ਈਸਾਈ
ਪਿੱਛੇ

ਯੂਹੰਨਾ ਦੀ ਪਹਿਲੀ ਪੱਤ੍ਰੀ 4

1ਹੇ ਪਿਆਰਿਓ, ਹਰੇਕ ਆਤਮਾ ਉੱਤੇ ਵਿਸ਼ਵਾਸ ਨਾ ਕਰੋ ਸਗੋਂ ਆਤਮਿਆਂ ਨੂੰ ਪਰਖੋ ਕਿ ਉਹ ਪਰਮੇਸ਼ੁਰ ਤੋਂ ਹਨ ਕਿ ਨਹੀਂ, ਕਿਉਂ ਜੋ ਬਹੁਤ ਝੂਠੇ ਨਬੀ ਸੰਸਾਰ ਵਿੱਚ ਨਿੱਕਲ ਆਏ ਹਨ।

2ਇਸ ਤੋਂ ਤੁਸੀਂ ਪਰਮੇਸ਼ੁਰ ਦੇ ਆਤਮਾ ਨੂੰ ਜਾਣ ਲਵੋ। ਹਰੇਕ ਆਤਮਾ ਜਿਹੜਾ ਮੰਨ ਲੈਂਦਾ ਹੈ ਕਿ ਯਿਸੂ ਮਸੀਹ ਦੇਹਧਾਰੀ ਹੋ ਕੇ ਆਇਆ, ਉਹ ਪਰਮੇਸ਼ੁਰ ਤੋਂ ਹੈ।

3ਅਤੇ ਹਰੇਕ ਆਤਮਾ ਜਿਹੜਾ ਯਿਸੂ ਨੂੰ ਨਹੀਂ ਮੰਨਦਾ ਉਹ ਪਰਮੇਸ਼ੁਰ ਵੱਲੋਂ ਨਹੀਂ, ਅਤੇ ਇਹ ਉਹ ਆਤਮਾ ਹੈ ਜੋ ਮਸੀਹ ਵਿਰੋਧੀ ਹੈ ਜਿਹੜਾ ਤੁਸੀਂ ਸੁਣਿਆ ਕਿ ਆਉਂਦਾ ਹੈ ਅਤੇ ਉਹ ਹੁਣ ਵੀ ਸੰਸਾਰ ਵਿੱਚ ਹੈ।

4ਹੇ ਬੱਚਿਓ, ਤੁਸੀਂ ਤਾਂ ਪਰਮੇਸ਼ੁਰ ਤੋਂ ਹੋ ਅਤੇ ਉਨ੍ਹਾਂ ਨੂੰ ਜਿੱਤ ਲਿਆ ਹੈ, ਕਿਉਂਕਿ ਜਿਹੜਾ ਤੁਹਾਡੇ ਵਿੱਚ ਹੈ ਸੋ ਉਸ ਨਾਲੋਂ ਵੱਡਾ ਹੈ ਜਿਹੜਾ ਸੰਸਾਰ ਵਿੱਚ ਹੈ।

5ਉਹ ਸੰਸਾਰ ਤੋਂ ਹਨ ਇਸ ਕਰਕੇ ਸੰਸਾਰਕ ਗੱਲਾਂ ਬੋਲਦੇ ਹਨ ਅਤੇ ਸੰਸਾਰ ਉਨ੍ਹਾਂ ਦੀ ਸੁਣਦਾ ਹੈ।

6ਅਸੀਂ ਪਰਮੇਸ਼ੁਰ ਤੋਂ ਹਾਂ। ਜਿਹੜਾ ਪਰਮੇਸ਼ੁਰ ਨੂੰ ਜਾਣਦਾ ਹੈ, ਉਹ ਸਾਡੀ ਸੁਣਦਾ ਹੈ। ਜੋ ਕੋਈ ਪਰਮੇਸ਼ੁਰ ਵੱਲੋਂ ਨਹੀਂ, ਉਹ ਸਾਡੀ ਨਹੀਂ ਸੁਣਦਾ। ਇਸ ਤੋਂ ਅਸੀਂ ਸਚਿਆਈ ਦੇ ਆਤਮਾ ਅਤੇ ਧੋਖੇ ਦੇ ਆਤਮਾ ਨੂੰ ਜਾਣ ਲੈਂਦੇ ਹਾਂ।

7ਹੇ ਪਿਆਰਿਓ, ਆਓ ਅਸੀਂ ਇੱਕ ਦੂਜੇ ਨਾਲ ਪਿਆਰ ਰੱਖੀਏ ਕਿਉਂ ਜੋ ਪਿਆਰ ਪਰਮੇਸ਼ੁਰ ਤੋਂ ਹੈ ਅਤੇ ਹਰੇਕ ਜਿਹੜਾ ਪਿਆਰ ਕਰਦਾ ਹੈ ਉਹ ਪਰਮੇਸ਼ੁਰ ਤੋਂ ਜੰਮਿਆ ਹੋਇਆ ਹੈ ਅਤੇ ਪਰਮੇਸ਼ੁਰ ਨੂੰ ਜਾਣਦਾ ਹੈ।

8ਜਿਹੜਾ ਪਿਆਰ ਨਹੀਂ ਕਰਦਾ ਉਹ ਪਰਮੇਸ਼ੁਰ ਨੂੰ ਨਹੀਂ ਜਾਣਦਾ, ਕਿਉਂਕਿ ਪਰਮੇਸ਼ੁਰ ਪਿਆਰ ਹੈ।

9ਪਰਮੇਸ਼ੁਰ ਦਾ ਪਿਆਰ ਸਾਡੇ ਵਿੱਚ ਇਸ ਤੋਂ ਪ੍ਰਗਟ ਹੋਇਆ ਜੋ ਪਰਮੇਸ਼ੁਰ ਨੇ ਆਪਣੇ ਇਕਲੌਤੇ ਪੁੱਤਰ ਨੂੰ ਸੰਸਾਰ ਵਿੱਚ ਭੇਜਿਆ ਤਾਂ ਕਿ ਅਸੀਂ ਉਹ ਦੇ ਰਾਹੀਂ ਜੀਵਨ ਪ੍ਰਾਪਤ ਕਰੀਏ।

10ਪਿਆਰ ਇਸ ਗੱਲ ਵਿੱਚ ਹੈ, ਨਾ ਇਹ ਕਿ ਅਸੀਂ ਪਰਮੇਸ਼ੁਰ ਨਾਲ ਪਿਆਰ ਕੀਤਾ ਸਗੋਂ ਇਹ ਕਿ ਉਹ ਨੇ ਸਾਨੂੰ ਪਿਆਰ ਕੀਤਾ ਅਤੇ ਆਪਣੇ ਪੁੱਤਰ ਨੂੰ ਭੇਜਿਆ ਤਾਂ ਕਿ ਉਹ ਸਾਡੇ ਪਾਪਾਂ ਦਾ ਪ੍ਰਾਸਚਿੱਤ ਹੋਵੇ।

11ਹੇ ਪਿਆਰਿਓ, ਜਦੋਂ ਪਰਮੇਸ਼ੁਰ ਨੇ ਸਾਨੂੰ ਇਸ ਪ੍ਰਕਾਰ ਪਿਆਰ ਕੀਤਾ ਤਾਂ ਸਾਨੂੰ ਚਾਹੀਦਾ ਹੈ ਜੋ ਅਸੀਂ ਵੀ ਇੱਕ ਦੂਜੇ ਨਾਲ ਪਿਆਰ ਕਰੀਏ।

12ਪਰਮੇਸ਼ੁਰ ਨੂੰ ਕਿਸੇ ਨੇ ਕਦੇ ਵੀ ਨਹੀਂ ਦੇਖਿਆ। ਜੇ ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ ਤਾਂ ਪਰਮੇਸ਼ੁਰ ਸਾਡੇ ਵਿੱਚ ਰਹਿੰਦਾ ਹੈ ਅਤੇ ਉਹ ਦਾ ਪਿਆਰ ਸਾਡੇ ਵਿੱਚ ਸੰਪੂਰਨ ਕੀਤਾ ਹੋਇਆ ਹੈ।

13ਉਹ ਨੇ ਆਪਣੇ ਆਤਮਾ ਵਿੱਚੋਂ ਸਾਨੂੰ ਦਾਨ ਕੀਤਾ ਹੈ ਇਸ ਤੋਂ ਅਸੀਂ ਜਾਣਦੇ ਹਾਂ ਜੇ ਅਸੀਂ ਉਹ ਦੇ ਵਿੱਚ ਰਹਿੰਦੇ ਹਾਂ ਅਤੇ ਉਹ ਸਾਡੇ ਵਿੱਚ ਰਹਿੰਦਾ ਹੈ।

14ਅਸੀਂ ਵੇਖਿਆ ਹੈ ਅਤੇ ਗਵਾਹੀ ਦਿੰਦੇ ਹਾਂ ਜੋ ਪਿਤਾ ਨੇ ਪੁੱਤਰ ਨੂੰ ਭੇਜਿਆ ਕਿ ਉਹ ਸੰਸਾਰ ਦਾ ਮੁਕਤੀਦਾਤਾ ਹੋਵੇ।

15ਜੋ ਕੋਈ ਮੰਨ ਲੈਂਦਾ ਹੈ ਕਿ ਯਿਸੂ ਪਰਮੇਸ਼ੁਰ ਦਾ ਪੁੱਤਰ ਹੈ ਤਾਂ ਪਰਮੇਸ਼ੁਰ ਉਹ ਦੇ ਵਿੱਚ ਅਤੇ ਉਹ ਪਰਮੇਸ਼ੁਰ ਦੇ ਵਿੱਚ ਰਹਿੰਦਾ ਹੈ।

16ਅਤੇ ਅਸੀਂ ਪਰਮੇਸ਼ੁਰ ਦੇ ਉਸ ਪਿਆਰ ਨੂੰ ਜੋ ਉਸ ਨੇ ਕੀਤਾ ਹੈ, ਜਾਣਿਆ ਅਤੇ ਉਹ ਦੇ ਉੱਤੇ ਵਿਸ਼ਵਾਸ ਕੀਤਾ ਹੈ। ਪਰਮੇਸ਼ੁਰ ਪਿਆਰ ਹੈ ਅਤੇ ਜਿਹੜਾ ਪਿਆਰ ਵਿੱਚ ਰਹਿੰਦਾ ਹੈ ਉਹ ਪਰਮੇਸ਼ੁਰ ਵਿੱਚ ਰਹਿੰਦਾ ਹੈ ਅਤੇ ਪਰਮੇਸ਼ੁਰ ਉਸ ਵਿੱਚ ਰਹਿੰਦਾ ਹੈ।

17ਪਿਆਰ ਸਾਡੇ ਵਿੱਚ ਇਸ ਤੋਂ ਸੰਪੂਰਨ ਹੋਇਆ ਹੈ ਕਿ ਨਿਆਂ ਦੇ ਦਿਨ ਸਾਨੂੰ ਦਲੇਰੀ ਹੋਵੇ, ਕਿਉਂਕਿ ਜਿਵੇਂ ਉਹ ਹੈ ਉਸੇ ਤਰ੍ਹਾਂ ਅਸੀਂ ਵੀ ਇਸ ਸੰਸਾਰ ਵਿੱਚ ਹਾਂ।

18ਪਿਆਰ ਵਿੱਚ ਡਰ ਨਹੀਂ ਸਗੋਂ ਸਿੱਧ ਪਿਆਰ ਡਰ ਨੂੰ ਹਟਾ ਦਿੰਦਾ ਹੈ, ਕਿਉਂਕਿ ਡਰ ਵਿੱਚ ਸਜ਼ਾ ਹੈ ਅਤੇ ਉਹ ਜੋ ਡਰਦਾ ਹੈ, ਸੋ ਪਿਆਰ ਵਿੱਚ ਸੰਪੂਰਨ ਨਹੀਂ ਹੋਇਆ ਹੈ।

19ਅਸੀਂ ਪਿਆਰ ਕਰਦੇ ਹਾਂ ਇਸ ਲਈ ਜੋ ਪਹਿਲਾਂ ਉਸ ਨੇ ਸਾਨੂੰ ਪਿਆਰ ਕੀਤਾ।

20ਜੇ ਕੋਈ ਆਖੇ ਕਿ ਮੈਂ ਪਰਮੇਸ਼ੁਰ ਨੂੰ ਪਿਆਰ ਕਰਦਾ ਹਾਂ ਅਤੇ ਆਪਣੇ ਭਰਾ ਨਾਲ ਵੈਰ ਰੱਖੇ ਤਾਂ ਉਹ ਝੂਠਾ ਹੈ, ਕਿਉਂਕਿ ਜਿਹੜਾ ਆਪਣੇ ਭਰਾ ਨਾਲ ਜਿਸ ਨੂੰ ਉਸ ਨੇ ਵੇਖਿਆ ਹੈ ਪਿਆਰ ਨਹੀਂ ਰੱਖਦਾ ਤਾਂ ਉਹ ਪਰਮੇਸ਼ੁਰ ਨੂੰ ਜਿਸ ਨੂੰ ਉਹ ਨੇ ਨਹੀਂ ਵੇਖਿਆ ਪਿਆਰ ਕਰ ਹੀ ਨਹੀਂ ਸਕਦਾ।

21ਅਤੇ ਸਾਨੂੰ ਉਸ ਕੋਲੋਂ ਇਹ ਹੁਕਮ ਮਿਲਿਆ ਹੈ ਕਿ ਜਿਹੜਾ ਪਰਮੇਸ਼ੁਰ ਨੂੰ ਪਿਆਰ ਕਰਦਾ ਹੈ ਉਹ ਆਪਣੇ ਭਰਾ ਨੂੰ ਵੀ ਪਿਆਰ ਕਰੇ l

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath