ਈਸਾਈ
ਪਿੱਛੇ

1 ਇਤਿਹਾਸ 11

1ਸਾਰੇ ਇਸਰਾਏਲੀ ਹਬਰੋਨ ਵਿੱਚ ਦਾਊਦ ਕੋਲ ਇਕੱਠੇ ਹੋਏ ਅਤੇ ਉਸ ਨੂੰ ਆਖਿਆ, ਵੇਖੋ, ਅਸੀਂ ਤਾਂ ਤੁਹਾਡੀ ਹੀ ਹੱਡੀ ਅਤੇ ਮਾਸ ਹਾਂ

2ਇਸ ਤੋਂ ਇਲਾਵਾ ਪਿਛਲੇ ਸਮੇਂ ਵਿੱਚ ਵੀ ਜਦੋਂ ਸ਼ਾਊਲ ਸਾਡਾ ਰਾਜਾ ਸੀ ਤਦ ਤੁਸੀਂ ਹੀ ਇਸਰਾਏਲ ਦੀ ਅਗਵਾਈ ਕੀਤੀ ਅਤੇ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤਹਾਨੂੰ ਆਖਿਆ ਕਿ ਤੂੰ ਮੇਰੀ ਪਰਜਾ ਇਸਰਾਏਲ ਦਾ ਚਰਵਾਹਾ ਹੋਵੇਂਗਾ ਅਤੇ ਤੂੰ ਹੀ ਮੇਰੀ ਪਰਜਾ ਇਸਰਾਏਲ ਉੱਤੇ ਪ੍ਰਧਾਨ ਹੋਵੇਂਗਾ।

3ਇਸਰਾਏਲ ਦੇ ਸਾਰੇ ਬਜ਼ੁਰਗ ਹਬਰੋਨ ਵਿੱਚ ਰਾਜਾ ਦੇ ਕੋਲ ਆਏ ਅਤੇ ਦਾਊਦ ਨੇ ਹਬਰੋਨ ਵਿੱਚ ਯਹੋਵਾਹ ਦੇ ਅੱਗੇ ਉਨ੍ਹਾਂ ਦੇ ਨਾਲ ਵਾਇਦਾ ਕੀਤਾ ਤਾਂ ਉਨ੍ਹਾਂ ਨੇ ਦਾਊਦ ਨੂੰ ਇਸਰਾਏਲ ਦਾ ਰਾਜਾ ਹੋਣ ਲਈ ਮਸਹ ਕੀਤਾ, ਜਿਵੇਂ ਯਹੋਵਾਹ ਦਾ ਬਚਨ ਸਮੂਏਲ ਦੇ ਰਾਹੀਂ ਆਇਆ।

4ਅਤੇ ਦਾਊਦ ਅਤੇ ਸਾਰੇ ਇਸਰਾਏਲ ਯਰੂਸ਼ਲਮ ਨੂੰ ਜਿਸ ਨੂੰ ਯਬੂਸ ਵੀ ਆਖਦੇ ਹਨ, ਗਏ ਅਤੇ ਉੱਥੇ ਉਸ ਭੂਮੀ ਦੇ ਵਸਨੀਕ ਯਬੂਸੀ ਲੋਕ ਸਨ

5ਅਤੇ ਯਬੂਸ ਦੇ ਵਸਨੀਕਾਂ ਨੇ ਦਾਊਦ ਨੂੰ ਆਖਿਆ ਕਿ ਤੇਰਾ ਆਉਣਾ ਇੱਥੇ ਨਾ ਹੋਵੇਗਾ, ਪਰ ਦਾਊਦ ਨੇ ਸੀਯੋਨ ਦਾ ਗੜ੍ਹ ਆਪਣੇ ਵੱਸ ਕਰ ਲਿਆ ਅਤੇ ਉਹ ਦਾਊਦ ਦਾ ਨਗਰ ਹੋਇਆ

6ਅਤੇ ਦਾਊਦ ਨੇ ਆਖਿਆ, ਜੋ ਕੋਈ ਪਹਿਲਾਂ ਯਬੂਸੀਆਂ ਨੂੰ ਮਾਰ ਲਵੇਗਾ, ਉਹੋ ਪ੍ਰਧਾਨ ਸਰਦਾਰ ਹੋਵੇਗਾ, ਤਾਂ ਸਰੂਯਾਹ ਦੇ ਪੁੱਤਰ ਯੋਆਬ ਨੇ ਪਹਿਲਾਂ ਚੜਾਈ ਕੀਤੀ ਅਤੇ ਮੁਖੀਆ ਹੋਇਆ।

7ਦਾਊਦ ਉਸ ਗੜ੍ਹ ਵਿੱਚ ਰਹਿਣ ਲੱਗਾ, ਇਸ ਲਈ ਉਹ ਉਸ ਨੂੰ ਦਾਊਦ ਦਾ ਸ਼ਹਿਰ ਕਰਕੇ ਆਖਦੇ ਸਨ

8ਅਤੇ ਉਸ ਨੇ ਸ਼ਹਿਰ ਨੂੰ ਚਾਰੇ ਪਾਸਿਓਂ ਬਣਾਇਆ, ਅਰਥਾਤ ਮਿੱਲੋ ਤੋਂ ਲੈ ਕੇ ਚੁਫ਼ੇਰੇ ਤੱਕ ਸ਼ਹਿਰਪਨਾਹ ਬਣਾਈ, ਅਤੇ ਯੋਆਬ ਨੇ ਰਹਿੰਦੇ ਸ਼ਹਿਰ ਨੂੰ ਸਵਾਰਿਆ,

9ਅਤੇ ਦਾਊਦ ਬਹੁਤ ਵੱਧਦਾ ਗਿਆ, ਕਿਉਂ ਜੋ ਸੈਨਾਂ ਦਾ ਪਰਮੇਸ਼ੁਰ ਯਹੋਵਾਹ ਉਸ ਦੇ ਅੰਗ-ਸੰਗ ਸੀ।

10ਦਾਊਦ ਦੇ ਸਾਥੀ ਸੂਰਬੀਰਾਂ ਦੇ ਮੁਖੀਏ ਜਿਹੜੇ ਉਹ ਦੇ ਰਾਜ ਵਿੱਚ ਉਹ ਦੇ ਪੱਖ ਵਿੱਚ ਰਹੇ ਸਨ, ਅਤੇ ਜਿਨ੍ਹਾਂ ਨੇ ਸਾਰੇ ਇਸਰਾਏਲ ਨਾਲ ਉਸ ਨੂੰ ਰਾਜਾ ਬਣਾਉਣ ਲਈ ਜੋਰ ਦਿੱਤਾ, ਜਿਹ ਦੀ ਯਹੋਵਾਹ ਨੇ ਇਸਰਾਏਲ ਦੇ ਲਈ ਆਗਿਆ ਦਿੱਤੀ ਸੀ, ਇਹ ਹਨ

11ਅਤੇ ਦਾਊਦ ਦੇ ਸੂਰਮਿਆਂ ਦੀ ਗਿਣਤੀ ਇਹ ਹੈ, ਹਕਮੋਨੀ ਦਾ ਪੁੱਤਰ ਯਾਸ਼ਾਬਆਮ ਸੂਬੇਦਾਰਾਂ ਦਾ ਮੁਖੀਆ ਜਿਸ ਨੇ ਤਿੰਨ ਸੌ ਮਨੁੱਖਾਂ ਉੱਤੇ ਆਪਣਾ ਬਰਛਾ ਚਲਾਇਆ ਅਤੇ ਉਨ੍ਹਾਂ ਨੂੰ ਇੱਕੋ ਵਾਰ ਮਾਰ ਸੁੱਟਿਆ

12ਉਹ ਦੇ ਪਿੱਛੋਂ ਦੋਦੋ ਦਾ ਪੁੱਤਰ ਅਲਆਜ਼ਾਰ ਅਹੋਹੀ ਜਿਹੜਾ ਉਨ੍ਹਾਂ ਤਿੰਨਾਂ ਸੂਰਮਿਆਂ ਵਿੱਚੋਂ ਇੱਕ ਸੀ,

13ਉਹ ਦਾਊਦ ਦੇ ਨਾਲ ਫਸਦੰਮੀਮ ਵਿੱਚ ਸੀ, ਅਤੇ ਉੱਥੇ ਫ਼ਲਿਸਤੀ ਯੁੱਧ ਕਰਨ ਨੂੰ ਇਕੱਠੇ ਹੋਏ ਸਨ ਅਤੇ ਉੱਥੇ ਇੱਕ ਟੁੱਕੜਾ ਪੈਲੀ ਦਾ ਜੌਂਵਾਂ ਨਾਲ ਭਰਿਆ ਹੋਇਆ ਸੀ ਅਤੇ ਲੋਕ ਫ਼ਲਿਸਤੀਆਂ ਦੇ ਅੱਗੋਂ ਭੱਜ ਗਏ,

14ਪਰ ਉਨ੍ਹਾਂ ਉਸ ਪੈਲੀ ਦੇ ਵਿਚਕਾਰ ਖੜ੍ਹੇ ਹੋ ਕੇ ਉਸ ਨੂੰ ਬਚਾਇਆ, ਅਤੇ ਫ਼ਲਿਸਤੀਆਂ ਨੂੰ ਵੱਢ ਸੁੱਟਿਆ, ਸੋ ਯਹੋਵਾਹ ਨੇ ਉਨ੍ਹਾਂ ਨੂੰ ਇਸ ਜਿੱਤ ਤੋਂ ਵੱਡਾ ਛੁਟਕਾਰਾ ਦਿੱਤਾ।

15ਅਤੇ ਉਨ੍ਹਾਂ ਤੀਹ ਸਰਦਾਰਾਂ ਵਿੱਚੋਂ ਇਹ ਤਿੰਨ ਨਿੱਕਲ ਕੇ ਪਰਬਤ ਤੇ ਅਦੁੱਲਾਮ ਦੀ ਗੁਫ਼ਾ ਵਿੱਚ ਦਾਊਦ ਕੋਲ ਆਏ ਅਤੇ ਫ਼ਲਿਸਤੀਆਂ ਦੀ ਸੈਨਾਂ ਨੇ ਰਫ਼ਾਈਮ ਦੀ ਘਾਟੀ ਵਿੱਚ ਛਾਉਣੀ ਪਾਈ ਹੋਈ ਸੀ

16ਦਾਊਦ ਉਸ ਵੇਲੇ ਗੜ੍ਹ ਵਿੱਚ ਸੀ ਅਤੇ ਫ਼ਲਿਸਤੀਆਂ ਦੀ ਛਾਉਣੀ ਉਸ ਸਮੇਂ ਬੈਤਲਹਮ ਵਿੱਚ ਸੀ

17ਅਤੇ ਦਾਊਦ ਨੇ ਤਰਸਦਿਆਂ ਹੋਇਆਂ ਆਖਿਆ, ਕਾਸ਼! ਕਿ ਕੋਈ ਮੈਨੂੰ ਬੈਤਲਹਮ ਦੇ ਉਸ ਖੂਹ ਦਾ ਇੱਕ ਘੁੱਟ ਪਾਣੀ ਪਿਲਾਵੇ, ਜਿਹੜਾ ਫਾਟਕ ਦੇ ਕੋਲ ਹੈ

18ਤਦ ਉਨ੍ਹਾਂ ਤਿੰਨਾਂ ਨੇ ਫ਼ਲਿਸਤੀਆਂ ਦੇ ਡੇਰੇ ਦੇ ਵਿੱਚੋਂ ਦੀ ਲੰਘ ਕੇ ਬੈਤਲਹਮ ਦੇ ਖੂਹ ਤੋਂ ਪਾਣੀ ਭਰਿਆ ਜਿਹੜਾ ਫਾਟਕ ਉੱਤੇ ਸੀ ਅਤੇ ਦਾਊਦ ਨੂੰ ਲਿਆ ਦਿੱਤਾ, ਪਰ ਉਸ ਨੇ ਨਾ ਪੀਤਾ ਸਗੋਂ ਉਸ ਨੂੰ ਯਹੋਵਾਹ ਦੇ ਅੱਗੇ ਡੋਲ੍ਹ ਦਿੱਤਾ

19ਅਤੇ ਆਖਿਆ, ਹੇ ਪਰਮੇਸ਼ੁਰ, ਇਹ ਮੇਰੇ ਤੋਂ ਦੂਰ ਹੋਵੇ, ਜੋ ਮੈਂ ਇਹ ਕੰਮ ਕਰਾਂ, ਕੀ ਮੈਂ ਇਨ੍ਹਾਂ ਲੋਕਾਂ ਦਾ ਲਹੂ ਪੀਵਾਂ, ਜਿਨ੍ਹਾਂ ਨੇ ਆਪਣੀਆਂ ਜਾਨਾਂ ਨੂੰ ਹਥੇਲੀ ਉੱਤੇ ਧਰਿਆ ਹੈ? ਕਿਉਂ ਜੋ ਉਹ ਆਪਣੀ ਜਾਨ ਨੂੰ ਤਲੀ ਉੱਤੇ ਰੱਖ ਕੇ ਇਸ ਨੂੰ ਲਿਆਏ, ਇਸ ਲਈ ਉਸ ਨੇ ਉਹ ਨੂੰ ਪੀਣ ਤੋਂ ਇਨਕਾਰ ਕੀਤਾ। ਇਸ ਤਰ੍ਹਾਂ ਦੇ ਕੰਮ ਇਨ੍ਹਾਂ ਤਿੰਨ ਸੂਰਮਿਆਂ ਨੇ ਕੀਤੇ।

20ਅਤੇ ਯੋਆਬ ਦਾ ਭਰਾ ਅਬੀਸ਼ਈ ਉਨ੍ਹਾਂ ਤਿੰਨਾਂ ਵਿੱਚੋਂ ਮੁਖੀਆ ਸੀ ਕਿਉਂ ਜੋ ਉਸ ਨੇ ਤਿੰਨ ਸੌ ਜਣਿਆਂ ਉੱਤੇ ਆਪਣਾ ਬਰਛਾ ਚਲਾਇਆ ਅਤੇ ਉਨ੍ਹਾਂ ਨੂੰ ਮਾਰ ਸੁੱਟਿਆ, ਤਾਂ ਉਹ ਇਨ੍ਹਾਂ ਤਿੰਨਾਂ ਦੇ ਵਿੱਚੋਂ ਨਾਮੀ ਬਣਿਆ।

21ਉਨ੍ਹਾਂ ਤਿੰਨਾਂ ਦੇ ਵਿੱਚ ਇਹ ਉਨ੍ਹਾਂ ਦੋਹਾਂ ਨਾਲੋਂ ਜ਼ਿਆਦਾ ਪਤਵੰਤਾ ਸੀ ਅਤੇ ਉਨ੍ਹਾਂ ਦਾ ਪ੍ਰਧਾਨ ਹੋਇਆ ਪਰ ਉਹ ਉਨ੍ਹਾਂ ਪਹਿਲੇ ਤਿੰਨਾਂ ਦੇ ਦਰਜੇ ਤੱਕ ਨਾ ਪਹੁੰਚਿਆ।

22ਅਤੇ ਯਹੋਯਾਦਾ ਦਾ ਪੁੱਤਰ ਬਨਾਯਾਹ ਜਿਹੜਾ ਇੱਕ ਕਬਸਿਏਲੀ ਸੂਰਮੇ ਦਾ ਪੁੱਤਰ ਸੀ ਜਿਸ ਨੇ ਵੱਡੀ ਬਹਾਦੁਰੀ ਦੇ ਕੰਮ ਕੀਤੇ ਸਨ, ਉਸ ਨੇ ਮੋਆਬ ਦੇ ਦੋ ਸ਼ੇਰ ਵਰਗੇ ਜੁਆਨਾਂ ਨੂੰ ਅਤੇ ਬਰਫ਼ ਦੀ ਰੁੱਤ ਵਿੱਚ ਇੱਕ ਟੋਏ ਦੇ ਵਿੱਚ ਜਾ ਕੇ ਇੱਕ ਸ਼ੇਰ ਨੂੰ ਮਾਰ ਸੁੱਟਿਆ

23ਅਤੇ ਉਸ ਨੇ ਪੰਜ ਹੱਥ ਦੇ ਇੱਕ ਲੰਮੇ ਮਿਸਰੀ ਜੁਆਨ ਨੂੰ ਜਾਨ ਤੋਂ ਮਾਰ ਦਿੱਤਾ, ਉਸ ਮਿਸਰੀ ਦੇ ਹੱਥ ਵਿੱਚ ਜੁਲਾਹੇ ਦੇ ਸ਼ਤੀਰ ਵਰਗਾ ਇੱਕ ਬਰਛਾ ਸੀ ਪਰ ਉਹ ਇੱਕ ਲਾਠੀ ਲੈ ਕੇ ਉਹ ਦੇ ਕੋਲ ਉਤਰਿਆ ਅਤੇ ਉਹ ਨੇ ਬਰਛਾ ਮਿਸਰੀ ਦੇ ਹੱਥੋਂ ਖੋਹ ਲਿਆ, ਅਤੇ ਉਸੇ ਦੇ ਬਰਛੇ ਨਾਲ ਉਸ ਨੂੰ ਮਾਰ ਸੁੱਟਿਆ।

24ਯਹੋਯਾਦਾ ਦੇ ਪੁੱਤਰ ਬਨਾਯਾਹ ਨੇ ਇਹੋ ਜਿਹੇ ਕੰਮ ਕੀਤੇ, ਅਤੇ ਉਨ੍ਹਾਂ ਤਿੰਨਾਂ ਸੂਰਮਿਆਂ ਵਿੱਚ ਉਸ ਦਾ ਨਾਮ ਸੀ

25ਵੇਖੋ, ਉਹ ਉਨ੍ਹਾਂ ਤੀਹਾਂ ਨਾਲੋਂ ਵੱਧ ਪਤਵੰਤਾ ਸੀ ਤਾਂ ਵੀ ਉਹ ਪਹਿਲੇ ਤਿੰਨਾਂ ਦੇ ਦਰਜੇ ਤੱਕ ਨਾ ਪਹੁੰਚਿਆ ਅਤੇ ਦਾਊਦ ਨੇ ਉਸ ਨੂੰ ਆਪਣੇ ਰਾਖਿਆਂ ਦਾ ਪ੍ਰਧਾਨ ਨਿਯੁਕਤ ਕੀਤਾ।

26ਫੌਜਾਂ ਦੇ ਸੂਰਮੇ ਇਹ ਸਨ, ਯੋਆਬ ਦਾ ਭਰਾ ਅਸਾਹੇਲ, ਬੈਤਲਹਮੀ ਦੋਦੋ ਦਾ ਪੁੱਤਰ ਅਲਹਨਾਨ

27ਹਰੋਰੀ ਸ਼ੰਮੋਥ, ਪਲੋਨੀ ਹਲਸ

28ਤਕੋਈ ਇੱਕੇਸ਼ ਦਾ ਪੁੱਤਰ ਈਰਾ, ਅਬੀਅਜ਼ਰ ਅੰਨਥੋਥੀ,

29ਹੁਸ਼ਾਥੀ ਸਿਬਕੀ, ਅਹੋਹੀ ਈਲਈ,

30ਨਟੋਫਾਥੀ ਮਹਰਈ, ਨਟੋਫਾਥੀ ਬਆਨਾਹ ਦਾ ਪੁੱਤਰ ਹੇਲਦ

31ਗਿਬਅਹ ਦਾ ਬਿਨਯਾਮੀਨੀ ਰੀਬਈ ਦਾ ਪੁੱਤਰ ਈਥਈ, ਬਨਾਯਾਹ ਪਿਰਾਥੋਨੀ,

32ਗਾਸ਼ ਦੀਆਂ ਨਦੀਆਂ ਦੇ ਕੋਲ ਦਾ ਹੂਰਈ, ਅਰਬਾਥੀ ਅਬੀਏਲ,

33ਬਹਰੂਮੀ ਅਜ਼ਮਾਵਥ, ਅਲਯਹਬਾ ਸ਼ਅਲਬੋਨੀ

34ਗਿਜ਼ੋਨੀ ਹਾਸੇਮ ਦਾ ਪੁੱਤਰ, ਹਰਾਰੀ ਸ਼ਾਗੇ ਦਾ ਪੁੱਤਰ ਯੋਨਾਥਾਨ

35ਹਰਾਰੀ ਸਾਕਾਰ ਦਾ ਪੁੱਤਰ ਅਹੀਆਮ, ਊਰ ਦਾ ਪੁੱਤਰ ਅਲੀਫਾਲ

36ਮਕੇਰਾਥੀ ਹੇਫ਼ਰ, ਪਲੋਨੀ ਅਹੀਯਾਹ

37ਕਰਮਲੀ ਹਸਰੋ, ਅਜ਼ਬਈ ਦਾ ਪੁੱਤਰ ਨਅਰਈ

38ਨਾਥਾਨ ਦਾ ਭਰਾ ਯੋਏਲ, ਹਗਰੀ ਦਾ ਪੁੱਤਰ ਮਿਬਹਾਰ

39ਅੰਮੋਨੀ ਸਲਕ, ਬੇਰੋਥੀ ਨਹਰਈ, ਸਰੂਯਾਹ ਦੇ ਪੁੱਤਰ ਯੋਆਬ ਦਾ ਸ਼ਸਤਰ ਦਾ ਚੁੱਕਣ ਵਾਲਾ

40ਈਰਾ ਯਿਥਰੀ ਅਤੇ ਗਾਰੇਬ ਯਿਥਰੀ

41ਹਿੱਤੀ ਊਰਿੱਯਾਹ, ਅਹਲਈ ਦਾ ਪੁੱਤਰ ਜ਼ਾਬਾਦ

42ਰਊਬੇਨੀ ਸ਼ੀਜ਼ਾ ਦਾ ਪੁੱਤਰ ਅਦੀਨਾ ਰਊਬੇਨੀਆਂ ਦਾ ਮੁਖੀਆ ਤੇ ਉਹ ਦੇ ਨਾਲ ਤੀਹ

43ਮਅਕਾਹ ਦਾ ਪੁੱਤਰ ਹਾਨਾਨ, ਮਿਥਨੀ ਯੋਸ਼ਾਫ਼ਾਤ

44ਅਸ਼ਤਾਰਾਥੀ ਉੱਜ਼ੀਯਾਹ, ਅਰੋਏਰੀ ਹੋਥਾਮ ਦੇ ਪੁੱਤਰ ਸ਼ਾਮਾ ਤੇ ਯਈਏਲ

45ਸ਼ਿਮਰੀ ਦਾ ਪੁੱਤਰ ਯਦੀਏਲ, ਤੇ ਉਹ ਦਾ ਭਰਾ ਯੋਹਾ, ਤੀਸੀ

46ਮਹਵੀ ਅਲੀਏਲ ਤੇ ਅਲਨਾਮ ਦੇ ਪੁੱਤਰ ਯਿਰੀਬਈ ਤੇ ਯੋਸ਼ਵਯਾਹ ਅਤੇ ਯਿਥਮਾਹ ਮੋਆਬੀ

47ਅਲੀਏਲ ਤੇ ਓਬੇਦ ਤੇ ਯਅਸੀਏਲ ਮਸੋਬਾਯਾਥੀ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath