ਈਸਾਈ
ਪਿੱਛੇ

1 ਰਾਜਿਆਂ 12

1ਰਹਬੁਆਮ ਸ਼ਕਮ ਨੂੰ ਗਿਆ ਕਿਉਂ ਜੋ ਸਾਰਾ ਇਸਰਾਏਲ ਉਸ ਨੂੰ ਰਾਜਾ ਬਣਾਉਣ ਲਈ ਸ਼ਕਮ ਵਿੱਚ ਆਇਆ ਹੋਇਆ ਸੀ।

2ਫੇਰ ਅਜਿਹਾ ਹੋਇਆ ਕਿ ਜਦ ਨਬਾਟ ਦੇ ਪੁੱਤਰ ਯਾਰਾਬੁਆਮ ਨੇ ਜਿਹੜਾ ਅਜੇ ਤੱਕ ਮਿਸਰ ਵਿੱਚ ਸੀ ਇਹ ਸੁਣਿਆ ਕਿਉਂ ਜੋ ਉਹ ਸੁਲੇਮਾਨ ਪਾਤਸ਼ਾਹ ਦੇ ਅੱਗੋਂ ਭੱਜ ਗਿਆ ਸੀ ਅਤੇ ਯਾਰਾਬੁਆਮ ਮਿਸਰ ਵਿੱਚ ਜਾ ਵੱਸਿਆ l

3ਉਨ੍ਹਾਂ ਨੇ ਉਸ ਨੂੰ ਸੱਦਾ ਭੇਜਿਆ ਤਾਂ ਯਾਰਾਬੁਆਮ ਅਤੇ ਇਸਰਾਏਲ ਦੀ ਸਾਰੀ ਸਭਾ ਨੇ ਰਹਬੁਆਮ ਨਾਲ ਗੱਲ ਕੀਤੀ,

4ਤੁਹਾਡੇ ਪਿਤਾ ਨੇ ਸਾਡੇ ਜੂਲੇ ਨੂੰ ਔਖਾ ਕੀਤਾ ਹੋਇਆ ਸੀ ਸੋ ਹੁਣ ਤੁਸੀਂ ਆਪਣੇ ਪਿਤਾ ਦੀ ਉਸ ਔਖੀ ਸੇਵਾ ਨੂੰ ਅਤੇ ਉਸ ਭਾਰੀ ਜੂਲੇ ਨੂੰ ਜੋ ਸਾਡੇ ਉੱਤੇ ਦੇ ਰੱਖਿਆ ਹੈ ਹੌਲਾ ਕਰੋ ਤਾਂ ਅਸੀਂ ਤੁਹਾਡੀ ਸੇਵਾ ਕਰਾਂਗੇ।

5ਤਾਂ ਉਸ ਉਨ੍ਹਾਂ ਨੂੰ ਆਖਿਆ, ਤੁਸੀਂ ਹੁਣ ਤਾਂ ਤਿੰਨਾਂ ਦਿਨਾਂ ਲਈ ਚੱਲੇ ਜਾਓ ਫੇਰ ਮੇਰੇ ਕੋਲ ਆਇਓ ਤਾਂ ਲੋਕ ਚਲੇ ਗਏ।

6ਫੇਰ ਰਹਬੁਆਮ ਪਾਤਸ਼ਾਹ ਨੇ ਉਨ੍ਹਾਂ ਬਜ਼ੁਰਗਾਂ ਨਾਲ ਸਲਾਹ ਕੀਤੀ ਜਿਹੜੇ ਉਸ ਦੇ ਪਿਤਾ ਸੁਲੇਮਾਨ ਦੇ ਸਨਮੁਖ ਜਦ ਉਹ ਜਿਉਂਦਾ ਸੀ, ਖੜ੍ਹੇ ਰਹਿੰਦੇ ਸਨ, ਕਿ ਤੁਸੀਂ ਮੈਨੂੰ ਕਿ ਸਲਾਹ ਦਿੰਦੇ ਹੋ ਜੋ ਮੈਂ ਇੰਨ੍ਹਾਂ ਲੋਕਾਂ ਨੂੰ ਇਸ ਗੱਲ ਦਾ ਉੱਤਰ ਦਿਆਂ?

7ਤਾਂ ਉਹ ਉਸ ਨੂੰ ਬੋਲੇ ਕਿ ਅੱਜ ਦੇ ਦਿਨ ਜੇ ਤੂੰ ਇਨ੍ਹਾਂ ਲੋਕਾਂ ਦਾ ਸੇਵਕ ਬਣੇਂਗਾ ਅਤੇ ਉਨ੍ਹਾਂ ਦੀ ਸੇਵਾ ਕਰੇਂਗਾ ਅਤੇ ਉਨ੍ਹਾਂ ਨੂੰ ਮਿੱਠੇ ਬੋਲਾਂ ਨਾਲ ਉੱਤਰ ਦੇਵੇਂਗਾ ਤਾਂ ਉਹ ਸਦਾ ਲਈ ਤੇਰੇ ਸੇਵਕ ਹੋ ਜਾਣਗੇ।

8ਪਰ ਉਸ ਨੇ ਉਨ੍ਹਾਂ ਬਜ਼ੁਰਗਾਂ ਦੀ ਸਲਾਹ ਨੂੰ ਛੱਡ ਦਿੱਤਾ ਜੋ ਉਨ੍ਹਾਂ ਨੇ ਉਸ ਨੂੰ ਦਿੱਤੀ ਸੀ ਅਤੇ ਉਹਨਾਂ ਜੁਆਨਾਂ ਤੋਂ ਸਲਾਹ ਲਈ ਜਿਹੜੇ ਉਸ ਦੇ ਲੰਗੋਟੀਏ ਯਾਰ ਸਨ ਅਤੇ ਉਸ ਦੇ ਸਨਮੁਖ ਖੜ੍ਹੇ ਰਹਿੰਦੇ ਸਨ।

9ਉਸ ਉਹਨਾਂ ਨੂੰ ਆਖਿਆ, ਤੁਸੀਂ ਮੈਨੂੰ ਕੀ ਸਲਾਹ ਦਿੰਦੇ ਹੋ ਕਿ ਅਸੀਂ ਉਨ੍ਹਾਂ ਲੋਕਾਂ ਨੂੰ ਉਸ ਗੱਲ ਦਾ ਉੱਤਰ ਦੇਈਏ ਜਿਹੜੀ ਉਨ੍ਹਾਂ ਨੇ ਮੈਨੂੰ ਆਖੀ ਕਿ ਸਾਡੇ ਜੂਲੇ ਨੂੰ ਹੌਲਾ ਕਰੋ ਜਿਹੜਾ ਤੁਹਾਡੇ ਪਿਤਾ ਨੇ ਸਾਡੇ ਉੱਤੇ ਰੱਖਿਆ ਹੋਇਆ ਹੈ?

10ਤਾਂ ਉਹ ਜੁਆਨ ਜਿਹੜੇ ਉਸ ਦੇ ਲੰਗੋਟੀਏ ਯਾਰ ਸਨ ਉਸ ਨੂੰ ਆਖਿਆ ਕਿ ਤੂੰ ਉਨ੍ਹਾਂ ਲੋਕਾਂ ਨੂੰ ਜਿਹੜੇ ਇਸ ਤਰ੍ਹਾਂ ਬੋਲਦੇ ਹਨ ਕਿ ਤੁਹਾਡੇ ਪਿਤਾ ਨੇ ਸਾਡੇ ਜੂਲੇ ਨੂੰ ਭਾਰੀ ਕੀਤਾ ਹੋਇਆ ਸੀ ਤੁਸੀਂ ਉਹ ਨੂੰ ਸਾਡੇ ਉੱਤੋਂ ਹੌਲਾ ਕਰੋ, ਤੂੰ ਉਨ੍ਹਾਂ ਨੂੰ ਇਸ ਤਰ੍ਹਾਂ ਆਖ ਕਿ ਮੇਰੀ ਚੀਚੀ ਵੀ ਮੇਰੇ ਪਿਤਾ ਦੇ ਲੱਕ ਨਾਲੋਂ ਮੋਟੀ ਹੈ।

11ਮੇਰੇ ਪਿਤਾ ਨੇ ਤਾਂ ਭਾਰੀ ਜੂਲਾ ਤੁਹਾਡੇ ਉੱਤੇ ਰੱਖਿਆ ਸੀ ਪਰ ਮੈਂ ਉਸ ਜੂਲੇ ਨੂੰ ਹੋਰ ਵੀ ਭਾਰੀ ਕਰਾਂਗਾ! ਮੇਰੇ ਪਿਤਾ ਨੇ ਤੁਹਾਨੂੰ ਕੋਟਲਿਆਂ ਨਾਲ ਫੰਡਿਆ ਸੀ ਪਰ ਮੈਂ ਤੁਹਾਨੂੰ ਬਿੱਛੂਆਂ ਨਾਲ ਫੰਡਾਂਗਾ!।

12ਸੋ ਯਾਰਾਬੁਆਮ ਅਤੇ ਸਾਰੇ ਲੋਕ ਤੀਜੇ ਦਿਨ ਰਹਬੁਆਮ ਦੇ ਕੋਲ ਆਏ ਜਿਵੇਂ ਪਾਤਸ਼ਾਹ ਨੇ ਉਨ੍ਹਾਂ ਨਾਲ ਗੱਲ ਕੀਤੀ ਸੀ ਕਿ ਜਿਵੇਂ ਤੁਸੀਂ ਤੀਜੇ ਦਿਨ ਨੂੰ ਮੇਰੇ ਕੋਲ ਆਇਓ।

13ਤਦ ਪਾਤਸ਼ਾਹ ਨੇ ਉਨ੍ਹਾਂ ਲੋਕਾਂ ਨੂੰ ਕੌੜਾ ਜਿਹਾ ਉੱਤਰ ਦਿੱਤਾ ਅਤੇ ਉਨ੍ਹਾਂ ਬਜ਼ੁਰਗਾਂ ਦੀ ਸਲਾਹ ਨੂੰ ਜਿਹੜੀ ਉਨ੍ਹਾਂ ਨੇ ਉਸ ਨੂੰ ਦਿੱਤੀ ਛੱਡ ਦਿੱਤਾ।

14ਅਤੇ ਜੁਆਨਾਂ ਦੀ ਸਲਾਹ ਦੇ ਅਨੁਸਾਰ ਉਹ ਉਨ੍ਹਾਂ ਨੂੰ ਬੋਲਿਆ ਕਿ ਮੇਰੇ ਪਿਤਾ ਨੇ ਤਾਂ ਤੁਹਾਡੇ ਉੱਤੇ ਭਾਰਾ ਜੂਲਾ ਦਿੱਤਾ ਪਰ ਮੈਂ ਤੁਹਾਡੇ ਜੂਲੇ ਦਾ ਭਾਰ ਹੋਰ ਵਧਾਵਾਂਗਾ। ਮੇਰੇ ਪਿਤਾ ਨੇ ਤੁਹਾਨੂੰ ਕੋਟਲਿਆਂ ਨਾਲ ਫੰਡਿਆ ਪਰ ਮੈਂ ਤੁਹਾਨੂੰ ਬਿੱਛੂਆਂ ਨਾਲ ਫੰਡਾਂਗਾ।

15ਸੋ ਪਾਤਸ਼ਾਹ ਨੇ ਲੋਕਾਂ ਦੀ ਨਾ ਸੁਣੀ ਕਿਉਂ ਜੋ ਇਹ ਯਹੋਵਾਹ ਵੱਲੋਂ ਸੀ ਕਿ ਉਹ ਆਪਣੇ ਉਸ ਬਚਨ ਨੂੰ ਜਿਹੜਾ ਯਹੋਵਾਹ ਨੇ ਸ਼ੀਲੋਨੀ ਅਹੀਯਾਹ ਦੇ ਰਾਹੀਂ ਨਬਾਟ ਦੇ ਪੁੱਤਰ ਯਾਰਾਬੁਆਮ ਨੂੰ ਆਖਿਆ ਸੀ ਪੂਰਾ ਕਰੇ।

16ਸੋ ਜਦ ਸਾਰੇ ਇਸਰਾਏਲ ਨੇ ਵੇਖਿਆ ਕਿ ਪਾਤਸ਼ਾਹ ਨੇ ਸਾਡੀ ਨਹੀਂ ਸੁਣੀ ਤਾਂ ਲੋਕਾਂ ਨੇ ਪਾਤਸ਼ਾਹ ਨੂੰ ਉੱਤਰ ਦਿੱਤਾ ਕਿ ਦਾਊਦ ਦੇ ਨਾਲ ਸਾਡਾ ਕੀ ਸ਼ਰੀਕਾ ਅਤੇ ਯੱਸੀ ਦੇ ਪੁੱਤਰ ਨਾਲ ਕੀ ਵੰਡ ਵਿਹਾਰ?। ਹੇ ਇਸਰਾਏਲ, ਆਪਣੇ ਤੰਬੂਆਂ ਨੂੰ ਜਾਓ ਅਤੇ ਹੇ ਦਾਊਦ, ਹੁਣ ਤੂੰ ਆਪਣੇ ਘਰਾਣੇ ਨੂੰ ਸੰਭਾਲ ਸੋ ਇਸਰਾਏਲੀ ਆਪਣਿਆਂ ਤੰਬੂਆਂ ਨੂੰ ਚੱਲੇ ਗਏ।

17ਪਰ ਉਹ ਇਸਰਾਏਲੀ ਜਿਹੜੇ ਯਹੂਦਾਹ ਦੇ ਸ਼ਹਿਰਾਂ ਵਿੱਚ ਵੱਸਦੇ ਸਨ ਉਨ੍ਹਾਂ ਉੱਤੇ ਰਹਬੁਆਮ ਰਾਜ ਕਰਦਾ ਸੀ।

18ਫੇਰ ਰਹਬੁਆਮ ਪਾਤਸ਼ਾਹ ਨੇ ਅਦੋਰਾਮ ਨੂੰ ਭੇਜਿਆ ਜਿਹੜਾ ਬੇਗ਼ਾਰੀਆਂ ਉੱਤੇ ਸੀ, ਪਰ ਸਾਰੇ ਇਸਰਾਏਲ ਨੇ ਉਹ ਨੂੰ ਪਥਰਾਉ ਕੀਤਾ ਅਤੇ ਉਹ ਮਰ ਗਿਆ ਅਤੇ ਰਹਬੁਆਮ ਪਾਤਸ਼ਾਹ ਨੇ ਛੇਤੀ ਕੀਤੀ ਅਤੇ ਰਥ ਉੱਤੇ ਚੜ੍ਹ ਕੇ ਯਰੂਸ਼ਲਮ ਨੂੰ ਨੱਠ ਗਿਆ।

19ਸੋ ਇਸਰਾਏਲ ਅੱਜ ਦੇ ਦਿਨ ਤੱਕ ਦਾਊਦ ਦੇ ਘਰਾਣੇ ਤੋਂ ਆਕੀ ਹੈ।

20ਫੇਰ ਇਸ ਤਰ੍ਹਾਂ ਹੋਇਆ ਕਿ ਜਦ ਸਾਰੇ ਇਸਰਾਏਲ ਨੇ ਸੁਣਿਆ ਕਿ ਯਾਰਾਬੁਆਮ ਮੁੜ ਆਇਆ ਹੈ ਤਾਂ ਲੋਕ ਭੇਜ ਕੇ ਉਸ ਨੂੰ ਮੰਡਲੀ ਦੇ ਵਿੱਚ ਸੱਦਿਆ ਅਤੇ ਉਸ ਨੂੰ ਉਨ੍ਹਾਂ ਨੇ ਸਾਰੇ ਇਸਰਾਏਲ ਉੱਤੇ ਪਾਤਸ਼ਾਹ ਬਣਾਇਆ। ਇੱਕ ਯਹੂਦਾਹ ਦੇ ਗੋਤ ਤੋਂ ਛੁੱਟ ਹੋਰ ਕੋਈ ਦਾਊਦ ਦੇ ਘਰਾਣੇ ਦੇ ਪਿੱਛੇ ਨਾ ਲੱਗਾ।

21ਜਦ ਰਹਬੁਆਮ ਯਰੂਸ਼ਲਮ ਵਿੱਚ ਆ ਗਿਆ ਤਦ ਉਸ ਨੇ ਇਸਰਾਏਲ ਨਾਲ ਲੜਨ ਲਈ ਯਹੂਦਾਹ ਅਤੇ ਬਿਨਯਾਮੀਨ ਦੇ ਘਰਾਣਿਆਂ ਵਿੱਚੋਂ ਇੱਕ ਲੱਖ ਅੱਸੀ ਹਜ਼ਾਰ ਯੁੱਧ ਦੇ ਚੁਣਵੇਂ ਸੂਰਮੇ ਇਕੱਠੇ ਕੀਤੇ ਤਾਂ ਜੋ ਉਹ ਇਸਰਾਏਲ ਨਾਲ ਲੜ ਕੇ ਸੁਲੇਮਾਨ ਦੇ ਪੁੱਤਰ ਰਹਬੁਆਮ ਦੇ ਲਈ ਰਾਜ ਨੂੰ ਮੋੜ ਲੈਣ।

22ਤਦ ਇਸ ਤਰ੍ਹਾਂ ਹੋਇਆ ਕਿ ਪਰਮੇਸ਼ੁਰ ਦਾ ਬਚਨ ਸ਼ਮਅਯਾਹ ਨੂੰ ਜੋ ਪਰਮੇਸ਼ੁਰ ਦਾ ਬੰਦਾ ਸੀ ਆਇਆ ਕਿ

23ਯਹੂਦਾਹ ਦੇ ਪਾਤਸ਼ਾਹ ਸੁਲੇਮਾਨ ਦੇ ਪੁੱਤਰ ਰਹਬੁਆਮ ਨੂੰ ਅਤੇ ਯਹੂਦਾਹ ਅਤੇ ਬਿਨਯਾਮੀਨ ਦੇ ਸਾਰੇ ਘਰਾਣੇ ਨੂੰ ਤੇ ਲੋਕਾਂ ਦੇ ਬਕੀਏ ਨੂੰ ਆਖ ਕਿ

24ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਤੁਸੀਂ ਚੜ੍ਹਾਈ ਨਾ ਕਰੋ ਨਾ ਆਪਣੇ ਇਸਰਾਏਲੀ ਭਰਾਵਾਂ ਨਾਲ ਲੜੋ। ਹਰ ਮਨੁੱਖ ਆਪੋ ਆਪਣੇ ਘਰ ਨੂੰ ਮੁੜ ਜਾਵੇ ਕਿਉਂ ਜੋ ਇਹ ਗੱਲ ਮੇਰੀ ਵੱਲੋਂ ਹੈ ਸੋ ਉਹ ਯਹੋਵਾਹ ਦੀ ਗੱਲ ਸੁਣ ਕੇ ਕਿ ਇਹ ਯਹੋਵਾਹ ਦੀ ਗੱਲ ਅਨੁਸਾਰ ਹੈ ਮੁੜ ਕੇ ਚੱਲੇ ਗਏ।

25ਤਾਂ ਯਾਰਾਬੁਆਮ ਨੇ ਇਫ਼ਰਾਈਮ ਪਰਬਤ ਵਿੱਚ ਸ਼ਕਮ ਨੂੰ ਬਣਾਇਆ ਅਤੇ ਉਹ ਦੇ ਵਿੱਚ ਵੱਸਿਆ ਅਤੇ ਓਥੋਂ ਜਾ ਕੇ ਪਨੂਏਲ ਨੂੰ ਬਣਾਇਆ।

26ਤਾਂ ਯਾਰਾਬੁਆਮ ਨੇ ਆਪਣੇ ਮਨ ਵਿੱਚ ਆਖਿਆ, ਹੁਣ ਰਾਜ ਦਾਊਦ ਦੇ ਘਰਾਣੇ ਵੱਲ ਮੁੜ ਜਾਵੇਗਾ।

27ਜੇ ਕਦੀ ਇਹ ਲੋਕ ਯਰੂਸ਼ਲਮ ਨੂੰ ਯਹੋਵਾਹ ਦੇ ਭਵਨ ਵਿੱਚ ਬਲੀ ਚੜ੍ਹਾਉਣ ਨੂੰ ਜਾਣ ਤਾਂ ਉਨ੍ਹਾਂ ਲੋਕਾਂ ਦੇ ਮਨ ਆਪਣੇ ਸੁਆਮੀ ਦੀ ਵੱਲ ਅਰਥਾਤ ਯਹੂਦਾਹ ਦੇ ਪਾਤਸ਼ਾਹ ਰਹਬੁਆਮ ਵੱਲ ਫਿਰ ਜਾਣਗੇ ਅਤੇ ਉਹ ਮੈਨੂੰ ਮਾਰ ਸੁੱਟਣਗੇ ਅਤੇ ਯਹੂਦਾਹ ਦੇ ਪਾਤਸ਼ਾਹ ਰਹਬੁਆਮ ਵੱਲ ਮੁੜ ਜਾਣਗੇ।

28ਇਸ ਉੱਤੇ ਪਾਤਸ਼ਾਹ ਨੇ ਸਲਾਹ ਕਰ ਕੇ ਸੋਨੇ ਦੇ ਦੋ ਵੱਛੇ ਬਣਾਏ ਅਤੇ ਉਨ੍ਹਾਂ ਲੋਕਾਂ ਨੂੰ ਆਖਿਆ, ਕਿ ਯਰੂਸ਼ਲਮ ਨੂੰ ਚੜ੍ਹਨਾ ਤੁਹਾਡਾ ਵਾਧੂ ਹੀ ਹੈ। ਵੇਖ, ਹੇ ਇਸਰਾਏਲ, ਆਪਣੇ ਦੇਵਤੇ ਜਿਹੜੇ ਤੈਨੂੰ ਮਿਸਰ ਦੇਸ ਤੋਂ ਕੱਢ ਲਿਆਏ।

29ਤਾਂ ਉਸ ਨੇ ਇੱਕ ਬੈਤਏਲ ਵਿੱਚ ਟਿਕਾਇਆ ਅਤੇ ਦੂਜਾ ਦਾਨ ਵਿੱਚ ਰੱਖ ਦਿੱਤਾ।

30ਪਰ ਇਹ ਕੰਮ ਇੱਕ ਪਾਪ ਹੋ ਗਿਆ ਕਿਉਂ ਜੋ ਲੋਕ ਦਾਨ ਤੱਕ ਉਹ ਦੇ ਅੱਗੇ ਪੂਜਾ ਕਰਨ ਲਈ ਗਏ।

31ਅਤੇ ਉਸ ਨੇ ਉੱਚਿਆਂ ਥਾਵਾਂ ਉੱਤੇ ਭਵਨ ਬਣਾਏ ਅਤੇ ਲੋਕਾਂ ਵਿੱਚੋਂ ਜੋ ਲੇਵੀ ਦੀ ਅੰਸ ਵਿੱਚੋਂ ਨਹੀਂ ਸਨ ਜਾਜਕ ਬਣਾਏ।

32ਅਤੇ ਯਾਰਾਬੁਆਮ ਨੇ ਅੱਠਵੇਂ ਮਹੀਨੇ ਦੀ ਪੰਦਰਵੀਂ ਤਾਰੀਖ਼ ਉੱਤੇ ਪਰਬ ਮਨਾਇਆ ਉਸ ਪਰਬ ਵਾਂਗੂੰ ਜੋ ਯਹੂਦਾਹ ਵਿੱਚ ਹੁੰਦਾ ਸੀ ਅਤੇ ਜਗਵੇਦੀ ਉੱਤੇ ਬਲੀਆਂ ਚੜ੍ਹਾਈਆਂ। ਇਸ ਤਰ੍ਹਾਂ ਉਸ ਨੇ ਬੈਤਏਲ ਵਿੱਚ ਵੀ ਕੀਤਾ ਅਤੇ ਆਪਣੇ ਬਣਾਏ ਹੋਏ ਵੱਛਿਆਂ ਦੇ ਅੱਗੇ ਬਲੀਆਂ ਚੜ੍ਹਾਉਣ ਲੱਗ ਪਿਆ ਅਤੇ ਬੈਤਏਲ ਵਿੱਚ ਉਸ ਨੇ ਆਪਣੇ ਬਣਾਏ ਹੋਏ ਉੱਚਿਆਂ ਥਾਵਾਂ ਲਈ ਜਾਜਕ ਰੱਖ ਲਏ।

33ਸੋ ਅੱਠਵੇਂ ਮਹੀਨੇ ਦੀ ਪੰਦਰਵੀਂ ਤਾਰੀਖ਼ ਜਿਹੜਾ ਮਹੀਨਾ ਉਸ ਨੇ ਆਪਣੇ ਮਨ ਵਿੱਚ ਮਿੱਥਿਆ ਸੀ ਉਹ ਉਸ ਜਗਵੇਦੀ ਕੋਲ ਜਿਹੜੀ ਉਸ ਨੇ ਬੈਤਏਲ ਵਿੱਚ ਬਣਾਈ ਸੀ ਗਿਆ ਅਤੇ ਇਸਰਾਏਲੀਆਂ ਲਈ ਇੱਕ ਪਰਬ ਠਹਿਰਾਇਆ ਅਤੇ ਜਗਵੇਦੀ ਕੋਲ ਗਿਆ ਕਿ ਧੂਪ ਧੁਖਾਵੇ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath