ਈਸਾਈ
ਪਿੱਛੇ

1 ਇਤਿਹਾਸ 29

1ਦਾਊਦ ਪਾਤਸ਼ਾਹ ਨੇ ਸਾਰੀ ਸਭਾ ਨੂੰ ਆਖਿਆ, ਮੇਰਾ ਪੁੱਤਰ ਸੁਲੇਮਾਨ ਜੋ ਇਕੱਲਾ ਪਰਮੇਸ਼ੁਰ ਨੇ ਚੁਣ ਲਿਆ ਹੈ, ਉਹ ਬਾਲਕ ਅਤੇ ਮਾਸੂਮ ਹੈ, ਪਰ ਕੰਮ ਬਹੁਤ ਵੱਡਾ ਹੈ ਕਿਉਂ ਜੋ ਉਹ ਭਵਨ ਮਨੁੱਖ ਦੇ ਲਈ ਨਹੀਂ ਸਗੋਂ ਯਹੋਵਾਹ ਪਰਮੇਸ਼ੁਰ ਦੇ ਲਈ ਹੋਵੇਗਾ।

2ਮੈਂ ਤਾਂ ਆਪਣੀ ਸਾਰੀ ਸ਼ਕਤੀ ਨਾਲ ਆਪਣੇ ਪਰਮੇਸ਼ੁਰ ਦੀ ਹੈਕਲ ਦੇ ਲਈ ਤਿਆਰੀ ਕੀਤੀ ਹੈ, ਸੋਨੇ ਦੀਆਂ ਵਸਤਾਂ ਦੇ ਲਈ ਸੋਨਾ, ਚਾਂਦੀ ਦੀਆਂ ਵਸਤਾਂ ਦੇ ਲਈ ਚਾਂਦੀ, ਪਿੱਤਲ ਦੀਆਂ ਵਸਤਾਂ ਦੇ ਲਈ ਪਿੱਤਲ, ਲੋਹੇ ਵਾਲੀਆਂ ਵਸਤਾਂ ਲਈ ਲੋਹਾ, ਲੱਕੜ ਗੜ੍ਹਾਂ ਦੇ ਲਈ ਲੱਕੜ, ਬਲੌਰੀ ਪੱਥਰ, ਜੜਨ ਘੜਨ ਲਈ ਭਾਂਤ-ਭਾਂਤ ਦੇ ਰੰਗੀਲੇ ਪੱਥਰ, ਹਰੇਕ ਪਰਕਾਰ ਦੇ ਅਨਮੋਲ ਪੱਥਰ ਅਤੇ ਬੇਅੰਤ ਚਿੱਟੇ ਪੱਥਰ ਤਿਆਰ ਕੀਤੇ।

3ਕਿਉਂ ਜੋ ਮੈਂ ਆਪਣਾ ਮਨ ਆਪਣੇ ਪਰਮੇਸ਼ੁਰ ਦੇ ਭਵਨ ਉੱਤੇ ਲਾਇਆ ਹੈ, ਇਸ ਲਈ ਮੈਂ ਇਸ ਤੋਂ ਇਲਾਵਾ ਜੋ ਮੈਂ ਪਵਿੱਤਰ ਸਥਾਨ ਦੇ ਲਈ ਤਿਆਰ ਕਰ ਛੱਡਿਆ, ਮੈਂ ਆਪਣੇ ਨਿੱਜ ਧਨ ਵਿੱਚੋਂ ਆਪਣੇ ਪਰਮੇਸ਼ੁਰ ਦੇ ਘਰ ਲਈ ਸੋਨਾ ਅਤੇ ਚਾਂਦੀ ਦਿੰਦਾ ਹਾਂ

4ਅਰਥਾਤ ਤਿੰਨ ਹਜ਼ਾਰ ਕਤਾਰ ਸੋਨਾ ਓਫੀਰੀ ਸੋਨੇ ਤੋਂ, ਅਤੇ ਸੱਤ ਹਜ਼ਾਰ ਕੰਤਾਰ ਖਰੀ ਚਾਂਦੀ ਸਥਾਨ ਦੀਆਂ ਕੰਧਾਂ ਤੇ ਮੜ੍ਹਨ ਲਈ

5ਉਹ ਸੋਨਾ ਸੋਨੇ ਦੀਆਂ ਵਸਤਾਂ ਦੇ ਲਈ, ਅਤੇ ਚਾਂਦੀ ਦੀਆਂ ਵਸਤਾਂ ਦੇ ਲਈ, ਅਤੇ ਕਾਰੀਗਰੀਆਂ ਦੇ ਹਰੇਕ ਪ੍ਰਕਾਰ ਦੇ ਕੰਮ ਦੇ ਲਈ ਹੈ। ਅਤੇ ਅਜਿਹਾ ਕਿਹੜਾ ਹੈ ਜੋ ਮਨ ਦੇ ਪ੍ਰੇਮ ਨਾਲ ਭੇਟਾਂ ਚੜ੍ਹਾ ਕੇ ਯਹੋਵਾਹ ਦੇ ਲਈ ਆਪਣੇ ਆਪ ਨੂੰ ਅਰਪਣ ਕਰੇ?

6ਤਦ ਪਿਤਾਵਾਂ ਦੀਆਂ ਕੁਲਾਂ ਦੇ ਸਰਦਾਰਾਂ ਅਤੇ ਇਸਰਾਏਲ ਦੇ ਗੋਤਾਂ ਦੇ ਸਰਦਾਰਾਂ ਅਤੇ ਹਜ਼ਾਰਾਂ ਅਤੇ ਸੈਂਕੜਿਆਂ ਦੇ ਸਰਦਾਰਾਂ ਅਤੇ ਪਾਤਸ਼ਾਹ ਦੇ ਰਾਜ ਕਾਜ ਦੇ ਸਰਦਾਰਾਂ ਨੇ ਮਨ ਦੇ ਪ੍ਰੇਮ ਨਾਲ ਭੇਟਾਂ ਚੜ੍ਹਾਈਆਂ

7ਅਤੇ ਉਨ੍ਹਾਂ ਨੇ ਪਰਮੇਸ਼ੁਰ ਦੇ ਭਵਨ ਦੀ ਟਹਿਲ ਸੇਵਾ ਲਈ ਇੱਕ ਸੌ ਅਠਾਸੀ ਟਨ ਸੋਨਾ ਅਤੇ ਦਸ ਹਜ਼ਾਰ ਮੋਹਰਾਂ ਅਤੇ ਲੱਗਭੱਗ ਤਿੰਨ ਸੌ ਪੰਝੱਤਰ ਟਨ ਚਾਂਦੀ ਅਤੇ ਛੇ ਸੌ ਪੰਝੱਤਰ ਟਨ ਪਿੱਤਲ ਅਤੇ ਤਿੰਨ ਹਜ਼ਾਰ ਸੱਤ ਸੌ ਟਨ ਲੋਹਾ ਦਿੱਤਾ

8ਅਤੇ ਜਿਨ੍ਹਾਂ ਦੇ ਕੋਲ ਅਣਮੋਲਕ ਪੱਥਰ ਸਨ, ਉਹਨਾਂ ਨੇ ਉਨ੍ਹਾਂ ਨੂੰ ਯਹੀਏਲ ਗੇਰਸ਼ੋਨੀ ਦੇ ਹੱਥੀਂ ਯਹੋਵਾਹ ਦੇ ਭਵਨ ਦੇ ਖਜ਼ਾਨੇ ਵਿੱਚ ਦੇ ਦਿੱਤਾ

9ਤਾਂ ਲੋਕਾਂ ਨੇ ਵੱਡਾ ਅਨੰਦ ਕੀਤਾ ਇਸ ਕਾਰਨ ਜੋ ਉਨ੍ਹਾਂ ਨੇ ਮਨ ਦੇ ਪ੍ਰੇਮ ਨਾਲ ਭੇਟਾਂ ਦਿੱਤੀਆਂ ਸਨ, ਕਿਉਂ ਜੋ ਸਿੱਧੇ ਮਨ ਨਾਲ ਉਨ੍ਹਾਂ ਨੇ ਯਹੋਵਾਹ ਦੇ ਲਈ ਭੇਟਾਂ ਚੜ੍ਹਾਈਆਂ ਸਨ ਅਤੇ ਦਾਊਦ ਪਾਤਸ਼ਾਹ ਨੇ ਵੀ ਬਹੁਤ ਅਨੰਦ ਕੀਤਾ।

10ਇਸ ਲਈ ਦਾਊਦ ਨੇ ਸਾਰੀ ਸਭਾ ਦੇ ਅੱਗੇ ਯਹੋਵਾਹ ਦਾ ਧੰਨਵਾਦ ਕੀਤਾ ਅਤੇ ਦਾਊਦ ਨੇ ਆਖਿਆ, ਹੇ ਯਹੋਵਾਹ ਸਾਡੇ ਪਿਤਾ ਇਸਰਾਏਲ ਦੇ ਪਰਮੇਸ਼ੁਰ, ਤੂੰ ਸਦੀਪਕਾਲ ਤੱਕ ਧੰਨ ਹੋ

11ਹੇ ਯਹੋਵਾਹ, ਵਡਿਆਈ, ਸ਼ਕਤੀ, ਪਰਤਾਪ, ਫ਼ਤਹ ਅਤੇ ਮਹਿਮਾ ਤੇਰੀ ਹੀ ਹੈ, ਕਿਉਂ ਜੋ ਸੱਭੋ ਕੁਝ ਜਿਹੜਾ ਅਕਾਸ਼ ਅਤੇ ਧਰਤੀ ਦੇ ਵਿੱਚ ਹੈ ਤੇਰਾ ਹੀ ਹੈ। ਹੇ ਯਹੋਵਾਹ, ਰਾਜ ਤੇਰਾ ਹੀ ਹੈ, ਤੂੰ ਸਭਨਾਂ ਦੇ ਸਿਰ ਉੱਤੇ ਅੱਤ ਉੱਚੇ ਤੋਂ ਉੱਚਾ ਹੈਂ।

12ਧਨ, ਮਾਯਾ ਅਤੇ ਪਤ ਤੇਰੀ ਵੱਲੋਂ ਹੀ ਆਉਂਦੀਆਂ ਹਨ ਅਤੇ ਤੂੰ ਸਾਰਿਆਂ ਦੇ ਸਿਰ ਉੱਤੇ ਰਾਜ ਕਰਦਾ ਹੈਂ, ਅਤੇ ਤੇਰੇ ਹੱਥ ਵਿੱਚ ਸ਼ਕਤੀ ਅਤੇ ਬਲ ਹਨ, ਅਤੇ ਤੇਰੇ ਅਧੀਨ ਹੈ ਜੋ ਵਡਿਆਈ ਅਤੇ ਬਲ ਸਾਰਿਆਂ ਨੂੰ ਬਖ਼ਸ਼ੇਂ

13ਹੁਣ ਇਸ ਲਈ ਹੇ ਸਾਡੇ ਪਰਮੇਸ਼ੁਰ, ਅਸੀਂ ਤੇਰਾ ਧੰਨਵਾਦ ਕਰਦੇ ਹਾਂ ਅਤੇ ਤੇਰੇ ਪ੍ਰਤਾਪ ਵਾਲੇ ਨਾਮ ਦੀ ਮਹਿਮਾ ਕਰਦੇ ਹਾਂ

14ਪਰ ਮੈਂ ਕੌਣ ਅਤੇ ਮੇਰੀ ਪਰਜਾ ਕੌਣ, ਜੋ ਅਸੀਂ ਇਸ ਪ੍ਰਕਾਰ ਮਨ ਦੇ ਪ੍ਰੇਮ ਨਾਲ ਭੇਟਾਂ ਚੜ੍ਹਾਉਣ ਦੀ ਸ਼ਕਤੀ ਰੱਖੀਏ? ਕਿਉਂ ਜੋ ਸਾਰੀਆਂ ਵਸਤਾਂ ਤੇਰੀ ਵੱਲੋਂ ਹੀ ਆਉਂਦੀਆਂ ਹਨ ਅਤੇ ਤੇਰੇ ਹੱਥ ਦੀ ਦਾਤ ਤੋਂ ਅਸੀਂ ਤੈਨੂੰ ਦਿੱਤਾ ਹੈ!

15ਅਸੀਂ ਤਾਂ ਆਪਣੇ ਪੁਰਖਿਆਂ ਵਾਂਗੂੰ ਤੇਰੇ ਅੱਗੇ ਓਪਰੇ ਅਤੇ ਰਾਹੀ ਹਾਂ, ਧਰਤੀ ਉੱਤੇ ਸਾਡੇ ਦਿਨ ਛਾਂ ਵਾਂਗੂੰ ਹਨ ਅਤੇ ਕੁਝ ਠਿਕਾਣਾ ਹੈ ਨਹੀਂ।

16ਹੇ ਯਹੋਵਾਹ ਸਾਡੇ ਪਰਮੇਸ਼ੁਰ, ਇਹ ਸਭ ਭੰਡਾਰ ਜਿਹੜਾ ਅਸੀਂ ਇਕੱਠਾ ਕੀਤਾ ਹੈ, ਕਿ ਤੇਰੇ ਪਵਿੱਤਰ ਨਾਮ ਦੇ ਲਈ ਇੱਕ ਭਵਨ ਬਣਾਈਏ ਤੇਰੇ ਹੀ ਹੱਥੋਂ ਆਇਆ ਹੈ ਅਤੇ ਸਭ ਤੇਰਾ ਹੀ ਹੈ।

17ਹੇ ਮੇਰੇ ਪਰਮੇਸ਼ੁਰ, ਮੈਂ ਇਸ ਗੱਲ ਨੂੰ ਵੀ ਜਾਣਦਾ ਹਾਂ ਕਿ ਤੂੰ ਮਨ ਨੂੰ ਜਾਂਚਦਾ ਹੈਂ ਅਤੇ ਸਚਿਆਈ ਤੈਨੂੰ ਚੰਗੀ ਲੱਗਦੀ ਹੈ, ਅਤੇ ਮੈਂ ਤਾਂ ਆਪਣੇ ਮਨ ਦੀ ਸਚਿਆਈ ਨਾਲ ਇਹ ਸਭ ਕੁਝ ਮਨ ਦੇ ਪ੍ਰੇਮ ਨਾਲ ਚੜ੍ਹਾਇਆ ਹੈ ਅਤੇ ਮੈਂ ਵੱਡੀ ਸ਼ਾਂਤੀ ਨਾਲ ਇਹ ਵੀ ਦੇਖਿਆ ਜੋ ਤੇਰੀ ਪਰਜਾ ਜਿਹੜੀ ਇੱਥੇ ਹਾਜ਼ਰ ਹੈ, ਮਨ ਦੇ ਪ੍ਰੇਮ ਨਾਲ ਤੇਰੇ ਲਈ ਦਿੰਦੇ ਹਨ।

18ਹੇ ਯਹੋਵਾਹ ਸਾਡੇ ਪਿਤਾਵਾਂ ਅਬਰਾਹਾਮ, ਇਸਹਾਕ, ਅਤੇ ਇਸਰਾਏਲ ਦੇ ਪਰਮੇਸ਼ੁਰ ਆਪਣੀ ਪਰਜਾ ਦੇ ਹਿਰਦਿਆਂ ਦੇ ਧਿਆਨ ਅਤੇ ਵਿਚਾਰਾਂ ਵਿੱਚ ਸਦਾ ਇਹ ਦ੍ਰਿੜ੍ਹ ਕਰ, ਅਤੇ ਉਨ੍ਹਾਂ ਦੇ ਮਨਾਂ ਨੂੰ ਆਪਣੇ ਲਈ ਤਿਆਰ ਕਰ!

19ਅਤੇ ਮੇਰੇ ਪੁੱਤਰ ਸੁਲੇਮਾਨ ਨੂੰ ਸੱਚਾ ਮਨ ਬਖਸ਼ ਤਾਂ ਜੋ ਉਹ ਤੇਰਿਆਂ ਹੁਕਮਾਂ ਅਤੇ ਸਾਖੀਆਂ ਬਿਧੀਆਂ ਦੀ ਪਾਲਨਾ ਕਰੇ ਅਤੇ ਇੰਨ੍ਹਾਂ ਸਭਨਾਂ ਦੇ ਅਨੁਸਾਰ ਚੱਲੇ ਅਤੇ ਉਸ ਭਵਨ ਨੂੰ ਉਸਾਰੇ, ਜਿਸ ਦੇ ਲਈ ਮੈਂ ਤਿਆਰੀ ਕੀਤੀ ਹੈ।

20ਤਦ ਦਾਊਦ ਨੇ ਸਾਰੀ ਸਭਾ ਨੂੰ ਆਗਿਆ ਦਿੱਤੀ ਕਿ ਹੁਣ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਧੰਨ ਆਖੋ! ਤਾਂ ਸਾਰੀ ਸਭਾ ਨੇ ਯਹੋਵਾਹ ਆਪਣੇ ਪੁਰਖਿਆਂ ਦੇ ਪਰਮੇਸ਼ੁਰ ਦੀ ਮਹਿਮਾ ਕੀਤੀ ਅਤੇ ਆਪੋ ਆਪਣੇ ਸਿਰ ਝੁਕਾ ਕੇ ਯਹੋਵਾਹ ਨੂੰ ਅਤੇ ਪਾਤਸ਼ਾਹ ਨੂੰ ਮੱਥਾ ਟੇਕਿਆ

21ਅਤੇ ਉਨ੍ਹਾਂ ਨੇ ਅਗਲੇ ਦਿਨ ਸਵੇਰ ਨੂੰ ਯਹੋਵਾਹ ਦੇ ਲਈ ਬਲੀਦਾਨਾਂ ਨੂੰ ਬਲੀਦਾਨ ਕੀਤਾ, ਅਤੇ ਯਹੋਵਾਹ ਦੇ ਲਈ ਹੋਮ ਦੀਆਂ ਭੇਟਾਂ ਚੜ੍ਹਾਈਆਂ, ਅਰਥਾਤ ਇੱਕ ਹਜ਼ਾਰ ਬਲ਼ਦ, ਇੱਕ ਹਜ਼ਾਰ ਛੱਤਰਾ, ਅਤੇ ਇੱਕ ਹਜ਼ਾਰ ਲੇਲਾ, ਉਨ੍ਹਾਂ ਦੇ ਪੀਣ ਦੀਆਂ ਭੇਟਾਂ ਅਤੇ ਬੇਅੰਤ ਬਲੀਆਂ ਸਣੇ ਜੋ ਸਾਰੀ ਇਸਰਾਏਲ ਦੇ ਲਈ ਸਨ

22ਅਤੇ ਉਨ੍ਹਾਂ ਨੇ ਉਸੇ ਦਿਨ ਵੱਡੇ ਅਨੰਦ ਨਾਲ ਯਹੋਵਾਹ ਦੇ ਅੱਗੇ ਖਾਧਾ ਪੀਤਾ ਅਤੇ ਉਨ੍ਹਾਂ ਨੇ ਫੇਰ ਦੂਜੀ ਵਾਰੀ ਦਾਊਦ ਦੇ ਪੁੱਤਰ ਸੁਲੇਮਾਨ ਨੂੰ ਪਾਤਸ਼ਾਹ ਠਹਿਰਾਇਆ ਅਤੇ ਉਹ ਨੂੰ ਯਹੋਵਾਹ ਦੇ ਲਈ ਪ੍ਰਧਾਨ ਹੋਣ ਲਈ ਮਸਹ ਕੀਤਾ, ਅਤੇ ਸਾਦੋਕ ਨੂੰ ਜਾਜਕ ਹੋਣ ਦੇ ਲਈ

23ਅਖ਼ੀਰ, ਸੁਲੇਮਾਨ ਯਹੋਵਾਹ ਦੇ ਸਿੰਘਾਸਣ ਉੱਤੇ ਰਾਜਾ ਹੋ ਕੇ ਆਪਣੇ ਪਿਤਾ ਦਾਊਦ ਦੇ ਥਾਂ ਬਿਰਾਜਮਾਨ ਹੋਇਆ ਅਤੇ ਧਨ ਸੰਪਤੀ ਵਾਲਾ ਹੋਇਆ ਅਤੇ ਸਾਰਾ ਇਸਰਾਏਲ ਉਸ ਦੀ ਆਗਿਆਕਾਰੀ ਕਰਦਾ ਸੀ।

24ਅਤੇ ਸਾਰੇ ਸਰਦਾਰ, ਸੂਰਮੇ, ਦਾਊਦ ਪਾਤਸ਼ਾਹ ਦੇ ਸਾਰੇ ਪੁੱਤਰ ਵੀ ਸੁਲੇਮਾਨ ਪਾਤਸ਼ਾਹ ਦੇ ਆਗਿਆਕਾਰੀ ਹੋਏ

25ਅਤੇ ਯਹੋਵਾਹ ਨੇ ਸਾਰੇ ਇਸਰਾਏਲ ਦੇ ਵੇਖਣ ਵਿੱਚ ਸੁਲੇਮਾਨ ਦੀ ਵੱਡੀ ਮਹਿਮਾ ਕੀਤੀ ਅਤੇ ਉਸ ਨੂੰ ਅਜਿਹਾ ਰਾਜ ਦਾ ਤੇਜ ਬਖ਼ਸ਼ ਦਿੱਤਾ, ਜਿਹੋ ਜਿਹਾ ਉਸ ਤੋਂ ਪਹਿਲੋਂ ਇਸਰਾਏਲ ਵਿੱਚ ਕਿਸੇ ਰਾਜੇ ਦਾ ਨਹੀਂ ਹੋਇਆ ਸੀ।

26ਦਾਊਦ, ਯੱਸੀ ਦਾ ਪੁੱਤਰ ਸਾਰੇ ਇਸਰਾਏਲ ਉੱਤੇ ਰਾਜ ਕਰਦਾ ਸੀ

27ਉਹ ਸਮਾਂ ਜਿਸ ਵਿੱਚ ਉਹ ਇਸਰਾਏਲ ਉੱਤੇ ਰਾਜ ਕਰ ਰਿਹਾ ਸੀ ਸੋ ਚਾਲ੍ਹੀ ਸਾਲਾਂ ਦਾ ਸੀ, ਸੱਤ ਸਾਲ ਉਸ ਨੇ ਹਬਰੋਨ ਵਿੱਚ ਰਾਜ ਕੀਤਾ ਸੀ ਅਤੇ ਤੇਤੀ ਸਾਲ ਤੱਕ ਯਰੂਸ਼ਲਮ ਵਿੱਚ ਰਾਜ ਕੀਤਾ

28ਉਹ ਚੰਗੀ ਲੰਮੀ ਅਵਸਥਾ ਵਿੱਚ ਜੀਉਣ, ਧਨ ਅਤੇ ਪਤ ਨਾਲ ਪੂਰੀ ਤਰ੍ਹਾਂ ਪੂਰਨ ਹੋ ਕੇ ਮਰ ਗਿਆ ਅਤੇ ਉਸ ਦਾ ਪੁੱਤਰ ਸੁਲੇਮਾਨ ਉਸ ਦੇ ਥਾਂ ਪਾਤਸ਼ਾਹ ਹੋਇਆ

29ਅਤੇ ਦਾਊਦ ਪਾਤਸ਼ਾਹ ਦਾ ਵਿਰਤਾਂਤ ਆਦ ਤੋਂ ਲੈ ਕੇ ਅੰਤ ਤੱਕ, ਵੇਖੋ, ਉਹ ਸਮੂਏਲ ਅਗੰਮ ਗਿਆਨੀ ਦੇ ਇਤਿਹਾਸ ਵਿੱਚ ਅਤੇ ਨਾਥਾਨ ਨਬੀ ਦੇ ਇਤਿਹਾਸ ਵਿੱਚ ਅਤੇ ਗਾਦ ਅਗੰਮ ਗਿਆਨੀ ਦੇ ਇਤਿਹਾਸ ਵਿੱਚ ਲਿਖਿਆ ਹੈ

30ਅਰਥਾਤ ਉਸ ਦੇ ਸਾਰੇ ਰਾਜ ਅਤੇ ਬਲ ਦਾ ਵਰਨਣ ਅਤੇ ਜਿਹੜੇ-ਜਿਹੜੇ ਸਮੇਂ ਉਸ ਉੱਤੇ ਅਤੇ ਇਸਰਾਏਲ ਉੱਤੇ ਅਤੇ ਸਾਰੇ ਦੇਸਾਂ ਦੀਆਂ ਸਾਰੀਆਂ ਰਾਜਧਾਨੀਆਂ ਉੱਤੇ ਵਰਤਮਾਨ ਹੋਏ ਸਨ ਉਨ੍ਹਾਂ ਦਾ ਹਾਲ ਸਭ ਲਿਖਿਆ ਹੈ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath