ਈਸਾਈ
ਪਿੱਛੇ

1 ਰਾਜਿਆਂ 11

1ਸੁਲੇਮਾਨ ਪਾਤਸ਼ਾਹ ਨੇ ਫ਼ਿਰਊਨ ਦੀ ਧੀ ਤੋਂ ਬਿਨਾਂ ਬਹੁਤ ਸਾਰੀਆਂ ਪਰਾਈਆਂ ਕੌਮਾਂ ਦੀਆਂ ਇਸਤਰੀਆਂ ਨਾਲ-ਨਾਲ ਪ੍ਰੀਤ ਲਾ ਲਈ ਅਰਥਾਤ ਮੋਆਬਣਾਂ, ਅੰਮੋਨਣਾਂ, ਅਦੋਮਣਾਂ, ਸਿਦੋਨਣਾਂ ਅਤੇ ਹਿੱਤਣਾਂ ਨਾਲ।

2ਇਹ ਉਨ੍ਹਾਂ ਕੌਮਾਂ ਵਿੱਚੋਂ ਸਨ ਜਿਨ੍ਹਾਂ ਦੇ ਵਿਖੇ ਯਹੋਵਾਹ ਨੇ ਇਸਰਾਏਲੀਆਂ ਨੂੰ ਆਖਿਆ ਸੀ ਕਿ ਤੁਸੀਂ ਉਨ੍ਹਾਂ ਦੇ ਵਿੱਚ ਨਾ ਜਾਇਓ ਅਤੇ ਨਾ ਉਹ ਤੁਹਾਡੇ ਵਿੱਚ ਆਉਣ। ਉਹ ਤੁਹਾਡਿਆਂ ਮਨਾਂ ਨੂੰ ਆਪਣੇ ਦੇਵਤਿਆਂ ਵੱਲ ਫੇਰ ਲੈਣਗੀਆਂ ਪਰ ਸੁਲੇਮਾਨ ਨੇ ਇਨ੍ਹਾਂ ਨਾਲ ਪ੍ਰੀਤ ਲਗਾ ਲਈ।

3ਉਹ ਦੀਆਂ ਸੱਤ ਸੌ ਰਾਣੀਆਂ ਸਨ ਜਿਹੜੀਆਂ ਰਾਜ ਪੁੱਤਰੀਆਂ ਸਨ ਨਾਲੇ ਤਿੰਨ ਸੌ ਰਖ਼ੈਲਾਂ ਅਤੇ ਉਹ ਦੀਆਂ ਇਸਤਰੀਆਂ ਨੇ ਉਹ ਦਾ ਮਨ ਫੇਰ ਲਿਆ।

4ਤਾਂ ਇਸ ਤਰ੍ਹਾਂ ਹੋਇਆ ਕਿ ਸੁਲੇਮਾਨ ਦੇ ਬੁਢਾਪੇ ਵਿੱਚ ਉਹ ਦੀਆਂ ਇਸਤਰੀਆਂ ਨੇ ਉਹ ਦੇ ਮਨ ਨੂੰ ਪਰਾਏ ਹੋਰ ਦੇਵਤਿਆਂ ਦੇ ਪਿੱਛੇ ਫੇਰ ਦਿੱਤਾ ਸੋ ਉਹ ਦਾ ਮਨ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਸੰਪੂਰਨ ਨਾ ਰਿਹਾ ਜਿਵੇਂ ਉਹ ਦੇ ਪਿਤਾ ਦਾਊਦ ਦਾ ਮਨ ਸੀ।

5ਸੁਲੇਮਾਨ ਸੀਦੋਨੀਆਂ ਦੀ ਦੇਵੀ ਅਸ਼ਤਾਰੋਥ ਅਤੇ ਅੰਮੋਨੀਆਂ ਦੇ ਘਿਣਾਉਣੇ ਦੇਵਤੇ ਮਿਲਕੋਮ ਦੇ ਪਿੱਛੇ ਚੱਲਿਆ।

6ਇਸ ਤਰ੍ਹਾਂ ਸੁਲੇਮਾਨ ਨੇ ਯਹੋਵਾਹ ਦੀ ਨਿਗਾਹ ਵਿੱਚ ਬਦੀ ਕੀਤੀ ਅਤੇ ਯਹੋਵਾਹ ਦੇ ਪਿੱਛੇ ਪੂਰੀ ਤਰ੍ਹਾਂ ਨਾ ਚੱਲਿਆ ਜਿਵੇਂ ਉਹ ਦੇ ਪਿਤਾ ਦਾਊਦ ਨੇ ਕੀਤਾ।

7ਤਾਂ ਸੁਲੇਮਾਨ ਨੇ ਮੋਆਬ ਦੇ ਘਿਣਾਉਣੇ ਕਮੋਸ਼ ਲਈ ਇੱਕ ਉੱਚਾ ਥਾਂ ਉਸ ਪਰਬਤ ਉੱਤੇ ਜਿਹੜਾ ਯਰੂਸ਼ਲਮ ਦੇ ਅੱਗੇ ਹੈ ਬਣਾਇਆ ਨਾਲੇ ਅੰਮੋਨੀਆਂ ਦੇ ਘਿਣਾਉਣੇ ਦੇਵਤੇ ਮੋਲਕ ਲਈ ਵੀ।

8ਇਸੇ ਤਰ੍ਹਾਂ ਉਸ ਨੇ ਆਪਣੀਆਂ ਸਾਰੀਆਂ ਓਪਰੀਆਂ ਇਸਤਰੀਆਂ ਲਈ ਕੀਤਾ ਜਿਹੜੀਆਂ ਆਪੋ ਆਪਣੇ ਦੇਵਤਿਆਂ ਲਈ ਧੂਪ ਧੁਖਾਉਂਦੀਆਂ ਤੇ ਬਲੀਆਂ ਚੜ੍ਹਾਉਂਦੀਆਂ ਸਨ।

9ਤਾਂ ਯਹੋਵਾਹ ਸੁਲੇਮਾਨ ਨਾਲ ਕ੍ਰੋਧਵਾਨ ਹੋਇਆ ਕਿਉਂ ਜੋ ਉਹ ਦਾ ਮਨ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਤੋਂ ਫਿਰ ਗਿਆ ਜਿਸ ਨੇ ਉਹ ਨੂੰ ਦੋ ਵਾਰ ਦਰਸ਼ਣ ਦਿੱਤਾ ਸੀ।

10ਅਤੇ ਉਸ ਨੇ ਉਹ ਨੂੰ ਇਸ ਗੱਲ ਦਾ ਹੁਕਮ ਦਿੱਤਾ ਸੀ ਕਿ ਦੂਜਿਆਂ ਦੇਵਤਿਆਂ ਦੇ ਪਿੱਛੇ ਨਾ ਚੱਲੇ ਪਰ ਉਹ ਨੇ ਯਹੋਵਾਹ ਦਾ ਹੁਕਮ ਨਾ ਮੰਨਿਆ।

11ਤਾਂ ਯਹੋਵਾਹ ਨੇ ਸੁਲੇਮਾਨ ਨੂੰ ਆਖਿਆ, ਇਸ ਲਈ ਕਿ ਇਹ ਤੇਰੇ ਕੋਲੋਂ ਹੋਇਆ ਹੈ ਅਤੇ ਤੂੰ ਮੇਰੇ ਨੇਮ ਨੂੰ ਤੇ ਮੇਰੀਆਂ ਬਿਧੀਆਂ ਨੂੰ ਜਿਨ੍ਹਾਂ ਦਾ ਮੈਂ ਤੈਨੂੰ ਹੁਕਮ ਦਿੱਤਾ ਸੀ ਨਹੀਂ ਮੰਨਿਆ ਮੈਂ ਜ਼ਰੂਰ ਰਾਜ ਤੇਰੇ ਕੋਲੋਂ ਖੋਹ ਲਵਾਂਗਾ ਅਤੇ ਤੇਰੇ ਟਹਿਲੂਏ ਨੂੰ ਦੇ ਦਿਆਂਗਾ।

12ਤਾਂ ਵੀ ਮੈਂ ਤੇਰੇ ਦਿਨਾਂ ਵਿੱਚ ਤੇਰੇ ਪਿਤਾ ਦਾਊਦ ਦੇ ਕਾਰਨ ਇਹ ਨਹੀਂ ਕਰਾਂਗਾ। ਤੇਰੇ ਪੁੱਤਰ ਦੇ ਹੱਥੋਂ ਮੈਂ ਉਹ ਨੂੰ ਖੋਹ ਲਵਾਂਗਾ।

13ਪਰੰਤੂ ਮੈਂ ਸਾਰਾ ਰਾਜ ਨਹੀਂ ਖੋਹਵਾਂਗਾ। ਇੱਕ ਗੋਤ ਮੈਂ ਤੇਰੇ ਪੁੱਤਰ ਨੂੰ ਤੇਰੇ ਪਿਤਾ ਦਾਊਦ ਦੇ ਕਾਰਨ ਅਤੇ ਯਰੂਸ਼ਲਮ ਦੇ ਕਾਰਨ ਜਿਹ ਨੂੰ ਮੈਂ ਚੁਣਿਆ ਦਿਆਂਗਾ।

14ਇਸ ਤੋਂ ਬਾਅਦ ਯਹੋਵਾਹ ਨੇ ਇੱਕ ਵਿਰੋਧੀ ਨੂੰ ਸੁਲੇਮਾਨ ਦੇ ਵਿਰੁੱਧ ਅਰਥਾਤ ਹਦਦ ਅਦੋਮੀ ਨੂੰ ਪਰੇਰਿਆ ਉਹ ਅਦੋਮ ਵਿੱਚ ਰਾਜਾ ਦੀ ਅੰਸ ਵਿੱਚੋਂ ਸੀ।

15ਇਸ ਤਰ੍ਹਾਂ ਹੋਇਆ ਜਦ ਦਾਊਦ ਅਦੋਮ ਵਿੱਚ ਸੀ ਜਿਸ ਵੇਲੇ ਯੋਆਬ ਸੈਨਾਪਤੀ ਵੱਢਿਆਂ ਹੋਇਆਂ ਦੇ ਦੱਬਣ ਲਈ ਉਤਾਹਾਂ ਆਇਆ ਅਤੇ ਅਦੋਮ ਦੇ ਹਰ ਨਰ ਨੂੰ ਵੱਢ ਸੁੱਟਿਆ ਸੀ।

16ਕਿਉਂ ਜੋ ਯੋਆਬ ਸਾਰੇ ਇਸਰਾਏਲ ਸਣੇ ਛੇ ਮਹੀਨੇ ਉੱਥੇ ਰਿਹਾ ਜਦ ਤੱਕ ਉਸ ਨੇ ਅਦੋਮ ਵਿੱਚ ਹਰ ਨਰ ਨੂੰ ਨਾਸ ਨਾ ਕਰ ਲਿਆ।

17ਤਦ ਹਦਦ ਅਤੇ ਉਹ ਦੇ ਨਾਲ ਉਹ ਦੇ ਪਿਤਾ ਦੇ ਅਦੋਮੀ ਟਹਿਲੂਏ ਨੱਠੇ ਕਿ ਉਹ ਮਿਸਰ ਨੂੰ ਜਾਣ ਅਤੇ ਹਦਦ ਇੱਕ ਛੋਟਾ ਬਾਲ ਹੀ ਸੀ।

18ਉਹ ਮਿਦਯਾਨ ਤੋਂ ਉੱਠ ਕੇ ਪਾਰਾਨ ਨੂੰ ਆਏ ਅਤੇ ਆਪਣੇ ਨਾਲ ਪਾਰਾਨ ਤੋਂ ਮਨੁੱਖ ਲੈ ਕੇ ਉਹ ਮਿਸਰ ਵਿੱਚ ਮਿਸਰ ਦੇ ਰਾਜਾ ਫ਼ਿਰਊਨ ਕੋਲ ਗਏ ਅਤੇ ਉਸ ਨੇ ਉਹ ਨੂੰ ਇੱਕ ਘਰ ਦੇ ਦਿੱਤਾ ਅਤੇ ਉਹ ਦੇ ਲਈ ਰੋਟੀ ਠਹਿਰਾਈ ਅਤੇ ਉਹ ਨੂੰ ਭੂਮੀ ਦਿੱਤੀ।

19ਅਤੇ ਫ਼ਿਰਊਨ ਦੀ ਵੱਡੀ ਕਿਰਪਾ ਦੀ ਨਿਗਾਹ ਹਦਦ ਉੱਤੇ ਹੋਈ ਸੋ ਉਸ ਨੇ ਆਪਣੀ ਸਾਲੀ ਨੂੰ ਅਰਥਾਤ ਤਹਪਨੇਸ ਰਾਣੀ ਦੀ ਭੈਣ ਨੂੰ ਉਹ ਦੇ ਨਾਲ ਵਿਆਹ ਦਿੱਤਾ।

20ਤਾਂ ਤਹਪਨੇਸ ਦੀ ਭੈਣ ਉਹ ਦਾ ਪੁੱਤਰ ਗਨੂਬਥ ਜਣੀ ਜਿਹ ਦਾ ਤਹਪਨੇਸ ਨੇ ਫ਼ਿਰਊਨ ਦੇ ਮਹਿਲ ਵਿੱਚ ਦੁੱਧ ਛੁਡਾਇਆ ਅਤੇ ਗਨੂਬਥ ਫ਼ਿਰਊਨ ਦੇ ਘਰਾਣੇ ਵਿੱਚ ਫ਼ਿਰਊਨ ਦੇ ਪੁੱਤਰਾਂ ਨਾਲ ਰਿਹਾ।

21ਜਦ ਹਦਦ ਨੇ ਮਿਸਰ ਵਿੱਚ ਸੁਣਿਆ ਕਿ ਦਾਊਦ ਆਪਣੇ ਪੁਰਖਿਆਂ ਨਾਲ ਸੌ ਗਿਆ ਹੈ ਤੇ ਯੋਆਬ ਸੈਨਾਪਤੀ ਵੀ ਮਰ ਗਿਆ ਹੈ ਤਾਂ ਹਦਦ ਨੇ ਫ਼ਿਰਊਨ ਨੂੰ ਆਖਿਆ, ਮੈਨੂੰ ਜਾਣ ਦਿਓ ਕਿ ਮੈਂ ਆਪਣੇ ਦੇਸ ਨੂੰ ਚੱਲਿਆ ਜਾਂਵਾਂ।

22ਪਰ ਫ਼ਿਰਊਨ ਨੇ ਉਹ ਨੂੰ ਆਖਿਆ, ਤੈਨੂੰ ਮੇਰੀ ਵੱਲੋਂ ਕੀ ਥੁੜ ਸੀ ਕਿ ਵੇਖ ਤੂੰ ਆਪਣੇ ਦੇਸ ਨੂੰ ਜਾਣਾ ਚਾਹੁੰਦਾ ਹੈਂ ਤਾਂ ਅੱਗੋਂ ਉਹ ਬੋਲਿਆ, ਕੋਈ ਥੁੜ ਨਹੀਂ ਰਹੀ ਪਰ ਮੈਨੂੰ ਜ਼ਰੂਰ ਭੇਜ ਦਿਓ।

23ਫੇਰ ਪਰਮੇਸ਼ੁਰ ਨੇ ਇੱਕ ਹੋਰ ਵਿਰੋਧੀ ਨੂੰ ਉਹ ਦੇ ਲਈ ਪਰੇਰਿਆ ਅਰਥਾਤ ਰਜ਼ੋਨ ਅਲਯਾਦਾ ਦੇ ਪੁੱਤਰ ਨੂੰ ਜੋ ਆਪਣੇ ਸੁਆਮੀ ਸੋਬਾਹ ਦੇ ਰਾਜਾ ਹਦਦਅਜ਼ਰ ਤੋਂ ਨੱਠਾ ਸੀ।

24ਉਸ ਨੇ ਆਪਣੇ ਨਾਲ ਮਨੁੱਖ ਇਕੱਠੇ ਕੀਤੇ ਅਤੇ ਉਹ ਉਨ੍ਹਾਂ ਦੇ ਜੱਥੇ ਦਾ ਸਰਦਾਰ ਸੀ ਜਦ ਦਾਊਦ ਨੇ ਉਨ੍ਹਾਂ ਨੂੰ ਵੱਢਿਆ, ਤਾਂ ਉਹ ਦੰਮਿਸ਼ਕ ਜਾ ਵੱਸੇ ਅਤੇ ਦੰਮਿਸ਼ਕ ਵਿੱਚ ਰਾਜ ਕਰਦੇ ਰਹੇ।

25ਉਸ ਬਦੀ ਤੋਂ ਬਿਨਾਂ ਜਿਹੜੀ ਹਦਦ ਨੇ ਕੀਤੀ ਸੀ ਉਹ ਸੁਲੇਮਾਨ ਦੇ ਸਾਰੇ ਦਿਨ ਇਸਰਾਏਲ ਦਾ ਵਿਰੋਧੀ ਬਣਿਆ ਰਿਹਾ ਅਤੇ ਉਸ ਨੇ ਇਸਰਾਏਲ ਨੂੰ ਘਿਣਾਉਣਾ ਸਮਝਿਆ ਅਤੇ ਅਰਾਮ ਉੱਤੇ ਰਾਜ ਕੀਤਾ।

26ਨਬਾਟ ਦੇ ਪੁੱਤਰ ਯਾਰਾਬੁਆਮ ਨੇ ਜੋ ਸਰੇਦਾਹ ਤੋਂ ਇਫ਼ਰਾਈਮੀ ਸੀ ਤੇ ਸੁਲੇਮਾਨ ਦਾ ਟਹਿਲੂਆ ਵੀ ਸੀ ਜਿਹ ਦੀ ਮਾਤਾ ਦਾ ਨਾਮ ਸਰੂਆਹ ਸੀ ਜਿਹੜੀ ਵਿਧਵਾ ਸੀ ਉਸ ਆਪਣਾ ਹੱਥ ਪਾਤਸ਼ਾਹ ਉੱਤੇ ਚੁੱਕਿਆ।

27ਅਤੇ ਉਸ ਦੇ ਪਾਤਸ਼ਾਹ ਉੱਤੇ ਹੱਥ ਚੁੱਕਣ ਦਾ ਕਾਰਨ ਇਹ ਸੀ ਕਿ ਸੁਲੇਮਾਨ ਨੇ ਮਿੱਲੋ ਬਣਾਇਆ ਅਤੇ ਆਪਣੇ ਪਿਤਾ ਦਾਊਦ ਦੇ ਸ਼ਹਿਰ ਦੀਆਂ ਤੇੜਾਂ ਦੀ ਮੁਰੰਮਤ ਕੀਤੀ।

28ਯਾਰਾਬੁਆਮ ਸੂਰਮਾ ਯੋਧਾ ਸੀ ਅਤੇ ਜਦ ਸੁਲੇਮਾਨ ਨੇ ਵੇਖਿਆ ਕਿ ਇਹ ਜੁਆਨ ਮਿਹਨਤੀ ਹੈ ਤਾਂ ਉਹ ਨੇ ਉਸ ਨੂੰ ਯੂਸੁਫ਼ ਦੇ ਘਰਾਣੇ ਦੇ ਕੰਮ-ਧੰਦੇ ਉੱਤੇ ਠਹਿਰਾਇਆ।

29ਤਾਂ ਇਸ ਤਰ੍ਹਾਂ ਹੋਇਆ ਕਿ ਉਸ ਵੇਲੇ ਜਦ ਯਾਰਾਬੁਆਮ ਯਰੂਸ਼ਲਮ ਤੋਂ ਬਾਹਰ ਨਿੱਕਲਿਆ ਤਦ ਅਹੀਯਾਹ ਨਬੀ ਸ਼ੀਲੋਨੀ ਉਹ ਨੂੰ ਰਾਹ ਵਿੱਚ ਮਿਲ ਪਿਆ ਅਤੇ ਉਸ ਨੇ ਇੱਕ ਨਵੀਂ ਚਾਦਰ ਲਈ ਹੋਈ ਸੀ ਅਤੇ ਦੋਨੋਂ ਰੜ ਵਿੱਚ ਇਕੱਲੇ ਸਨ।

30ਤਾਂ ਅਹੀਯਾਹ ਨੇ ਉਸ ਨਵੀਂ ਚਾਦਰ ਨੂੰ ਜੋ ਉਸ ਦੇ ਆਪਣੇ ਉੱਤੇ ਸੀ ਫੜ੍ਹ ਕੇ ਬਾਰਾਂ ਟੁੱਕੜਿਆਂ ਵਿੱਚ ਪਾੜ ਸੁੱਟਿਆ।

31ਅਤੇ ਉਸ ਨੇ ਯਾਰਾਬੁਆਮ ਨੂੰ ਆਖਿਆ, ਤੂੰ ਆਪਣੇ ਲਈ ਦਸ ਟੁੱਕੜੇ ਲੈ ਲੈ ਕਿਉਂ ਜੋ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ ਕਿ ਵੇਖ ਮੈਂ ਰਾਜ ਸੁਲੇਮਾਨ ਦੇ ਹੱਥੋਂ ਖੋਹ ਲਵਾਂਗਾ ਅਤੇ ਤੈਨੂੰ ਦਸ ਗੋਤ ਦੇ ਦਿਆਂਗਾ।

32ਪਰ ਮੈਂ ਆਪਣੇ ਦਾਸ ਦਾਊਦ ਦੇ ਕਾਰਨ ਇੱਕ ਗੋਤ ਉਹ ਦੇ ਕੋਲ ਰਹਿਣ ਦਿਆਂਗਾ ਨਾਲੇ ਯਰੂਸ਼ਲਮ ਦੇ ਕਾਰਨ ਜਿਸ ਸ਼ਹਿਰ ਨੂੰ ਮੈਂ ਇਸਰਾਏਲ ਦੇ ਸਾਰੇ ਗੋਤਾਂ ਵਿੱਚੋਂ ਚੁਣਿਆ ਹੈ।

33ਇਹ ਦਾ ਕਾਰਨ ਇਹ ਹੈ ਕਿ ਉਨ੍ਹਾਂ ਨੇ ਮੈਨੂੰ ਤਿਆਗ ਕੇ ਸੀਦੋਨੀਆਂ ਦੀ ਦੇਵੀ ਅਸ਼ਤਾਰੋਥ ਅਤੇ ਮੋਆਬ ਦੇ ਦਿਓ ਕਮੋਸ਼ ਤੇ ਅੰਮੋਨੀਆਂ ਦੇ ਦਿਓ ਮਿਲਕੋਮ ਅੱਗੇ ਮੱਥਾ ਟੇਕਿਆ ਅਤੇ ਇਸ ਤਰ੍ਹਾਂ ਮੇਰੇ ਮਾਰਗਾਂ ਵਿੱਚ ਨਹੀਂ ਚੱਲਦੇ ਰਹੇ ਕਿ ਜੋ ਮੇਰੀ ਨਿਗਾਹ ਵਿੱਚ ਸਿੱਧੀ ਗੱਲ ਹੈ ਉਹ ਉਹੋ ਕਰਨ ਅਤੇ ਮੇਰੀਆਂ ਬਿਧੀਆਂ ਤੇ ਮੇਰੇ ਨਿਆਂਵਾਂ ਨੂੰ ਮੰਨਣ ਜਿਵੇਂ ਉਹ ਦੇ ਪਿਤਾ ਦਾਊਦ ਨੇ ਕੀਤਾ।

34ਤਾਂ ਵੀ ਮੈਂ ਸਾਰਾ ਰਾਜ ਉਹ ਦੇ ਹੱਥੋਂ ਨਾ ਲਵਾਂਗਾ ਪਰ ਮੈਂ ਉਹ ਦੇ ਜੀਵਨ ਭਰ ਉਹ ਨੂੰ ਆਪਣੇ ਦਾਸ ਦਾਊਦ ਦੇ ਕਾਰਨ ਸ਼ਹਿਜ਼ਾਦਾ ਬਣਾ ਰੱਖਾਂਗਾ ਜਿਹ ਨੂੰ ਮੈਂ ਇਸ ਲਈ ਚੁਣਿਆ ਕਿ ਉਹ ਨੇ ਮੇਰੇ ਹੁਕਮਾਂ ਤੇ ਬਿਧੀਆਂ ਨੂੰ ਮੰਨਿਆ।

35ਪਰ ਮੈਂ ਰਾਜ ਉਹ ਦੇ ਪੁੱਤਰ ਦੇ ਹੱਥੋਂ ਤੈਨੂੰ ਦਿਆਂਗਾ ਅਰਥਾਤ ਉਹ ਦਸ ਗੋਤ।

36ਅਤੇ ਮੈਂ ਉਹ ਦੇ ਪੁੱਤਰ ਨੂੰ ਇੱਕ ਗੋਤ ਦਿਆਂਗਾ ਤਾਂ ਜੋ ਮੇਰੇ ਦਾਸ ਦਾਊਦ ਲਈ ਇੱਕ ਚਿਰਾਗ ਯਰੂਸ਼ਲਮ ਵਿੱਚ ਜਿਸ ਸ਼ਹਿਰ ਨੂੰ ਮੈਂ ਆਪਣਾ ਨਾਮ ਰੱਖਣ ਲਈ ਚੁਣਿਆ ਹੈ ਸਾਰੇ ਦਿਨ ਮੇਰੇ ਅੱਗੇ ਰਹੇ।

37ਮੈਂ ਤੈਨੂੰ ਲਵਾਂਗਾ ਅਤੇ ਤੂੰ ਆਪਣੇ ਮਨ ਦੀ ਸਾਰੀ ਇੱਛਾ ਅਨੁਸਾਰ ਰਾਜ ਕਰੇਂਗਾ ਸੋ ਤੂੰ ਇਸਰਾਏਲ ਉੱਤੇ ਪਾਤਸ਼ਾਹ ਹੋਵਾਂਗਾ।

38ਤਾਂ ਇਸ ਤਰ੍ਹਾਂ ਹੋਵੇਗਾ ਕਿ ਜੇ ਤੂੰ ਮੇਰੇ ਸਾਰੇ ਹੁਕਮਾਂ ਨੂੰ ਸੁਣੇਂ ਅਤੇ ਮੇਰੇ ਮਾਰਗਾਂ ਉੱਤੇ ਚੱਲੇ ਅਤੇ ਜੋ ਮੇਰੀ ਨਿਗਾਹ ਵਿੱਚ ਸਿੱਧਾ ਹੈ ਉਹੋ ਕਰੇਂ ਅਤੇ ਮੇਰੀਆਂ ਬਿਧੀਆਂ ਤੇ ਹੁਕਮਾਂ ਨੂੰ ਮੰਨੇ ਜਿਵੇਂ ਮੇਰੇ ਦਾਸ ਦਾਊਦ ਨੇ ਕੀਤਾ ਤਾਂ ਮੈਂ ਤੇਰੇ ਅੰਗ-ਸੰਗ ਰਹਾਂਗਾ ਅਤੇ ਤੇਰੇ ਲਈ ਇੱਕ ਅਟੱਲ ਘਰਾਣਾ ਬਣਾਵਾਂਗਾ ਜਿਵੇਂ ਮੈਂ ਦਾਊਦ ਲਈ ਬਣਾਇਆ ਨਾਲੇ ਮੈਂ ਇਸਰਾਏਲ ਤੈਨੂੰ ਦੇ ਦਿਆਂਗਾ।

39ਇਸ ਕਾਰਨ ਮੈਂ ਦਾਊਦ ਦੀ ਅੰਸ ਨੂੰ ਦੁੱਖ ਦਿਆਂਗਾ ਪਰ ਸਦਾ ਲਈ ਨਹੀਂ।

40ਤਾਂ ਸੁਲੇਮਾਨ ਨੇ ਯਾਰਾਬੁਆਮ ਨੂੰ ਮਾਰਨਾ ਚਾਹਿਆ ਪਰ ਯਾਰਾਬੁਆਮ ਉੱਠ ਕੇ ਮਿਸਰ ਨੂੰ ਮਿਸਰ ਦੇ ਰਾਜਾ ਸ਼ੀਸ਼ਕ ਕੋਲ ਨੱਠ ਗਿਆ ਅਤੇ ਉਹ ਮਿਸਰ ਵਿੱਚ ਸੁਲੇਮਾਨ ਦੀ ਮੌਤ ਤੱਕ ਰਿਹਾ।

41ਅਤੇ ਸੁਲੇਮਾਨ ਦੇ ਬਾਕੀ ਕੰਮ ਅਤੇ ਜੋ ਕੁਝ ਉਸ ਨੇ ਕੀਤਾ ਅਤੇ ਉਸ ਦੀ ਬੁੱਧੀ ਕੀ ਇਹ ਸੁਲੇਮਾਨ ਦੇ ਵਿਰਤਾਂਤ ਦੀ ਪੋਥੀ ਵਿੱਚ ਲਿਖੇ ਹੋਏ ਨਹੀਂ?

42ਸੁਲੇਮਾਨ ਨੇ ਯਰੂਸ਼ਲਮ ਵਿੱਚ ਸਾਰੇ ਇਸਰਾਏਲ ਉੱਤੇ ਚਾਲ੍ਹੀ ਸਾਲ ਰਾਜ ਕੀਤਾ।

43ਤਾਂ ਸੁਲੇਮਾਨ ਆਪਣੇ ਪੁਰਖਿਆਂ ਦੇ ਨਾਲ ਸੌਂ ਗਿਆ ਅਤੇ ਆਪਣੇ ਪਿਤਾ ਦਾਊਦ ਦੇ ਸ਼ਹਿਰ ਵਿੱਚ ਦੱਬਿਆ ਗਿਆ ਅਤੇ ਰਹਬੁਆਮ ਉਸ ਦਾ ਪੁੱਤਰ ਉਸ ਦੇ ਥਾਂ ਰਾਜ ਕਰਨ ਲੱਗਾ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath