ਈਸਾਈ
ਪਿੱਛੇ

1 ਇਤਿਹਾਸ 28

1ਦਾਊਦ ਨੇ ਇਸਰਾਏਲ ਦੇ ਸਾਰਿਆਂ ਸਰਦਾਰਾਂ ਨੂੰ, ਅਰਥਾਤ ਗੋਤਾਂ ਦੇ ਸਰਦਾਰਾਂ ਨੂੰ ਅਤੇ ਉਨ੍ਹਾਂ ਮੰਡਲੀਆਂ ਦੇ ਸਰਦਾਰਾਂ ਨੂੰ, ਜਿਹੜੇ ਵਾਰੋ-ਵਾਰੀ ਪਾਤਸ਼ਾਹ ਦੀ ਸੇਵਾ ਕਰਦੇ ਸਨ ਅਤੇ ਹਜ਼ਾਰਾਂ ਦੇ ਸਰਦਾਰਾਂ ਨੂੰ, ਸੈਂਕੜਿਆਂ ਦੇ ਸਰਦਾਰਾਂ ਨੂੰ, ਪਾਤਸ਼ਾਹ ਅਤੇ ਉਸ ਦੇ ਪੁੱਤਰਾਂ ਦੇ ਸਾਰੇ ਮਾਲ ਧਨ ਦੇ ਸਰਦਾਰਾਂ ਨੂੰ, ਹੁੱਦੇਦਾਰਾਂ ਨੂੰ, ਸੂਰਮਿਆਂ ਨੂੰ, ਅਤੇ ਸਾਰੇ ਮਹਾਂ ਬਲੀਆਂ ਨੂੰ ਯਰੂਸ਼ਲਮ ਵਿੱਚ ਇਕੱਠਿਆਂ ਕੀਤਾ

2ਤਾਂ ਦਾਊਦ ਪਾਤਸ਼ਾਹ ਨੇ ਆਪਣੇ ਪੱਬਾਂ ਦੇ ਭਾਰ ਖੜਾ ਹੋ ਕੇ ਆਖਿਆ, ਹੇ ਮੇਰੇ ਭਾਈਓ ਅਤੇ ਹੇ ਮੇਰੀ ਪਰਜਾ, ਮੇਰੀ ਸੁਣੋ! ਮੇਰੇ ਮਨ ਵਿੱਚ ਸੀ ਕਿ ਮੈਂ ਯਹੋਵਾਹ ਦੇ ਨੇਮ ਦੇ ਸੰਦੂਕ ਦੇ ਲਈ ਸੁੱਖ ਸਥਾਨ ਅਤੇ ਸਾਡੇ ਪਰਮੇਸ਼ੁਰ ਦੇ ਪੈਰਾਂ ਦੇ ਤਲੇ ਦੀ ਚੌਂਕੀ ਬਣਾਵਾਂ, ਅਤੇ ਮੈਂ ਉਸ ਦੇ ਬਣਾਉਣ ਦੇ ਲਈ ਤਿਆਰੀ ਕੀਤੀ ਸੀ

3ਪਰ ਪਰਮੇਸ਼ੁਰ ਨੇ ਮੈਨੂੰ ਆਖਿਆ, ਤੂੰ ਮੇਰੇ ਨਾਮ ਦੇ ਲਈ ਭਵਨ ਨਾ ਬਣਾ, ਕਿਉਂਕਿ ਤੂੰ ਇੱਕ ਯੋਧਾ ਹੈ ਅਤੇ ਤੂੰ ਲਹੂ ਵਹਾਇਆ ਹੈ,

4ਪਰੰਤੂ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਨੇ ਮੈਨੂੰ ਮੇਰੇ ਪਿਤਾ ਦੇ ਸਾਰੇ ਵੰਸ਼ ਵਿੱਚੋਂ ਚੁਣ ਲਿਆ, ਜੋ ਮੈਂ ਇਸਰਾਏਲ ਦੇ ਉੱਤੇ ਸਦਾ ਤੱਕ ਪਾਤਸ਼ਾਹ ਹੋਵਾਂ, ਕਿਉਂ ਜੋ ਉਸ ਨੇ ਯਹੂਦਾਹ ਨੂੰ ਆਗੂ ਹੋਣ ਦੇ ਲਈ ਚੁਣ ਕੇ ਕੱਢਿਆ ਅਤੇ ਯਹੂਦਾਹ ਦੇ ਵੰਸ਼ ਵਿੱਚੋਂ ਮੇਰੇ ਪਿਤਾ ਦੇ ਪਰਿਵਾਰ ਨੂੰ ਅਤੇ ਮੇਰੇ ਪਿਤਾ ਦੇ ਪੁੱਤਰਾਂ ਵਿੱਚੋਂ ਮੈਨੂੰ ਪਸੰਦ ਕੀਤਾ, ਜੋ ਮੈਨੂੰ ਸਾਰੇ ਇਸਰਾਏਲ ਦਾ ਪਾਤਸ਼ਾਹ ਬਣਾਵੇ

5ਅਤੇ ਮੇਰਿਆਂ ਸਾਰਿਆਂ ਪੁੱਤਰਾਂ ਵਿੱਚੋਂ (ਹਾਂ ਯਹੋਵਾਹ ਨੇ ਮੈਨੂੰ ਬਹੁਤ ਪੁੱਤਰ ਬਖਸ਼ ਦਿੱਤੇ ਹਨ) ਉਸ ਨੇ ਮੇਰੇ ਪੁੱਤਰ ਸੁਲੇਮਾਨ ਨੂੰ ਪਸੰਦ ਕੀਤਾ, ਤਾਂ ਕਿ ਯਹੋਵਾਹ ਦੇ ਰਾਜ ਵਿੱਚ ਇਸਰਾਏਲ ਦੀ ਗੱਦੀ ਉੱਤੇ ਬਿਰਾਜਮਾਨ ਹੋਵੇ।

6ਉਸ ਨੇ ਮੈਨੂੰ ਕਿਹਾ, ਤੇਰਾ ਪੁੱਤਰ ਸੁਲੇਮਾਨ ਮੇਰੇ ਲਈ ਭਵਨ ਅਤੇ ਦਰਬਾਰਾਂ ਨੂੰ ਬਣਾਵੇਗਾ ਕਿਉਂ ਜੋ ਮੈਂ ਉਸ ਨੂੰ ਚੁਣ ਲਿਆ ਹੈ, ਜੋ ਉਹ ਮੇਰਾ ਪੁੱਤਰ ਹੋਵੇ ਅਤੇ ਮੈਂ ਉਸ ਦਾ ਪਿਤਾ ਹੋਵਾਂ

7ਅਤੇ ਜੇ ਉਹ ਮੇਰੇ ਨਿਆਂਵਾਂ ਅਤੇ ਮੇਰਿਆਂ ਹੁਕਮਾਂ ਦੇ ਮੰਨਣ ਵਿੱਚ ਪੱਕਾ ਰਹੇਗਾ, ਜਿਵੇਂ ਇਸ ਵੇਲੇ ਹੈ ਤਾਂ ਮੈਂ ਉਸ ਦਾ ਰਾਜ ਸਦਾ ਤੱਕ ਸਥਿਰ ਕਰਾਂਗਾ

8ਇਸ ਲਈ ਹੁਣ ਸਾਰੇ ਇਸਰਾਏਲ ਦੇ ਵੇਖਦਿਆਂ, ਅਰਥਾਤ ਯਹੋਵਾਹ ਦੀ ਸਭਾ ਦੇ ਅੱਗੇ ਅਤੇ ਸਾਡੇ ਪਰਮੇਸ਼ੁਰ ਦੇ ਸੁਣਨ ਵਿੱਚ ਤੁਹਾਨੂੰ ਸਮਝਾਉਂਦਾ ਹਾਂ ਕਿ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀਆਂ ਸਾਰੀਆਂ ਆਗਿਆਵਾਂ ਉੱਤੇ ਧਿਆਨ ਰੱਖੋ, ਅਤੇ ਉਸ ਦੀ ਖੋਜ ਕਰੋ ਤਾਂ ਜੋ ਤੁਸੀਂ ਇਸ ਚੰਗੇ ਦੇਸ ਦੇ ਮਾਲਕ ਹੋਵੋ ਅਤੇ ਆਪਣੇ ਪਿੱਛੋਂ ਆਪਣੀ ਸੰਤਾਨ ਨੂੰ ਸਦਾ ਦੇ ਅਧਿਕਾਰ ਲਈ ਛੱਡ ਜਾਓ।

9ਤੂੰ ਹੇ ਮੇਰੇ ਪੁੱਤਰ ਸੁਲੇਮਾਨ, ਤੂੰ ਆਪਣੇ ਪਿਤਾ ਦੇ ਪਰਮੇਸ਼ੁਰ ਨੂੰ ਜਾਣ ਅਤੇ ਦ੍ਰਿੜ੍ਹ ਮਨ ਨਾਲ, ਅਤੇ ਚਿੱਤ ਦੇ ਪ੍ਰੇਮ ਨਾਲ ਉਸ ਦੀ ਟਹਿਲ ਸੇਵਾ ਕਰ, ਕਿਉਂ ਜੋ ਯਹੋਵਾਹ ਸਾਰਿਆਂ ਮਨਾਂ ਨੂੰ ਜਾਂਚਦਾ ਹੈ ਅਤੇ ਜੋ ਵਿਚਾਰ ਪੈਦਾ ਹੁੰਦੇ ਹਨ ਉਹਨਾਂ ਨੂੰ ਜਾਣਦਾ ਹੈ। ਜੇ ਤੂੰ ਉਸ ਨੂੰ ਖ਼ੋਜੇਂਗਾ ਤਾਂ ਉਹ ਤੈਨੂੰ ਮਿਲ ਜਾਵੇਗਾ ਪਰ ਜੇ ਤੂੰ ਉਸ ਨੂੰ ਤਿਆਗ ਦੇਵੇਂ ਤਾਂ ਉਹ ਤੈਨੂੰ ਸਦੀਪਕਾਲ ਤੱਕ ਤਿਆਗ ਦੇਵੇਗਾ

10ਹੁਣ ਵੇਖ, ਕਿਉਂ ਜੋ ਯਹੋਵਾਹ ਨੇ ਤੈਨੂੰ ਚੁਣਿਆ ਹੈ, ਤਾਂ ਕਿ ਤੂੰ ਪਵਿੱਤਰ ਸਥਾਨ ਦੇ ਲਈ ਇੱਕ ਭਵਨ ਬਣਾਵੇਂ। ਉੱਠ, ਤਕੜਾ ਹੋ ਅਤੇ ਉਸ ਨੂੰ ਬਣਾ!।

11ਤਾਂ ਦਾਊਦ ਨੇ ਆਪਣੇ ਪੁੱਤਰ ਸੁਲੇਮਾਨ ਨੂੰ ਉਸ ਦੇ ਦਲਾਨਾਂ ਦਾ, ਉਸ ਦੇ ਘਰਾਂ ਦਾ, ਉਸ ਦੇ ਭੰਡਾਰਾਂ ਦਾ, ਉਸ ਦੀਆਂ ਉੱਪਰਲੀਆਂ ਕੋਠੜੀਆਂ ਦਾ, ਉਸ ਦੀਆਂ ਅੰਦਰਲੀਆਂ ਕੋਠੜੀਆਂ ਦਾ ਅਤੇ ਉਸ ਦੀ ਪ੍ਰਾਸਚਿੱਤ ਦੇ ਸਥਾਨ ਦਾ ਨਕਸ਼ਾ ਦਿੱਤਾ

12ਅਤੇ ਉਨ੍ਹਾਂ ਸਭਨਾਂ ਦਾ ਨਕਸ਼ਾ ਜਿਹੜਾ ਉਹ ਦੇ ਆਤਮਾ ਵਿੱਚ ਸੀ, ਅਰਥਾਤ ਯਹੋਵਾਹ ਦੇ ਭਵਨ ਦੇ ਵਿਹੜਿਆਂ ਦਾ, ਇਰਦ-ਗਿਰਦ ਦੀਆਂ ਕੋਠੜੀਆਂ ਦਾ, ਪਰਮੇਸ਼ੁਰ ਦੇ ਘਰ ਦੇ ਭੰਡਾਰਾਂ ਦਾ, ਚੜ੍ਹਾਈਆਂ ਹੋਈਆਂ ਵਸਤਾਂ ਦੇ ਖਜ਼ਾਨਿਆਂ ਦਾ

13ਅਤੇ ਜਾਜਕਾਂ ਤੇ ਲੇਵੀਆਂ ਦੀਆਂ ਵਾਰੀਆਂ ਦਾ, ਅਤੇ ਯਹੋਵਾਹ ਦੇ ਭਵਨ ਦੀ ਟਹਿਲ ਸੇਵਾ ਦੇ ਸਾਰੇ ਕਾਰਜ ਦੇ ਲਈ, ਅਤੇ ਯਹੋਵਾਹ ਦੇ ਭਵਨ ਦੀ ਭਗਤੀ ਦੇ ਸਾਰੇ ਭਾਂਡਿਆ ਦੇ ਲਈ

14ਅਤੇ ਸੋਨੇ ਦੇ ਭਾਂਡਿਆ ਦੇ ਲਈ ਸੋਨਾ ਤੋਲ ਕੇ ਦਿੱਤਾ, ਹਰੇਕ ਪ੍ਰਕਾਰ ਦੀ ਸੇਵਾ ਦੇ ਸਾਰੇ ਭਾਂਡਿਆ ਦੇ ਲਈ ਅਤੇ ਚਾਂਦੀ ਦੇ ਸਾਰੇ ਭਾਂਡਿਆ ਦੇ ਲਈ ਚਾਂਦੀ ਤੋਲ ਦਿੱਤੀ, ਸਭ ਪ੍ਰਕਾਰ ਦੀ ਟਹਿਲ ਸੇਵਾ ਦੇ ਸਾਰੇ ਭਾਂਡਿਆ ਦੇ ਲਈ

15ਅਤੇ ਸੁਨਹਿਰੀ ਦੀਵਟ ਅਤੇ ਉਨ੍ਹਾਂ ਦੇ ਸੁਨਹਿਰੀ ਦੀਵਿਆਂ ਦੇ ਲਈ ਵੀ ਤੋਲ ਨਾਲ ਦਿੱਤਾ ਹਰੇਕ ਦੀਵਟ ਅਤੇ ਉਸ ਦੇ ਦੀਵਿਆਂ ਦੇ ਲਈ ਸੋਨਾ ਤੋਲ ਕੇ ਦਿੱਤਾ ਅਤੇ ਚਾਂਦੀ ਦੀਆਂ ਦੀਵਟਾਂ ਦੇ ਲਈ ਚਾਂਦੀ ਤੋਲ ਦਿੱਤੀ, ਹਰੇਕ ਦੀਵਟ ਅਤੇ ਉਸ ਦੇ ਦੀਵਿਆਂ ਦੇ ਲਈ, ਜਿਵੇਂ ਹਰੇਕ ਦੀਵਟ ਦੇ ਕੰਮ ਲਈ ਜ਼ਰੂਰੀ ਸੀ, ਚਾਂਦੀ ਤੋਲ ਨਾਲ ਦਿੱਤੀ

16ਅਤੇ ਚੜਾਵੇ ਦੀ ਰੋਟੀ ਦੀਆਂ ਮੇਜ਼ਾਂ ਦੀ ਮਿਣਤੀ ਦੇ ਅਨੁਸਾਰ ਹਰੇਕ ਮੇਜ਼ ਲਈ ਸੋਨਾ ਤੋਲ ਦਿੱਤਾ ਅਤੇ ਚਾਂਦੀ ਦੀਆਂ ਮੇਜ਼ਾਂ ਦੇ ਲਈ ਚਾਂਦੀ ਤੋਲ ਦਿੱਤੀ।

17ਕਾਂਟਿਆਂ, ਬਾਟੀਆਂ ਅਤੇ ਕਟੋਰਿਆਂ ਦੇ ਲਈ ਕੁੰਦਨ ਸੋਨਾ ਦਿੱਤਾ, ਅਤੇ ਸੁਨਹਿਰੀ ਛੰਨਿਆਂ ਦੇ ਲਈ ਹਰੇਕ ਛੰਨੇ ਦੇ ਲਈ ਸੋਨਾ ਤੋਲ ਨਾਲ ਦਿੱਤਾ ਅਤੇ ਚਾਂਦੀ ਦੇ ਛੰਨਿਆਂ ਦੇ ਲਈ ਹਰੇਕ ਛੰਨੇ ਦੇ ਲਈ ਚਾਂਦੀ ਤੋਲ ਕੇ ਦਿੱਤਾ,

18ਅਤੇ ਧੂਪ ਦੀ ਜਗਵੇਦੀ ਦੇ ਲਈ ਕੁੰਦਨ ਸੋਨਾ ਤੋਲ ਦਿੱਤਾ ਅਤੇ ਕਰੂਬੀਆਂ ਦੇ ਸੁਨਹਿਰੀ ਰਥ ਦੇ ਨਮੂਨੇ ਦੇ ਅਨੁਸਾਰ ਜਿਹੜੇ ਖੰਭ ਪਸਾਰੇ ਹੋਏ ਯਹੋਵਾਹ ਦੇ ਨੇਮ ਦੇ ਸੰਦੂਕ ਉੱਤੇ ਪੜਦਾ ਕਰਦੇ ਹਨ।

19ਦਾਊਦ ਬੋਲਿਆ, ਇਹ ਸੱਭੇ ਲਿਖਤ ਨਾਲ ਯਹੋਵਾਹ ਨੇ ਆਪਣੇ ਹੱਥ ਦੇ ਰਾਹੀਂ ਜੋ ਮੇਰੇ ਉੱਤੇ ਸੀ ਇਸ ਨਕਸ਼ੇ ਦੇ ਸਾਰੇ ਕੰਮ ਮੈਨੂੰ ਸਿਖਾਏ

20ਅਤੇ ਦਾਊਦ ਨੇ ਆਪਣੇ ਪੁੱਤਰ ਸੁਲੇਮਾਨ ਨੂੰ ਆਖਿਆ, ਤਕੜਾ ਅਤੇ ਸੂਰਮਾ ਹੋ ਅਤੇ ਕੰਮ ਕਰ, ਨਾ ਡਰੀਂ ਅਤੇ ਨਾ ਘਬਰਾਵੀਂ, ਕਿਉਂ ਜੋ ਯਹੋਵਾਹ ਪਰਮੇਸ਼ੁਰ ਅਰਥਾਤ ਮੇਰਾ ਪਰਮੇਸ਼ੁਰ ਤੇਰੇ ਅੰਗ-ਸੰਗ ਹੈ, ਉਹ ਤੈਨੂੰ ਨਾ ਭੁੱਲੇਗਾ ਨਾ ਤੈਨੂੰ ਤਿਆਗੇਗਾ ਜਦ ਤੱਕ ਯਹੋਵਾਹ ਦੇ ਭਵਨ ਦੀ ਟਹਿਲ ਸੇਵਾ ਲਈ ਸਾਰਾ ਕੰਮ ਸੰਪੂਰਨ ਨਾ ਹੋਵੇ!

21ਅਤੇ ਵੇਖ, ਜਾਜਕਾਂ ਅਤੇ ਲੇਵੀਆਂ ਦੀਆਂ ਟੋਲੀਆਂ ਪਰਮੇਸ਼ੁਰ ਦੇ ਭਵਨ ਦੀ ਸਾਰੀ ਟਹਿਲ ਸੇਵਾ ਦੇ ਲਈ ਹਾਜ਼ਰ ਹਨ ਅਤੇ ਹਰ ਪਰਕਾਰ ਦੇ ਕਾਰਜ ਲਈ ਸਾਰੇ ਪੁਰਸ਼ ਜਿਹੜੇ ਹਰ ਪਰਕਾਰ ਦੀ ਸੇਵਾ ਵਿੱਚ ਚਤਰ ਹਨ, ਤੇਰੇ ਨਾਲ ਹੋਣਗੇ, ਸਰਦਾਰ ਅਤੇ ਸਾਰੇ ਲੋਕ ਤੇਰੀ ਆਗਿਆ ਵਿੱਚ ਹੋਣਗੇ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath