ਈਸਾਈ
ਪਿੱਛੇ

1 ਇਤਿਹਾਸ 19

1ਇਹ ਦੇ ਪਿੱਛੋਂ ਅਜਿਹਾ ਹੋਇਆ ਜੋ ਅੰਮੋਨੀਆਂ ਦਾ ਰਾਜਾ ਮਰ ਗਿਆ ਅਤੇ ਉਸ ਦਾ ਪੁੱਤਰ ਹਾਨੂਨ ਉਸ ਦੀ ਥਾਂ ਸਿੰਘਾਸਣ ਉੱਤੇ ਬੈਠਾ।

2ਅਤੇ ਦਾਊਦ ਨੇ ਆਖਿਆ, ਮੈਂ ਨਾਹਾਸ਼ ਦੇ ਪੁੱਤਰ ਹਾਨੂਨ ਨਾਲ ਦਯਾ ਦਾ ਵਿਹਾਰ ਕਰਾਂਗਾ ਕਿਉਂ ਜੋ ਉਹ ਦੇ ਪਿਤਾ ਨੇ ਮੇਰੇ ਨਾਲ ਉਸੇ ਤਰ੍ਹਾਂ ਕੀਤਾ ਸੀ, ਸੋ ਦਾਊਦ ਨੇ ਦੂਤਾਂ ਨੂੰ ਭੇਜ ਦਿੱਤਾ ਜੋ ਉਸ ਦੇ ਪਿਤਾ ਦਾ ਅਫ਼ਸੋਸ ਕਰਨ ਅਤੇ ਦਾਊਦ ਦੇ ਸੇਵਕ ਅੰਮੋਨੀਆਂ ਦੇ ਦੇਸ਼ ਵਿੱਚ ਹਾਨੂਨ ਕੋਲ ਆ ਪਹੁੰਚੇ ਕਿ ਉਸ ਨੂੰ ਤਸੱਲੀ ਦੇਣ

3ਤਦ ਅੰਮੋਨੀਆਂ ਦੇ ਪ੍ਰਧਾਨਾਂ ਨੇ ਹਾਨੂਨ ਨੂੰ ਆਖਿਆ, “ਮਹਾਰਾਜ ਤੁਹਾਨੂੰ ਇਸ ਤਰ੍ਹਾਂ ਕਿਉਂ ਲੱਗਦਾ ਹੈ ਕਿ ਦਾਊਦ ਨੇ ਤੁਹਾਡੇ ਪਿਤਾ ਦਾ ਅਫ਼ਸੋਸ ਕਰਨ ਲਈ ਤੁਹਾਡੇ ਕੋਲ ਲੋਕ ਭੇਜੇ ਹਨ? ਕੀ ਉਹ ਦੇ ਸੇਵਕ ਤੁਹਾਡੇ ਕੋਲ ਇਸ ਲਈ ਨਹੀਂ ਆਏ ਕਿ ਖੋਜ ਕਰਨ, ਨਾਸ ਕਰਨ ਅਤੇ ਦੇਸ ਦਾ ਭੇਤ ਲੈਣ?”

4ਗੱਲ ਕਾਹਦੀ, ਹਾਨੂਨ ਨੇ ਦਾਊਦ ਦੇ ਸੇਵਕਾਂ ਨੂੰ ਫੜ੍ਹ ਕੇ ਉਨ੍ਹਾਂ ਦੀਆਂ ਦਾੜ੍ਹੀਆਂ ਮੁਨਵਾ ਦਿੱਤੀਆਂ, ਅਤੇ ਉਨ੍ਹਾਂ ਦੇ ਬਸਤਰ ਅੱਧ ਵਿਚਕਾਰੋਂ ਲੱਕ ਤੱਕ ਫਾੜ ਸੁੱਟੇ ਅਤੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ।

5ਤਾਂ ਕਈਆਂ ਨੇ ਜਾ ਕੇ ਦਾਊਦ ਨੂੰ ਇਨ੍ਹਾਂ ਪੁਰਸ਼ਾਂ ਦਾ ਸਾਰਾ ਹਾਲ ਸੁਣਾਇਆ ਅਤੇ ਉਸ ਨੇ ਉਨ੍ਹਾਂ ਨੂੰ ਮਿਲਣ ਲਈ ਲੋਕਾਂ ਨੂੰ ਭੇਜਿਆ, ਕਿਉਂ ਜੋ ਉਹ ਲੋਕ ਵੱਡੇ ਸ਼ਰਮਿੰਦੇ ਕੀਤੇ ਗਏ ਸਨ ਅਤੇ ਰਾਜਾ ਨੇ ਉਨ੍ਹਾਂ ਨੂੰ ਆਖਿਆ ਕਿ ਜਦ ਤੱਕ ਤੁਹਾਡੀਆਂ ਦਾੜ੍ਹੀਆਂ ਨਾ ਵਧਣ ਤਦ ਤੱਕ ਯਰੀਹੋ ਸ਼ਹਿਰ ਵਿੱਚ ਰਹੋ।

6ਜਦੋਂ ਅੰਮੋਨੀਆਂ ਨੇ ਇਹ ਵੇਖਿਆ ਕਿ ਅਸੀਂ ਦਾਊਦ ਦੀ ਨਿਗਾਹ ਵਿੱਚ ਬੁਰੇ ਠਹਿਰੇ ਹਾਂ, ਤਾਂ ਹਾਨੂਨ ਅਤੇ ਅੰਮੋਨੀਆਂ ਨੇ ਇੱਕ ਹਜ਼ਾਰ ਤੋੜੇ ਚਾਂਦੀ ਭੇਜੀ ਕਿ ਮਸੋਪੋਤਾਮੀਆ, ਨਹਰੈਮ, ਮਅਕਾਹ ਅਤੇ ਸੋਬਾਹ ਤੋਂ ਰੱਥਾਂ ਅਤੇ ਸਵਾਰਾਂ ਨੂੰ ਕਿਰਾਏ ਤੇ ਲੈ ਆਉਣ।

7ਸੋ ਉਨ੍ਹਾਂ ਨੇ ਬੱਤੀ ਹਜ਼ਾਰ ਰੱਥਾਂ, ਮਅਕਾਹ ਦੇ ਪਾਤਸ਼ਾਹ ਅਤੇ ਉਸ ਦੀ ਸੈਨਾਂ ਨੂੰ ਕਿਰਾਏ ਤੇ ਲਿਆ। ਇਹਨਾਂ ਨੇ ਆ ਕੇ ਮੇਦਬਾ ਦੇ ਅੱਗੇ ਡੇਰੇ ਲਾ ਦਿੱਤੇ ਅਤੇ ਅੰਮੋਨੀ ਆਪੋ ਆਪਣੇ ਨਗਰਾਂ ਤੋਂ ਇਕੱਠੇ ਹੋਏ ਅਤੇ ਯੁੱਧ ਕਰਨ ਨੂੰ ਆਏ।

8ਜਦੋਂ ਇਹ ਗੱਲ ਦਾਊਦ ਨੇ ਸੁਣੀ ਤਾਂ ਉਸ ਨੇ ਯੋਆਬ ਅਤੇ ਸੂਰਮਿਆਂ ਦੀ ਸਾਰੀ ਸੈਨਾਂ ਨੂੰ ਭੇਜਿਆ।

9ਤਾਂ ਅੰਮੋਨੀਆਂ ਨੇ ਨਿੱਕਲ ਕੇ ਸ਼ਹਿਰ ਦੇ ਫਾਟਕ ਦੇ ਅੱਗੇ ਲੜਾਈ ਲਈ ਕਤਾਰ ਬੰਨ੍ਹੀ, ਅਤੇ ਉਹ ਪਾਤਸ਼ਾਹ ਜਿਹੜੇ ਆਏ ਸਨ, ਅਲੱਗ ਮੈਦਾਨ ਵਿੱਚ ਸਨ।

10ਜਦ ਯੋਆਬ ਨੇ ਵੇਖਿਆ ਕਿ ਉਨ੍ਹਾਂ ਦੇ ਵਿਰੁੱਧ ਦੋਹੀਂ ਪਾਸੀਂ, ਅੱਗੇ-ਪਿੱਛੇ ਲੜਾਈ ਲਈ ਕਤਾਰ ਬੰਨ੍ਹੀ ਗਈ ਹੈ ਤਾਂ ਉਸ ਨੇ ਇਸਰਾਏਲ ਵਿੱਚੋਂ ਚੰਗੇ-ਚੰਗੇ ਸੂਰਮਿਆਂ ਵਿੱਚੋਂ ਕੁਝ ਨੂੰ ਚੁਣ ਲਿਆ ਅਤੇ ਅਰਾਮੀਆਂ ਦੇ ਸਾਹਮਣੇ ਕਤਾਰ ਬੰਨ੍ਹੀ।

11ਅਤੇ ਬਾਕੀ ਲੋਕਾਂ ਨੂੰ ਉਸ ਨੇ ਆਪਣੇ ਭਰਾ ਅਬੀਸ਼ਈ ਦੇ ਹਵਾਲੇ ਕਰ ਦਿੱਤਾ ਅਤੇ ਉਨ੍ਹਾਂ ਨੇ ਅੰਮੋਨੀਆਂ ਦੇ ਸਾਹਮਣੇ ਕਤਾਰ ਬੰਨ੍ਹੀ

12ਅਤੇ ਉਸ ਨੇ ਆਖਿਆ, ਜੇਕਰ ਅਰਾਮੀ ਮੇਰੇ ਉੱਤੇ ਪਰਬਲ ਹੋਣ ਤਾਂ ਤੂੰ ਮੇਰੀ ਸਹਾਇਤਾ ਕਰੀਂ ਅਤੇ ਜੇ ਅੰਮੋਨੀ ਤੇਰੇ ਉੱਤੇ ਪਰਬਲ ਹੋਣ ਤਾਂ ਮੈਂ ਆ ਕੇ ਤੇਰੀ ਸਹਾਇਤਾ ਕਰਾਂਗਾ

13ਸੋ ਤਕੜੇ ਰਹੋ ਅਤੇ ਆਓ ਅਸੀਂ ਆਪਣੇ ਲੋਕਾਂ ਦੇ ਲਈ ਅਤੇ ਆਪਣੇ ਪਰਮੇਸ਼ੁਰ ਦੇ ਨਗਰਾਂ ਲਈ ਬਹਾਦੁਰੀ ਨਾਲ ਲੜੀਏ ਅਤੇ ਜੋ ਯਹੋਵਾਹ ਨੂੰ ਚੰਗਾ ਲੱਗੇ, ਉਹ ਉਸੇ ਤਰ੍ਹਾਂ ਹੀ ਕਰੇ।

14ਫਿਰ ਯੋਆਬ ਅਤੇ ਉਹ ਲੋਕ ਜੋ ਉਸ ਦੇ ਨਾਲ ਸਨ ਅਰਾਮੀਆਂ ਦੇ ਉੱਤੇ ਹਮਲਾ ਕਰਨ ਨੂੰ ਅੱਗੇ ਵਧੇ ਅਤੇ ਅਰਾਮੀ ਉਨ੍ਹਾਂ ਦੇ ਅੱਗਿਓਂ ਭੱਜ ਗਏ।

15ਜਦੋਂ ਅੰਮੋਨੀਆਂ ਨੇ ਦੇਖਿਆ ਕਿ ਅਰਾਮੀ ਭੱਜ ਗਏ ਹਨ, ਤਾਂ ਉਹ ਵੀ ਉਸ ਦੇ ਭਰਾ ਅਬੀਸ਼ਈ ਦੇ ਅੱਗੋਂ ਭੱਜ ਗਏ ਅਤੇ ਸ਼ਹਿਰ ਵਿੱਚ ਜਾ ਵੜੇ, ਤਾਂ ਯੋਆਬ ਯਰੂਸ਼ਲਮ ਨੂੰ ਮੁੜ ਆਇਆ।

16ਜਦੋਂ ਅਰਾਮੀਆਂ ਨੇ ਵੇਖਿਆ ਕਿ ਅਸੀਂ ਇਸਰਾਏਲੀਆਂ ਦੇ ਅੱਗੇ ਹਾਰ ਗਏ ਹਾਂ, ਤਾਂ ਉਹ ਦੂਤਾਂ ਨੂੰ ਭੇਜ ਕੇ ਉਨ੍ਹਾਂ ਦਰਿਆ ਦੇ ਪਾਰ ਵਾਲਿਆਂ ਅਰਾਮੀਆਂ ਨੂੰ ਸੱਦ ਲਿਆਏ, ਅਤੇ ਹਦਦਅਜ਼ਰ ਦਾ ਸੈਨਾਪਤੀ ਸ਼ੋਫਕ ਉਨ੍ਹਾਂ ਦਾ ਸੈਨਾਪਤੀ ਸੀ

17ਇਹ ਖ਼ਬਰ ਦਾਊਦ ਤੱਕ ਪਹੁੰਚੀ ਅਤੇ ਉਸ ਨੇ ਸਾਰੇ ਇਸਰਾਏਲ ਨੂੰ ਇਕੱਠਾ ਕੀਤਾ ਅਤੇ ਯਰਦਨ ਨਦੀ ਦੇ ਪਾਰ ਲੰਘ ਕੇ ਉਨ੍ਹਾਂ ਉੱਤੇ ਚੜਾਈ ਕੀਤੀ ਅਤੇ ਉਨ੍ਹਾਂ ਦੇ ਸਾਹਮਣੇ ਲੜਾਈ ਦਾ ਪਿੜ ਬੰਨਿਆ। ਜਦੋਂ ਦਾਊਦ ਨੇ ਅਰਾਮੀਆਂ ਦੇ ਸਨਮੁਖ ਲੜਾਈ ਦਾ ਪਿੜ ਬੰਨਿਆ, ਤਾਂ ਉਹ ਉਸ ਨਾਲ ਯੁੱਧ ਨੂੰ ਜੁੱਟ ਪਏ

18ਅਤੇ ਅਰਾਮੀ ਇਸਰਾਏਲ ਦੇ ਅੱਗੋਂ ਭੱਜ ਗਏ ਅਤੇ ਦਾਊਦ ਨੇ ਅਰਾਮੀਆਂ ਦੇ ਸੱਤ ਹਜ਼ਾਰ ਰੱਥਾਂ ਦੇ ਸਵਾਰਾਂ ਨੂੰ ਅਤੇ ਚਾਲ੍ਹੀ ਹਜ਼ਾਰ ਸਿਪਾਹੀਆਂ ਨੂੰ ਜਾਨੋਂ ਮਾਰ ਸੁੱਟਿਆ, ਸੈਨਾਂ ਦੇ ਸੈਨਾਪਤੀ ਸ਼ੋਫਕ ਨੂੰ ਵੀ ਜਾਨੋਂ ਮਾਰ ਮੁਕਾਇਆ

19ਅਤੇ ਜਦੋਂ ਹਦਦਅਜ਼ਰ ਦੇ ਨੌਕਰਾਂ ਨੇ ਵੇਖਿਆ ਕਿ ਅਸੀਂ ਇਸਰਾਏਲ ਤੋਂ ਹਾਰ ਗਏ ਹਾਂ, ਤਾਂ ਦਾਊਦ ਨਾਲ ਸਮਝੌਤਾ ਕਰ ਕੇ ਉਸ ਦੇ ਅਧੀਨ ਹੋ ਗਏ। ਅਖ਼ੀਰ, ਅਰਾਮੀਆਂ ਨੇ ਅੰਮੋਨੀਆਂ ਦੀ ਫੇਰ ਸਹਾਇਤਾ ਨਾ ਕੀਤੀ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath