ਯੂਹੰਨਾ ਦੀ ਪਹਿਲੀ ਪੱਤ੍ਰੀ 2
1ਹੇ ਮੇਰੇ ਬੱਚਿਓ, ਮੈਂ ਇਹ ਗੱਲਾਂ ਤੁਹਾਨੂੰ ਇਸ ਲਈ ਲਿਖਦਾ ਹਾਂ ਕਿ ਤੁਸੀਂ ਪਾਪ ਨਾ ਕਰੋ ਅਤੇ ਜੇ ਕੋਈ ਪਾਪ ਕਰੇ ਤਾਂ ਪਿਤਾ ਦੇ ਕੋਲ ਸਾਡਾ ਇੱਕ ਸਹਾਇਕ ਹੈ ਅਰਥਾਤ ਯਿਸੂ ਮਸੀਹ ਜਿਹੜਾ ਧਰਮੀ ਹੈ।
2ਅਤੇ ਉਹ ਸਾਡੇ ਪਾਪਾਂ ਦਾ ਪ੍ਰਾਸਚਿੱਤ ਹੈ ਪਰ ਸਿਰਫ਼ ਸਾਡਾ ਹੀ ਨਹੀਂ ਸਗੋਂ ਸਾਰੇ ਸੰਸਾਰ ਦਾ ਵੀ ਹੈ।
3ਅਤੇ ਜੇ ਅਸੀਂ ਉਹ ਦੇ ਹੁਕਮਾਂ ਦੀ ਪਾਲਨਾ ਕਰੀਏ ਤਾਂ ਇਸ ਤੋਂ ਜਾਣਦੇ ਹਾਂ ਜੋ ਅਸੀਂ ਉਹ ਨੂੰ ਜਾਣਿਆ ਹੈ।
4ਉਹ ਜਿਹੜਾ ਆਖਦਾ ਹੈ ਕਿ ਮੈਂ ਉਹ ਨੂੰ ਜਾਣਿਆ ਹੈ ਅਤੇ ਉਹ ਦੇ ਹੁਕਮਾਂ ਦੀ ਪਾਲਨਾ ਨਹੀਂ ਕਰਦਾ ਸੋ ਝੂਠਾ ਹੈ ਅਤੇ ਸਚਿਆਈ ਉਹ ਦੇ ਵਿੱਚ ਨਹੀਂ ਹੈ।
5ਪਰ ਜੇ ਕੋਈ ਉਹ ਦੇ ਬਚਨ ਦੀ ਪਾਲਨਾ ਕਰਦਾ ਹੋਵੇ ਉਸ ਵਿੱਚ ਪਰਮੇਸ਼ੁਰ ਦਾ ਪਿਆਰ ਸੱਚ-ਮੁੱਚ ਸੰਪੂਰਨ ਹੋਇਆ ਹੈ। ਇਸ ਤੋਂ ਅਸੀਂ ਜਾਣਦੇ ਹਾਂ ਜੋ ਅਸੀਂ ਉਹ ਦੇ ਵਿੱਚ ਹਾਂ।
6ਉਹ ਜਿਹੜਾ ਆਖਦਾ ਹੈ ਕਿ ਮੈਂ ਉਸ ਵਿੱਚ ਕਾਇਮ ਰਹਿੰਦਾ ਹਾਂ ਤਾਂ ਚਾਹੀਦਾ ਹੈ ਕਿ ਜਿਵੇਂ ਯਿਸੂ ਚੱਲਦਾ ਸੀ ਉਹ ਆਪ ਵੀ ਚੱਲੇ।
7ਹੇ ਪਿਆਰਿਓ, ਮੈਂ ਕੋਈ ਨਵਾਂ ਹੁਕਮ ਤੁਹਾਨੂੰ ਨਹੀਂ ਲਿਖਦਾ ਸਗੋਂ ਪੁਰਾਣਾ ਹੁਕਮ ਜਿਹੜਾ ਤੁਹਾਨੂੰ ਸ਼ੁਰੂ ਤੋਂ ਮਿਲਿਆ ਸੀ। ਪੁਰਾਣਾ ਹੁਕਮ ਉਹੀ ਬਚਨ ਹੈ ਜਿਹੜਾ ਤੁਸੀਂ ਸੁਣਿਆ।
8ਫੇਰ ਇੱਕ ਨਵਾਂ ਹੁਕਮ ਤੁਹਾਨੂੰ ਲਿਖਦਾ ਹਾਂ ਅਤੇ ਇਹ ਗੱਲ ਮਸੀਹ ਵਿੱਚ ਅਤੇ ਤੁਹਾਡੇ ਵਿੱਚ ਸੱਚ ਹੈ ਕਿਉਂ ਜੋ ਹਨ੍ਹੇਰਾ ਹਟਦਾ ਜਾਂਦਾ ਹੈ ਅਤੇ ਸੱਚਾ ਚਾਨਣ ਹੁਣ ਚਮਕਣ ਲੱਗ ਪਿਆ ਹੈ।
9ਉਹ ਜਿਹੜਾ ਆਖਦਾ ਹੈ ਕਿ ਮੈਂ ਚਾਨਣ ਵਿੱਚ ਹਾਂ ਅਤੇ ਆਪਣੇ ਭਰਾ ਨਾਲ ਵੈਰ ਰੱਖਦਾ ਹੈ ਉਹ ਹੁਣ ਤੱਕ ਹਨ੍ਹੇਰੇ ਵਿੱਚ ਹੀ ਹੈ।
10ਉਹ ਜਿਹੜਾ ਆਪਣੇ ਭਰਾ ਨਾਲ ਪਿਆਰ ਰੱਖਦਾ ਹੈ ਉਹ ਚਾਨਣ ਵਿੱਚ ਰਹਿੰਦਾ ਹੈ ਅਤੇ ਉਸ ਵਿੱਚ ਠੋਕਰ ਦਾ ਕਾਰਨ ਨਹੀਂ।
11ਪਰ ਉਹ ਜਿਹੜਾ ਆਪਣੇ ਭਰਾ ਨਾਲ ਵੈਰ ਰੱਖਦਾ ਹੈ ਸੋ ਹਨ੍ਹੇਰੇ ਵਿੱਚ ਹੈ ਅਤੇ ਹਨ੍ਹੇਰੇ ਵਿੱਚ ਚਲਦਾ ਹੈ ਅਤੇ ਨਹੀਂ ਜਾਣਦਾ ਕਿ ਮੈਂ ਕਿੱਧਰ ਨੂੰ ਚੱਲਿਆ ਜਾਂਦਾ ਹਾਂ ਇਸ ਲਈ ਜੋ ਹਨ੍ਹੇਰੇ ਨੇ ਉਸ ਦੀਆਂ ਅੱਖਾਂ ਨੂੰ ਅੰਨ੍ਹਾ ਕਰ ਦਿੱਤਾ ਹੈ।
12ਹੇ ਬੱਚਿਓ, ਮੈਂ ਤੁਹਾਨੂੰ ਲਿਖਦਾ ਹਾਂ ਇਸ ਲਈ ਜੋ ਤੁਹਾਡੇ ਪਾਪ ਉਹ ਦੇ ਨਾਮ ਦੇ ਕਾਰਨ ਤੁਹਾਨੂੰ ਮਾਫ਼ ਕੀਤੇ ਹੋਏ ਹਨ।
13ਹੇ ਪਿਤਾਓ, ਮੈਂ ਤੁਹਾਨੂੰ ਲਿਖਦਾ ਹਾਂ ਕਿਉਂਕਿ ਤੁਸੀਂ ਉਹ ਨੂੰ ਜਾਣਦੇ ਹੋ ਜਿਹੜਾ ਸ਼ੁਰੂਆਤ ਤੋਂ ਹੈ। ਹੇ ਜੁਆਨੋ, ਮੈਂ ਤੁਹਾਨੂੰ ਲਿਖਦਾ ਹਾਂ ਕਿਉਂਕਿ ਤੁਸੀਂ ਉਸ ਦੁਸ਼ਟ ਨੂੰ ਜਿੱਤ ਲਿਆ ਹੈ। ਹੇ ਬਾਲਕੋ, ਮੈਂ ਤੁਹਾਨੂੰ ਲਿਖਿਆ ਕਿਉਂਕਿ ਤੁਸੀਂ ਪਿਤਾ ਨੂੰ ਜਾਣਦੇ ਹੋ।
14ਹੇ ਪਿਤਾਓ, ਮੈਂ ਤੁਹਾਨੂੰ ਲਿਖਿਆ ਕਿਉਂਕਿ ਤੁਸੀਂ ਉਹ ਨੂੰ ਜਾਣਦੇ ਹੋ ਜਿਹੜਾ ਸ਼ੁਰੂਆਤ ਤੋਂ ਹੈ। ਹੇ ਜੁਆਨੋ, ਮੈਂ ਤੁਹਾਨੂੰ ਲਿਖਿਆ ਕਿਉਂਕਿ ਤੁਸੀਂ ਬਲਵੰਤ ਹੋ ਅਤੇ ਪਰਮੇਸ਼ੁਰ ਦਾ ਬਚਨ ਤੁਹਾਡੇ ਵਿੱਚ ਰਹਿੰਦਾ ਹੈ ਅਤੇ ਤੁਸੀਂ ਉਸ ਦੁਸ਼ਟ ਨੂੰ ਜਿੱਤ ਲਿਆ ਹੈ।
15ਸੰਸਾਰ ਨਾਲ ਮੋਹ ਨਾ ਰੱਖੋ, ਨਾ ਉਨ੍ਹਾਂ ਵਸਤਾਂ ਨਾਲ ਜੋ ਸੰਸਾਰ ਵਿੱਚ ਹਨ। ਜੇ ਕੋਈ ਸੰਸਾਰ ਨਾਲ ਮੋਹ ਰੱਖਦਾ ਹੋਵੇ ਤਾਂ ਉਹ ਦੇ ਵਿੱਚ ਪਿਤਾ ਦਾ ਪਿਆਰ ਨਹੀਂ।
16ਕਿਉਂਕਿ ਸੱਭੋ ਕੁਝ ਜੋ ਸੰਸਾਰ ਵਿੱਚ ਹੈ ਅਰਥਾਤ ਸਰੀਰ ਦੀ ਕਾਮਨਾ, ਨੇਤਰਾਂ ਦੀ ਕਾਮਨਾ ਅਤੇ ਜੀਵਨ ਦਾ ਘਮੰਡ, ਸੋ ਪਿਤਾ ਤੋਂ ਨਹੀਂ ਸਗੋਂ ਸੰਸਾਰ ਤੋਂ ਹੈ।
17ਅਤੇ ਸੰਸਾਰ ਅਤੇ ਉਹ ਦੀ ਕਾਮਨਾ ਬੀਤਦੀ ਜਾਂਦੀ ਹੈ ਪਰ ਜਿਹੜਾ ਪਰਮੇਸ਼ੁਰ ਦੀ ਮਰਜ਼ੀ ਅਨੁਸਾਰ ਚੱਲਦਾ ਹੈ, ਉਹ ਸਦਾ ਤੱਕ ਕਾਇਮ ਰਹਿੰਦਾ ਹੈ।
18ਹੇ ਬਾਲਕੋ, ਇਹ ਅੰਤ ਦਾ ਸਮਾਂ ਹੈ ਅਤੇ ਜਿਵੇਂ ਤੁਸੀਂ ਸੁਣਿਆ ਕਿ ਮਸੀਹ ਵਿਰੋਧੀ ਆਉਂਦਾ ਹੈ ਸੋ ਹੁਣ ਵੀ ਮਸੀਹ ਦੇ ਵਿਰੋਧੀ ਬਹੁਤ ਉੱਠੇ ਹੋਏ ਹਨ, ਜਿਸ ਤੋਂ ਅਸੀਂ ਜਾਣਦੇ ਹਾਂ ਕਿ ਇਹ ਅੰਤ ਦਾ ਸਮਾਂ ਹੈ।
19ਉਹ ਸਾਡੇ ਵਿੱਚੋਂ ਨਿੱਕਲ ਗਏ ਪਰ ਸਾਡੇ ਨਾਲ ਦੇ ਨਹੀਂ ਸਨ, ਕਿਉਂਕਿ ਜੇ ਉਹ ਸਾਡੇ ਨਾਲ ਦੇ ਹੁੰਦੇ ਤਾਂ ਸਾਡੇ ਨਾਲ ਹੀ ਰਹਿੰਦੇ। ਪਰ ਉਹ ਨਿੱਕਲ ਗਏ ਤਾਂ ਜੋ ਪ੍ਰਗਟ ਹੋਣ ਕਿ ਉਹ ਸਾਰੇ ਸਾਡੇ ਨਾਲ ਦੇ ਨਹੀਂ ਹਨ।
20ਤੁਸੀਂ ਉਹ ਦੀ ਵੱਲੋਂ ਜਿਹੜਾ ਪਵਿੱਤਰ ਹੈ, ਮਸਹ ਕੀਤੇ ਹੋਏ ਹੋ ਅਤੇ ਸਭ ਕੁਝ ਜਾਣਦੇ ਹੋ।
21ਮੈਂ ਤੁਹਾਨੂੰ ਇਸ ਲਈ ਨਹੀਂ ਲਿਖਿਆ ਜੋ ਤੁਸੀਂ ਸੱਚ ਨੂੰ ਨਹੀਂ ਜਾਣਦੇ ਸਗੋਂ ਇਸ ਲਈ ਜੋ ਤੁਸੀਂ ਜਾਣਦੇ ਹੋ ਅਤੇ ਇਸ ਲਈ ਕਿ ਕੋਈ ਝੂਠ ਸੱਚ ਵਿੱਚੋਂ ਨਹੀਂ ਹੈ।
22ਝੂਠਾ ਕੌਣ ਹੈ, ਉਹ ਜਿਹੜਾ ਯਿਸੂ ਦਾ ਇਨਕਾਰ ਕਰਦਾ ਹੈ ਕਿ ਉਹ ਮਸੀਹ ਨਹੀਂ? ਉਹ ਮਸੀਹ ਵਿਰੋਧੀ ਹੈ ਜਿਹੜਾ ਪਿਤਾ ਅਤੇ ਪੁੱਤਰ ਦਾ ਇਨਕਾਰ ਕਰਦਾ ਹੈ।
23ਹਰੇਕ ਜੋ ਪੁੱਤਰ ਦਾ ਇਨਕਾਰ ਕਰਦਾ ਹੈ ਪਿਤਾ ਉਹ ਦੇ ਕੋਲ ਨਹੀਂ। ਜਿਹੜਾ ਪੁੱਤਰ ਨੂੰ ਮੰਨ ਲੈਂਦਾ ਹੈ ਪਿਤਾ ਉਹ ਦੇ ਕੋਲ ਹੈ।
24ਜਿਹੜਾ ਸ਼ੁਰੂ ਤੋਂ ਤੁਸੀਂ ਸੁਣਿਆ ਉਹ ਤੁਹਾਡੇ ਵਿੱਚ ਕਾਇਮ ਰਹੇ। ਜੇ ਉਹ ਤੁਹਾਡੇ ਵਿੱਚ ਕਾਇਮ ਰਹੇ ਜਿਹੜਾ ਸ਼ੁਰੂ ਤੋਂ ਤੁਸੀਂ ਸੁਣਿਆ ਤਾਂ ਤੁਸੀਂ ਵੀ ਪੁੱਤਰ ਅਤੇ ਪਿਤਾ ਵਿੱਚ ਕਾਇਮ ਰਹੋਗੇ।
25ਅਤੇ ਇਹ ਉਹ ਵਾਇਦਾ ਹੈ, ਜਿਹੜਾ ਉਹ ਨੇ ਸਾਨੂੰ ਦਿੱਤਾ ਸੀ ਅਰਥਾਤ ਸਦੀਪਕ ਜੀਵਨ।
26ਮੈਂ ਤੁਹਾਨੂੰ ਇਹ ਗੱਲਾਂ ਉਨ੍ਹਾਂ ਦੇ ਵਿਖੇ ਲਿਖੀਆਂ ਜਿਹੜੇ ਤੁਹਾਨੂੰ ਭਰਮਾਉਣਾ ਚਾਹੁੰਦੇ ਹਨ।
27ਉਹ ਮਸਹ ਜੋ ਤੁਸੀਂ ਉਹ ਦੀ ਵੱਲੋਂ ਪਾਇਆ ਸੋ ਤੁਹਾਡੇ ਵਿੱਚ ਕਾਇਮ ਰਹਿੰਦਾ ਹੈ ਅਤੇ ਤੁਹਾਨੂੰ ਕੁਝ ਲੋੜ ਨਹੀਂ ਕਿ ਕੋਈ ਤੁਹਾਨੂੰ ਸਿੱਖਿਆ ਦੇਵੇ ਸਗੋਂ ਜਿਵੇਂ ਉਹ ਦਾ ਮਸਹ ਤੁਹਾਨੂੰ ਸਾਰੀਆਂ ਗੱਲਾਂ ਦੇ ਵਿਖੇ ਸਿੱਖਿਆ ਦਿੰਦਾ ਹੈ ਅਤੇ ਸੱਚ ਹੈ, ਝੂਠ ਨਹੀਂ, ਅਤੇ ਜਿਵੇਂ ਉਹ ਨੇ ਤੁਹਾਨੂੰ ਸਿੱਖਿਆ ਦਿੱਤੀ ਤਿਵੇਂ ਤੁਸੀਂ ਉਹ ਦੇ ਵਿੱਚ ਕਾਇਮ ਰਹੋ।
28ਅਤੇ ਹੁਣ ਹੇ ਬੱਚਿਓ, ਤੁਸੀਂ ਉਹ ਦੇ ਵਿੱਚ ਕਾਇਮ ਰਹੋ ਕਿ ਜਦੋਂ ਉਹ ਪ੍ਰਗਟ ਹੋਵੇ ਤਾਂ ਸਾਨੂੰ ਦਲੇਰੀ ਹੋਵੇ ਅਤੇ ਉਹ ਦੇ ਆਉਣ ਦੇ ਵੇਲੇ ਅਸੀਂ ਉਹ ਦੇ ਅੱਗੇ ਸ਼ਰਮਿੰਦੇ ਨਾ ਹੋਈਏ।
29ਜਦੋਂ ਤੁਸੀਂ ਜਾਣਦੇ ਹੋ ਜੋ ਉਹ ਧਰਮੀ ਹੈ ਤਾਂ ਤੁਹਾਨੂੰ ਪਤਾ ਹੈ ਕਿ ਹਰੇਕ ਜਿਹੜਾ ਧਾਰਮਿਕਤਾ ਦੇ ਕੰਮ ਕਰਦਾ ਹੈ ਸੋ ਉਸੇ ਤੋਂ ਜੰਮਿਆ ਹੈ l
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath