ ਜਦ ਉਹ ਅੰਨ ਜਲ ਖਾ ਪੀ ਚੁੱਕਾ ਤਾਂ ਉਸ ਨੇ ਆਪਣੇ ਗਧੇ ਉੱਤੇ ਉਸ ਨਬੀ ਲਈ ਜਿਹ ਨੂੰ ਉਹ ਮੋੜ ਲਿਆਇਆ ਸੀ ਕਾਠੀ ਪਾਈ।

24ਜਦ ਉਹ ਤੁਰਿਆ ਜਾਂਦਾ ਸੀ ਤਾਂ ਰਾਹ ਵਿੱਚ ਉਸ ਨੂੰ ਇੱਕ ਸ਼ੇਰ ਮਿਲਿਆ ਜਿਸ ਨੇ ਉਸ ਨੂੰ ਪਾੜ ਸੁੱਟਿਆ ਸੋ ਉਸ ਦੀ ਲੋਥ ਰਾਹ ਵਿੱਚ ਪਈ ਰਹੀ ਅਤੇ ਗਧਾ ਉਸ ਨੇ ਨੇੜੇ ਖੜ੍ਹਾ ਰਿਹਾ ਅਤੇ ਸ਼ੇਰ ਵੀ ਉਸ ਲੋਥ ਦੇ ਕੋਲ ਖੜ੍ਹਾ ਰਿਹਾ।

25ਤਾਂ ਵੇਖੋ ਕਿ ਮਨੁੱਖ ਉੱਥੋਂ ਦੀ ਲੰਘਦੇ ਸਨ ਅਤੇ ਉਨ੍ਹਾਂ ਨੇ ਵੇਖਿਆ ਕਿ ਲੋਥ ਰਾਹ ਵਿੱਚ ਡਿੱਗੀ ਪਈ ਹੈ ਅਤੇ ਸ਼ੇਰ ਲਾਸ਼ ਦੇ ਕੋਲ ਖੜ੍ਹਾ ਹੈ ਸੋ ਉਨ੍ਹਾਂ ਨੇ ਸ਼ਹਿਰ ਵਿੱਚ ਜਿੱਥੇ ਬੁੱਢਾ ਨਬੀ ਰਹਿੰਦਾ ਸੀ ਜਾ ਕੇ ਗੱਲ ਦੱਸੀ।

26ਅਤੇ ਉਸ ਨਬੀ ਨੇ ਜਿਹੜਾ ਉਸ ਨੂੰ ਰਾਹ ਵਿੱਚੋਂ ਮੋੜ ਲਿਆਇਆ ਸੀ ਸੁਣ ਕੇ ਆਖਿਆ ਕਿ ਇਹ ਉਹ ਪਰਮੇਸ਼ੁਰ ਦਾ ਬੰਦਾ ਸੀ ਜਿਸ ਯਹੋਵਾਹ ਦੇ ਬਚਨ ਦੀ ਉਲੰਘਣਾ ਕੀਤੀ ਇਸੇ ਲਈ ਯਹੋਵਾਹ ਨੇ ਉਸ ਨੂੰ ਸ਼ੇਰ ਦੇ ਹਵਾਲੇ ਕੀਤਾ ਜਿਸ ਉਸ ਨੂੰ ਪਾੜਿਆ ਅਤੇ ਮਾਰ ਸੁੱਟਿਆ। ਇਹ ਯਹੋਵਾਹ ਦੇ ਉਸ ਬਚਨ ਅਨੁਸਾਰ ਹੋਇਆ ਜੋ ਉਹ ਉਸ ਨੂੰ ਬੋਲਿਆ ਸੀ।

27ਤਾਂ ਉਹ ਆਪਣੇ ਪੁੱਤਰਾਂ ਨੂੰ ਬੋਲਿਆ ਕਿ ਮੇਰੇ ਲਈ ਗਧੇ ਉੱਤੇ ਕਾਠੀ ਪਾ ਦਿਓ ਤਾਂ ਉਨ੍ਹਾਂ ਨੇ ਪਾ ਦਿੱਤੀ।

28ਤਾਂ ਉਹ ਗਿਆ ਅਤੇ ਉਸ ਦੀ ਲੋਥ ਰਾਹ ਵਿੱਚ ਡਿੱਗੀ ਪਈ ਲੱਭੀ ਅਤੇ ਗਧਾ ਤੇ ਸ਼ੇਰ ਲਾਸ਼ ਦੇ ਕੋਲ ਖੜ੍ਹੇ ਸਨ। ਸ਼ੇਰ ਨੇ ਨਾ ਲੋਥ ਖਾਧੀ ਅਤੇ ਨਾ ਗਧੇ ਨੂੰ ਪਾੜਿਆ।

29ਤਾਂ ਉਸ ਨਬੀ ਨੇ ਪਰਮੇਸ਼ੁਰ ਦੇ ਬੰਦੇ ਦੀ ਲੋਥ ਨੂੰ ਚੁੱਕ ਲਿਆ ਅਤੇ ਉਸ ਨੂੰ ਗਧੇ ਉੱਤੇ ਰੱਖ ਕੇ ਮੋੜ ਲਿਆਇਆ ਅਤੇ ਉਹ ਬੁੱਢਾ ਨਬੀ ਉਸ ਦਾ ਸੋਗ ਕਰਨ ਨੂੰ ਅਤੇ ਦੱਬਣ ਨੂੰ ਸ਼ਹਿਰ ਨੂੰ ਆਇਆ।

30ਉਹ ਨੇ ਉਸ ਦੀ ਲੋਥ ਆਪਣੀ ਕਬਰ ਵਿੱਚ ਰੱਖ ਦਿੱਤੀ ਅਤੇ ਉਨ੍ਹਾਂ ਉਸ ਉੱਤੇ “ਹਾਏ ਓਏ ਮੇਰਿਆ ਭਰਾਵਾ” ਆਖ ਕੇ ਵਿਰਲਾਪ ਕੀਤਾ।

31ਤਾਂ ਇਸ ਤਰ੍ਹਾਂ ਹੋਇਆ ਕਿ ਉਸ ਨੂੰ ਦੱਬ ਚੁੱਕਣ ਦੇ ਪਿੱਛੋਂ ਉਹ ਨੇ ਆਪਣੇ ਪੁੱਤਰਾਂ ਨੂੰ ਆਖਿਆ ਕਿ ਜਦ ਮੈਂ ਮਰਾਂ ਤਾਂ ਮੈਨੂੰ ਉਸ ਕਬਰ ਵਿੱਚ ਦੱਬਣਾ ਜਿਸ ਵਿੱਚ ਪਰਮੇਸ਼ੁਰ ਦੇ ਬੰਦੇ ਨੂੰ ਦੱਬਿਆ ਹੈ ਅਤੇ ਮੇਰੀਆਂ ਹੱਡੀਆਂ ਉਸ ਦੀਆਂ ਹੱਡੀਆਂ ਦੇ ਨਾਲ-ਨਾਲ ਰੱਖਣੀਆਂ।

32ਕਿਉਂ ਜੋ ਯਹੋਵਾਹ ਦਾ ਉਹ ਬਚਨ ਜੋ ਉਸ ਨੇ ਬੈਤਏਲ ਦੀ ਜਗਵੇਦੀ ਦੇ ਵਿਰੁੱਧ ਅਤੇ ਉਨ੍ਹਾਂ ਸਭਨਾਂ ਉੱਚਿਆਂ ਥਾਵਾਂ ਦੇ ਭਵਨਾਂ ਦੇ ਵਿਰੁੱਧ ਜੋ ਸਾਮਰਿਯਾ ਦੇ ਸ਼ਹਿਰਾਂ ਵਿੱਚ ਹਨ ਬੋਲਿਆ ਸੀ ਉਹ ਸੱਚ-ਮੁੱਚ ਪੂਰਾ ਹੋਵੇਗਾ।

33ਇਸ ਗੱਲ ਦੇ ਪਿੱਛੋਂ ਵੀ ਯਾਰਾਬੁਆਮ ਆਪਣੇ ਬੁਰੇ ਰਾਹ ਤੋਂ ਨਾ ਮੁੜਿਆ ਸਗੋਂ ਸਾਰੇ ਲੋਕਾਂ ਵਿੱਚੋਂ ਉੱਚੇ ਥਾਵਾਂ ਲਈ ਜਾਜਕ ਫੇਰ ਰੱਖ ਲਏ। ਜਿਸ ਕਿਸੇ ਨੂੰ ਚਾਹਿਆ ਉਸ ਨੇ ਉਹ ਨੂੰ ਥਾਪ ਦਿੱਤਾ ਤਾਂ ਜੋ ਉਹ ਉੱਚਿਆਂ ਥਾਵਾਂ ਦਾ ਜਾਜਕ ਬਣ ਜਾਵੇ।

34ਇਸ ਗੱਲ ਤੋਂ ਇਹ ਯਾਰਾਬੁਆਮ ਦਾ ਪਾਪ ਹੋਇਆ ਜੋ ਉਸ ਦੇ ਮਿਟਾਉਣ ਅਤੇ ਧਰਤੀ ਤੋਂ ਨਾਸ ਹੋਣ ਦਾ ਕਾਰਨ ਬਣਿਆ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath